ਪ੍ਰੋ. ਸਾਹਿਬ ਸਿੰਘ
(1894-1977)
ਪ੍ਰੋ. ਸਾਹਿਬ ਸਿੰਘ ਦਾ ਜਨਮ ਪਿੰਡ ਫੱਤੇਵਾਲ,
ਜਿਲ੍ਹਾ ਸਿਆਲਕੋਟ (ਹੁਣ ਪਾਕਿਸਤਾਨ ਵਿੱਚ) ਭਾਈ ਹੀਰਾ ਚੰਦ ਜੀ ਦੇ ਘਰ ਹੋਇਆ। ਦਸਵੀਂ ਪਾਸ ਕਰਨ
ਮਗਰੋਂ ਕੁਝ ਚਿਰ ਅਧਿਆਪਕੀ ਅਤੇ ਫਿਰ ਡਾਕਖਾਨੇ ਵਿੱਚ ਕਲਰਕੀ ਕੀਤੀ। ਫਿਰ ਨੌਕਰੀ ਛੱਡ ਕੇ ਬੀ.ਏ.
ਪਾਸ ਕੀਤੀ। ਖ਼ਾਲਸਾ ਕਾਲਜ ਗੁਜਰਾਂਵਾਲਾ ਵਿੱਚ ਕੁਝ ਸਮਾਂ ਪਡ਼੍ਹਾਇਆ। ਸ਼ਰੋਮਣੀ ਗੁਰਦਵਾਰਾ
ਪ੍ਰਬੰਧਕ ਕਮੇਟੀ ਦੇ ਮੀਤ ਸਕੱਤਰ ਵੀ ਰਹੇ। ਦੋ ਵਾਰ ਜੇਲ੍ਹ ਵੀ ਗਏ। 1929 ਵਿੱਚ ਆਪ ਨੂੰ ਖ਼ਾਲਸਾ
ਕਾਲਜ ਅੰਮ੍ਰਿਤਸਰ ਵਿੱਚ ਸਿੱਖ ਧਰਮ ਦੇ ਲੈਕਚਰਾਰ ਲਾਇਆ ਗਿਆ ਅਤੇ ਉਸ ਪਿੱਛੋਂ ਆਪ ਸਿੱਖ ਮਿਸ਼ਨਰੀ
ਕਾਲਜ ਦੇ ਪ੍ਰਿੰਸੀਪਲ ਲੱਗ ਗਏ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਆਪ ਨੂੰ ਆਪ ਦੀ ਸਾਹਿਤਕ ਦੇਣ
ਬਦਲੇ ਡੀ.ਲਿਟ. ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ।
ਸਿੱਖ ਧਰਮ, ਗੁਰਬਾਣੀ, ਟੀਕਾਕਾਰੀ ਤੇ ਗੁਰਬਾਣੀ
ਵਿਆਕਰਨ ਆਪ ਦੇ ਮੁੱਖ ਵਿਸ਼ੇ ਹਨ। ਆਪ ਦੀ ਬੋਲੀ ਨਿਤਾਪ੍ਰਤੀ ਵਰਤੀ ਜਾਣ ਵਾਲੀ ਪੰਜਾਬੀ ਹੁੰਦੀ ਹੈ
ਅਤੇ ਵਹਿਣ ਸਰਲ, ਆਪ-ਮੁਹਾਰਾ ਤੇ ਘਰੋਗੀ ਜਿਵੇਂ ਕੋਈ ਕਿਸੇ ਨਾਲ ਗੱਲਾਂ ਕਰਦਾ ਹੋਵੇ ਜਾਂ ਆਪ
ਸਮਝਾਉਂਦਾ ਹੋਵੇ।
ਆਪ ਦੀਆਂ ਕੁਝ ਉੱਘੀਆਂ ਪੁਸਤਕਾਂ ਦੇ ਨਾਂ ਇਹ ਹਨ
ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ (10 ਭਾਗ)
ਗੁਰਬਾਣੀ ਵਿਆਕਰਨ
ਧਾਰਮਿਕ ਲੇਖ
ਕੁਝ ਹੋਰ ਧਾਰਮਿਕ ਲੇਖ
ਗੁਰਮਤਿ ਪ੍ਰਕਾਸ਼
ਪੰਜਾਬੀ ਸੁਹਜ ਪ੍ਰਕਾਸ਼