ਸੂਬਾ ਸਿੰਘ
(1912-1981)
ਪੰਜਾਬੀ ਵਿੱਚ ਜਿਸ ਨੂੰ “ਪਾਪਡ਼ ਵੇਲਣਾ” ਆਖਦੇ ਹਨ, ਉਹ
ਸੂਬਾ ਸਿੰਘ ਦੇ ਹਿੱਸੇ ਆਇਆ ਹੈ। ਉਸ ਨੇ ਐਮ.ਏ. (ਹਿਸਾਬ) ਕੀਤੀ ਅਤੇ ਫਿਰ ਫ਼ੌਜ ਵਿੱਚ ਭਰਤੀ ਹੋ
ਗਿਆ। ਜਾਪਾਨੀਆਂ ਦੀ ਕੈਦ ਕੱਟੀ। ਉਹ ਅਖ਼ਬਾਰ ਦਾ ਸੰਪਾਦਕ ਅਤੇ ਫਿਰ ਲੋਕ ਸੰਪਰਕ ਵਿਭਾਗ ਦਾ
ਅਧਿਕਾਰੀ ਰਿਹਾ। ਉਪਰੰਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬੀ ਵਿਉਂਤ ਅਤੇ ਵਿਕਾਸ ਵਿਭਾਗ
ਦਾ ਡਾਇਰੈਕਟਰ, ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਦਾ ਡਾਇਰੈਕਟਰ ਅਤੇ ਪੰਜਾਬ
ਸਕੱਤਰੇਤ ਵਿੱਚ ਪ੍ਰੈਸ ਸਕੱਤਰ ਰਿਹਾ।
ਸੂਬਾ ਸਿੰਘ ਕੇਵਲ “ਹਾਸ ਵਿਅੰਗ”ਲਿਖਦਾ ਹੀ ਨਹੀਂ
ਸੀ, ਉਸ ਦੀ ਆਪਣੀ ਜ਼ਿੰਦਗੀ ਵਿੱਚ ਬਡ਼ਾ ਹਾਸ-ਵਿਅੰਗ ਸੀ। ਉਹ ਅਤਿ ਗੰਭੀਰ ਗੱਲ ਨੂੰ ਵੀ ਹਾਸੇ
ਵਿੱਚ ਵਿਅਕਤ ਕਰ ਸਕਦਾ ਸੀ ਅਤੇ ਅਤਿ ਹਾਸੇ ਵਾਲੀ ਗੱਲ ਨੂੰ ਅਤਿ ਗੰਭੀਰ ਸੁਰ ਵਿੱਚ। ਦੋਹਾਂ ਹੀ
ਸੂਰਤਾਂ ਵਿੱਚ ਜਦੋਂ ਪਾਠਕ ਉਸ ਦੀ ਰਚਨਾ ਨੂੰ ਪਡ਼੍ਹਦਾ ਹੈ ਤਾਂ ਉਸ ਦਾ ਬਦੋਬਦੀ ਹਾਸਾ ਨਿਕਲ
ਜਾਂਦਾ ਹੈ।
“ਹੀਰ ਸੂਬਾ ਸਿੰਘ”, “ਅੱਗ ਤੇ ਪਾਣੀ”, “ਤੋਪਾਂ ਦੇ
ਪਰਛਾਵਿਆਂ ਥੱਲੋਂ”, “ਗ਼ਲ਼ਤੀਆਂ”, “ਅਲੋਪ ਹੋ ਰਹੇ ਚੇਟਕ” ਉਸ ਦੀਆਂ
ਪ੍ਰਸਿੱਧ ਰਚਨਾਵਾਂ ਹਨ।