ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਬਾਰਾਂ ਮਾਹ

ਬਾਬੂ ਫ਼ਿਰੋਜਦੀਨ ਸ਼ਰਫ

 

ਚੇਤਰ ਚੈਨ ਨਾ ਆਵੇ ਦਿਲ ਨੂੰ, ਤੇਰੇ ਬਾਝੋਂ ਪਿਆਰੇ ਜੀ।

ਮੈਂ ਹਾਂ ਤੇਰੇ ਦਰ ਦੀ ਬਰਦੀ, ਮੱਲੇ ਤੇਰੇ ਦੁਆਰੇ ਜੀ।

ਤੇਰੇ ਬਾਝੋਂ ਡੁਬਦੀ ਬੇਡ਼ੀ, ਕਿਹਡ਼ਾ ਮੇਰੀ ਤਾਰੇ ਜੀ।

ਸ਼ਰਫ ਬੰਦੀ ਦੀ ਆਸ ਪੁਜਾਈਂ, ਦੇਵੀਂ ਝੱਬ ਦੀਦਾਰੇ ਜੀ।

 

ਚਡ਼੍ਹੇ ਵੈਸਾਖ ਮਹੀਨੇ ਮੈਨੂੰ, ਖੁਸ਼ੀ ਨਾ ਕੋਈ ਭਾਂਦੀ ਏ।

ਸੇਜ ਫੁੱਲਾਂ ਦੀ ਸੀਨੇ ਅੰਦਰ, ਸੌ ਸੌ ਸੂਲਾਂ ਲਾਂਦੀ ਏ।

ਸੂਲ ਸੂਲ ਵਿਚ ਸੌ ਸੌ ਸੂਲੀ, ਜਿਗਰੋਂ ਰੱਤ ਚਲਾਂਦੀ ਏ।

ਦਿਨ ਰੋਵੇ ਇਹ ਸ਼ਰਫ ਵਿਚਾਰੀ ਰਾਤੀ ਹਾਲ ਵੰਜਾਂਦੀ ਏ।

 

ਜੇਠ ਜਿਗਰ ਦੀ ਰੱਤ ਵਗਾ ਕੇ, ਲਿਖ ਲਿਖ ਨਾਮੇਂ ਘੱਲੇ ਜੀ।

ਕੀਕਰ ਪਹੁੰਚਾ ਕਦਮਾਂ ਅੰਦਰ, ਜ਼ਰ ਨਾ ਮੇਰੇ ਪੱਲੇ ਜੀ।

ਖੰਭ ਮਿਲਣ ਜੇ ਕਿਧਰੋਂ ਮੈਨੂੰ, ਆਵਾਂ ਕਰ ਕੇ ਹੱਲੇ ਜੀ।

ਤੇਰੇ ਬਾਝੋਂ ਸ਼ਰਫ ਬੰਦੀ ਨੂੰ, ਕੋਈ ਪਾਸਾ ਨਾ ਝੱਲੇ ਜੀ।

 

ਹਾਡ਼ ਮਹੀਨੇ ਹੌਕੇ ਭਰ ਭਰ, ਤਰਲੇ ਕਰਦੀ ਰਹਿੰਦੀ ਹਾਂ।

ਆਵੀਂ ਮਾਹੀ, ਆਵੀਂ ਮਾਹੀ, ਪਡ਼੍ਹਦੀ ਉਠਦੀ ਬਹਿੰਦੀ ਹਾਂ।

ਦੁੱਖ ਵਿਛੋਡ਼ਾ ਤੇਰਾ ਦਿਲਬਰ, ਮਰ ਮਰ ਦੇ ਪਈ ਸਹਿੰਦੀ ਹਾਂ।

ਵਕਤ ਸੁਬਹ ਦੇ ਹਾਲ ਹਵਾ ਨੂੰ, ਸ਼ਰਫ ਬੰਦੀ ਮੈਂ ਕਹਿੰਦੀ ਹਾਂ।

 

ਸਾਵਣ ਸੀਸ ਗੁੰਦਾ ਕੇ ਸਈਆਂ, ਹਾਰ ਸਿੰਗਾਰ ਲਗਾਏ ਨੇ।

ਸਿਰ ਤੇ ਸਾਲੂ ਸ਼ਗਨਾ ਵਾਲੇ, ਰੀਝਾਂ ਨਾਲ ਸਜਾਏ ਨੇ।

ਮਿੱਠੇ ਮਿੱਠੇ ਗੀਤ ਮਾਹੀ ਦੇ, ਸਭਣਾਂ ਰਲ ਮਿਲ ਗਾਏ ਨੇ।

ਸ਼ਰਫ ਵਿਚਾਰੀ ਦੁਖਿਆਰੀ ਨੇ, ਰੋ ਰੋ ਨੀਰ ਚਲਾਏ ਨੇ।

 

ਭਾਦੋਂ ਭਾਹ ਹਿਜਰ ਦੀ ਭਡ਼ਕੇ, ਸੱਜਣਾ ਮੇਰੇ ਸੀਨੇ ਹੁਣ।

ਝੋਲੀਆਂ ਅੱਡੀਆਂ ਰਗਡ਼ਾਂ ਅਡੀਆਂ, ਬਖਸ਼ੋ ਦੀਦ-ਖ਼ਜੀਨੇ ਹੁਣ।

ਦਿਲ ਮੇਰੇ ਦੀ ਮੁੰਦਰੀ ਅੰਦਰ, ਜਡ਼ਦੇ ਨੂਰ-ਨਗੀਨੇ ਹੁਣ।

ਗੁਜ਼ਰ ਗਏ ਨੇ ਸ਼ਰਫ ਬੰਦੀ ਦੇ, ਰੋ ਰੋ ਛੇ ਮਹੀਨੇ ਹੁਣ।

 

ਅੱਸੂ ਆਸ ਨਾ ਹੋਈ ਪੂਰੀ, ਪਾਏ ਲੱਖ ਵਸੀਲੇ ਮੈਂ।

ਜਿੰਦਡ਼ੀ ਮੁੱਕੀ ਤਾਂਘ ਨਾ ਚੁੱਕੀ, ਹੋ ਗਈ ਸੁੱਕ ਕੇ ਤੀਲੇ ਮੈਂ।

ਚੋ ਚੋ ਖੂਨ ਜਿਗਰ ਦਾ ਸਾਰਾ, ਕੀਤੇ ਨੈਣ ਰੰਗੀਲੇ ਮੈਂ।

ਸ਼ਰਫ ਸੱਜਣ ਹੁਣ ਮੁਖਡ਼ਾ ਤੇਰਾ, ਵੇਖਾਂ ਕਿਹਡ਼ੇ ਹੀਲੇ ਮੈਂ?

 

ਕੱਤਕ ਕਟਕ ਦੁੱਖਾਂ ਦੇ ਆਏ, ਹੋ ਗਏ ਦਿਲ ਦੇ ਬੇਰੇ ਨੇ।

ਦੁਨੀਆਂ ਸਾਰੀ ਮੌਜ ਉਡਾਵੇ, ਭਾਗ ਨਕਰਮੇ ਮੇਰੇ ਨੇ।

ਕਲਮਲ ਆਈ ਜਾਨ ਵਿਚਾਰੀ, ਪਾ ਲਏ ਦੁਖਾਂ ਦੇ ਘੇਰੇ ਨੇ।

ਸ਼ਰਫ ਬੰਦੀ ਹੈ ਕੋਝੀ ਸਾਈਆਂ, ਤੇਰੇ ਸ਼ਾਨ ਉਚੇਰੇ ਨੇ।

 

ਮੱਘਰ ਮੌਜਾਂ ਮਾਰ ਮੁਕਾਇਆ, ਰਾਖਾ ਰੱਬ ਸਫੀਨੇ ਦਾ।

ਕੀਕਰ ਪਾਵਾਂ ਪਾਕ ਹਜ਼ੂਰੀ, ਵੱਲ ਨਾ ਕਿਸੇ ਕਰੀਨੇ ਦਾ।

ਦੋਜ਼ਖ਼ ਵਾਂਗ ਨਾ ਠੰਡੀ ਹੋਵੇ, ਭਾਂਬਡ਼ ਮੇਰੇ ਸੀਨੇ ਦਾ

ਸ਼ਰਫ ਘਡ਼ੀ ਇਕ ਚੈਨ ਨਾ ਦੇਂਦਾ, ਬ੍ਰਿਹੋਂ ਓਸ ਨਗੀਨੇ ਦਾ।

 

ਪੋਹ ਨਾ ਪੋਹਂਦਾ ਦਾਰੂ ਕੋਈ, ਲਾਏ ਟਿੱਲ ਤਬੀਬਾਂ ਨੇ।

ਕਰਨ ਦੁਆਵਾਂ ਦੇਣ ਦਵਾਵਾਂ, ਲਾਏ ਜ਼ੋਰ ਹਬੀਬਾਂ ਨੇ।

ਹਾਲ ਮੇਰੇ ਤੇ ਹੁੰਝੂ ਕੇਰੇ, ਰੋ ਰੋ ਕੁੱਲ ਰਕੀਬਾਂ ਨੇ।

ਮਰਜ਼ ਇਸ਼ਕ ਦੀ ਐਸੀ ਲਾਈ, ਮੈਨੂੰ ਸ਼ਰਫ ਨਸੀਬਾਂ ਨੇ।

 

ਮਾਘ ਮਿਲੇ ਜੇ ਮਾਹੀ ਮੇਰਾ, ਤਨ ਮਨ ਆਪਣਾ ਵਾਰਾਂ ਮੈਂ।

ਫੁੱਲ ਤੌਹੀਦੀ ਸ਼ਕਲ ਵਿਖਾਈ, ਬੁਲਬੁਲ ਵਾਂਗ ਪੁਕਾਰਾਂ ਮੈਂ।

ਰਾਤ ਵਸਲ ਦੀ ਚੁਣ ਕੇ ਸਈਓ, ਸੋਹਣੀ ਸੇਜ ਸਵਾਰਾਂ ਮੈਂ।

ਸ਼ਰਫ ਮਿਲੇ ਜੇ ਜਾਮ ਵਸਲ ਦਾ, ਲੱਖਾਂ ਸ਼ੁਕਰ ਗੁਜ਼ਾਰਾਂ ਮੈਂ।

 

ਫੱਗਣ ਫੁੱਲੇ ਗੁਲਸ਼ਨ ਮੇਰੇ, ਮਿਲੀਆਂ ਆਣ ਨਵੀਦਾਂ ਨੇ।

ਵਾਂਗੂੰ ਕਲੀਆਂ ਟਾਹ ਟਾਹ ਕਰਕੇ, ਖਿਡ਼ੀਆਂ ਕੁਲ ਉਮੀਦਾਂ ਨੇ।

ਬਾਂਕੇ ਮਾਹੀ, ਢੋਲ ਸਿਪਾਹੀ, ਆਣ ਕਰਾਈਆਂ ਦੀਦਾਂ ਨੇ।

ਰਾਤ ਬਰਾਤ ਸ਼ਰਫ ਹੈ ਮੇਰੀ, ਦਿਨ ਦੇ ਵੇਲੇ ਈਦਾਂ ਨੇ।

(ਰਚਨਾਵਲੀ ਵਿਚੋਂ)


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
















1792825
Website Designed by Solitaire Infosys Inc.