ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਬੀਤ ਗਈ ਤੇ ਰੋਣਾ ਕੀ

ਨੰਦ ਲਾਲ ਨੂਰਪੁਰੀ

 

ਜਾਦੂਗਰ ਨੇ ਖੇਲ੍ਹ ਰਚਾਇਆ

ਮਿੱਟੀ ਦਾ ਇਕ ਬੁੱਤ ਬਣਾਇਆ

ਫੁੱਲਾਂ ਵਾਂਗ ਹਸਾ ਕੇ ਉਸ ਨੂੰ

ਦੁਨੀਆਂ ਦੇ ਵਿਚ ਨਾਚ ਨਚਾਇਆ

ਭੁੱਲ ਗਇਆ ਉਹ ਹਸਤੀ ਅਪਣੀ

ਵੇਖ ਵੇਖ ਖਰਮਸਤੀ ਅਪਣੀ

ਹਾਸੇ ਹਾਸੇ ਵਿਚ ਲੁਟਾ ਲਈ

ਇਕ ਕਾਇਆ ਦੀ ਬਸਤੀ ਅਪਣੀ

ਹੁਣ ਪਛਤਾਏ ਹੋਣਾ ਕੀ

ਬੀਤ ਗਈ ਤੇ ਰੋਣਾ ਕੀ।

ਦੁਨੀਆਂ ਹੈ ਦਰਿਆ ਇਕ ਵਗਦਾ

ਹਾਥ ਜੇਹਦੀ ਦਾ ਥਹੁ ਨਹੀਂ ਲਗਦਾ

ਇਕ ਕੰਢੇ ਤੇ ਦਿਸੇ ਹਨੇਰਾ

ਦੀਵੇ ਵਾਲੇ ਜਾਗ ਉਹ ਭਾਈ

ਤੇਰੇ ਘਰ ਨੂੰ ਢਾਹ ਹੈ ਲਾਈ

ਸਾਹਵੇਂ ਦਿਸਿਆ ਜਦੋਂ ਹਨੇਰਾ

ਓਦੋਂ ਤੈਨੂੰ ਜਾਗ ਨਾ ਆਈ

ਹੁਣ ਇਹ ਬੂਹਾ ਢੋਣਾ ਕੀ

ਬੀਤ ਗਈ ਤੇ ਰੋਣਾ ਕੀ।

ਹੱਸਦਾ ਫੁੱਲ ਗਵਾਇਆ ਏ ਤੂੰ

ਦੀਵਾ ਤੋਡ਼ ਬੁਝਾਇਆ ਏ ਤੂੰ

ਆਪ ਜਗਾਵੇਂ ਆਪ ਬੁਝਾਵੇਂ

ਏਸੇ ਵਿਚ ਚਿਤ ਲਾਇਆ ਏ ਤੂੰ

ਘਡ਼ੀਆਂ ਆਪ ਬਣਾਵੇਂ ਢਾਵੇਂ

ਤੇਰਾ ਮਨ ਕਿਉਂ ਗੋਤੇ ਖਾਵੇ

ਸ਼ੈ ਵਾਲਾ ਜੇ ਸ਼ੈ ਲੈ ਜਾਵੇ

ਤਾਂ ਤੇਰਾ ਉਹ ਕੀ ਲੈ ਜਾਵੇ

ਉਸ ਤੋਂ ਫੇਰ ਲੁਕੌਣਾ ਕੀ

ਬੀਤ ਗਈ ਤੇ ਰੋਣਾ ਕੀ।

(ਨੂਰਪੁਰੀ ਕਾਵਿ ਸ੍ਰੰਗਹਿ ਵਿਚੋਂ)


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
1914190
Website Designed by Solitaire Infosys Inc.