ਵਿਧਾਤਾ ਸਿੰਘ ਤੀਰ
(1901-1972)
ਵਿਧਾਤਾ ਸਿੰਘ ਦਾ ਜਨਮ 1901 ਈ. ਵਿਚ ਸਰਦਾਰ
ਹੀਰਾ ਸਿੰਘ ਦੇ ਘਰ ਪਿੰਡ ਘਘਰੋਟ ਜਿਲ੍ਹਾ ਰਾਵਲਪਿੰਡੀ (ਹੁਣ ਪਾਕਿਸਤਾਨ) ਵਿਚ ਹੋਇਆ। ਇਨ੍ਹਾਂ ਨੇ
ਦਸ ਵਰ੍ਹੇ ਦੀ ਆਯੂ ਵਿਚ ਪਡ਼੍ਹਨਾ ਸ਼ੁਰੂ ਕੀਤਾ ਤੇ ਪੰਜਵੀਂ ਪਾਸ ਕਰਕੇ ਪਡ਼੍ਹਾਈ ਛੱਡ ਕੇ
ਅੰਮ੍ਰਿਤਸਰ ਆ ਗਏ। ਇਨ੍ਹਾਂ ਨੇ ਚੌਥੀ ਜਮਾਤ ਪਡ਼੍ਹਦਿਆਂ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ।
ਪਹਿਲਾਂ ਪਹਿਲ ਇਹ ਆਪਣੀ ਕਵਿਤਾ ਦੀ ਸੁਧਾਈ ਗਿਆਨੀ ਹੀਰਾ ਸਿੰਘ ਦਰਦ ਪਾਸੋਂ ਕਰਵਾ ਲੈਂਦੇ ਸਨ।
ਗਿਆਨੀ ਜੀ ਇਨ੍ਹਾਂ ਦੇ ਮਾਮਾ ਜੀ ਲੱਗਦੇ ਸਨ। ਅੰਮ੍ਰਿਤਸਰ ਰਹਿੰਦਿਆਂ ਇਨ੍ਹਾਂ ਨੇ ਗਿਆਨੀ ਦੀ
ਪ੍ਰੀਖਿਆ ਪਾਸ ਕਰ ਲਈ। ਗਿਆਨੀ ਹੀਰਾ ਸਿੰਘ ਦਰਦ ਦੁਆਰਾ ਜਾਰੀ ਕੀਤੇ ਮਾਸਕ ਪੱਤਰ “ਫੁਲਵਾਡ਼ੀ” ਵਿਚ ਕੰਮ ਕਰਦੇ
ਰਹੇ।
ਰਚਨਾਵਾਂ – ਸ਼ਹੀਦੀ ਵਾਰਾਂ,
ਧਰੂ ਭਗਤ, ਅਣਿਆਲੇ ਤੀਰ, ਗੂੰਗੇ ਗੀਤ, ਕਾਲ ਕੂਕਾਂ, ਨਵੇਂ ਨਿਸ਼ਾਨੇ, ਦਸਮੇਸ਼ ਦਰਸ਼ਨ, ਬੰਦਾ ਬਹਾਦਰ,
ਨਲ ਦਮਯੰਤੀ, ਰੂਪਰਾਣੀ ਸ਼ਕੁੰਤਲਾ, ਭਿੰਨੀ ਰੈਨਡ਼ੀਏ।
ਵਿਧਾਤਾ ਸਿੰਘ ਤੀਰ ਨੇ ਅਕਾਲੀ ਲਹਿਰ ਦੇ ਆਦਰਸ਼ਾਂ
ਤੋਂ ਪ੍ਰਭਾਵਿਤ ਹੋ ਕੇ ਲਿਖਣਾ ਸ਼ੁਰੂ ਕੀਤਾ ਸੀ। ਬਾਅਦ ਵਿਚ ਇਨ੍ਹਾਂ ਨੇ ਸਿੱਖ ਇਤਿਹਾਸ ਨੂੰ
ਕਾਵਿ-ਬੱਧ ਕਰਕੇ ਪੇਸ਼ ਕਰਨਾ ਆਰੰਭ ਕੀਤਾ।
ਤੀਰ ਨੇ ਪ੍ਰਾਚੀਨ ਪ੍ਰੇਮ-ਕਥਾ ਨੂੰ “ਰੂਪ ਰਾਣੀ
ਸ਼ਕੁੰਤਲਾ” ਵਿਚ ਸ਼ਿੰਗਾਰ ਰਸੀ ਸ਼ੈਲੀ ਵਿਚ ਕਾਵਿ-ਬੱਧ ਕੀਤਾ ਹੈ। ਕਵੀ ਨੂੰ ਸਿੱਖ ਗੁਰੂ ਸਾਹਿਬਾਨ, ਸਿੱਖ
ਇਤਿਹਾਸ ਪ੍ਰਤੀ ਅਪਾਰ ਸ਼ਰਧਾ ਹੈ ਜਿਸ ਕਰਕੇ ਉਨ੍ਹਾਂ ਨੇ ਆਪਣੀਆਂ ਕਾਵਿ-ਰਚਨਾਵਾਂ ਰਾਹੀਂ ਗੁਰੂ
ਸਾਹਿਬਾਨ, ਸਿੱਖ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ।
ਵਿਧਾਤਾ ਸਿੰਘ ਤੀਰ ਉਸ ਕਾਲ ਦੇ ਪੰਜਾਬੀ ਕਵੀ ਹਨ
ਜਦੋਂ ਕਾਵਿ-ਮੰਡਲਾਂ ਵਿਚ ਸੁਧਾਰਕ ਅਤੇ ਸਿਖਿਆਦਾਇਕ ਪ੍ਰਵਿਰਤੀ ਪ੍ਰਧਾਨ ਸੀ। ਉਹ ਸਟੇਜੀ ਕਵੀਆਂ ਵਿਚੋਂ ਇਕ ਸਿਰਮੌਰ ਕਵੀ ਸਨ। ਉਨ੍ਹਾਂ
ਦੀ ਉਚਾਰਨ ਸ਼ਕਤੀ ਵਿਚ ਜਾਦੂ ਹੈ ਜਿਸ ਕਰਕੇ ਉਨ੍ਹਾਂ ਦੀ ਕਵਿਤਾ ਸਰੋਤਿਆਂ ਨੂੰ ਮੰਤਰ ਮੁਗਧ ਕਰਨ ਦੀ
ਸਮਰੱਥਾ ਰੱਖਦੀ ਹੈ। ਉਨ੍ਹਾਂ ਨੇ ਬਾਲ ਸਾਹਿਤ ਵਿਚ ਆਪਣੇ ਮਿੱਠੇ ਗੀਤਾਂ ਰਾਹੀਂ ਯੋਗਦਾਨ ਕੀਤਾ ਹੈ।
ਤੀਰ ਜੀ ਦਾ ਦੇਹਾਂਤ 1972 ਈ. ਵਿਚ ਹੋਇਆ।