ਟੋਭਾ ਟੇਕ ਸਿੰਘ
ਸਆਦਤ ਹਸਨ ਮੰਟੋ
ਬਟਵਾਰੇ ਦੇ ਦੋ-ਤਿੰਨ ਵਰ੍ਹਿਆਂ ਪਿਛੋਂ ਪਾਕਿਸਤਾਨ
ਅਤੇ ਹਿੰਦੁਸਤਾਨ ਦੀਆਂ ਹਕੂਮਤ ਨੂੰ ਖ਼ਿਆਲ ਆਇਆ ਕਿ
ਇਖਲਾਕੀ ਕੈਦੀਆਂ ਦੀ ਤਰ੍ਹਾਂ ਪਾਗਲਾਂ ਦਾ ਵੀ ਤਬਾਦਲਾ ਹੋਣਾ ਚਾਹੀਦੈ, ਯਾਨੀ ਜੋ ਮੁਸਲਮਾਨ ਪਾਗਲ ਹਿੰਦੁਸਤਾਨ ਦੇ ਪਾਗਲਖਾਨਿਆਂ ਵਿਚ ਨੇ, ਉਨ੍ਹਾਂ ਨੂੰ ਪਾਕਿਸਤਾਨ ਭੇਜ
ਦਿੱਤਾ ਜਾਵੇ ਤੇ ਜੋ ਹਿੰਦੂ ਅਤੇ ਸਿੱਖ ਪਾਕਿਸਤਾਨ ਦੇ ਪਾਗਲਖਾਨਿਆਂ ਵਿਚ ਨੇ, ਉਨ੍ਹਾਂ ਨੂੰ ਹਿੰਦੁਸਤਾਨ
ਦੇ ਹਵਾਲੇ ਕਰ ਦਿੱਤਾ ਜਾਵੇ।
ਪਤਾ ਨਹੀਂ, ਇਹ ਗੱਲ ਵਾਜਬ ਸੀ ਜਾਂ
ਗੈਰ-ਵਾਜਬ, ਚਲੋ ਫਿਰ ਵੀ ਬੁੱਧੀਮਾਨਾਂ
ਦੇ ਫੈਸਲੇ ਮੁਤਾਬਿਕ ਇਧਰ-ਉਧਰ ਉੱਚੀ
ਪੱਧਰ ਦੀਆਂ ਕਾਨਫਰੰਸਾਂ ਹੋਈਆਂ ਅਤੇ ਅੰਤ ਨੂੰ ਪਾਗਲਾਂ ਦੇ ਤਬਾਦਲੇ ਲਈ ਇਕ ਦਿਨ ਨਿਸ਼ਚਿਤ ਹੋ ਗਿਆ।
ਚੰਗੀ ਤਰ੍ਹਾਂ ਛਾਣਬੀਣ ਕੀਤੀ ਗਈ - ਉਹ ਮੁਸਲਮਾਨ ਪਾਗਲ,
ਜਿਨ੍ਹਾਂ ਦੇ ਸਬੰਧੀ ਹਿੰਦੁਸਤਾਨ ਵਿਚ
ਹੀ ਸਨ, ਉਥੇ ਹੀ ਰਹਿਣ ਦਿੱਤੇ ਗਏ, ਬਾਕੀ ਜਿਹੜੇ ਬਚੇ, ਉਨ੍ਹਾਂ ਨੂੰ ਸਰਹੱਦ ਉੱਤੇ ਭੇਜ ਦਿੱਤਾ ਗਿਆ।
ਪਾਕਿਸਤਾਨ ਤੋਂ ਲਗਭਗ ਤਮਾਮ ਹਿੰਦੂ ਸਿੱਖ ਜਾ ਚੁੱਕੇ ਸਨ, ਇਸ ਵਾਸਤੇ ਕਿਸੇ ਨੂੰ ਰੱਖਣ ਰਖਾਉਣ ਦਾ ਸਵਾਲ
ਹੀ ਪੈਦਾ ਨਹੀਂ ਹੋਇਆ, ਜਿੰਨੇ ਹਿੰਦੂ, ਸਿੱਖ ਪਾਗਲ ਸਨ, ਸਾਰੇ ਦੇ ਸਾਰੇ ਬਾਰਡਰ ਉੱਤੇ ਪਹੁੰਚਾ ਦਿੱਤੇ ਗਏ।
ਉਧਰ ਦਾ ਪਤਾ ਨਹੀਂ ਪਰੰਤੂ ਇਧਰ ਲਾਹੌਰ ਦੇ ਪਾਗਲਖਾਨੇ,
ਜਦੋਂ ਇਸ ਤਬਾਦਲੇ ਦੀ ਖਬਰ ਪੁੱਜੀ ਤਾਂ ਬੜੀ ਦਿਲਚਸਪ ਚਰਚਾ ਹੋਣ ਲੱਗੀ।
ਇੱਕ ਮੁਸਲਮਾਨ ਪਾਗਲ ਜੋ ਬਾਰ੍ਹਾਂ ਵਰ੍ਹਿਆਂ ਤੋਂ ਹਰ ਰੋਜ਼, ਬਕਾਇਦਾ ਦੇ ਨਾਲ ਜ਼ਿਮੀਂਦਾਰ ਪੜ੍ਹਦਾ ਸੀ, ਉਸਨੇ ਜਦ ਆਪਣੇ
ਇੱਕ ਮਿੱਤਰ ਨੂੰ ਪੁੱਛਿਆ, “ਮੌਲਵੀ ਸਾਬ੍ਹ, ਇਹ ਪਾਕਿਸਤਾਨ ਕੀ ਹੁੰਦਾ ਹੈ?”
ਤਾਂ ਉਹਨੇ ਬੜੇ ਸੋਚ ਵਿਚਾਰ ਪਿਛੋਂ ਜਵਾਬ ਦਿੱਤਾ, “ਹਿੰਦੁਸਤਾਨ ਵਿਚ
ਇਕ ਐਸੀ ਥਾਂ ਜਿੱਥੇ ਉਸਤਰੇ ਬਣਦੇ ਨੇ” ਇਹ ਜਵਾਬ ਸੁਣਕੇ
ਉਸਦਾ ਮਿੱਤਰ ਸੰਤੁਸ਼ਟ ਹੋ ਗਿਆ।
ਇਸੇ ਤਰ੍ਹਾਂ ਇੱਕ ਸਿੱਖ ਪਾਗਲ ਨੇ ਇਕ ਦੂਜੇ ਸਿੱਖ ਪਾਗਲ ਤੋਂ ਪੁੱਛਿਆ, “ਸਰਦਾਰ ਜੀ, ਸਾਨੂੰ
ਹਿੰਦੁਸਤਾਨ ਕਿਉਂ ਭੇਜਿਆ ਜਾ ਰਿਹੈ ਸਾਨੂੰ ਤਾਂ ਉਥੋਂ ਦੀ ਬੋਲੀ ਨੀ ਆਉਂਦੀ” ਦੂਜਾ ਮੁਸਕਰਾਇਆ ਮੈਨੂੰ ਤਾਂ ਹਿੰਦੋਸਤੋੜੋਂ ਦੀ ਬੋਲੀ ਆਉਂਦੀ ਐ, ਹਿੰਦੁਸਤਾਨੀ ਬੜੇ ਸ਼ੈਤਾਨ ਆਕੜ ਆਕੜ
ਫਿਰਤੇ ਹੈ”।
ਇਕ ਦਿਨ ਨਹਾਉਂਦਿਆਂ-ਨਹਾਉਂਦਿਆਂ ਇੱਕ ਮੁਸਲਮਾਨ
ਪਾਗਲ ਨੇ ਪਾਕਿਸਤਾਨ ਜ਼ਿੰਦਾਬਾਦ ਦਾ ਨਾਅਰਾ ਇੰਨੇ
ਜ਼ੋਰ ਨਾਲ ਬੁਲੰਦ ਕੀਤਾ ਕਿ ਫਰਸ਼ ਉੱਤੇ ਤਿਲਕ ਕੇ ਡਿੱਗਿਆ ਅਤੇ ਬੇਹੋਸ਼ ਹੋ ਗਿਆ ਕਈ ਪਾਗਲ ਐਸੇ ਵੀ ਸੀਗੇ ਜੋ ਪਾਗਲ ਨਹੀਂ ਸਨ, ਉਨ੍ਹਾਂ ਵਿਚ ਬਹੁਤੀ ਗਿਣਤੀ ਅਜਿਹੇ ਕਾਤਲਾਂ ਦੀ ਸੀ ਜਿਨ੍ਹਾਂ ਦੇ ਰਿਸ਼ਤੇਦਾਰਾਂ ਨੇ ਅਫ਼ਸਰਾਂ ਨੂੰ ਕੁਝ ਦੇ
ਦਿਵਾ ਕੇ ਪਾਗਲਖਾਨੇ ਭਿਜਵਾ ਦਿੱਤਾ
ਸੀ ਕਿ ਉਹ ਫਾਂਸੀ ਦੇ ਫੰਧੇ ਤੋਂ ਬਚ ਜਾਣ ਇਹ ਪਾਗਲ ਕੁਝ-ਕੁਝ ਸਮਝਦੇ ਸਨ ਕਿ ਹਿੰਦੁਸਤਾਨ ਕਿਉਂ ਵੰਡਿਆ ਗਿਆ ਹੈ ਅਤੇ ਪਾਕਿਸਤਾਨ ਕੀ
ਹੈ, ਪ੍ਰੰਤੂ ਸਹੀ ਹਾਦਸਿਆਂ ਤੋਂ ਇਹ ਵੀ ਬੇਖ਼ਬਰ ਸਨ,
ਅਖ਼ਬਾਰਾਂ ਤੋਂ ਉਨ੍ਹਾਂ ਨੂੰ ਕੁਝ ਪਤਾ ਨਹੀਂ ਸੀ ਲੱਭਦਾ ਤੇ ਪਹਿਰੇਦਾਰ ਸਿਪਾਹੀ ਅਨਪੜ੍ਹ ਤੇ ਮੂੜ ਸਨ, ਜਿਨ੍ਹਾਂ ਦੀ ਗੱਲਬਾਤ ਤੋਂ ਵੀ ਉਹ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕਦੇ ਉਨ੍ਹਾਂ ਨੂੰ ਕੇਵਲ ਏਨਾ ਪਤਾ ਸੀ
ਕਿ ਇੱਕ ਆਦਮੀ ਮੁਹੰਮਦ ਅਲੀ ਜਿਨਾਹ ਹੈ
ਜਿਸਨੂੰ ਕਾਇਦੇ-ਆਜ਼ਮ ਕਹਿੰਦੇ ਨੇ, ਉਹਨੇ
ਮੁਸਲਮਾਨਾਂ ਵਾਸਤੇ ਇੱਕ ਵੱਖਰਾ ਮੁਲਕ ਬਣਾਇਆ
ਹੈ ਜਿਸਦਾ ਨਾਂ ਪਾਕਿਸਤਾਨ ਹੈ, ਇਹ ਕਿੱਥੇ ਹੈ, ਇਸਦੀ ਭੂਗੋਲਿਕ-ਸਥਿਤੀ
ਕੀ ਹੈ, ਇਸਦੇ ਬਾਰੇ ਉਹ ਕੁਝ ਨਹੀਂ ਜਾਣਦੇ ਸਨ, ਇਹੀ ਵਜ੍ਹਾ ਹੈ ਕਿ ਉਹ
ਸਭ ਪਾਗਲ ਜਿਨ੍ਹਾਂ ਦਾ ਦਿਮਾਗ ਪੂਰੀ ਤਰ੍ਹਾਂ ਨਹੀਂ ਸੀ ਹਿੱਲਿਆ, ਇਸ ਭੰਬਲਭੂਸੇ ਵਿਚ ਪਏ
ਹੋਏ ਸਨ ਕਿ ਉਹ ਪਾਕਿਸਤਾਨ ਵਿਚ ਨੇ ਜਾਂ ਹਿੰਦੁਸਤਾਨ ਵਿਚ, ਜੇ ਹਿੰਦੁਸਤਾਨ ਵਿਚ ਨੇ ਤਾਂ ਪਾਕਿਸਤਾਨ ਕਿੱਥੇ ਐ, ਜੇ ਪਾਕਿਸਤਾਨ
ਵਿਚ ਨੇ ਤਾਂ ਇਹ ਕਿਵੇਂ ਹੋ ਸਕਦੈ ਕਿ ਉਹ ਕੁਝ ਅਰਸਾ ਪਹਿਲਾਂ
ਇਥੇ ਹੀ ਰਹਿੰਦੇ ਹੋਏ ਹਿੰਦੁਸਤਾਨ ਵਿਚ ਸਨ।
ਇਕ ਪਾਗਲ ਤਾਂ ਹਿੰਦੁਸਤਾਨ ਅਤੇ ਪਾਕਿਸਤਾਨ, ਪਾਕਿਸਤਾਨ ਅਤੇ
ਹਿੰਦੁਸਤਾਨ ਦੇ ਚੱਕਰ ਵਿਚ ਕੁਝ ਅਜਿਹਾ
ਫਸਿਆ ਕਿ ਹੋਰ ਜ਼ਿਆਦਾ ਪਾਗਲ ਹੋ ਗਿਆ ਝਾੜੂ ਦਿੰਦਿਆਂ-ਦਿੰਦਿਆਂ ਉਹ ਇਕ ਦਿਨ ਰੁੱਖ ਉੱਤੇ ਚੜ੍ਹ ਗਿਆ ਅਤੇ ਟਹਿਣੇ ਉੱਤੇ ਬੈਠ ਕੇ ਦੋ
ਘੰਟੇ ਲਗਾਤਾਰ ਤਕਰੀਰ ਕਰਦਾ ਰਿਹਾ, ਜੋ ਪਾਕਿਸਤਾਨ ਅਤੇ ਹਿੰਦੁਸਤਾਨ ਦੇ ਨਾਜ਼ੁਕ ਮਸਲੇ ਉੱਤੇ ਸੀ ਸਿਪਾਹੀਆਂ
ਨੇ ਜਦ ਉਹਨੂੰ ਹੇਠਾਂ ਉਤਰਨ ਲਈ
ਕਿਹਾ ਤਾਂ ਉਹ ਹੋਰ ਉੱਤੇ ਚੜ੍ਹ ਗਿਆ ਜਦ ਉਹਨੂੰ ਡਰਾਇਆ-ਧਮਕਾਇਆ ਗਿਆ ਤਾਂ ਉਹਨੇ ਕਿਹਾ, “ਮੈਂ ਨਾ
ਹਿੰਦੁਸਤਾਨ ਵਿਚ ਰਹਿਣਾ ਚਾਹੁੰਦਾ ਹਾਂ ਨਾ ਪਾਕਿਸਤਾਨ ਵਿਚ, ਮੈਂ ਇਸ ਰੁੱਖ
ਉੱਤੇ ਹੀ ਰਹੂੰਗਾ” ਬੜੀ ਦੇਰ ਪਿਛੋਂ ਜਦੋ
ਉਹਦਾ ਦੌਰਾ ਠੰਡਾ ਹੋਇਆ ਤਾਂ ਉਹ ਥੱਲੇ ਉਤਰਿਆ
ਅਤੇ ਆਪਣੇ-ਹਿੰਦੂ ਸਿੱਖ ਮਿੱਤਰਾਂ ਦੇ ਗਲ ਮਿਲ-ਮਿਲ ਕੇ ਰੋਣ ਲੱਗਿਆ - ਇਸ ਖ਼ਿਆਲ ਨਾਲ ਉਹਦਾ ਦਿਲ ਭਰ ਆਇਆ ਸੀ ਕਿ ਉਹ ਉਸਨੂੰ ਛੱਡ ਕੇ
ਹਿੰਦੁਸਤਾਨ ਚਲੇ ਜਾਣਗੇ।
ਇਕ ਐਮ.ਐਸ. ਸੀ. ਪਾਸ ਰੇਡੀਓ ਇੰਜੀਨੀਅਰ, ਜੋ ਮੁਸਲਮਾਨ ਸੀ ਅਤੇ ਦੂਜੇ ਪਾਗਲਾਂ ਤੋਂ ਬਿਲਕੁਲ ਅਲੱਗ-ਥਲੱਗ ਬਾਗ ਦੀ ਇੱਕ ਖਾਸ ਪਗਡੰਡੀ ਉੱਤੇ ਸਾਰਾ ਦਿਨ ਚੁੱਪਚਾਪ
ਟਹਿਲਦਾ ਰਹਿੰਦਾ ਸੀ, ਇਹ ਤਬਦੀਲੀ ਪ੍ਰਗਟ ਹੋਈ ਕਿ ਉਹਨੇ ਆਪਣੇ ਸਾਰੇ ਕੱਪੜੇ ਉਤਾਰ ਕੇ
ਦਫੇਦਾਰ ਦੇ ਹਵਾਲੇ ਕਰ ਦਿੱਤੇ ਅਤੇ
ਨੰਗ-ਧੜੰਗਾ ਹੋ ਕੇ ਸਾਰੇ ਬਾਗ ਵਿਚ ਤੁਰਨਾ-ਫਿਰਨਾ ਸ਼ੁਰੂ ਕਰ ਦਿੱਤਾ।
ਚਨਿਓਟ ਦੇ ਇਕ ਮੁਸਲਮਾਨ ਨੇ, ਜੋ ਮੁਸਲਿਮ ਲੀਗ
ਦਾ ਸਰਗਰਮ ਮੈਂਬਰ ਰਹਿ ਚੁੱਕਿਆ ਸੀ ਅਤੇ ਦਿਨ ‘ਚ ਪੰਦਰਾਂ-ਸੋਲਾਂ ਵੇਰਾਂ ਨਹਾਇਆ ਕਰਦਾ ਸੀ, ਇਕਦਮ ਇਹ ਆਦਤ ਛੱਡ ਦਿੱਤੀ, ਉਹਦਾ ਨਾਂ ਮੁਹੰਮਦ ਅਲੀ ਸੀ ਸੋ ਉਹਨੇ ਇੱਕ ਦਿਨ ਆਪਣੇ ਜੰਗਲੇ
ਵਿਚ ਐਲਾਨ ਕਰ ਦਿੱਤਾ ਕਿ ਕਾਇਦੇ-ਆਜ਼ਮ
ਮੁਹੰਮਦ ਅਲੀ ਜਿਨਾਹ ਹੈ, ਉਸ ਦੀ ਦੇਖਾ-ਦੇਖੀ ਇੱਕ
ਸਿੱਖ ਪਾਗਲ ਮਾਸਟਰ ਤਾਰਾ ਸਿੰਘ ਬਣ ਗਿਆ
ਇਸ ਤੋਂ ਪਹਿਲਾਂ ਕਿ ਖੂਨ-ਖਰਾਬਾ ਹੋ ਜਾਵੇ, ਦੋਹਾਂ ਨੂੰ
ਖ਼ਤਰਨਾਕ ਪਾਗਲ ਕਰਾਰ ਦੇ ਕੇ ਅਲੱਗ-ਥਲੱਗ
ਬੰਦ ਕਰ ਦਿੱਤਾ ਗਿਆ।
ਲਾਹੌਰ ਦਾ ਇੱਕ ਨੌਜਵਾਨ ਹਿੰਦੂ ਵਕੀਲ ਮੁਹੱਬਤ ਵਿਚ ਅਸਫਲ ਹੋ ਕੇ ਪਾਗਲ ਹੋ ਗਿਆ ਸੀ, ਜਦੋਂ ਉਹਨੇ ਸੁਣਿਆ ਕਿ ਅੰਮ੍ਰਿਤਸਰ ਹਿੰਦੁਸਤਾਨ ਵਿਚ ਚਲਿਆ ਗਿਆ ਹੈ
ਤਾਂ ਉਹਨੂੰ ਬਹੁਤ ਦੁੱਖ ਹੋਇਆ ਅੰਮ੍ਰਿਤਸਰ
ਦੀ ਇੱਕ ਹਿੰਦੂ ਕੁੜੀ ਨਾਲ ਉਹਨੂੰ ਮੁਹੱਬਤ ਸੀ, ਜਿਸਨੇ ਉਹਨੂੰ ਠੁਕਰਾ ਦਿੱਤਾ ਪਰ ਦੀਵਾਨਗੀ ਦੀ ਹਾਲਤ ਵਿਚ ਵੀ ਉਹ ਕੁੜੀ
ਨੂੰ ਨਹੀਂ ਸੀ ਭੁੱਲਿਆ ਉਹ ਉਨ੍ਹਾਂ ਸਾਰੇ
ਹਿੰਦੂ ਅਤੇ ਮੁਸਲਮਾਨ ਲੀਡਰਾਂ ਨੂੰ ਗਾਲ੍ਹਾਂ ਦੇਣ ਲੱਗ ਪਿਆ ਜਿਨ੍ਹਾਂ ਨੇ ਮਿਲ-ਮਿਲਾ ਕੇ ਹਿੰਦੁਸਤਾਨ ਦੇ ਦੋ ਟੁਕੜੇ ਕਰ ਦਿੱਤੇ ਨੇ
ਅਤੇ ਉਹਦੀ ਮਹਿਬੂਬਾ ਹਿੰਦੁਸਤਾਨੀ ਬਣ ਗਈ ਹੈ
ਅਤੇ ਉਹ ਪਾਕਿਸਤਾਨੀ ਜਦ ਤਬਾਦਲੇ ਦੀ ਗੱਲ ਸ਼ੁਰੂ ਹੋਈ ਤਾਂ ਉਸ ਵਕੀਲ ਨੂੰ ਕਈ ਪਾਗਲਾਂ ਨੇ ਸਮਝਾਇਆ ਕਿ ਉਹ ਦਿਲ ਥੋੜ੍ਹਾ ਨਾ ਕਰੇ, ਉਹਨੂੰ ਹਿੰਦੁਸਤਾਨ ਭੇਜ ਦਿੱਤਾ
ਜਾਵੇਗਾ ਉਸੇ ਹਿੰਦੁਸਤਾਨ ਵਿਚ ਜਿੱਥੇ ਉਹਦੀ ਮਹਿਬੂਬਾ ਰਹਿੰਦੀ ਹੈ - ਪਰ ਉਹ ਲਾਹੌਰ ਛੱਡਣਾ ਨਹੀਂ ਚਾਹੁੰਦਾ ਸੀ, ਉਸਦਾ ਖ਼ਿਆਲ ਸੀ ਕਿ ਅੰਮ੍ਰਿਤਸਰ ਵਿਚ ਉਸਦੀ ਪ੍ਰੈਕਟਿਸ ਨਹੀਂ ਚੱਲੇਗੀ।
ਯੂਰਪੀਅਨ ਵਾਰਡ ਵਿਚ ਦੋ ਐਂਗਲੋ ਇੰਡੀਅਨ ਪਾਗਲ ਸਨ ਉਨ੍ਹਾਂ ਨੂੰ ਜਦੋਂ ਪਤਾ ਲੱਗਿਆ ਕਿ ਹਿੰਦੁਸਤਾਨ ਨੂੰ ਆਜ਼ਾਦ ਕਰਕੇ ਅੰਗਰੇਜ਼ ਚਲੇ ਗਏ ਨੇ ਤਾਂ
ਉਨ੍ਹਾਂ ਨੂੰ ਬੜਾ ਸਦਮਾ ਲੱਗਿਆ ਉਹ ਲੁਕ-ਲੁਕ ਕੇ
ਘੰਟਿਆਂ ਬੱਧੀ ਇਸ ਅਹਿਮ ਮਸਲੇ ਉੱਤੇ ਗੱਲਬਾਤ ਕਰਦੇ ਰਹਿੰਦੇ ਕਿ ਪਾਗਲਖਾਨੇ ਵਿਚ ਹੁਣ ਉਨ੍ਹਾਂ ਦੀ ਹੈਸੀਅਤ ਕਿਸ ਕਿਸਮ ਦੀ ਹੋਵੇਗੀ
ਯੂਰਪੀਅਨ ਵਾਰਡ ਰਹੇਗਾ ਜਾਂ ਉਡਾ ਦਿੱਤਾ
ਜਾਵੇਗਾ ਬ੍ਰੇਕਫਾਸਟ ਮਿਲਿਆ ਕਰੇਗਾ ਜਾਂ ਨਹੀਂ, ਕੀ ਉਨ੍ਹਾਂ ਨੂੰ
ਡਬਲ ਰੋਟੀ ਤਾਂ ਨਹੀਂ ਛੱਡਣੀ
ਪਵੇਗੀ।
ਇੱਕ ਸਿੱਖ ਸੀ, ਜਿਸਨੂੰ ਪਾਗਲਖਾਨੇ ਵਿਚ
ਦਾਖਲ ਹੋਇਆ ਪੰਦਰਾਂ ਵਰ੍ਹੇ ਹੋ ਚੁੱਕੇ ਸਨ ਹਰ ਵੇਲੇ ਉਹਦੇ
ਮੂੰਹੋਂ ਇਹ ਅਜੀਬ ਲਫ਼ਜ ਸੁਣਾਈ ਦਿੰਦੇ ਸਨ, “ਔਪੜ ਦਿ ਗੜ ਗੜ
ਅਨੈਕਸ ਦੀ ਬੇਧਿਆਨਾ ਦਿ ਮੂੰਗ ਕਿ
ਦਾਲ ਆਫ ਦੀ ਲਾਲਟੈਨ” ਉਹ ਨਾ ਦਿਨ ‘ਚ ਸੌਂਦਾ ਸੀ ਨਾ ਰਾਤ ਨੂੰ ਪਹਿਰੇਦਾਰਾਂ ਦਾ ਇਹ ਕਹਿਣਾ ਸੀ ਕਿ ਪੰਦਰਾਂ ਵਰ੍ਹਿਆਂ ਦੇ ਲੰਬੇ ਅਰਸੇ
ਵਿਚ ਉਹ ਇਕ ਪਲ ਵੀ ਨਹੀਂ ਸੁੱਤਾ ਸੀ, ਉਹ ਲੇਟਦਾ ਵੀ ਨਹੀਂ ਸੀ ਬਲਕਿ ਕਦੇ-ਕਦੇ ਕੰਧ ਨਾਲ ਟੇਕ ਲਾ ਲੈਂਦਾ ਸੀ, ਚੱਤੋ ਪਹਿਰ
ਖੜ੍ਹਾ ਰਹਿਣ ਕਰਕੇ ਉਸਦੇ ਪੈਰ ਸੁੱਜ ਗਏ ਸਨ ਅਤੇ ਪਿੰਜਣੀਆਂ ਵੀ ਫੁੱਲ ਗਈਆਂ ਸਨ, ਮਗਰ ਸਰੀਰਕ
ਤਕਲੀਫ ਦੇ ਬਾਵਜੂਦ ਉਹ ਲੰਮਾ ਪੈ ਕੇ ਆਰਾਮ ਨਹੀਂ ਕਰਦਾ।
ਹਿੰਦੁਸਤਾਨ, ਪਾਕਿਸਤਾਨ ਅਤੇ ਪਾਗਲਾਂ
ਦੇ ਤਬਾਦਲੇ ਬਾਰੇ ਜਦ ਕਦੇ ਗੱਲਬਾਤ ਹੁੰਦੀ ਸੀ ਤਾਂ ਉਹ ਧਿਆਨ
ਨਾਲ ਸੁਣਦਾ ਸੀ ਕੋਈ ਉਹਨੂੰ ਪੁੱਛਦਾ ਕਿ ਉਸਦਾ ਕੀ ਖ਼ਿਆਲ ਹੈ ਤਾਂ ਉਹ ਬੜੀ ਗੰਭੀਰਤਾ ਨਾਲ ਜਵਾਬ ਦਿੰਦਾ, “ਔਪੜ ਦੀ ਗੜ-ਗੜ ਦਿ ਅਨੈਕਸ ਕਿ ਬੇਧਿਆਨਾ ਕਿ ਮੂੰਗ ਦੀ ਦਾਲ ਆਫ ਪਾਕਿਸਤਾਨ ਗਵਰਨਮੈਂਟ” ਪਰੰਤੂ ਬਾਅਦ ਵਿਚ ‘ਆਫ਼ ਦੀ
ਪਾਕਿਸਤਾਨ‘ ਦੀ ਥਾਂ ‘ਆਫ਼ ਦੀ ਟੋਭਾ ਟੇਕ
ਸਿੰਘ ਗਵਰਨਮੈਂਟ‘ ਨੇ ਲੈ ਲਈ ਅਤੇ ਉਹਨੇ
ਦੂਜੇ ਪਾਗਲਾਂ ਤੋਂ ਪੁੱਛਣਾ ਸ਼ੁਰੂ ਕਰ ਦਿੱਤਾ
ਕਿ ਟੋਭਾ ਟੇਕ ਸਿੰਘ ਕਿੱਥੇ ਹੈ, ਜਿੱਥੇ ਦਾ ਉਹ
ਰਹਿਣ ਵਾਲਾ ਹੈ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ
ਟੋਭਾ ਟੇਕ ਸਿੰਘ ਪਾਕਿਸਤਾਨ ਵਿਚ ਹੈ ਜਾਂ ਹਿੰਦੁਸਤਾਨ ਵਿਚ ਜੋ ਦੱਸਣ ਦੀ ਕੋਸ਼ਿਸ਼ ਕਰਦੇ ਸਨ ਉਹ ਆਪ ਇਸ ਉਲਝਣ ਵਿਚ ਫਸ ਜਾਂਦੇ ਸਨ ਕਿ
ਸਿਆਲਕੋਟ ਪਹਿਲਾਂ ਹਿੰਦੁਸਤਾਨ ਵਿਚ
ਹੁੰਦਾ ਸੀ, ਪਰ ਹੁਣ ਸੁਣਿਐ ਕਿ
ਪਾਕਿਸਤਾਨ ਵਿਚ ਹੈ ਕੀ ਪਤਾ ਹੈ ਕਿ ਲਾਹੌਰ
ਜੋ ਅੱਜ ਪਾਕਿਸਤਾਨ ਵਿਚ ਹੈ, ਕੱਲ੍ਹ ਹਿੰਦੁਸਤਾਨ ਵਿਚ
ਚਲਿਆ ਜਾਵੇ ਜਾਂ ਸਾਰਾ ਹਿੰਦੁਸਤਾਨ ਹੀ
ਪਾਕਿਸਤਾਨ ਬਣ ਜਾਵੇ ਅਤੇ ਇਹ ਵੀ ਕੌਣ ਛਾਤੀ ਉੱਤੇ ਹੱਥ ਰੱਖ ਕੇ ਕਹਿ ਸਕਦਾ ਹੈ ਕਿ ਹਿੰਦੁਸਤਾਨ ਅਤੇ ਪਾਕਿਸਤਾਨ ਦੋਨੋਂ ਕਿਸੇ ਦਿਨ ਸਿਰੇ
ਤੋਂ ਗਾਇਬ ਹੋ ਜਾਣ।
ਇਸ ਸਿੱਖ ਪਾਗਲ ਦੇ ਕੇਸ ਛਿਦਰੇ ਹੋ ਕੇ ਬਹੁਤ ਘੱਟ ਰਹਿ ਗਏ ਸਨ, ਕਿਉਂਕਿ ਉਹ ਨਹਾਉਂਦਾ
ਕਦੇ ਕਦਾਈਂ ਸੀ, ਇਸ ਲਈ ਦਾੜ੍ਹੀ ਅਤੇ ਵਾਲ
ਆਪਸ ਵਿਚ ਜੰਮ ਗਏ ਸਨ ਜਿਸਦੇ ਕਾਰਨ ਉਹਦੀ ਸ਼ਕਲ ਬੜੀ ਭਿਆਨਕ
ਹੋ ਗਈ ਸੀ ਪਰ ਆਦਮੀ ਨਿਡਰ ਸੀ ਪੰਦਰਾਂ ਵਰ੍ਹਿਆਂ ਵਿਚ ਉਹਨੇ ਕਦੇ ਵੀ ਕਿਸੇ ਨਾਲ ਝਗੜਾ-ਫਸਾਦ ਨਹੀਂ ਕੀਤਾ ਸੀ ਪਾਗਲਖਾਨੇ ਦੇ ਜੋ ਪੁਰਾਣੇ
ਨੌਕਰ ਸਨ, ਉਹ ਉਹਦੇ ਬਾਰੇ ਏਨਾ ਕੁ ਜਾਣਦੇ ਸਨ ਕਿ ਟੋਭਾ ਟੇਕ ਸਿੰਘ ਵਿਚ ਉਹਦੀ ਕਾਫ਼ੀ ਜ਼ਮੀਨ
ਸੀ ਚੰਗਾ ਖਾਂਦਾ ਪੀਂਦਾ ਜ਼ਿਮੀਂਦਾਰ ਸੀ ਕਿ
ਅਚਾਨਕ ਦਿਮਾਗ ਹਿਲ ਗਿਆ, ਉਹਦੇ ਰਿਸ਼ਤੇਦਾਰ ਉਹਨੂੰ
ਲੋਹੇ ਦੇ ਮੋਟੇ-ਮੋਟੇ ਸੰਗਲਾਂ ਨਾਲ
ਬੰਨ ਕੇ ਲਿਆਏ ਅਤੇ ਪਾਗਲਖਾਨੇ ਦਾਖਲ ਕਰਾ ਗਏ।
ਮਹੀਨੇ ‘ਚ ਇੱਕ ਵੇਰਾਂ ਮੁਲਾਕਾਤ
ਲਈ ਉਹ ਲੋਕ ਆਉਂਦੇ ਸਨ ਅਤੇ ਉਸਦੀ ਸੁੱਖ-ਸਾਂਦ ਦਾ ਪਤਾ ਕਰਕੇ ਚਲੇ ਜਾਂਦੇ ਸਨ, ਬੜੀ ਦੇਰ ਤੱਕ
ਇਹ ਸਿਲਸਿਲਾ ਜਾਰੀ ਰਿਹਾ ਪਰ ਜਦੋਂ ਪਾਕਿਸਤਾਨ, ਹਿੰਦੁਸਤਾਨ ਦੀ
ਗੜਬੜ ਸ਼ੁਰੂ ਹੋਈ ਤਾਂ ਉਨ੍ਹਾਂ ਦਾ ਆਉਣਾ-ਜਾਣਾ ਬੰਦ ਹੋ ਗਿਆ।
ਉਹਦਾ ਨਾਂ ਬਿਸ਼ਨ ਸਿੰਘ ਸੀ ਪਰ ਸਾਰੇ ਜਣੇ ਉਸਨੂੰ ਟੋਭਾ ਟੇਕ ਸਿੰਘ ਕਹਿੰਦੇ ਸਨ ਉਹਨੂੰ ਇਹ ਕਤਈ ਮਾਲੂਮ ਨਹੀਂ ਸੀ ਦਿਨ ਕਿਹੜਾ ਹੈ, ਮਹੀਨਾ ਕਿਹੜਾ ਹੈ ਜਾਂ ਕਿੰਨੇ ਸਾਲ ਬੀਤ ਚੁੱਕੇ ਨੇ ਪਰੰਤੂ ਹਰ ਮਹੀਨੇ ਜਦ ਉਸਦੇ ਸਕੇ-ਸਬੰਧੀ ਉਸਨੂੰ ਮਿਲਣ
ਵਾਸਤੇ ਆਉਣ ਵਾਲੇ ਹੁੰਦੇ ਤਾਂ ਉਹਨੂੰ ਆਪਣੇ
ਆਪ ਪਤਾ ਲੱਗ ਜਾਂਦਾ ਇਸ ਲਈ ਉਹ ਦਫੇਦਾਰ ਨੂੰ ਕਹਿੰਦਾ ਕਿ ਉਹਦੀ ਮੁਲਾਕਾਤ ਆ ਰਹੀ ਹੈ ਉਸ ਦਿਨ ਉਹ ਮਲ-ਮਲ ਕੇ ਨਹਾਉਂਦਾ, ਬਦਨ ਉੱਤੇ ਖ਼ੂਬ ਤੇਲ ਸਾਬਣ ਘਸਾਇਆ ਜਾਂਦਾ ਅਤੇ ਵਾਲਾਂ ‘ਚ ਤੇਲ ਲਾ ਕੇ
ਕੰਘਾ ਕਰਦਾ, ਆਪਣੇ ਉਹ ਕੱਪੜੇ ਜੋ ਉਹ
ਕਦੀਂ ਵਰਤਦਾ ਨਹੀਂ ਸੀ, ਕੱਢਵਾ ਕੇ ਪਾਉਂਦਾ ਅਤੇ ਇਉਂ ਬਣ-ਫੱਬ ਕੇ ਮਿਲਣ ਵਾਲਿਆਂ ਕੋਲ ਜਾਂਦਾ ਉਹ ਉਸਨੂੰ ਕੁਝ ਪੁੱਛਦੇ ਤਾਂ ਉਹ ਚੁੱਪ ਰਹਿੰਦਾ ਜਾਂ
ਕਦੇਂ-ਕਦਾਈਂ “ਔਪੜ ਦਿ ਗੜ ਗੜ ਦਿ ਅਨੈਕਸ ਦਿ ਬੇਧਿਆਨਾ ਦਿ ਮੂੰਗ ਦੀ ਦਾਲ ਆਫ਼ ਦੀ ਲਾਲਟੈਨ••” ਕਹਿ ਦਿੰਦਾ।
ਉਹਦੀ ਇੱਕ ਕੁੜੀ ਸੀ ਜੋ ਹਰ ਮਹੀਨੇ ਇੱਕ ਉਂਗਲੀ ਵਧਦੀ-ਵਧਦੀ ਪੰਦਰਾਂ ਵਰ੍ਹਿਆਂ ‘ਚ ਮੁਟਿਆਰ ਹੋ ਗਈ
ਸੀ ਬਿਸ਼ਨ ਸਿੰਘ ਉਹਨੂੰ ਪਛਾਣਦਾ ਹੀ ਨਹੀਂ ਸੀ ਉਹ ਬੱਚੀ ਸੀ,
ਉਦੋਂ ਵੀ ਆਪਣੇ ਆਪ ਨੂੰ ਦੇਖ ਕੇ
ਰੋਂਦੀ ਸੀ, ਮੁਟਿਆਰ ਹੋਈ ਤਦ ਵੀ
ਉਹਦੀਆਂ ਅੱਖਾਂ ਚੋਂ ਹੰਝੂ ਵਹਿੰਦੇ ਸਨ।
ਪਾਕਿਸਤਾਨ ਅਤੇ ਹਿੰਦੁਸਤਾਨ ਦਾ ਕਿੱਸਾ ਸ਼ੁਰੂ ਹੋਇਆ ਤਾਂ ਉਹਨੇ ਦੂਜੇ ਪਾਗਲਾਂ ਤੋਂ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਟੋਭਾ ਟੇਕ ਸਿੰਘ ਕਿੱਥੇ ਹੈ
ਜਦ ਉਹਨੂੰ ਤਸੱਲੀਬਖਸ਼ ਜਵਾਬ ਨਾ ਮਿਲਿਆ, ਉਹਦੀ ਟੋਹ ਦਿਨ ਪ੍ਰਤੀ ਦਿਨ ਵੱਧਦੀ ਗਈ ਹੁਣ ਉਸਦੀ ਲੜਕੀ ਮੁਲਾਕਾਤ ਨੂੰ
ਵੀ ਨਹੀਂ ਆਉਂਦੀ ਸੀ, ਪਹਿਲਾਂ ਤਾਂ ਉਹਨੂੰ ਆਪਣੇ ਆਪ ਪਤਾ ਲੱਗ ਜਾਂਦਾ ਸੀ ਕਿ ਮਿਲਣ ਵਾਲੇ ਆ ਰਹੇ ਨੇ ਪਰ ਹੁਣ ਜਿਵੇਂ ਉਹਦੇ ਦਿਲ ਦੀ ਅਵਾਜ਼ ਵੀ ਬੰਦ ਹੋ
ਗਈ ਸੀ ਜੋ ਉਹਨੂੰ ਉਨ੍ਹਾਂ ਦੇ ਆਉਣ-ਜਾਣ ਦੀ
ਖ਼ਬਰ ਦੇ ਦਿਆ ਕਰਦੀ ਸੀ- ਉਹਦੀ ਬੜੀ ਇੱਛਾ ਸੀ ਕਿ ਉਹ ਲੋਕ ਆਉਣ ਜੋ ਉਸ ਨਾਲ ਹਮਦਰਦੀ ਪ੍ਰਗਟ ਕਰਦੇ ਸਨ ਅਤੇ ਉਹਦੇ ਵਾਸਤੇ ਫਲ, ਮਿਠਾਈਆਂ ਅਤੇ ਕੱਪੜੇ ਲਿਆਉਂਦੇ ਸਨ ਉਹ ਆਉਣ ਤਾਂ ਉਹ ਉਨ੍ਹਾਂ ਤੋਂ ਪੁੱਛੇ ਕਿ ਟੋਭਾ ਟੇਕ ਸਿੰਘ ਕਿੱਥੇ ਹੈ ਉਹ
ਉਹਨੂੰ ਪੱਕੇ ਤੌਰ ਤੇ ਦੱਸ ਦੇਣਗੇ ਕਿ ਟੋਭਾ
ਟੇਕ ਸਿੰਘ ਪਾਕਿਸਤਾਨ ਵਿਚ ਹੈ ਜਾਂ ਹਿੰਦੁਸਤਾਨ ਵਿਚ ਉਹਦਾ ਖ਼ਿਆਲ ਸੀ ਕਿ ਟੋਭਾ ਟੇਕ ਸਿੰਘ ਤੋਂ ਹੀ ਆਉਂਦੇ ਨੇ, ਜਿੱਥੇ ਉਹਦੀਆਂ ਜ਼ਮੀਨਾਂ ਨੇ।
ਪਾਗਲਖਾਨੇ ਵਿਚ ਇੱਕ ਪਾਗਲ ਅਜਿਹਾ ਵੀ ਸੀ ਜੋ ਆਪਣੇ ਆਪ ਨੂੰ ਖ਼ੁਦਾ ਕਹਿੰਦਾ ਸੀ ਬਿਸ਼ਨ ਸਿੰਘ ਨੇ ਉਸ ਤੋਂ ਜਦੋਂ ਇਕ ਦਿਨ ਪੁੱਛਿਆ ਕਿ ਟੋਭਾ ਟੇਕ
ਸਿੰਘ ਪਾਕਿਸਤਾਨ ਵਿਚ ਹੈ ਜਾਂ ਹਿੰਦੁਸਤਾਨ ਵਿਚ
ਤਾਂ ਉਹਨੇ ਆਪਣੀ ਆਦਤ ਅਨੁਸਾਰ ਠਹਾਕਾ ਮਾਰਿਆ ਅਤੇ ਕਿਹਾ,
“ਉਹ ਨਾ ਪਾਕਿਸਤਾਨ ਵਿਚ ਹੈ ਨਾ
ਹਿੰਦੁਸਤਾਨ ਵਿਚ, ਕਿਉਂਕਿ ਅਸੀਂ ਅਜੇ ਤੱਕ
ਹੁਕਮ ਹੀ ਨਹੀਂ ਦਿੱਤਾ”।
ਬਿਸ਼ਨ ਸਿੰਘ ਨੇ ਉਸਨੂੰ ਖ਼ੁਦਾ ਨੂੰ ਕਈ ਵਾਰੀ ਬੜੀ ਮਿੰਨਤ ਅਤੇ ਆਜਜ਼ੀ ਨਾਲ ਕਿਹਾ ਕਿ ਉਹ ਹੁਕਮ ਦੇ ਦੇਵੇ ਤਾਂ ਕਿ ਝੰਜਟ ਮੁੱਕੇ, ਪਰ ਖ਼ੁਦਾ ਬਹੁਤ ਰੁਝਿਆ ਹੋਇਆ ਸੀ ਕਿਉਂਕਿ ਉਹਨੇ ਹੋਰ ਬਥੇਰੇ ਹੁਕਮ ਦੇਣੇ ਸਨ।
ਇੱਕ ਦਿਨ ਦੁਖੀ ਹੋ ਕੇ ਬਿਸ਼ਨ ਸਿੰਘ ਖ਼ੁਦਾ ਨੂੰ ਟੁੱਟ ਕੇ ਪਿਆ, “ਔਪੜ ਦਿ ਗੜ ਗੜ ਦਿ ਅਨੈਕਸ ਦਿ
ਬੇਧਿਆਨਾ ਦਿ ਮੂੰਗ ਦੀ ਦਾਲ ਆਫ਼ ਵਾਹਿਗੁਰੂ ਜੀ ਦਾ ਖਾਲਸਾ ਐਂਡ ਵਾਹਿਗੁਰੂ ਜੀ ਦੀ ਫਤਹਿ” ਇਸਦਾ ਸ਼ਾਇਦ
ਮਤਲਬ ਸੀ ਕਿ ਤੂੰ ਮੁਸਲਮਾਨਾਂ ਦਾ ਖੁਦਾ ਹੈ, ਸਿੱਖਾਂ ਦਾ
ਖ਼ੁਦਾ ਹੁੰਦਾ ਤਾਂ ਜ਼ਰੂਰ ਮੇਰੀ
ਸੁਣਦਾ।
ਤਬਾਦਲੇ ਤੋਂ ਕੁਝ ਦਿਨ ਪਹਿਲਾਂ ਟੋਭਾ ਟੇਕ ਸਿੰਘ ਦਾ ਇਕ ਮੁਸਲਮਾਨ ਜੋ ਬਿਸ਼ਨ ਸਿੰਘ ਦਾ ਮਿੱਤਰ ਸੀ, ਮੁਲਾਕਾਤ ਲਈ
ਆਇਆ, ਮੁਸਲਮਾਨ ਮਿੱਤਰ ਪਹਿਲਾਂ ਕਦੇ ਨਹੀਂ ਆਇਆ ਸੀ
ਜਦੋਂ ਬਿਸ਼ਨ ਸਿੰਘ ਨੇ ਉਹਨੂੰ
ਦੇਖਿਆ ਤਾਂ ਇਕ ਪਾਸੇ ਹੱਟ ਗਿਆ, ਫਿਰ ਵਾਪਸ ਜਾਣ
ਲੱਗਾ ਪਰ ਸਿਪਾਹੀਆਂ ਨੇ ਉਹਨੂੰ
ਰੋਕਿਆ, “ਇਹ ਤੈਨੂੰ ਮਿਲਣ ਆਇਐ, ਤੇਰਾ ਮਿੱਤਰ ਫਜ਼ਲਦੀਨ ਐ”।
ਬਿਸ਼ਨ ਸਿੰਘ ਨੇ ਫਜ਼ਲਦੀਨ ਨੂੰ ਇੱਕ ਨਜ਼ਰ ਦੇਖਿਆ ਅਤੇ ਕੁਝ ਬੁੜਬੁੜਾਉਣ ਲੱਗਾ ਫਜ਼ਲਦੀਨ ਨੇ ਅੱਗੇ ਵੱਧ ਕੇ ਉਹਦੇ ਮੋਢੇ ਉੱਪਰ ਹੱਥ ਰੱਖਿਆ, “ਮੈਂ ਕਈ ਦਿਨਾਂ ਤੋਂ ਸੋਚ ਰਿਹਾ ਸੀ ਕਿ ਤੈਨੂੰ ਮਿਲਾਂ ਪਰ ਵਿਹਲ ਹੀ ਨਾ ਮਿਲੀ, ਤੇਰੇ ਸਭ ਆਦਮੀ ਖੈਰੀਅਤ ਨਾਲ ਹਿੰਦੁਸਤਾਨ ਚਲੇ ਗਏ ਸਨ ਮੈਥੋਂ ਜਿੰਨੀ
ਮਦਦ ਹੋ ਸਕੀ, ਮੈਂ ਕੀਤੀ, ਤੇਰੀ ਧੀ ਰੂਪ ਕੌਰ.” ਉਹ ਬੋਲਦਿਆਂ ਬੋਲਦਿਆਂ ਰੁਕ ਗਿਆ।
ਬਿਸ਼ਨ ਸਿੰਘ ਕੁਝ ਯਾਦ ਕਰਨ ਲੱਗਿਆ, “ਧੀ ਰੂਪ ਕੌਰ”
ਫਜ਼ਲਦੀਨ ਨੇ ਰੁਕ ਕੇ ਕਿਹਾ, “ਹਾਂ, ਉਹ, ਉਹ ਵੀ ਠੀਕ ਠਾਕ
ਐ, ਉਨ੍ਹਾਂ ਨਾਲ ਹੀ ਚਲੀ ਗਈ ਸੀ।”
ਬਿਸ਼ਨ ਸਿੰਘ ਚੁੱਪ ਰਿਹਾ
ਫਜ਼ਲਦੀਨ ਨੇ ਫਿਰ ਕਹਿਣਾ ਸ਼ੁਰੂ ਕੀਤਾ, “ਉਨ੍ਹਾਂ ਨੇ
ਮੈਨੂੰ ਕਿਹਾ ਸੀ ਕਿ ਤੇਰੀ ਖ਼ੈਰ ਖੈਰੀਅਤ ਪੁੱਛਦਾ
ਰਹਾਂ। ਹੁਣ ਮੈਂ ਸੁਣਿਆ
ਤੂੰ ਹਿੰਦੁਸਤਾਨ ਜਾ ਰਿਹੈਂ। ਭਾਈ ਬਲਵੀਰ ਸਿੰਘ ਅਤੇ ਭਾਈ
ਵਧਾਵਾ ਸਿੰਘ ਨੂੰ ਮੇਰਾ ਸਲਾਮ ਕਹਿਣਾ ਅਤੇ ਭੈਣ ਅੰਮ੍ਰਿਤ ਕੌਰ ਨੂੰ ਵੀ। ਭਾਈ ਬਲਵੀਰ ਸਿੰਘ ਨੂੰ ਕਹਿਣਾ ਕਿ ਫਜ਼ਲਦੀਨ ਰਾਜ਼ੀ ਖੁਸ਼ੀ ਐ। ਦੋ ਬੂਰੀਆਂ ਮੈਸਾਂ ਜੋ ਉਹ ਛੱਡ ਗਏ ਸੀ, ਉਨ੍ਹਾਂ ‘ਚੋਂ ਇੱਕ ਨੇ ਕੱਟਾ ਦਿੱਤਾ, ਦੂਜੀ ਦੇ ਕੱਟੀ
ਹੋਈ ਸੀ ਪਰ ਉਹ ਛੇ ਦਿਨਾਂ ਦੀ ਹੋ ਕੇ ਮਰ ਗਈ। ਹੋਰ, ਮੇਰੇ ਲਾਇਕ ਜੋ ਖਿਦਮਤ ਹੋਵੇ, ਕਹੀਂ ਮੈਂ ਹਰ
ਵਕਤ ਤਿਆਰ ਆਂ ਔਰ ਆਹ ਤੇਰੇ ਲਈ
ਥੋੜ੍ਹੇ ਜਿਹੇ ਮਰੂੰਡੇ ਲਿਆਇਆ”।
ਬਿਸ਼ਨ ਨੇ ਮਰੂੰਡਿਆਂ ਦੀ ਪੋਟਲੀ ਲੈ ਕੇ ਕੋਲ ਖੜ੍ਹੇ ਸਿਪਾਹੀ ਦੇ ਹਵਾਲੇ ਕਰ ਦਿੱਤੀ ਤੇ
ਫਜ਼ਲਦੀਨ ਨੂੰ ਪੁੱਛਿਆ, “ਟੋਭਾ ਟੇਕ ਸਿੰਘ ਕਿੱਥੇ ਐ?”
ਫਜ਼ਲਦੀਨ ਨੇ ਥੋੜ੍ਹਾ ਹੈਰਾਨ ਹੁੰਦਿਆ ਕਿਹਾ, “ਕਿੱਥੇ ਐ?”
“ਓਥੇ ਈ ਐ, ਜਿੱਥੇ ਸੀ”
ਬਿਸ਼ਨ ਸਿੰਘ ਨੇ ਫੇਰ ਪੁੱਛਿਆ, “ਪਾਕਿਸਤਾਨ ਵਿਚ
ਹੈ ਜਾਂ ਹਿੰਦੁਸਤਾਨ ਵਿਚ? ਹਿੰਦੁਸਤਾਨ ਵਿਚ, ਨਹੀਂ! ਨਹੀਂ!!
ਪਾਕਿਸਤਾਨ ਵਿਚ....” ਫਜ਼ਲਦੀਨ ਬੌਂਦਲ ਜਿਹਾ ਗਿਆ ਬਿਸ਼ਨ ਸਿੰਘ ਬੁੜਬੁੜਾਉਂਦਾ ਹੋਇਆ ਚਲਾ ਗਿਆ, “ਔਪੜ ਦਿ ਗੜ ਗੜ ਦਿ ਅਨੈਕਸ ਦੇ ਬੇਧਿਆਨਾ ਦਿ ਮੂੰਗ ਦੀ ਦਾਲ ਆਫ਼ ਦੀ ਪਾਕਿਸਤਾਨ ਐਂਡ ਹਿੰਦੁਸਤਾਨ ਆਫ਼ ਦੀ ਦੁਰ
ਫਿੱਟੇ ਮੂੰਹ.....”
ਤਬਾਦਲੇ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸਨ, ਇਧਰੋਂ ਉਧਰ ਅਤੇ
ਉਧਰੋਂ ਇਧਰ ਆਉਣ ਵਾਲੇ ਪਾਗਲਾਂ ਦੀਆਂ
ਸੂਚੀਆਂ ਪੁੱਜ ਚੁੱਕੀਆਂ ਸਨ ਅਤੇ ਤਬਾਦਲੇ ਦਾ ਦਿਨ ਵੀ ਨਿਸ਼ਚਿਤ ਹੋ ਗਿਆ।
ਕੜਾਕੇ ਦੀ ਠੰਡ ਸੀ ਜਦੋਂ ਲਾਹੌਰ ਦੇ ਪਾਗਲਖਾਨੇ ‘ਚੋਂ ਹਿੰਦੂ
ਸਿੱਖ ਪਾਗਲਾਂ ਨਾਲ ਭਰੀਆਂ ਹੋਈਆਂ ਲਾਰੀਆਂ
ਪੁਲਿਸ ਦੀ ਸੁਰੱਖਿਆ ਵਿਚ ਰਵਾਨਾ ਹੋਈਆਂ, ਸਬੰਧਿਤ ਅਫ਼ਸਰ
ਵੀ ਨਾਲ ਸਨ ਵਾਹਗਾ ਦੇ ਬਾਰਡਰ ਉੱਤੇ
ਦੋਨਾਂ ਪਾਸੇ ਸੁਪਰਡੈਂਟ ਇਕ-ਦੂਜੇ ਨੂੰ ਮਿਲੇ ਅਤੇ ਮੁੱਢਲੀ ਕਾਰਵਾਈ ਮੁੱਕਣ ਪਿੱਛੋਂ ਤਬਾਦਲਾ ਸ਼ੁਰੂ ਹੋ ਗਿਆ, ਜੋ ਰਾਤ ਭਰ ਜਾਰੀ ਰਿਹਾ।
ਪਾਗਲਾਂ ਨੂੰ ਲਾਰੀਆਂ ‘ਚੋਂ ਕੱਢਣਾ ਅਤੇ ਦੂਜੇ
ਅਫਸਰਾਂ ਦੇ ਹਵਾਲੇ ਕਰਨਾ ਬੜਾ ਔਖਾ ਕੰਮ ਸੀ ਕਈ ਤਾਂ
ਬਾਹਰ ਨਿਕਲਦੇ ਹੀ ਨਹੀਂ ਸੀ, ਜੋ ਨਿਕਲਣ ਲਈ ਰਜ਼ਾਮੰਦ
ਹੁੰਦੇ ਸਨ, ਉਨ੍ਹਾਂ ਨੂੰ ਸੰਭਾਲਣਾ ਮੁਸ਼ਕਿਲ ਹੋ ਜਾਂਦਾ ਸੀ ਕਿਉਂਕਿ ਉਹ
ਇਧਰ-ਉਧਰ ਭੱਜ ਉੱਠਦੇ ਸਨ, ਜੋ ਨੰਗੇ ਸਨ, ਉਨ੍ਹਾਂ ਨੂੰ
ਕੱਪੜੇ ਪੁਆਏ ਜਾਂਦੇ ਤਾਂ ਉਹ ਉਨ੍ਹਾਂ ਪਾੜ ਕੇ ਆਪਣੇ ਬਦਨ ਤੋਂ ਲਾਹ ਸੁੱਟਦੇ-ਕੋਈ ਗਾਲ੍ਹਾਂ ਕੱਢ ਰਿਹਾ ਹੈ.... ਕੋਈ ਗਾ ਰਿਹਾ ਹੈ... ਕੁਝ
ਆਪਸ ਵਿਚ ਝਗੜ ਰਹੇ ਨੇ, ਵਿਲਕ ਰਹੇ ਨੇ-ਕੰਨ ਪਈ ਆਵਾਜ਼ ਸੁਣਾਈ ਨਹੀਂ ਦਿੰਦੀ ਸੀ- ਪਾਗਲ ਔਰਤਾਂ
ਦਾ ਸ਼ੋਰ ਸ਼ਰਾਬਾ ਅਲੱਗ ਸੀ ਅਤੇ ਠੰਡ
ਏਨੀ ਸਖ਼ਤ ਸੀ ਕਿ ਦੰਦ ਵੱਜ ਰਹੇ ਸਨ।
ਪਾਗਲਾਂ ਦੀ ਬਹੁ-ਗਿਣਤੀ ਇਸ ਬਟਵਾਰੇ ਦੇ ਹੱਕ ਵਿਚ ਨਹੀਂ ਸੀ, ਇਸ ਵਾਸਤੇ ਕਿ ਉਨ੍ਹਾਂ ਦੀ ਸਮਝ ਵਿਚ ਨਹੀਂ ਆ ਰਿਹਾ ਸੀ ਕਿ ਉਨ੍ਹਾਂ ਨੂੰ ਆਪਣੀ ਜਗ੍ਹਾ ਤੋਂ ਪੁੱਟ
ਕੇ ਕਿੱਥੇ ਸੁੱਟਿਆ ਜਾ ਰਿਹਾ ਹੈ, ਉਹ ਥੋੜ੍ਹੇ ਜਿਹੇ ਜੋ ਕੁਝ ਸੋਚ ਸਮਝ ਸਕਦੇ ਸਨ, “ਪਾਕਿਸਤਾਨ ਜ਼ਿੰਦਾਬਾਦ ਅਤੇ
ਪਾਕਿਸਤਾਨ ਮੁਰਦਾਬਾਦ” ਦੇ ਨਾਅਰੇ ਲਾ ਰਹੇ ਸਨ, ਦੋ ਤਿੰਨ ਵਾਰ ਫਸਾਦ ਹੁੰਦਾ-ਹੁੰਦਾ ਬਚਿਆ, ਕਿਉਂਕਿ ਕਈ ਮੁਸਲਮਾਨਾਂ ਅਤੇ ਸਿੱਖਾਂ ਨੂੰ ਇਹ ਨਾਅਰੇ ਸੁਣ ਕੇ ਤੈਸ਼ ਆ ਗਿਆ ਸੀ।
ਜਦ ਬਿਸ਼ਨ ਸਿੰਘ ਦੀ ਵਾਰੀ ਆਈ ਅਤੇ ਵਾਹਗਾ ਦੇ ਉਸ ਪਾਰ ਸਬੰਧਿਤ ਅਫਸਰ ਉਹਦਾ ਨਾਂ ਰਜਿਸਟਰ ਵਿਚ ਦਰਜ ਕਰਨ ਲੱਗਾ ਤਾਂ ਉਸਨੇ ਪੁੱਛਿਆ, “ਟੋਭਾ ਟੇਕ ਸਿੰਘ ਕਿੱਥੇ ਐ? ਪਾਕਿਸਤਾਨ ਵਿਚ ਜਾਂ ਹਿੰਦੁਸਤਾਨ ਵਿਚ?”
ਸਬੰਧਤ ਅਫਸਰ ਹੱਸਿਆ, “ਪਾਕਿਸਤਾਨ ਵਿਚ”
ਇਹ ਸੁਣ ਕੇ ਬਿਸ਼ਨ ਸਿੰਘ ਉੱਛਲ ਕੇ ਇਕ ਪਾਸੇ ਹਟਿਆ ਅਤੇ ਦੌੜ ਕੇ ਆਪਣੇ ਬਾਕੀ ਸਾਥੀਆਂ ਦੇ ਕੋਲ
ਪੁੱਜ ਗਿਆ।
ਪਾਕਿਸਤਾਨੀ ਸਿਪਾਹੀਆਂ ਨੇ ਉਸਨੂੰ ਫੜ ਲਿਆ ਅਤੇ ਦੂਜੇ ਪਾਸੇ ਲਿਜਾਣ ਲੱਗੇ ਪਰ ਉਹਨੇ ਜਾਣ ਤੋਂ ਇਨਕਾਰ ਕਰ ਦਿੱਤਾ, “ਟੋਭਾ ਟੇਕ ਸਿੰਘ ਇਥੇ ਐ” ਅਤੇ ਜ਼ੋਰ-ਜ਼ੋਰ
ਨਾਲ ਚਿਲਾਉਣ ਲੱਗਿਆ, “ਔਪੜ ਦਿ ਗੜ-ਗੜ ਦਿ ਅਨੈਕਸ ਦਿ ਬੇਧਿਆਨਾ ਦਿ ਮੂੰਗ ਦੀ ਦਾਲ ਆਫ਼ ਦੀ
ਟੋਭਾ ਟੇਕ ਸਿੰਘ ਐਂਡ ਪਾਕਿਸਤਾਨ”
ਉਹਨੂੰ ਬਹੁਤ ਸਮਝਾਇਆ ਗਿਆ ਕਿ ਦੇਖੋ, ਹੁਣ ਟੋਭਾ ਟੇਕ
ਸਿੰਘ ਹਿੰਦੁਸਤਾਨ ਵਿਚ ਚਲਿਆ ਗਿਆ ਹੈ, ਜੇ ਨਹੀਂ ਗਿਆ ਤਾਂ ਬਹੁਤ ਜਲਦੀ ਭੇਜ ਦਿੱਤਾ ਜਾਵੇਗਾ, ਪਰ ਉਹ ਨਾ ਮੰਨਿਆ ਜਦੋਂ ਉਹਨੂੰ ਜਬਰਦਸਤੀ ਦੂਜੇ ਪਾਸੇ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਵਿਚਕਾਰ ਇਕ ਥਾਂ ਇਸ ਢੰਗ ਨਾਲ ਆਪਣੀਆਂ ਸੁੱਜੀਆਂ ਹੋਈਆਂ ਟੰਗਾਂ ਉੱਤੇ ਖੜ੍ਹਾ
ਹੋ ਗਿਆ ਜਿਵੇਂ ਉਹਨੂੰ ਹੁਣ ਕੋਈ ਤਾਕਤ ਨਹੀਂ
ਹਿਲਾ ਸਕੇਗੀ। ਆਦਮੀ ਨਿਡਰ ਸੀ, ਇਸ ਲਈ ਉਹਦੇ ਨਾਲ ਕੋਈ ਜ਼ਿਆਦਾ ਜ਼ਬਰਦਸਤੀ ਨਾ ਕੀਤੀ ਗਈ, ਉਹਨੂੰ ਉੱਥੇ ਈ
ਖੜ੍ਹਾ ਰਹਿਣ ਦਿੱਤਾ ਗਿਆ ਅਤੇ ਤਬਾਦਲੇ ਦਾ ਬਾਕੀ ਕੰਮ
ਹੁੰਦਾ ਰਿਹਾ।
ਸੂਰਜ ਨਿਕਲਣ ਤੋਂ ਪਹਿਲਾਂ ਚੁੱਪ ਚੁਪੀਤੇ ਬਿਸ਼ਨ ਸਿੰਘ ਦੇ ਹਲਕ ਵਿਚੋਂ ਇੱਕ ਅਸਮਾਨ ਨੂੰ
ਚੀਰਦੀ ਚੀਕ ਨਿਕਲੀ।
ਇਧਰ-ਉਧਰ ਕਈ ਅਫਸਰ ਭੱਜੇ ਆਏ ਅਤੇ ਉਨ੍ਹਾਂ ਨੇ ਦੇਖਿਆ ਕਿ ਉਹ ਆਦਮੀ ਜੋ ਪੰਦਰ੍ਹਾਂ ਵਰਿਆਂ ਤੱਕ ਦਿਨ ਰਾਤ ਆਪਣੀਆਂ ਟੰਗਾਂ ਉੱਤੇ ਖੜ੍ਹਾ ਰਿਹਾ
ਸੀ, ਮੂਧੇ ਮੂੰਹ ਪਿਆ ਸੀ।
ਉਧਰ ਕੰਡਿਆਲੀਆਂ ਤਾਰਾਂ ਦੇ ਪਿੱਛੇ ਹਿੰਦੁਸਤਾਨ ਸੀ, ਇਧਰ ਇਹੋ
ਜਿਹੀਆਂ ਤਾਰਾਂ ਦੇ ਪਿੱਛੇ ਪਾਕਿਸਤਾਨ, ਵਿਚਕਾਰ ਜ਼ਮੀਨ ਦੇ ਉਸ ਟੁਕੜੇ ਉੱਤੇ ਜਿਸਦਾ ਕੋਈ ਨਾਂ ਨਹੀਂ ਸੀ ਟੋਭਾ ਟੇਕ ਸਿੰਘ ਪਿਆ ਸੀ।