ਸੁਰੱਖਿਆ ਅਤੇ ਜਨ-ਚਿਕਿਤਸਾ
(ਪਾਰਕ -ਪਰੀਵੈਂਟਿਵ ਐਂਡ ਸੋਸ਼ਲ ਮੈਡੀਸਨ ਦਾ ਭਾਸ਼ਾ ਰੂਪਾਂਤਰ)
1.
ਮਨੁੱਖ ਅਤੇ ਚਿਕਿਤਸਾ – ਸਬਓ ਨਿਰੋਗੀ
ਮਨੁੱਖ ਜਾਤੀ ਦੀ ਹੋਂਦ ਨੂੰ ਬਣਾਏ ਰੱਖਣ ਲਈ ਰੋਗਾਂ ਤੋਂ ਨਿਜਾਤ ਪਾਉਣ ਦੇ ਉਪਰਾਲੇ ਯੁਗਾਂ
ਤੋਂ ਇਨਸਾਨ ਵਲੋਂ ਨਿਰੰਤਰ ਕੀਤੇ ਜਾ ਰਹੇ ਹਨ। ਪੁਰਾਣੇ ਸਮਿਆਂ ਵਿਚ ਮਹੰਤ, ਜੋਗੀ-ਚੇਲਾ, ਸਿੱਧ-ਸਾਧ,
ਹਕੀਮ, ਵੈਦ, ਟੂਣਾ ਕਰਨ ਵਾਲੇ ਸਿਆਣੇ ਆਦਿ ਨੇ ਬੀਮਾਰੀਆਂ ਨੂੰ ਕਾਬੂ ਕਰਨ ਲਈ ਆਪਣੇ ਗੁਰੂ-ਗਿਆਨ
ਰਾਹੀਂ ਯੋਗ ਢੰਗ-ਤਰੀਕੇ ਅਪਣਾਏ ਤਾਕਿ ਇਨਸਾਨ ਰੋਗ ਮੁਕਤ ਹੋ ਜਾਵੇ ਜਾਂ ਫਿਰ ਰੋਗ ਦੇ ਸੰਤਾਪ ਤੋਂ
ਰਾਹਤ ਪਾ ਸਕੇ। ਇਸ ਤਰਾਂ ਦੇ ਇਲਾਜ ਕਰਨ ਲਈ ਰੋਗੀ ਦੇ ਦੱਸੇ ਹਾਲਾਤ, ਵਤੀਰੇ ਜਾਂ ਸਿਰਫ ਰੋਗ ਦੇ
ਲੱਛਣਾਂ ਨੂੰ ਧਿਆਨ ਵਿਚ ਰੱਖ ਕੇ ਇਲਾਜ ਕੀਤਾ ਜਾਂਦਾ ਰਿਹਾ ਹੈ ਅਤੇ ਇਹ ਸਭ ਵਿਗਿਆਨਕ ਢੰਗ ਨਾਲ
ਸਰੀਰ ਬਾਰੇ ਜਾਣਕਾਰੀ ਦੀ ਗੈਰ-ਹਾਜ਼ਰੀ ਵਿਚ। ਇਸ
ਤੋਂ ਇਹ ਭਾਵ ਨਹੀਂ ਕਿ ਪੁਰਾਤਨ ਚਿਕਿਤਸਾ ਪ੍ਰਣਾਲੀ ਦਾ ਰੋਗੀ ਨੂੰ ਰੋਗ-ਮੁਕਤ ਕਰਨ ਵਿਚ ਕੋਈ
ਯੋਗਦਾਨ ਹੀ ਨਹੀਂ ਰਿਹਾ ਬਲਕਿ ਆਧੁਨਿਕ ਚਿਕਿਤਸਾ ਵਿਗਿਆਨ ਅਸਲ ਵਿਚ ਬੀਮਾਰੀ ਦੇ ਲੱਛਣਾਂ ਦਾ
ਵਿਗਿਆਨਕ ਢੰਗ ਨਾਲ ਵਿਸ਼ਲੇਸ਼ਣ ਕਰ ਕੇ ਉਨ੍ਹਾਂ ਨੂੰ ਦੂਰ ਕਰਨ ਦਾ ਅਮਲ ਹੈ। ਆਧੁਨਿਕ ਚਿਕਿਤਸਾ ਵਿਗਿਆਨ,
ਪੁਰਾਤਨ ਸਿਹਤ ਸਬੰਧੀ ਹਾਸਿਲ ਕੀਤੇ ਤਜਰਬਿਆਂ ਨੂੰ ਆਧਾਰ ਮੰਨ ਕੇ ਮਨੁੱਖਤਾ ਨੂੰ ਨਿਰੋਗ ਰੱਖਣ ਲਈ
ਕਾਰਗਰ ਇਲਾਜ ਕਰਨ ਦਾ ਵਿਸ਼ਾ ਹੈ।
ਚਿਕਿਤਸਾ ਵਿਗਿਆਨ ਅਤੇ ਚਿਕਿਤਸਾ
ਪ੍ਰਣਾਲੀ ਦੇ ਇਤਿਹਾਸ ਬਾਰੇ ਜਾਣਕਾਰੀ ਰੱਖਣਾ ਵੀ ਬਹੁਤ ਮਹੱਤਵਪੂਰਨ ਹੈ। ਇਲਾਜ ਸਬੰਧੀ ਕੀਤੇ ਗਏ
ਤਜਰਬਿਆਂ, ਇਲਾਜ ਵਿਚ ਮਿਲੀ ਸਫਲਤਾ ਜਾਂ ਨਾਕਾਮੀ, ਰੋਗ ਸਬੰਧੀ ਅਣਉੱਚਿਤ
ਧਾਰਨਾਵਾਂ, ਰੋਗ ਬਾਰੇ ਸਹੀ ਗਿਆਨ ਦਾ ਨਾ ਹੋਣਾ ਜਾਂ ਰੋਗ ਦੇ ਲੱਛਣਾਂ ਦੀ ਪਛਾਣ ਵਿਚ ਗਲਤੀ ਹੋ
ਜਾਣਾ ਆਦਿ ਇਤਿਹਾਸ ਵਿਚ ਦਰਜ ਕੀਤੇ ਹੋਏ ਮਿਲਦੇ ਹਨ। ਇਹ ਤਜਰਬੇ ਭਵਿੱਖ ਵਿਚ ਰੋਗ ਦੀ ਪਛਾਣ ਅਤੇ
ਇਲਾਜ ਵਿਚ ਸਹਾਈ ਹੁੰਦੇ ਹਨ। ਮਨੁੱਖ ਜਾਤੀ ਦੀ ਉਤਪਤੀ, ਵਿਕਾਸ ਅਤੇ ਸਰੀਰਕ ਰਚਨਾ ਬਾਰੇ ਜਾਣਕਾਰੀ,
ਰੋਗ ਪਛਾਨਣ ਅਤੇ ਰੋਗਾਂ ਦੇ ਇਲਾਜ ਕਰਨ ਵਾਲੇ ਮਾਹਿਰ ਵਿਗਿਆਨੀਆਂ ਦੇ ਯੋਗਦਾਨ, ਸਮੇਂ-ਸਮੇਂ ਸਿਰ
ਇਸ ਖੇਤਰ ਵਿਚ ਕੀਤੀਆਂ ਗਈਆਂ ਖੋਜਾਂ ਅਤੇ
ਚਿਕਿਤਸਾ ਪ੍ਰਣਾਲੀ ਵਿਚ ਆ ਰਹੇ ਬਦਲਾਓ ਦਾ ਅਧਿਐਨ ਵੀ ਬਹੁਤ ਜਰੂਰੀ ਹੈ। ਚਿਕਿਤਸਾ
ਪ੍ਰਣਾਲੀ ਦੀ ਉਤਪਤੀ, ਵਿਕਾਸ ਦਾ ਦੌਰ ਪਰੰਪਰਾਗਤ ਇਲਾਜ ਤੋਂ ਕੁਦਰਤੀ ਵਿਗਿਆਨ ਤੇ ਅਜੋਕੇ ਸਮਾਜਕ
ਅਤੇ ਵਿਹਾਰਕ ਵਿਗਿਆਨ ਤੱਕ ਨਵੀਆਂ ਖੋਜਾਂ, ਅਚਨਚੇਤ ਰੁਕਾਵਟਾਂ ਰਾਹੀਂ ਗੁਜਰਿਆ ਹੈ। ਅਰਥ ਇਹ ਕਿ
ਮੌਜੂਦਾ ਚਿਕਿਤਸਾ ਪ੍ਰਣਾਲੀ, ਰੋਗ ਅਤੇ ਸਿਹਤ ਦੇ ਸੁਨਿਹਰੇ ਇਤਿਹਾਸਕ ਤਜਰਬਿਆਂ ਤੇ ਆਧਾਰਿਤ ਹੈ।
ਸਮੇਂ ਦੇ ਨਾਲ ਨਾਲ ਚਿਕਿਤਸਾ ਪ੍ਰਣਾਲੀ ਹੁਣ ਅਫਸਰਸ਼ਾਹੀ ਅਤੇ ਰਾਜਨੀਤਕ ਦਬਾਅ ਹੇਠ ਸਮਾਜਿਕ
ਪ੍ਰਣਾਲੀ ਵਿਚ ਤਬਦੀਲ ਹੁੰਦੀ ਜਾ ਰਹੀ ਹੈ।
ਵੀਹਵੀਂ ਸਦੀ ਵਿਚ ਗਿਆਨ ਦੇ ਵਿਸਫੋਟ ਨੇ ਚਿਕਿਤਸਾ ਪ੍ਰਣਾਲੀ ਨੂੰ ਗੁੰਝਲਦਾਰ ਬਣਾ ਦਿੱਤਾ ਹੈ ਜਿਸ
ਸਦਕਾ ਇਲਾਜ ਮਹਿੰਗਾ ਹੋ ਗਿਆ, ਇਸ ਸਭ ਦੇ ਬਾਵਜੂਦ ਆਧੁਨਿਕ ਇਲਾਜ ਪ੍ਰਣਾਲੀ ਦੀ ਕਈ ਦੇਸ਼ਾਂ ਦੇ
ਨਾਗਰਿਕਾਂ ਤੱਕ ਪਹੁੰਚ ਹਾਲੇ ਵੀ ਨਹੀਂ ਹੈ। ਸਿਹਤ ਸਬੰਧੀ ਮੌਜੂਦਾ ਹਾਲਾਤ, ਜਿਸ ਵਿਚ ਵਿਕਸਤ ਅਤੇ
ਵਿਕਾਸਸ਼ੀਲ ਦੇਸ਼ਾਂ, ਸ਼ਹਿਰੀ ਅਤੇ ਪੇਂਡੂ ਖੇਤਰਾਂ, ਗਰੀਬ ਅਤੇ ਅਮੀਰ ਦੀ ਭਿੰਨਤਾ ਦਾ ਮਨੁੱਖਤਾ
ਪ੍ਰਤੀ ਸਮਾਜਿਕ ਅੰਨਿਆਂ ਵਜੋਂ ਸੰਸਾਰਭਰ ਵਿਚ ਖੰਡਨ ਹੋਇਆ ਹੈ। ਅੰਤਰਰਾਸ਼ਟਰੀ ਪੱਧਰ ਤੇ ਵਿਸ਼ਵ ਸਿਹਤ ਸੰਸਥਾ (WHO – World Health
Organisation) ਵਲੋਂ ਸੰਨ 2000 ਤੱਕ ਸਾਰਿਆਂ ਲਈ (ਬਿਨਾ ਦੇਸ਼, ਖੇਤਰ, ਆਰਥਿਕ ਭੇਦ-ਭਾਵ ਦੇ) ਸਿਹਤ ਸੁਵਿਧਾਵਾਂ
ਉਪਲਬਧ ਕਰਵਾਉਣ ਦਾ ਟੀਚਾ ਮਿੱਥਿਆ ਹੋਇਆ ਹੈ। ਆਧੁਨਿਕ ਇਲਾਜ ਪ੍ਰਣਾਲੀ ਦਾ ਉਦੇਸ਼ ਕੇਵਲ ਬੀਮਾਰੀਆਂ
ਦਾ ਇਲਾਜ ਕਰਨਾ ਹੀ ਨਹੀਂ ਬਲਕਿ ਬੀਮਾਰੀਆਂ ਤੋਂ ਰੋਕਥਾਮ, ਸਿਹਤ ਸਬੰਧੀ ਜਾਗਰੂਕਤਾ ਅਤੇ ਸਭਨਾਂ ਲਈ
ਮਿਆਰੀ ਜਿੰਦਗੀ ਹੰਢਾਉਣਾ ਨੂੰ ਯਕੀਨੀ ਬਣਾਉਣਾ ਹੈ। ਚਿਕਿਤਸਾ ਪ੍ਰਣਾਲੀ ਦਾ ਦਾਇਰਾ ਪਿਛਲੇ ਕੁਝ
ਦਹਾਕਿਆਂ ਵਿਚ ਹੋਰ ਵੱਡਾ ਹੋ ਗਿਆ ਹੈ ਅਤੇ ਇਸ ਨੂੰ ਸਮਾਜਿਕ-ਆਰਥਿਕ ਵਿਕਾਸ ਦਾ ਇਕ ਜਰੂਰੀ ਅੰਗ
ਮੰਨਿਆ ਜਾ ਚੁੱਕਾ ਹੈ।