ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love
ਅੱਜ ਆਖਾਂ ਵਾਰਿਸ ਸ਼ਾਹ ਨੂੰ
ਅਮ੍ਰਿਤਾ ਪ੍ਰੀਤਮ

ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ,
ਤੇ ਅੱਜ ਕਿਤਾਬੇ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ,
ਇਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ,
ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ,
ਉਠ ਦਰਮਾਨਦਾਂ ਦਿਆਂ ਦਰਦਿਆ ਉਠ ਤੱਕ ਅਪਣਾ ਪੰਜਾਬ,
ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ,
ਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿੱਤਾ ਜ਼ਹਿਰ ਰਲਾ,
ਤੇ ਉਹਨਾਂ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ,
ਜਿਥੇ ਵਜਦੀ ਫੂਕ ਪਿਆਰ ਦੀ ਵੇ ਉਹ ਵੰਝਲੀ ਗਈ ਗੁਆਚ,
ਰਾਂਝੇ ਦੇ ਸੱਬ ਵੀਰ ਅੱਜ ਭੁੱਲ ਗਏ ਉਸਦੀ ਜਾਚ,
ਧਰਤੀ ਤੇ ਲਹੂ ਵਸਿੱਆ, ਕਬਰਾਂ ਪਈਆਂ ਚੋਣ,
ਪਰੀਤ ਦੀਆਂ ਸ਼ਹਿਜ਼ਾਦਿਆਂ ਅੱਜ ਵਿੱਚ ਮਜ਼ਾਰਾਂ ਰੋਣ,
ਅੱਜ ਸਭ ‘ਕੈਦੋਂ’ ਬਣ ਗਏ, ਹੁਸਨ ਇਸ਼ਕ ਦੇ ਚੋਰ,
ਅੱਜ ਕਿਥੋਂ ਲਿਆਈਏ ਲੱਭ ਕੇ ਵਾਰਿਸ ਸ਼ਾਹ ਇਕ ਹੋਰ,
ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ,
ਤੇ ਅੱਜ ਕਿਤਾਬੇ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ।


ਚੱਪਾ ਚੰਨ
ਅੰਮ੍ਰਿਤਾ ਪ੍ਰੀਤਮ
ਚੱਪਾ ਚੰਨ – ਤੇ ਮੁੱਠ ਕੁ ਤਾਰੇ ਸਾਡਾ ਮੱਲ ਬੈਠੇ ਅਸਮਾਨ।
ਸਾਡੀਆਂ ਭੁੱਖਾਂ ਇੰਨੀਆਂ ਵੱਡੀਆਂ ਪਰ ਓ ਦਾਤਾ। ਤੇਰੇ ਦਾਨ,
ਮੁੱਠ ਕੁ ਤਾਰੇ ਤ੍ਰੌਂਕ ਕੇ
ਤੇ ਚੱਪਾ ਕੁ ਚੰਨ ਸੁੱਟ ਕੇ ਸਬਰ ਸਾਡਾ ਅਜ਼ਮਾਣ।
ਸੁੱਟ ਦੇਣ ਕੁਛ ਰਿਸ਼ਮਾਂ ਡੇਗ ਦੇਣ ਕੁਝ ਲੋਆਂ
ਪਰ ਵਿਲਕਣ ਪਏ ਧਰਤੀ ਦੇ ਅੰਗ ਇਹ ਅੰਗ ਨਾ ਉਨ੍ਹਾਂ ਦੇ ਲਾਣ।
ਉਹ ਵੀ ਵੇਲੇ ਆਣ
ਇਕ ਦੋ ਰਾਤਾਂ, ਹੱਥ ਤੇਰੇ ਰਤਾ ਵੱਧ ਸਖੀ ਹੋ ਜਾਣ,
ਕੁਝ ਖੁੱਲ੍ਹੇ ਹੱਥੀਂ ਦੇਣ ਏਸ ਨੂਰ ਦਾ ਦਾਨ
ਫਿਰ ਸੰਙ ਜਾਣ
ਚੱਪਾ ਚੰਨ ਵੀ ਖੋਹਣ, ਦਾਨ ਦੇ ਕੇ ਘਬਰਾਣ
ਕਦੇ ਪਰਬਤ ਉਹਲੇ ਕਰਨ ਕਦੇ ਬੱਦਲਾਂ ਹੇਠ ਛੁਪਾਣ
ਫਿਰ ਸੁੰਞੀਆਂ ਰਾਤਾਂ, ਸੱਖਣੇ ਪੱਲੇ ਖਾਲੀ ਸਭ ਅਸਮਾਨ।
ਪਰ ਭੁੱਖ ਵਿਲਕਦੇ ਬੁੱਲ੍ਹ ਸਾਡੇ ਫਿਰ ਵੀ ਆਖੀ ਜਾਣ,
ਤੇਰੇ ਸੰਗਦੇ ਸੰਗਦੇ ਦਾਨ ਸਾਡਾ ਸਭੋ ਕੁਝ ਸਰਚਾਣ
ਸਾਡੀ ਤ੍ਰਿਸ਼ਨਾ ਨੂੰ ਤ੍ਰਿਪਤਾਣ, ਭਾਲ ਸਾਡੀ ਸਸਤਾਣ
ਤੇਰੇ ਹੱਥ ਦੇ ਇਕ ਦੋ ਭੋਰੇ ਵੀ – ਭੁੱਖ ਸਾਡੀ ਵਰਚਾਣ,
ਚੱਪਾ ਚੰਨ – ਤੇ ਮੁੱਠ ਕੁ ਤਾਰੇ ਸਾਡਾ ਮੱਲ ਬੈਠੇ ਅਸਮਾਨ।
(ਛੇ ਰੁੱਤਾਂ ਵਿੱਚੋਂ)

ਦੇਵਤਾ
ਅੰਮ੍ਰਿਤਾ ਪ੍ਰੀਤਮ
ਤੂੰ ਪੱਥਰ ਦਾ ਦੇਵਤਾ
ਠੰਢੇ ਕੱਕਰ ਭਾਵ ਤੇਰੇ ਨਾ ਅਜੇ ਤੀਕ ਗਰਮਾਣ
ਜੁਗਾਂ ਜੁਗਾਂ ਦੀ ਨੀਂਦਰ ਸੁੱਤੇ
ਅਜੇ ਤੀਕ ਵੀ ਜਜ਼ਬੇ ਤੇਰੇ ਜਾਗਣ ਵਿਚ ਨਾ ਆਣ।
ਬਾਲ ਬਾਲ ਕੇ ਹੁਸਨ ਆਪਣੇ ਲੱਖ ਸੁੰਦਰੀਆਂ ਆਣ
ਤੇਰੇ ਸਉਲੇ ਜੜ੍ਹ ਅੰਗਾਂ ਤੇ ਚੇਤਨ ਅੰਗ ਨਿਵਾਣ
ਪੀਡੇ ਪੱਥਰ ਚਰਨਾਂ ਉੱਤੇ, ਲੂਏਂ ਲੂਏਂ ਪੋਟੇ ਛੋਹ ਕੇ
ਮਾਸ ਦੀ ਗੰਧ ਵਿਚ ਮੱਤੇ ਮੱਥੇ, ਪੈਰਾਂ ਤੱਕ ਝੁਕਾਣ।

ਨਿੱਘੇ ਸਾਹਾਂ ਦੀਆਂ ਗਰਮ ਹਵਾੜਾਂ
ਪੂਜਾ ਦੀ ਸਾਮਗ੍ਰੀ ਵਿਚੋਂ ਉਠਦੇ ਲੰਬੇ ਧੂਏਂ
ਤੇਰੇ ਭਾਵ ਨਾ ਅਜੇ ਭਖਾਣ।
ਵੱਲਾਂ ਵਰਗੇ ਕੱਦ ਉਨ੍ਹਾਂ ਦੇ ਨਿਉਂ ਨਿਉਂ ਲਿਫਦੇ ਜਾਣ
ਚੰਨੋਂ ਚਿੱਟੀਆਂ ਲੱਖ ਗੋਰੀਆਂ
ਕਾਲੇ ਭੌਰੇ ਨੈਣ ਉਨ੍ਹਾਂ ਦੇ
ਤੇਰੇ ਸਉਲੇ ਸਉਲੇ ਬੁੱਤ ਤੇ ਰੋਮ ਰੋਮ ਲਿਪਟਾਣ
ਜਿਵੇਂ ਮਲੱਠੀ ਦੀ ਖੁਸ਼ਬੂ ਤੇ ਨਾਗ ਲਿਪਟਦੇ ਜਾਣ।

ਜੁਗਾਂ ਜੁਗਾਂ ਦੀ ਪੂਜਾ ਪੀ ਕੇ ਹੋਠ ਤੇਰੇ ਤਰਿਹਾਏ
ਲੱਖ ਜਵਾਨੀਆਂ ਸੁੱਕ ਗਈਆਂ
ਨੀਲੀਆਂ ਪਈਆਂ ਬਾਂਹਾਂ ਗੋਰੀਆਂ
ਸੱਖਣੇ ਹੋ ਗਏ ਜੋਬਨ ਪਿਆਲੇ
ਅਜੇ ਵੀ ਤੇਰੇ ਬੁੱਲ੍ਹ ਤਰਿਹਾਏ ਭਰ ਭਰ ਪੀਂਦੇ ਜਾਣ।

ਹਵਨ ਕੁੰਡ ਦੀ ਵਸਤੂ ਵਾਂਗੂੰ ਮੈਂ ਵੀ ਹਾਂ ਇਕ ਸ਼ੈ
ਧੁਖਦੀ ਧੁਖਦੀ ਬਲ ਜਾਵੇਗੀ
ਬੁਝ ਜਾਵੇਗੀ ਇਹ ਸਾਮਗ੍ਰੀ
ਤੇ ਸਾਮਗ੍ਰੀ ਦਾ ਇਕ ਭਾਗ ਤੇਰੀ ਪੁਜਾਰਨ ਮੈਂ ਵੀ....
ਪੂਜਾ ਕਰਦੀ ਪਈ ਪੁਜਾਰਨ
ਭਰੇ ਥਾਲ ਵਿੱਚ ਨਿੱਕਾ ਜਿੰਨਾ ਹਿੱਸਾ ਹੀ ਤਾਂ ਹੈ
ਹਵਨ ਕੁੰਡ ਦੀ ਵਸਤੁ ਵਾਂਗੂੰ ਮੈਂ ਵੀ ਹਾਂ ਇੱਕ ਸ਼ੈ।

ਕਿੰਨੀਆਂ ਕੁ ਤਲੀਆਂ ਦੀ ਛੋਹ ਤੇਰੇ ਪੈਰਾਂ ਉੱਤੇ ਜੰਮੀ?
ਕਿੰਨੇ ਕੁ ਹੋਠਾਂ ਦੇ ਰਸ ਤੇਰੇ ਚਰਨਾਂ ਉੱਤੇ ਸੁੱਕੇ?
ਹਾਰੇ ਸੱਜਣ ਅਸੀਂ ਹਾਰੇ
ਪੱਥਰ ਦੇ ਜੂਠੇ ਪੈਰਾਂ ਨੂੰ ਪੂਜਣ ਭਾਵ ਕੰਵਾਰੇ...
(ਛੇ ਰੁੱਤਾਂ ਵਿੱਚੋਂ)

ਅੰਨ ਦਾਤਾ
ਅੰਮ੍ਰਿਤਾ ਪ੍ਰੀਤਮ
ਅੰਨ ਦਾਤਾ!
ਮੇਰੀ ਜੀਭ ’ਤੇ – ਤੇਰਾ ਲੂਣ ਏਂ
ਤੇਰਾ ਨਾਂ – ਮੇਰੇ ਬਾਪ ਦਿਆਂ ਹੋਠਾਂ ’ਤੇ
ਤੇ ਮੇਰੇ ਇਸ ਬੁੱਤ ਵਿਚ ਮੇਰੇ ਬਾਪ ਦਾ ਖ਼ੂਨ ਏਂ!
ਮੈਂ ਕਿਵੇਂ ਬੋਲਾਂ !
ਮੇਰੇ ਬੋਲਣ ਤੋਂ ਪਹਿਲਾਂ ਬੋਲ ਪੈਂਦਾ ਏ ਤੇਰਾ ਅੰਨ।
ਕੁਛ ਕੁ ਬੋਲ ਸਨ, ਪਰ ਅਸੀਂ ਅੰਨ ਦੇ ਕੀੜੇ
ਤੇ ਅੰਨ ਭਾਰ ਹੇਠਾਂ – ਉਹ ਦੱਬੇ ਗਏ ਹਨ

ਅੰਨ ਦਾਤਾ!
ਕਾਮੇ ਮਾਂ ਬਾਪ ਦਿੱਤੇ ਕਾਮੇ ਨੇ ਜੰਮ
ਕਾਮੇ ਦਾ ਕੰਮ ਹੈ ਸਿਰਫ ਕੰਮ!
ਬਾਕੀ ਵੀ ਤਾਂ ਕੰਮ ਕਰਦੈ ਇਹੋ ਹੀ ਚੰਮ
ਉਹ ਵੀ ਇਕ ਕੰਮ ਇਹ ਵੀ ਇਕ ਕੰਮ।

ਅੰਨ ਦਾਤਾ!
ਮੈਂ ਚੰਮ ਦੀ ਗੁੱਡੀ ਖੇਡ ਲੈ, ਖਿਡਾ ਲੈ
ਲਹੂ ਦਾ ਪਿਆਲਾ ਪੀ ਲੈ ਪਿਲਾ ਲੈ!
ਤੇਰੇ ਸਾਹਵੇਂ ਖੜੀ ਹਾਂ ਅਹਿ, ਵਰਤਣ ਦੀ ਸ਼ੈ
ਜਿਵੇਂ ਚਾਹੇ ਵਰਤ ਲੈ
ਉੱਗੀ ਹਾਂ
ਪਿਸੀ ਹਾਂ
ਗੁਝੀ ਹਾਂ
ਵਿਲੀ ਹਾਂ
ਤੇ ਅੱਜ ਤੱਤੇ ਤਵੇ ਉੱਤੇ ਜਿਵੇਂ ਚਾਹੇ ਪਰਤ ਲੈ!
ਮੈਂ ਬੁਰਕੀ ਤੋਂ ਵੱਧ ਕੁਛ ਵੀ ਨਹੀਂ ਜਿਵੇਂ ਚਾਹੇ ਨਿਗਲ ਲੈ
ਤੇ ਤੂੰ ਲਾਵੇ ਤੋਂ ਵੱਧ ਕੁਝ ਨਹੀਂ ਜਿੰਨਾ ਚਾਹੇ ਪਿਘਲ ਲੈ।
ਲਾਵੇ ’ਚ ਲਪੇਟ ਲੈ
ਕਦਮਾਂ ਤੇ ਖੜੀ ਹਾਂ ਬਾਂਹਵਾਂ ’ਚ ਸਮੇਟ ਲੈ।
ਚੁੰਮ ਲੈ ਚੱਟ ਲੈ,
ਤੇ ਫੇਰ ਰਹਿੰਦ ਖੂਹੰਦ ਉਹਦਾ ਵੀ ਕੁਝ ਵੱਟ ਲੈ।

ਅੰਨ ਦਾਤਾ!
ਮੇਰੀ ਜ਼ਬਾਨ ਤੇ ਇਨਕਾਰ?
ਇਹ ਕਿਵੇਂ ਹੋ ਸਕਦੈ!
...ਹਾਂ .. ਪਿਆਰ.... ਇਹ ਤੇਰੇ ਮਤਲਬ ਦੀ ਸ਼ੈ ਨਹੀਂ.....
(ਛੇ ਰੁੱਤਾਂ ਵਿੱਚੋਂ)

ਚਾਨਣ ਦੀ ਫੁਲਕਾਰੀ
ਅੰਮ੍ਰਿਤਾ ਪ੍ਰੀਤਮ
ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ !
ਅੰਬਰ ਦਾ ਇਕ ਆਲਾ ਸੂਰਜ ਬਾਲ ਦਿਆਂ
ਮਨ ਦੀ ਉੱਚੀ ਮਮਟੀ ਦੀਵਾ ਕੌਣ ਧਰੇ !
ਅੰਬਰ ਗੰਗਾ ਹੁੰਦੀ ਗਾਗਰ ਭਰ ਦੇਂਦੀ
ਦਰਦਾਂ ਦਾ ਦਰਿਆਉ ਕਿਹੜੀ ਘੁੱਟ ਭਰੇ !
ਇਹ ਜੁ ਸਾਨੂੰ ਅੱਗ ਰਾਖਵੀਂ ਦੇ ਚੱਲਿਉਂ
ਦਿਲ ਦੀ ਬੁੱਕਲ ਬਲਦੀ ਚਿਣਗਾਂ ਕੌਣ ਜਰੇ !
ਆਪਣੇ ਵੱਲੋਂ ਸਾਰੀ ਬਾਤ ਮੁਕਾ ਬੈਠੇ
ਹਾਲੇ ਵੀ ਇਕ ਹਉਕਾ ਤੇਰੀ ਗੱਲ ਕਰੇ !
ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ !
(ਚੋਣਵੇਂ ਪੱਤਰੇ ਵਿੱਚੋਂ)

ਵਰ੍ਹਾ
ਅੰਮ੍ਰਿਤਾ ਪ੍ਰੀਤਮ
ਨੁੱਚੜ ਪਈਆਂ ਅੱਖੀਆਂ
ਵਿੱਛੜ ਚੱਲੀ ਅੰਤਲੀ ਫੱਗਣ ਦੀ ਤਰਕਾਲ
ਵੇ ਚੇਤਰ ਆ ਗਿਆ !
ਬਾਰ ਬੇਗਾਨੀ ਚੱਲੀਆਂ ਛੀਏ ਰੁੱਤਾਂ ਰੁੰਨੀਆਂ
ਮਿਲਿਆਂ ਨੂੰ ਹੋ ਗਿਆ ਸਾਲ
ਵੇ ਚੇਤਰ ਆ ਗਿਆ !
ਸੱਭੇ ਧੂੜਾਂ ਛੰਡ ਕੇ
ਕੰਨੀ ਬੀਤੇ ਸਮੇਂ ਦੀ ਕਣੀਆਂ ਲਈ ਹੰਗਾਲ
ਵੇ ਚੇਤਰ ਆ ਗਿਆ !
ਅੰਬਰ ਵੇਹੜਾ ਲਿੱਪਿਆ
ਉੱਘੜ ਆਈਆਂ ਖਿੱਤੀਆਂ ਯਾਦਾਂ ਬੱਧੀ ਪਾਲ
ਵੇ ਚੇਤਰ ਆ ਗਿਆ !
ਖੰਭ ਸਮੇਂ ਨੇ ਝਾੜਿਆ
ਲੱਖ ਦਲੀਲਾਂ ਔਂਦੀਆਂ ਪੁੱਛਣ ਕਈ ਸਵਾਲ
ਵੇ ਚੇਤਰ ਆ ਗਿਆ !
ਕੀ ਜਾਣਾ ਦਿਨ ਕੇਤੜੇ
ਮੁੱਠ ਭਰੀਆਂ ਉਮਰ ਨੇ ਸੱਭੇ ਤਿਲ ਸੰਭਾਲ
ਵੇ ਚੇਤਰ ਆ ਗਿਆ !
ਵਰ੍ਹੇ ਨੇ ਪਾਸਾ ਪਰਤਿਆ
ਸੱਭੇ ਯਾਦਾਂ ਤੇਰੀਆਂ ਘੁੱਟ ਕਲੇਜੇ ਨਾਲ
ਵੇ ਚੇਤਰ ਆ ਗਿਆ !
ਮੁੜ ਕੇ ਏਸ ਮੁਹਾਠ ਤੇ
ਮੈਂ ਦੀਵਾ ਧਰਿਆ, ਤਿੰਨ ਸੌ ਪੈਂਠ ਬੱਤੀਆਂ ਬਾਲ
ਵੇ ਚੇਤਰ ਆ ਗਿਆ !
(ਚੋਣਵੇਂ ਪੱਤਰੇ ਵਿੱਚੋਂ)

ਚੇਤਰ
ਅੰਮ੍ਰਿਤਾ ਪ੍ਰੀਤਮ
ਚੇਤਰ ਦਾ ਵਣਜਾਰਾ ਆਇਆ
ਬੁਚਕੀ ਮੋਢੇ ਚਾਈ ਵੇ
ਅਸਾਂ ਵਿਹਾਜੀ ਪਿਆਰ-ਕਥੂਰੀ
ਵੇਂਹਦੀ ਰਹੀ ਲੁਕਾਈ ਵੇ...
ਸਾਡਾ ਵਣਜ ਮੁਬਾਰਕ ਸਾਨੂੰ
ਕੱਲ੍ਹ ਹੱਸਦੀ ਸੀ ਜਿਹੜੀ ਦੁਨੀਆਂ
ਉਹ ਦੁਨੀਆਂ ਅੱਜ ਸਾਡੇ ਕੋਲੋਂ
ਚੁਟਕੀ ਮੰਗਣ ਆਈ ਵੇ...
ਬਿਰਹਾ ਦਾ ਇਕ ਖਰਲ ਬਲੌਰੀ
ਜਿੰਦੜੀ ਦਾ ਅਸਾਂ ਸੁਰਮਾ ਪੀਠਾ
ਰੋਜ਼ ਰਾਤ ਨੂੰ ਅੰਬਰ ਆ ਕੇ
ਮੰਗਦਾ ਇਕ ਸਲਾਈ ਵੇ...
ਦੋ ਅੱਖੀਆਂ ਦੇ ਪਾਣੀ ਅੰਦਰ
ਕੱਲ੍ਹ ਅਸਾਂ ਸੁਪਨੇ ਘੋਲੇ
ਇਹ ਧਰਤੀ ਅੱਜ ਸਾਡੇ ਵੇਹੜੇ
ਚੁੰਨੀ ਰੰਗਣ ਆਈ ਵੇ...
ਕੱਖ ਕਾਣ ਦੀ ਝੁੱਗੀ ਸਾਡੀ
ਜਿੰਦ ਦਾ ਮੂੜ੍ਹਾ ਕਿੱਥੇ ਡਾਹੀਏ
ਸਾਡੇ ਘਰ ਅੱਜ ਯਾਦ ਤੇਰੀ ਦੀ
ਚਿਣਗ ਪ੍ਰਾਹੁਣੀ ਆਈ ਵੇ...
ਸਾਡੀ ਅੱਗ ਮੁਬਾਰਕ ਸਾਨੂੰ
ਸੂਰਜ ਸਾਡੇ ਬੂਹੇ ਆਇਆ
ਉਸ ਨੇ ਅੱਜ ਇਕ ਕੋਲਾ ਮੰਗ ਕੇ
ਆਪਣੀ ਅੱਗ ਸੁਲਗਾਈ ਵੇ...
(ਚੋਣਵੇਂ ਪੱਤਰੇ ਵਿੱਚੋਂ)


ਦਾਅਵਤ
ਅੰਮ੍ਰਿਤਾ ਪ੍ਰੀਤਮ
ਰਾਤ-ਕੁੜੀ ਨੇ ਦਾਅਵਤ ਦਿੱਤੀ –
ਤਾਰੇ ਜੀਕਣ ਚੌਲ ਛੜੀਂਦੇ
ਕਿਸ ਨੇ ਦੇਸ਼ਾਂ ਚਾੜ੍ਹੀਆਂ !
ਕਿਸ ਨੇ ਆਂਦੀ ਚੰਨ-ਸੁਰਾਹੀ
ਚਾਨਣ ਘੁੱਟ ਸ਼ਰਾਬ ਦਾ
ਤੇ ਅੰਬਰ ਅੱਖਾਂ ਗੱਡੀਆਂ !
ਧਰਤੀ ਦਾ ਅੱਜ ਦਿਲ ਪਿਆ ਧੜਕੇ –
ਮੈਂ ਸੁਣਿਆ ਅੱਜ ਟਾਹਣਾਂ ਦੇ ਘਰ
ਫੁੱਲ ਪ੍ਰਾਹੁਣੇ ਆਏ ਵੇ!
ਇਸ ਦੇ ਅੱਗੋਂ ਕੀ ਕੁਝ ਲਿਖਿਆ –
ਹੁਣ ਏਨ੍ਹਾਂ ਤਕਦੀਰਾਂ ਕੋਲੋਂ
ਕਿਹੜਾ ਪੁੱਛਣ ਜਾਏ ਵੇ!
ਉਮਰਾਂ ਦੇ ਇਸ ਕਾਗਜ ਉਤੇ –
ਇਸ਼ਕ ਤੇਰੇ ਅੰਗੂਠਾ ਲਾਇਆ
ਕੌਣ ਹਿਸਾਬ ਚੁਕਾਏਗਾ !
ਕਿਸਮਤ ਨੇ ਇਕ ਨਗ਼ਮਾ ਲਿਖਿਆ –
ਕਹਿੰਦੇ ਨੇ ਕੋਈ ਅੱਜ ਰਾਤ ਨੂੰ
ਓਹੀਓ ਨਗ਼ਮਾ ਗਾਏਗਾ !
ਕਲਪ ਬ੍ਰਿਛ ਦੀ ਛਾਵੇਂ ਬਹਿ ਕੇ –
ਕਾਮਧੇਨ ਦਾ ਦੁਧ ਪਸਮਿਆ
ਕਿਸ ਨੇ ਭਰੀਆਂ ਦੋਹਣੀਆਂ !
ਕਿਹੜਾ ਸੁਣੇ ਹਵਾ ਦੇ ਹਉਕੇ –
ਚੱਲ ਨੀ ਜਿੰਦੇ ! ਚੱਲੀਏ, ਸਾਨੂੰ
ਸੱਦਣ ਆਈਆਂ ਹੋਣੀਆਂ!
(ਚੋਣਵੇਂ ਪੱਤਰੇ ਵਿੱਚੋਂ)

ਸ਼ੌਕ ਸੁਰਾਹੀ
ਅੰਮ੍ਰਿਤਾ ਪ੍ਰੀਤਮ
ਇਸ਼ਕ ਪੁਛੇਂਦਾ ਦੱਸ ਨੀ ਜਿੰਦੇ ! ਕੀਕਣ ਦਿਹੁੰ ਗੁਜ਼ਾਰੇ ?
ਜਿੰਦ ਕਹੇ ਮੈਂ ਸੁਪਨੇ ਤੇਰੇ ਮਹਿੰਦੀ ਨਾਲ ਸ਼ਿੰਗਾਰੇ...
ਇਸ਼ਕ ਪੁਛੇਂਦਾ ਦੱਸ ਨੀ ਜਿੰਦੇ ! ਕੀਕਣ ਨੈਣ ਰੋਵੰਦੇ ?
ਜਿੰਦ ਕਹੇ ਮੈਂ ਲੱਖਾਂ ਤਾਰੇ ਜ਼ੁਲਫ਼ ਤੇਰੀ ਵਿਚ ਗੁੰਦੇ...
ਇਸ਼ਕ ਪੁਛੇਂਦਾ ਦੱਸ ਨੀ ਜਿੰਦੇ ! ਕੀਕਣ ਬਲੇ ਸਵਾਈ ?
ਜਿੰਦ ਕਹੇ ਮੈਂ ਆਤਸ਼ ਤੇਰੀ ਪੱਛੀ ਹੇਠ ਲੁਕਾਈ...
ਇਸ਼ਕ ਪੁਛੇਂਦਾ ਦੱਸ ਨੀ ਜਿੰਦੇ ! ਕੀਕਣ ਵਰ੍ਹੇ ਬਿਤਾਏ ?
ਜਿੰਦ ਕਹੇ ਮੈਂ ਸ਼ੌਕ ਤੇਰੇ ਨੂੰ ਸੂਲਾਂ ਦੇ ਵੇਸ ਹੰਢਾਏ...
ਇਸ਼ਕ ਪੁਛੇਂਦਾ ਦੱਸ ਨੀ ਜਿੰਦੇ ! ਘਾਉ ਕਹੇ ਕੁ ਚੰਗੇ ?
ਜਿੰਦ ਕਹੇ ਮੈਂ ਰੱਤ ਜਿਗਰ ਦੀ ਸਗਣਾਂ ਦੇ ਸਾਲੂ ਰੰਗੇ...
ਇਸ਼ਕ ਪੁਛੇਂਦਾ ਦੱਸ ਨੀ ਜਿੰਦੇ ! ਕਰਮ ਕਹੇ ਕੁ ਕੀਤੇ ?
ਜਿੰਦ ਕਹੇ ਤੇਰੀ ਸ਼ੌਕ ਸੁਰਾਹੀਉਂ ਦੁੱਖਾਂ ਦੇ ਦਾਰੂ ਪੀਤੇ...
ਇਸ਼ਕ ਪੁਛੇਂਦਾ ਦੱਸ ਨੀ ਜਿੰਦੇ ! ਕੀਕਣ ਉਮਰਾ ਬੀਤੀ ?
ਜਿੰਦ ਕਹੇ ਮੈਂ ਨਾਮ ਤੇਰੇ ਤੋਂ ਸਦ ਕੁਰਬਾਨੇ ਕੀਤੀ...
ਇਸ਼ਕ ਪੁਛੇਂਦਾ ਦੱਸ ਨੀ ਜਿੰਦੇ ! ਆਸ਼ਕ ਦਾ ਕੀ ਕਹਿਣਾ?
ਜਿੰਦ ਕਹੇ ਤੇਰਾ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ...
(ਚੋਣਵੇਂ ਪੱਤਰੇ ਵਿੱਚੋਂ)

ਕਿਸਮਤ
ਅੰਮ੍ਰਿਤਾ ਪ੍ਰੀਤਮ
ਅੰਬਰ ਦੀ ਅੱਜ ਮੁੱਠੀ ਲਿਸ਼ਕੇ
ਇਹ ਰਾਤਾਂ ਅੱਜ ਕਿਥੋਂ ਜਾ ਕੇ ਚੰਨ-ਟਟਿਹਣਾ ਫੜ ਆਈਆਂ...
ਨੀਂਦਰ ਨੇ ਇਕ ਰੁੱਖ ਬੀਜਿਆ
ਉਂਗਲਾਂ ਕਿਸ ਤਰਖਾਣ ਦੀਆਂ ਅੱਜ ਸੱਤ੍ਹਰ ਸੁਪਨੇ ਘੜ ਆਈਆਂ...
ਨਜ਼ਰ ਤੇਰੀ ਨੇ ਹੱਥ ਫੜਾਇਆ
ਇੱਕੋ ਮੁਲਾਕਾਤ ਵਿਚ ਗੱਲਾਂ ਉਮਰ ਦੀ ਪੌੜੀ ਚੜ੍ਹ ਆਈਆਂ...
ਸਾਡਾ ਸਬਕ ਮੁਬਾਰਕ ਸਾਨੂੰ
ਪੰਜ ਨਮਾਜ਼ਾਂ ਬਸਤਾ ਲੈ ਕੇ ਇਸ਼ਕ ਮਸੀਤੇ ਵੜ ਆਈਆਂ...
ਇਹ ਜੁ ਦਿੱਸਣ ਵੇਦ ਕਤੇਬਾਂ
ਕਿਹੜੇ ਦਿਲ ਦੀ ਟਾਹਣੀ ਨਾਲੋਂ ਇਕ ਦੋ ਪੱਤੀਆਂ ਝੜ ਆਈਆਂ...
ਦਿਲ ਦੀ ਛਾਪ ਘੜੀ ਸੁਨਿਆਰੇ
ਇਕ ਦਿਨ ਇਹ ਤਕਦੀਰਾਂ ਜਾ ਕੇ ਦਰਦ ਨਗੀਨਾ ਜੜ ਆਈਆਂ...
ਉੱਖਲੀ ਇਕ ਵਿਛੋੜੇ ਵਾਲੀ
ਵੇਖ ਸਾਡੀਆਂ ਉਮਰਾਂ ਜਾ ਕੇ ਇਸ਼ਕ ਦਾ ਝੋਨਾ ਛੜ ਆਈਆਂ...
ਦੁਨੀਆਂ ਨੇ ਜਦ ਸੂਲੀ ਗੱਡੀ
ਆਸ਼ਕ ਜਿੰਦਾਂ ਕੋਲ ਖਲੋ ਕੇ ਆਪਣੀ ਕਿਸਮਤ ਪੜ੍ਹ ਆਈਆਂ...
(ਚੋਣਵੇਂ ਪੱਤਰੇ ਵਿੱਚੋਂ)

ਰਿਸ਼ਤਾ
ਅੰਮ੍ਰਿਤਾ ਪ੍ਰੀਤਮ
ਬਾਪ ਵੀਰ ਦੋਸਤ ਤੇ ਖਾਵੰਦ
ਕਿਸੇ ਲਫ਼ਜ ਦਾ ਕੋਈ ਨਹੀਂ ਰਿਸ਼ਤਾ
ਉਂਜ ਜਦੋਂ ਮੈਂ ਤੈਨੂੰ ਤੱਕਿਆ
ਸਾਰੇ ਅੱਖਰ ਗੂੜ੍ਹੇ ਹੋ ਗਏ...
(ਚੋਣਵੇਂ ਪੱਤਰੇ ਵਿੱਚੋਂ)

ਅੱਗ
ਅੰਮ੍ਰਿਤਾ ਪ੍ਰੀਤਮ
ਪਰਛਾਵਿਆਂ ਨੂੰ ਪਕੜਣ ਵਾਲਿਓ !
ਛਾਤੀ ਚ ਬਲਦੀ ਅੱਗ ਦਾ-
ਕੋਈ ਪਰਛਾਵਾਂ ਨਹੀਂ ਹੁੰਦਾ...
(ਚੋਣਵੇਂ ਪੱਤਰੇ ਵਿੱਚੋਂ)

... ਕੁਮਾਰੀ
ਅੰਮ੍ਰਿਤਾ ਪ੍ਰੀਤਮ
ਮੈਂ ਤੇਰੀ ਸੇਜ ਤੇ ਜਦ ਪੈਰ ਧਰਿਆ ਸੀ
ਮੈਂ ਇਕ ਨਹੀਂ ਸਾਂ – ਦੋ ਸਾਂ
ਇਕ ਸਾਲਮ ਵਿਆਹੀ, ਤੇ ਇਕ ਸਾਲਮ ਕੁਆਰੀ
ਸੋ ਤੇਰੇ ਭੋਗ ਦੀ ਖ਼ਾਤਿਰ
ਮੈਂ ਉਸ ਕੁਆਰੀ ਨੂੰ ਕਤਲ ਕਰਨਾ ਸੀ...
ਮੈਂ ਕਤਲ ਕੀਤਾ ਸੀ
ਇਹ ਕਤਲ, ਜੋ ਕਾਨੂੰਨਨ ਜਾਇਜ਼ ਹੁੰਦੇ ਹਨ
ਸਿਰਫ ਉਹਨਾਂ ਦੀ ਜ਼ਿਲੱਤ ਨਾਜਾਇਜ਼ ਹੁੰਦੀ ਹੈ
ਤੇ ਮੈਂ ਉਸ ਜ਼ਿੱਲਤ ਦਾ ਜ਼ਹਿਰ ਪੀਤਾ ਸੀ...
ਤੇ ਫਿਰ ਪਰਭਾਤ ਵੇਲੇ
ਇਕ ਲਹੂ ਵਿਚ ਭਿੱਜੇ ਮੈਂ ਆਪਣੇ ਹੱਥ ਵੇਖੇ ਸਨ
ਹੱਥ ਧੋਤੇ ਸਨ –
ਬਿਲਕੁਲ ਉਸ ਤਰ੍ਹਾਂ, ਜਿਉਂ ਹੋਰ ਮੁਸ਼ਕੀ ਅੰਗ ਧੋਣੇ ਸੀ
ਪਰ ਜਿਉਂ ਹੀ ਮੈਂ ਸ਼ੀਸ਼ੇ ਦੇ ਸਾਹਮਣੇ ਹੋਈ
ਉਹ ਸਾਹਮਣੇ ਖਲੋਤੀ ਸੀ
ਉਹੀ, ਜੋ ਆਪਣੀ ਜਾਚੇ, ਮੈਂ ਰਾਤੀ ਕਤਲ ਕੀਤੀ ਸੀ...
ਓ ਖ਼ਦਾਇਆ !
ਕੀ ਸੇਜ ਦਾ ਹਨੇਰਾ ਬਹੁਤ ਗਾੜ੍ਹਾ ਸੀ ?
ਮੈਂ ਕਿਹਨੂੰ ਕਤਲ ਕਰਨਾ, ਤੇ ਕਿਹਨੂੰ ਕਤਲ ਕਰ ਬੈਠੀ

(ਚੋਣਵੇਂ ਪੱਤਰੇ ਵਿੱਚੋਂ)

ਤਿੜਕੇ ਘੜੇ ਦਾ ਪਾਣੀ
ਅੰਮ੍ਰਿਤਾ ਪ੍ਰੀਤਮ
ਤਿੜਕੇ ਘੜੇ ਦਾ ਪਾਣੀ
ਕੱਲ੍ਹ ਤੱਕ ਨਹੀਂ ਰਹਿਣਾ...
ਇਸ ਪਾਣੀ ਦੇ ਕੰਨ ਤਰਿਹਾਏ
ਤ੍ਰੇਹ ਦੇ ਹੋਠਾਂ ਵਾਂਗੂੰ
ਓ ਮੇਰੇ ਠੰਢੇ ਘੱਟ ਦਿਆ ਮਿੱਤਰਾ !
ਕਹਿ ਦੇ ਜੋ ਕੁਝ ਕਹਿਣਾ...
ਅੱਜ ਦਾ ਪਾਣੀ ਕੀਕਣ ਲਾਹਵੇ
ਕੱਲ੍ਹ ਦੀ ਤ੍ਰੇਹ ਦਾ ਕਰਜ਼ਾ
ਨਾ ਪਾਣੀ ਨੇ ਕੰਨੀਂ ਬੱਝਣਾ
ਨਾ ਪੱਲੇ ਵਿਚ ਰਹਿਣਾ...
ਵੇਖ ਕਿ ਤੇਰੀ ਤ੍ਰੇਹ ਵਰਗੀ
ਇਸ ਪਾਣੀ ਦੀ ਮਜਬੂਰੀ
ਨਾ ਇਸ ਤੇਰੀ ਤ੍ਰੇਹ ਸੰਗ ਤੁਰਨਾ
ਨਾ ਇਸ ਏਥੇ ਬਹਿਣਾ...
ਅੱਜ ਦੇ ਪਿੰਡੇ ਪਾਣੀ ਲਿਸ਼ਕੇ
ਤ੍ਰੇਹ ਦੇ ਮੋਤੀ ਵਰਗਾ
ਅੱਜ ਦੇ ਪਿੰਡੇ ਨਾਲੋਂ ਕੱਲ੍ਹ ਨੇ
ਚਿੱਪਰ ਵਾਂਗੂੰ ਲਹਿਣਾ...
ਵੇ ਮੈਂ ਤਿੜਕੇ ਘੜੇ ਦਾ ਪਾਣੀ
ਕੱਲ੍ਹ ਤੱਕ ਨਹੀਂ ਰਹਿਣਾ...
(ਚੋਣਵੇਂ ਪੱਤਰੇ ਵਿੱਚੋਂ)

ਮੈਂ ਜਨਤਾ
ਅੰਮ੍ਰਿਤਾ ਪ੍ਰੀਤਮ
ਰਾਣੀਆਂ ਪਟਰਾਣੀਆਂ ਮੈਂ ਰੋਜ਼ ਵੇਖਦੀ
ਹੱਥੀਂ ਸੁਹਾਗ ਦੇ ਕੰਙਣ, ਪੈਰੀਂ ਕਾਨੂੰਨ ਦੀ ਝਾਂਜਰ
ਉਹਨਾਂ ਦੀ ਤਲੀ ਵਾਸਤੇ, ਮੈਂ ਰੋਜ਼ ਮਹਿੰਦੀ ਘੋਲਦੀ
ਕਦੇ ਕੁਝ ਨਹੀਂ ਬੋਲਦੀ
ਮੈਂ ਸਦਗੁਣੀ, ਜਾਣਦੀ ਹਾਂ – ਰੀਸ ਕਰਨੀ ਬੜੀ ਔਗੁਣ ਹੈ।
ਸੇਜ ਉਹ ਨਹੀਂ, ਪਰ ਸੇਜ ਦਾ ਸਵਾਮੀ ਉਹੀ,
ਹਨੇਰੇ ਦੀ ਸੇਜ ਭੋਗਦੀ, ਜਾਂ ਸੇਜ ਦੀ ਹਨੇਰਾ ਭੋਗਦੀ
ਕੁੱਖ ਮੇਰੀ ਬਾਲ ਜੰਮਦੀ ਹੈ, ਵਾਰਿਸ ਨਹੀਂ ਜੰਮਦੀ।
ਬਾਲ ਮੇਰੇ ਬੜੇ ਬੀਬੇ
ਸਦਗੁਣੇ, ਜਾਣਦੇ ਨੇ – ਹੱਕ ਮੰਗਣਾ ਬੜਾ ਔਗੁਣ ਹੈ।
ਬਾਲ ਮੇਰੇ, ਚੁੱਪ ਕੀਤੇ ਜਵਾਨੀ ਕੱਢ ਲੈਂਦੇ ਨੇ
ਤੇ ਸੇਵਾ ਸਾਂਭ ਲੈਂਦੇ ਨੇ, ਕਿਸੇ ਨਾ ਕਿਸੇ ਦੇਸ਼ ਰਤਨ ਦੀ।
ਮੈਂ – ਜਨਤਾ, ਚੁੱਪ ਕੀਤੀ ਬੁਢੇਪਾ ਕੱਟ ਲੈਂਦੀ ਹਾਂ
ਅੱਖ ਦਾ ਇਸ਼ਾਰਾ ਸਮਝਦੀ,
ਇਕ ਚੰਗੀ ਰਖੇਲ ਆਪਣੇ ਵਤਨ ਦੀ।
(ਚੋਣਵੇਂ ਪੱਤਰੇ ਵਿੱਚੋਂ)

 

Loading spinner