ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love
ਪਹਿਲ
ਚਰਨ ਸਿੰਘ ਸ਼ਹੀਦ 

ਜਾਨਵਰਾਂ ਦੇ ਹਸਪਤਾਲ ਵਿਚ, ਬੁੱਧੂ ਖੋਤਾ ਲਿਆਇਆ,
ਡਾਕਦਾਰ ਨੇ ਦੇਖ ਬਿਮਾਰੀ, ਨੁਸਖਾ ਲਿਖ ਪਕੜਾਇਆ।
ਕਹਿਣ ਲੱਗਾ ਇਹ ਚੀਜ਼ਾਂ ਪੀਹ ਕੇ, ਇਕ ਨਲਕੀ ਵਿਚ ਪਾਈਂ,
ਨਲਕੀ ਇਸ ਦੀ ਨਾਸ ਵਿਚ ਰਖ, ਫੂਕ ਜ਼ੋਰ ਦੀ ਲਾਈਂ।
ਏਹ ਨਸਵਾਰ ਨਾਸ ਦੀ ਰਾਹੀਂ, ਜਦੋਂ ਮਗਜ਼ ਵਿਚ ਜਾਊ,
ਤੇਰੇ ਇਸ ਖੋਤੇ ਨੂੰ, ਅਰਬੀ ਘੋੜੇ ਵਾਂਗ ਬਣਾਊ।
ਕੁਝ ਚਿਰ ਮਗਰੋਂ ਖਉਂ ਖਉਂ ਕਰਦਾ, ਬੁੱਧੂ ਮੁੜ ਕੇ ਆਯਾ,
ਬਿੱਜੂ ਵਾਂਗੂ ਬੁਰਾ ਉਸ ਨੇ, ਹੈਸੀ ਮੂੰਹ ਬਣਾਯਾ।
ਡਾਕਦਾਰ ਨੇ ਸੋਚਿਆ, ਹੋਸੀ ਗਧੇ ਦੁਲੱਤੀ ਲਾਈ,
ਹਾਸਾ ਰੋਕ ਪੁੱਛਿਆ, ਬੁੱਧੂ ਏਹ ਕੀ ਸ਼ਕਲ ਬਣਾਈ ?
ਕਹਿਣ ਲੱਗਾ ਹਟਕੋਰੇ ਲੈ ਕੇ, ਮੈਂ ਚੀਜ਼ਾ ਸਭ ਲਈਆਂ,
ਪੀਸ ਪੂਸ ਕੇ ਛਾਣ ਛੂਣ ਕੇ, ਜਦੋਂ ਟਿਚਨ ਕਰ ਲਈਆਂ।
ਨਲਕੀ ਵਿਚ ਪਾ, ਨਲਕੀ ਉਸ ਦੇ ਨਥਨੇ ਵਿਚ ਟਿਕਾਈ,
ਦੂਜੀ ਤਰਫੋਂ ਫੂਕ ਲਾਣ ਹਿਤ, ਮੈਂ ਨਲਕੀ ਮੂੰਹ ਪਾਈ।
ਮੇਰੀ ਫੂਕ ਪਹਿਲੇ ਹੀ ਚਾ, ਫੂਕ ਗਧੇ ਨੇ ਮਾਰੀ,
ਮੇਰੇ ਗਲ ਦੇ ਅੰਦਰ ਧਸ ਗਈ, ਝੱਟ ਦਵਾਈ ਸਾਰੀ।
ਅੱਲਾ ਬਖਸ਼ੇ, ਫੂਕ ਉਸ ਦੀ ਵਾਂਗ ਹਨੇਰੀ ਆਈ।
ਨਲਕੀ ਭੀ ਲੰਘ ਜਾਣੀ ਸੀ, ਮੈਂ ਫੜ ਕੇ ਮਸਾਂ ਬਚਾਈ।
ਉਸ ਦੀ ਸੁਣਕੇ ਗੱਲ ਡਾਕਦਾਰ ਹੱਸ ਹੱਸ ਦੂਹਰਾ ਹੋਯਾ,
ਹਸਦੇ ਰੋਂਦੇ ਦੇਖ ਦੋਹਾਂ ਨੂੰ 'ਸੁਥਰਾ' ਭੀ ਮੁਸਕਾਇਆ,
ਸੁਣ ਓ ਬੁੱਧੂ ਜਗ ਨੇ ਹੈ 'ਪਹਿਲ ਤਾਈਂ ਵਡਿਆਈਆਂ।
'ਜਿਦੀ ਫੂਕ ਪਹਿਲਾ ਵਜ ਜਾਵੇ, ਜਿੱਤ ਓਸ ਦੀ ਕਹਿੰਦੇ,
ਤੇਰੇ ਜਿਹਾ ਸੁਸਤ ਪਿੱਛੇ-ਰਹਿਣੇ, ਰੂੰ ਰੂੰ ਕਰਦੇ ਰਹਿੰਦੇ।'


ਤਿੰਨ ਪੱਥਰ
ਭਗਤ ਕਬੀਰ ਤਾਈਂ ਇਕ ਰਾਜਾ ਸਦਾ ਦਿੱਕ ਸੀ ਕਰਦਾ,
'ਜਗਤ ਮੁਕਤੀ' ਰਸਤਾ ਦੱਸੋ ਕਹਿ ਕਹਿ ਹਉਕੇ ਭਰਦਾ।
ਅੱਕ ਕੇ ਇਕ ਦਿਨ ਤੁਰੇ ਭਗਤ ਜੀ, ਮੰਤ੍ਰ 'ਵਾਹਿਗੁਰੂ' ਪੜ੍ਹ ਕੇ,
ਚੱਲ ਦਿਖਾਵਾਂ ਮੁਕਤੀ ਰਸਤਾ, ਪਰਬਤ ਚੋਟੀ ਚੜ੍ਹ ਕੇ।
ਭਾਰੇ ਤਿੰਨ ਪੱਥਰਾਂ ਦੀ ਗੱਠੜੀ ਰਾਜੇ ਨੂੰ ਚੁਕਵਾਈ,
ਹੁਕਮ ਦਿੱਤਾ ਏਹ ਲੈ ਚੱਲ ਉਪੱਰ ਨਾਲ ਅਸਾਡੇ ਭਾਈ।
ਜ਼ਰਾ ਦੂਰ ਚੱਲ, ਰਾਜਾ ਹਫਿਆ, ਕਹਿਣ ਲੱਗਾ ਲੜਖਾਂਦਾ,
'ਮਹਾਰਾਜ! ਬੋਝਾ ਹੈ ਭਾਰਾ, ਕਦਮ ਨਾ ਪੁੱਟਿਆ ਜਾਂਦਾ।
ਇਕ ਪੱਥਰ ਸੁਟਵਾਇ ਭਗਤ ਨੇ ਉਸ ਨੂੰ ਅੱਗੇ ਚਲਾਇਆ,
ਥੋੜ੍ਹੇ ਕਦਮ ਫੇਰ ਚੱਲ ਉਸ ਨੇ ਚੀਕ ਚਿਹਾੜਾ ਪਾਇਆ।
ਦੂਜਾ ਪੱਥਰ ਵੀ ਸੁਟਵਾ ਕੇ ਫੇਰ ਤੋਰਿਆ ਅੱਗੇ,
ਪਰ ਹਾਲੀ ਭੀ ਭਾਰ ਓਸ ਨੂੰ ਲੱਕ ਤੋੜਵਾਂ ਲੱਗੇ।
ਔਖੀ ਘਾਟੀ ਬਿਖੜਾ ਪੈਂਡਾ, ਉੱਚਾ ਚੜ੍ਹ ਕੇ ਜਾਣਾ,
ਨਾ-ਮੁਮਕਿਨ ਸੀ ਭਾਰ ਓਸ ਚੁੱਕ ਕੇ ਅਗੋਂ ਕਦਮ ਉਠਾਣਾ।
ਤੀਜਾ ਪੱਥਰ ਵੀ ਸੁਟਵਾਇਆ ਰਾਜਾ ਹੌਲਾ ਹੋਇਆ,
ਝਟ ਪਟ ਜਾ ਚੋਟੀ ਤੇ ਚੜ੍ਹਿਆ ਝਟ ਟੱਪ ਟਿੱਬਾ ਟੋਇਆ।
ਹਸ ਕੇ ਭਗਤ ਹੋਰਾਂ ਫੁਰਮਾਇਆ, 'ਏਹੋ ਮੁਕਤੀ ਰਸਤਾ,
ਤਦ ਤੱਕ ਚੋਟੀ ਚੜ੍ਹ ਨ ਸਕੀਏ ਜਦ ਤਕ ਬੱਝਾ ਫਸਤਾ।
ਤ੍ਰਿਸ਼ਨਾ, ਮੋਹ, ਹੰਕਾਰ ਤਿੰਨ ਹਨ, ਪੱਥਰ ਤੈਂ ਸਿਰ ਚਾਏ,
ਭਾਰਾ ਬੋਝ ਲੈ ਪਰਬਤ ਤੇ ਕੀਕੁਰ ਚੜ੍ਹਿਆ ਜਾਏ।
ਮੁਕਤੀ ਚਾਹੇਂ ਤਾਂ ਤਿੰਨੇ ਪੱਥਰ ਸੁੱਟ ਕੇ ਹੋ ਜਾ ਹਲਕਾ,
ਮਾਰ ਦੁੜੰਗੇ ਉੱਚਾ ਚੜ੍ਹ, ਪਾ ਪਰਮ ਜੋਤ ਦਾ ਝਲਕਾ।  
ਰਾਜੇ ਤਾਈਂ ਗਿਆਨ ਹੋ ਗਿਆ, ਜੀਵਨ-ਮੁਕਤੀ ਪਾਈ,
'ਸੁਥਰੇ' ਨੂੰ ਭੀ ਮੁਫ਼ਤ, ਕੀਮਤੀ ਇਹ ਘੁੰਡੀ ਹੱਥ ਆਈ।

ਅਮੀਰ ਦਾ ਬੰਗਲਾ
ਕਈ ਵਿੱਘੇ ਧਰਤੀ ਦੇ ਉਦਾਲੇ ਮਰਦ-ਕੱਦ ਦੀਵਾਰ ਸੀ,
ਲੋਹੇ ਦੇ ਫਾਟਕ ਦੇ ਅੱਗੇ ਇਕ ਖੜ੍ਹਾ ਪਹਿਰੇਦਾਰ ਸੀ।
ਅੰਦਰ ਚੁਤਰਫੀ ਬ੍ਰਿਛ-ਬੂਟੇ ਸੈਂਕੜੇ ਲਾਏ ਹੋਏ,
ਕੁਝ ਸੁੰਦਰ ਫੁਲਾਂ ਦੇ ਲੱਦੇ ਕੁਝ ਫਲਾਂ ਤੇ ਆਏ ਹੋਏ।
ਵਿਚਕਾਰ ਉਸ ਸੋਹਣੇ ਬਗੀਚੇ ਦੇ, ਸੁਨਹਿਰੀ ਰੰਗਲਾ,
ਅਤਿ ਖੂਬਸੂਰਤ ਸ਼ਾਨ ਵਾਲਾ ਸੋਭਦਾ ਸੀ ਬੰਗਲਾ।
ਉਸ ਦੀ ਸਜਾਵਟ ਤੋਂ ਅਮੀਰੀ ਟਪਕਦੀ,
ਉਸ ਦੀ ਸਫਾਈ-ਚਮਕ ਤੇ ਅੱਖੀ ਨ ਸੀ ਟਿਕ ਸਕਦੀ।
ਸੀ 'ਡੈਕੋਰੇਸ਼ਨ' ਓਸ ਦੀ 'ਐਕਸਪਰਟ' ਨੇ ਕੀਤੀ ਹੋਈ,
ਚਿਮਨੀ ਦੀ ਹਰ ਝਾਲਰ ਸੀ 'ਪੈਰਿਸ-ਗਰਲ' ਦੀ ਸੀਤੀ ਹੋਈ।
ਸਭ ਕਮਰਿਆਂ ਵਿਚ ਫਰਨੀਚਰ ਸੀ 'ਫੈਸ਼ਨੇਬਲ' ਸਜ ਰਿਹਾ,
ਹਰ ਚੀਜ਼ ਵਿਚ ਸੀ 'ਯੂਰਪੀਅਨ ਫੁਲ ਸਟਾਈਲ' ਗਜ ਰਿਹਾ।
ਇਕ 'ਨਯੂ ਬ੍ਰਾਈਡ' ਸਮ 'ਡਰਾਇੰਗ ਰੂਮ' ਸੰਦੀ ਸ਼ਾਨ ਸੀ,
ਜੇ 'ਸੈੱਟ' ਇੰਗਲਿਸਤਾਨ ਸੀ ਤਾਂ 'ਕਾਰਪੈਟ' ਈਰਾਨ ਸੀ।
ਬੈਂਜੋ, ਪਿਆਨੋ, ਵਾਯੋਲਿਨ, ਹਾਰਮੋਨੀਅਮ ਅਰਗਨ ਪਏ,
ਉਚ 'ਸਿਵਲੀਜੇਸ਼ਨ' 'ਐਜੂਕੇਸ਼ਨ' ਘਰ ਦੀ ਦਸਦੇ ਸਨ ਪਏ।
ਟੇਬਲ ਡਰੈਸਿੰਗ ਰੂਮ ਦੀ ਸੈਟਾਂ-ਕਰੀਮਾਂ ਭਰੀ ਸੀ,
ਪਫ਼, ਕੂੰਬ, ਬ੍ਰਸ਼, ਪੌਡਰ, ਲਵਿੰਡਰ ਲੈਨ ਲੰਮੀ ਧਰੀ ਸੀ।
ਦੇਖੋ ਜੇ 'ਡਾਇਨਿੰਗ ਰੂਮ' ਤਾਂ ਭੁੱਖ ਚਮਕ ਝਟ ਦੂਣੀ ਪਵੇ,
ਛੁਰੀਆਂ ਤੇ ਕਾਂਟੇ ਬਿਨਾ ਇਕ ਭੀ ਚੀਜ਼ ਨਾ ਛੂਹਣੀ ਪਵੇ।
ਸੋਡੇ, ਮੁਰੱਬੇ, ਵਿਸਕੀਆਂ, ਟੌਫੀ ਤੇ ਹੋਰ ਮਠਿਆਈਆਂ,
ਅਧਨੰਗੀਆਂ ਫੋਟੋਜ਼, 'ਮੈਂਟਲਪੀਸ' ਤੇ ਟਿਕਵਾਈਆਂ।
ਵਿਚ ਲਾਈਬ੍ਰੇਰੀ ਬੁਕਸ 'ਲੇਟੈਸਟ' ਦਿਸਦੀਆਂ ਸਨ ਸਾਰੀਆਂ,
ਨਾਵਲ ਡਰਾਮੇ ਨਾਲ ਸਨ ਲੱਦੀਆਂ ਹੋਈਆਂ ਅਲਮਾਰੀਆਂ।
ਯੂਰਪ ਤੇ ਅਮਰੀਕਾ ਦਾ ਲਿਟਰੇਚਰ ਸੀ ਬਹੁ ਭਰਿਆ ਪਿਆ,
'ਆਥਰ' ਤੇ 'ਪੋਸਟ' ਇੰਗਲਿਸ਼ ਹਰ ਇਕ ਸੀ ਧਰਿਆ ਪਿਆ।
ਮੁੱਦਾ ਕੀ ਉਥੇ ਐਸ਼ ਦਾ ਮੌਜੂਦ ਕੁਲ ਸਮਾਨ ਸੀ,
ਚਿੜੀਆਂ ਦਾ ਦੁੱਧ ਭੀ ਚਾਹੋ ਤਾਂ ਮਿਲਨਾ ਉਥੇ ਆਸਾਨ ਸੀ,
ਜੇ ਨਹੀਂ ਸੀ ਤਾ ਸਿਰਫ਼, 'ਨਿੱਤਨੇਮ ਦਾ ਗੁਟਕਾ' ਨ ਸੀ।

ਸੰਜੀਵਨੀ ਬੂਟੀ

ਬਰਛਿ ਖਾਇ ਲਛਮਨ ਮੁਰਦੇ ਵਾਂਗ ਡਿੱਗਾ,
ਸੈਨਾ ਰਾਮ ਅੰਦਰ ਹਾਹਾਕਾਰ ਹੋਈ।
ਰਾਮ ਰੋਣ ਲੱਗੇ, ਜਾਨ ਖੋਣ ਲੱਗੇ,
'ਕਿਥੇ ਪਹੁੰਚ ਕੇ ਭਾਗਾਂ ਦੀ ਮਾਰ ਹੋਈ।
ਵੈਦ ਲੰਕਾ ਦੀ ਸੱਦਿਆ, ਸੀਸ ਫੇਰੇ,
ਇਸ ਦੀ ਦਵਾ ਨਹੀਂ ਕੋਈ ਤਿਆਰ ਹੋਈ।
ਰਾਤੋ ਰਾਤ 'ਸੰਜੀਵਨੀ' ਕੋਈ ਲਿਆਵੇ,
ਜਾਨ ਬਚੂ, ਜੇ ਮਿਹਰ ਕਰਤਾਰ ਹੋਈ।
ਹਨੂਮਾਨ ਆਂਦੀ ਬੂਟੀ, ਜਾਨ ਬਚ ਗਈ,
ਖੁਸ਼ੀਆਂ ਚੜ੍ਹੀਆਂ ਜਾ ਗਿੱਚੀ ਉਠਾਈ ਲਛਮਨ।
ਰਾਮ ਹੱਸ ਕੇ ਬੋਲੇ ਕੁਝ ਪਤਾ ਭੀ ਊ ?
'ਤੇਰੀ ਜਾਨ ਕਿਸ ਬਚਾਈ ਲਛਮਨ ?
ਹੋਸੀ ਯਾਦ, ਜੋ ਭੀਲਣੀ ਬੇਰ ਲਿਆਈ,
ਚਖ ਚਖ ਚੁਣੇ ਹੋਏ, ਸੂਹੇ ਲਾਲ ਮਿੱਠੇ।
ਉਹਨਾਂ ਲਾਲਾਂ ਤੋਂ ਪੱਥਰ ਦੇ ਲਾਲ ਸਦਕੇ,
ਓਹਨਾ ਮਿੱਠਿਆਂ ਤੋਂ ਘੋਲੀ ਥਾਲ ਮਿੱਠੇ।
ਰਿਸ਼ੀਆਂ ਨੱਕ ਵੱਟੇ, ਤਾਂ ਬੂਦਾਰ ਹੋਏ,
ਭਰੇ ਹੋਏ ਸਨ ਜੋ ਜਲ ਦੇ ਤਾਲ ਮਿੱਠੇ।
ਲੱਖਾਂ ਮਾਫੀਆਂ ਬਾਦ ਮੁੜ ਮਸਾਂ ਕੀਤੇ,
ਓਸੇ ਭੀਲਣੀ ਨੇ ਚਰਨਾਂ ਨਾਲ ਮਿੱਠੇ।
ਗੱਲਾਂ ਇਹ ਤਾਂ ਮਲੂਮ ਹਨ ਸਾਰਿਆਂ ਨੂੰ,
ਦੱਸਾਂ ਗੱਲ ਤੇਰੀ ਅੱਜ ਨਈ ਤੈਨੂੰ।
ਵੀਰ! ਤੂੰ ਭੀ ਸੀ ਓਦੋਂ ਇੱਕ ਭੁੱਲ ਕੀਤੀ,
ਜਿਸ ਦੀ ਸਜ਼ਾ ਇਹ ਭੁਗਤਣੀ ਪਈ ਤੈਨੂੰ।
ਕਰ ਲੈ ਯਾਦ ਜਦ ਬੇਰ ਸਾਂ ਅਸੀਂ ਖਾਂਦੇ,
ਤੂੰ ਸੈਂ ਬੇਰ ਮੂੰਹ ਪਾਂਦਾ ਮਜ਼ਬੂਰ ਹੋ ਕੇ।
ਮੈਂ ਸਾਂ ਵੇਖਦਾ ਓਸ ਦਾ ਪ੍ਰੇਮ ਨਿਰਛਲ,
ਤੂੰ ਸੈਂ ਵੇਖਦਾ 'ਜਾਤ' ਮਗ਼ਰੂਰ ਹੋ ਕੇ।
ਆਹਾ! ਭੀਲਣੀ ਭੁੱਲੀ ਸੀ ਦੀਨ ਦੁਨੀਆਂ,
ਭਗਤੀ ਭਾਵ ਦੇ ਵਿਚ ਮਖ਼ਮੂਰ ਹੋ ਕੇ।
ਮੋਟੇ ਮੋਟੇ ਜੋ ਬੇਰ ਉਸ ਪਕੜ ਹੱਥੀਂ,
ਮੈਨੂੰ ਦਿੱਤੇ ਪ੍ਰੇਮ ਭਰਪੂਰ ਹੋ ਕੇ।
ਉਸ ਅਮੋਲ-ਅਲੱਭ ਸੁਗਾਤ 'ਚੋਂ ਮੈਂ,
ਵੀਰ ਜਾਣ ਤੁਧ ਬੇਰ ਇਕ ਵੰਡ ਦਿੱਤਾ।
ਤੂੰ ਨਾ ਕਦਰ ਕਰ, ਅੱਖ ਬਚਾ ਮੇਰੀ,
ਉਸ ਨੂੰ ਸੁਟ ਹਾਇ! ਪਿੱਛੇ ਕੰਡ ਦਿੱਤਾ।
ਓਹੋ ਬੇਰ ਪਰਬਤ ਤੇ ਲੈ ਗਈ ਕੁਦਰਤ,
ਉਸ ਤੋਂ 'ਬੂਟੀ ਸੰਜੀਵਨੀ' ਉਗਾ ਦਿੱਤੀ।
ਮੇਘ ਨਾਥ ਤੋਂ ਬਰਛੀ ਲੁਆ ਏਥੇ,
ਤੈਨੂੰ ਮੌਤ ਦੀ ਝਾਕੀ ਦਿਖਾ ਦਿੱਤੀ।
ਓਸੇ ਬੇਰ ਦੀ ਬੂਟੀ ਖੁਆ ਤੈਨੂੰ,
ਤੇਰੀ ਲੋਥ ਵਿਚ ਜਾਨ ਮੁੜ ਪਾ ਦਿੱਤੀ।
ਤੈਨੂੰ ਦੰਡ, ਅਭਿਮਾਨ ਨੂੰ ਹਾਰ ਦੇ ਕੇ,
ਸੱਚੇ ਪ੍ਰੇਮ ਦੀ ਫ਼ਤਹ ਕਰਾ ਦਿੱਤੀ।
ਵੀਰ! ਭੀਲਣੀ ਦੇ ਮੈਲੇ ਹੱਥਾਂ ਦੀ ਥਾਂ,
ਵੇਂਹਦੋ ਨੂਰ ਭਰਿਆ ਜੇ ਦਿਲ ਪਾਕ ਉਸ ਦਾ।
ਤੈਨੂੰ ਮਿਲਦਾ ਸਰੂਰ ਇਸ ਦੰਡ ਦੀ ਥਾਂ,
ਕਰਦੀ ਘ੍ਰਿਣਾ 'ਸੁਥਰਾ' ਦਿਲ ਨਾ ਚਾਕ ਉਸ ਦਾ।

ਪਾਪ ਦੀ ਬੁਰਕੀ
ਇਕ ਰਾਜੇ ਦੀ ਗੁਰੂ-ਤਪੀਸ਼ਰ, ਚੋਰੀ ਦੇ ਵਿਚ ਵੜਿਆ,
ਚੋਰਾਂ ਵਾਂਗੂ ਰਾਜੇ ਅੱਗੇ ਸਿਰ ਨੀਵਾਂ ਕਰ ਖੜਿਆ।
ਰੋਜ਼ ਵਾਂਗ ਓਹ ਰਾਜੇ ਨੂੰ ਉਪਦੇਸ਼ ਦੇਣ ਸੀ ਆਯਾ,
ਮੌਕਾ ਪਾ ਕੇ ਰਾਣੀ ਦਾ ਨੌ ਲੱਖਾ ਹਾਰ ਚੁਰਾਯਾ।
ਰਾਜਾ ਡਾਢਾ ਅਚਰਜ ਹੋਇਆ, ਸਮਝ ਜ਼ਰਾ ਨ ਆਵੇ,
ਐਡਾ ਜਪੀ ਤਪੀ ਸਿਧ ਜੋਗੀ ਕਿਵੇਂ ਚੋਰ ਬਣ ਜਾਵੇ ?
ਜੇ ਧਨ ਦੀ ਸੀ ਲੋੜ ਏਸ ਨੂੰ ਇਕ ਇਸ਼ਾਰਾ ਕਰਦਾ,
ਮੈਂ ਖੁਸ਼ ਹੋ ਕੇ ਇਸ ਦੀ ਕੁਟੀਆ, ਨਾਲ ਮੋਤੀਆਂ ਭਰਦਾ।
ਸੋਚ ਸੋਚ ਕੇ ਪੰਜ ਸਤ ਸਾਧੂ ਰਾਜੇ ਨੇ ਸਦਵਾਏ,
ਏਸ ਮਾਮਲੇ ਦੇ ਖੋਜਣ ਦੇ ਫਰਜ਼ ਉਨ੍ਹਾਂ ਨੂੰ ਲਾਏ।
ਪੂਰੀ ਖੋਜ ਉਨ੍ਹਾਂ ਨੇ ਕਰਕੇ ਸਿੱਟਾ ਇਹ ਦਿਖਲਾਇਆ
ਉਸ ਸਾਧੂ ਨੇ ਉਸ ਦਿਨ ਭੋਜਨ ਚੋਰੀ ਦਾ ਸੀ ਪਾਇਆ।
ਇਕ ਜ਼ਰਗਰ ਨੇ ਗਾਹਕ ਕਿਸੇ ਦਾ ਸੋਨਾ ਚੋਰੀ ਕੀਤਾ,
ਯਾਨੀ ਖ਼ੂਨ ਵਿਚਾਰੇ ਦਾ ਸੀ ਨਾਲ ਚਲਾਕੀ ਪੀਤਾ।
ਓਹ ਸੁਨਿਆਰਾ ਰਾਜ-ਦ੍ਰੋਹ ਵਿਚ ਹੱਥ ਪੁਲਸ ਦੇ ਆਯਾ,
ਜਿਸ ਨੇ ਉਸ ਦਾ ਮਾਲ ਜ਼ਬਤ ਕਰ ਰਾਜੇ ਦੇ ਘਰ ਆਯਾ।
ਉਸ ਮਾਲ ਦਾ ਆਟਾ, ਘੀ ਤੇ ਲਕੜੀ ਲੂਣ ਲਿਆ ਕੇ,
ਰਾਜ ਮਹਿਲ ਵਿਚ ਖਾਣਾ ਪੱਕਿਆ ਛੱਤੀ ਭਾਂਤ ਬਣਾ ਕੇ।
ਰਾਜ-ਗੁਰੂ ਨੇ ਰਾਜ ਮਹਿਲ ਵਿਚ, ਉਹ ਭੋਜਨ ਸੀ ਪਾਯਾ,
ਮਨ ਮਲੀਨ ਝਟ ਉਸ ਦਾ ਹੋਇਆ, ਤਾਂ ਉਸ ਹਾਰ ਚੁਰਾਯਾ।
ਇਸੇ ਲਈ ਸਨ ਗੁਰੂ ਨਾਨਕ ਨੇ, ਅੰਨ ਨਿਚੋੜ ਦਿਖਾਏ,
ਇਕ 'ਚੋਂ ਦੁੱਧ, ਦੂਏ 'ਚੋਂ ਲਹੂ, ਕੱਢ ਕੇ ਸਬਕ ਪੜ੍ਹਾਏ।
ਅੰਨ ਪਾਪ ਦਾ ਖਾ ਖਾ ਬੰਦਾ, ਪਾਪ 'ਚ ਡੁੱਬਦਾ ਜਾਵੇ,
'ਸੁਥਰਾ' ਲੁਕਮਾ ਖਾਇ ਆਤਮਾ, 'ਸੁਥਰਾ' ਹੋ ਸੁਖ ਪਾਵੇ।

ਦੋ ਪੁਤਲੀਆਂ
ਰਾਜਾ ਭੋਜ ਪਾਸ ਇਕ ਪ੍ਰੇਮੀ ਦੋਇ ਪੁਤਲੀਆਂ ਲਿਆਯਾ,
ਬੜੀਆਂ ਸੁੰਦਰ, ਜਿਸ ਡਿੱਠੀਆਂ ਸਭ ਦਾ ਮਨ ਲਲਚਾਯਾ।
ਇਕੋ ਜੈਸੀ ਸ਼ਕਲ ਦੋਹਾਂ ਦੀ, ਇਕੋ ਜਿਹੀਆਂ ਲੰਮੀਆਂ,
ਮਾਨੋਂ ਦੋਇ ਜੋੜੀਆਂ, ਕੜੀਆਂ, ਇਕਸੇ ਛਿਨ ਹਨ ਜੰਮੀਆਂ।
ਗੋਰੇ ਰੰਗ, ਮੋਟੀਆਂ ਅੱਖਾਂ, ਨੱਕ ਤਿੱਖੇ, ਬੁੱਲ੍ਹ ਸੂਹੇ,
ਅੰਗ ਸੁਡੌਲ, ਪਤਲੀਆਂ ਬੁੱਲ੍ਹੀਆਂ, ਹੁਸਨ ਕਲੇਜੇ ਧੂਹੇ।
ਇਉਂ ਜਾਪੇ ਕਿ ਖਾਸ ਬਹਿਸ਼ਤੋਂ ਦੋ ਹੂਰਾਂ ਹਨ ਆਈਆਂ,
ਦਸਣ ਲਈ ਖ਼ੁਦਾ ਦੀਆਂ ਕਾਰੀਗਰੀਆਂ ਤੇ ਚਤਰਾਈਆਂ।
ਖ਼ੁਸ਼ ਹੋਇਆ ਡਾਢਾ ਹੀ ਰਾਜਾ, ਖ਼ੁਸ਼ ਹੋਏ ਦਰਬਾਰੀ,
ਵਾਹਵਾ, ਸ਼ਾਵਾ, ਧਨ ਧਨ, ਅਸ਼ ਅਸ਼, ਆਖੇ ਪਰਿਹਾਂ ਸਾਰੀ।
ਕਾਰੀਗਰ ਨੇ ਕਿਹਾ ਬਾਦਸ਼ਾਹ! ਹੋ ਇਕਬਾਲ ਸਵਾਇਆ,
ਇਨ੍ਹਾਂ ਪੁਤਲੀਆਂ ਵਿਚ ਮੈਂ, ਇਕ ਹੈ ਭਾਰਾ ਫ਼ਰਕ ਟਿਕਾਇਆ।
ਜਿਸ ਦੇ ਕਾਰਨ ਇਕ ਪੁਤਲੀ ਤਾਂ ਵਡ-ਮੁੱਲੀ ਹੈ ਪਿਆਰੀ,
'ਦੂਜੀ ਪੁਤਲੀ ਕੌਡੀਓਂ' ਖੋਟੀ ਦੁਖ ਦੇਣੀ ਹੈ ਭਾਰੀ।
ਕੋਈ ਸਜਣ ਫ਼ਰਕ ਇਨ੍ਹਾਂ ਦਾ ਵਿਚ ਦਰਬਾਰ ਬਤਾਵੇ,
'ਇਕ ਦਾ ਗੁਣ, ਦੂਜੀ ਦਾ ਔਗੁਣ, ਅਕਲ ਨਾਲ ਜਤਲਾਵੇ।
ਟਕਰਾਂ ਮਾਰ ਥਕੇ ਦਰਬਾਰੀ ਫ਼ਰਕ ਨ ਕੋਈ ਦਿਸਿਆ,
ਕੁਲ ਵਜੀਰਾਂ ਉੱਤੇ ਰਾਜਾ ਡਾਢਾ ਖਿਝਿਆ, ਰਿਸਿਆ।
ਆਖਰ ਇਕ ਗ਼ਰੀਬ ਕਵੀ ਨੇ ਉਹ ਘੁੰਡੀ ਫੜ ਲੀਤੀ,
ਜਿਸ ਦੇ ਬਦਲੇ ਰਾਜੇ ਉਸ ਨੂੰ ਪੇਸ਼ ਵਜਾਰਤ ਕੀਤੀ।
ਇਕ ਪੁਤਲੀ ਦੇ ਇਕ ਕੰਨੋਂ ਸੀ ਦੂਜੇ ਕੰਨ ਤਕ ਮੋਰੀ,
ਇਧਰ ਫੂਕ ਮਾਰੋ ਤਾਂ ਉਧਰੋਂ ਨਿਕਲ ਜਾਏ ਝਟ ਕੋਰੀ।
ਦੂਜੀ ਦੇ ਕੰਨ ਵਿਚ ਜੇ ਫੂਕੋ, ਫੂਕ ਢਿੱਡ ਵਿਚ ਰਹਿੰਦੀ,
ਯਾਨੀ ਲੱਖਾਂ ਸੁਣ ਕੇ ਗੱਲਾਂ ਕਿਸੇ ਤਾਈਂ ਨਾ ਕਹਿੰਦੀ।
ਪਹਿਲੀ ਪੁਤਲੀ ਵਰਗੀ ਨਾਰੀ, ਪਾਸੋਂ ਰੱਬ ਬਚਾਵੇ,
ਦੂਜੀ ਪੁਤਲੀ ਉੱਤੇ 'ਸੁਥਰੇ' ਸਦਕੇ ਦੁਨੀਆਂ ਜਾਵੇ।
Loading spinner