ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love
ਤੇਰੀ ਯਾਦ ਆਈ ਸਵੇਰੇ ਸਵੇਰੇ
ਡਾ. ਸਰਬਜੀਤ ਕੌਰ ਸੰਧਾਵਾਲੀਆ 

ਖੁਸ਼ੀ ਥਰਥਰਾਈ ਸਵੇਰੇ ਸਵੇਰੇ
ਕਲੀ ਮੁਸਕਰਾਈ ਸਵੇਰੇ ਸਵੇਰੇ
ਅਜੇ ਨੈਣ ਖੋਲ੍ਹੇ ਹੀ ਸਨ ਕਿ ਅਚਾਨਕ
ਤੇਰੀ ਯਾਦ ਆਈ ਸਵੇਰੇ ਸਵੇਰੇ
ਲਹੂ ਗੇੜ ਨੇ ਐਸੇ ਖਾਧੇ ਉਛਾਲੇ
ਨਬਜ਼ ਕੰਪਕਪਾਈ ਸਵੇਰੇ ਸਵੇਰੇ
ਤੇਰੇ ਨਾਮ ਨੂੰ ਪਰਸਿਆ ਬੁਲ੍ਹੀਆਂ ਨੇ
ਰਿਦੇ ਪੈਲ ਪਾਈ ਸਵੇਰੇ ਸਵੇਰੇ
ਪਪੀਹੇ ਦੀ ਪੀ ਪੀ ਤੇ ਕੋਇਲ ਦੀ ਕੂ ਕੂ
ਹੈ ਕੰਨਾਂ ਨੂੰ ਭਾਈ ਸਵੇਰੇ ਸਵੇਰੇ
ਛਿੜੀ ਗੁਫ਼ਤਗੂ ਹੈ ਤੇਰੀ ਪੰਛੀਆਂ ਵਿਚ
ਹਵਾ ਗੁਣਗੁਣਾਈ ਸਵੇਰੇ ਸਵੇਰੇ
ਮਹੀਲ ਮਾੜੀਆਂ ਕੁੱਲੀਆਂ ਬਸਤੀਆਂ ਵਿਚ
ਖ਼ੁਮਾਰੀ ਹੈ ਛਾਈ ਸਵੇਰੇ ਸਵੇਰੇ
ਹੋਈ ਬਾਂਸਰੀ ਮੇਰੇ ਸਾਹਾਂ ਦੀ ਸਰਗਮ
ਕੀ ਮਦਿਰਾ ਪਿਲਾਈ ਸਵੇਰੇ ਸਵੇਰੇ
ਜੋ ਮੱਥੇ 'ਚ ਚੜ੍ਹਿਆ ਤੇਰੇ ਨਾਂ ਦਾ ਸੂਰਜ
ਹੈ ਧੁੱਪ ਖਿਲਖਿਲਾਈ ਸਵੇਰੇ ਸਵੇਰੇ

ਸਾਡਾ ਮਾਲਕ ਜਨਾਬ ਵੀ ਤੂੰ ਹੈਂ
ਡਾ. ਸਰਬਜੀਤ ਕੌਰ ਸੰਧਾਵਾਲੀਆ 
ਤੂੰ ਹੀ ਬੁਲਬੁਲ ਗੁਲਾਬ ਵੀ ਤੂੰ ਹੀ ਹੈਂ
ਹੁਸਨ ਵੀ ਤੂੰ ਸ਼ਬਾਬ ਵੀ ਤੂੰ ਹੈਂ
ਤੂੰ ਹੀ ਆਸ਼ਕ ਮਾਸ਼ੂਕ ਵੀ ਤੂੰ ਹੀ
ਪਿਆਰ ਭਰਿਆ ਚਨਾਬ ਵੀ ਤੂੰ ਹੈਂ
ਤੂੰ ਹੀ ਨਗ਼ਮਾ ਹੈਂ ਰਾਗ ਵੀ ਤੂੰ ਹੀ
ਨਾਦ ਵੀ ਤੂੰ ਰਬਾਬ ਵੀ ਤੂੰ ਹੈਂ
ਤੂੰ ਇਬਾਰਤ ਹੈਂ ਕਲਮ ਵੀ ਤੂੰ ਹੀ
ਜ਼ਿੰਦਗੀ ਦੀ ਕਿਤਾਬ ਵੀ ਤੂੰ ਹੈਂ
ਤੂੰ ਤਸੱਵਰ ਹੈਂ ਹਕੀਕਤ ਵੀ ਤੂੰ ਹੈਂ
ਖ਼ੂਬਸੂਰਤ ਖਵਾਬ ਵੀ ਤੂੰ ਹੈਂ
ਤੂੰ ਹੀ ਡੁਲ੍ਹਕੇ ਸਿਤਾਰਿਆਂ ਅੰਦਰ
ਚੰਨ ਵੀ ਆਫ਼ਤਾਬ ਵੀ ਤੂੰ ਹੈਂ
ਮੌਤ ਕੀ ਹੈ ਤੇ ਜ਼ਿੰਦਗੀ ਕੀ ਹੈ
ਏਸ ਸਭ ਦਾ ਜਵਾਬ ਵੀ ਤੂੰ ਹੈਂ
ਤੇਰੇ ਸ਼ੁਕਰਾਨਿਆਂ ਚ ਭਰ ਆਏ
ਮੇਰੇ ਨੈਣਾਂ ਦੀ ਆਬ ਵੀ ਤੂੰ ਹੈਂ
ਆਜਿਜ਼ਾਂ ਨੂੰ ਤੂੰ ਮਰਤਬੇ ਬਖ਼ਸ਼ੇਂ
ਬੇਕਸਾਂ ਦਾ ਖਿਤਾਬ ਵੀ ਤੂੰ ਹੈਂ
ਖ਼ਾਕ ਦੀਆਂ ਪੁਤਲੀਆਂ ਦੀ ਕੀ ਹਸਤੀ
ਸਾਡਾ ਮਾਲਕ ਜਨਾਬ ਵੀ ਤੂੰ ਹੈਂ

ਬਾਝ ਤੇਰੇ ਨਹੀਂ ਆਧਾਰ ਕੋਈ
ਡਾ. ਸਰਬਜੀਤ ਕੌਰ ਸੰਧਾਵਾਲੀਆ
ਮੇਰੇ ਨੈਣਾਂ ਵਰਗਾ ਨਾ ਖ਼ਾਕਸਾਰ ਕੋਈ
ਤੇਰੇ ਵਰਗਾ ਨਾ ਆਬਸ਼ਾਰ ਕੋਈ
ਵਾਟ ਔਖੀ ਤੇ ਹੋਣੀਆਂ ਭਾਰੂ
ਜ਼ਿੰਦਗੀ ਜਾਪਦੀ ਅੰਗਾਰ ਕੋਈ
ਬੁਲਬੁਲੀ ਚੀਕ ਬਣ ਗਿਆ ਹਿਰਦਾ
ਯਾਦ ਆਉਂਦਾ ਹੈ ਬਾਰਬਾਰ ਕੋਈ
ਬਖ਼ਸ਼ ਮੈਨੂੰ ਵੀ ਮਿਹਰ ਦੀ ਰਿਮਝਿਮ
ਮੈਂ ਤਾਂ ਬੱਸ ਗਰਦ ਦਾ ਗ਼ੁਬਾਰ ਕੋਈ
ਤਪਦੇ ਸਹਿਰਾ ਦੀ ਵਾਟ ਹੈ ਮੇਰੀ
ਤੂੰ ਹੈਂ ਸੀਤਲ ਜਿਹੀ ਫੁਹਾਰ ਕੋਈ
ਸੋਜ਼-ਬਿਰਹਾ-ਸਬਰ-ਸ਼ੁਕਰ-ਹੰਝੂ
ਦਿਲੇ ਦਰਵੇਸ ਦਾ ਸਿੰਗਾਰ ਕੋਈ
ਤੇਰੀ ਕਰੁਣਾ ਕਮਾਲ ਹੈ ਸਾਹਿਬ
ਬਾਝ ਤੇਰੇ ਨਹੀਂ ਆਧਾਰ ਕੋਈ
ਤੇਰੀਆਂ ਰਹਿਮਤਾਂ ਦੇ ਕੀ ਕਹਿਣੇ
ਤੇਰਾ ਉਰਵਾਰ ਹੈ ਨਾ ਪਾਰ ਕੋਈ

ਤੇਰਾ ਹੀ ਤੇਰਾ ਨਾਮ ਹੈ
ਡਾ. ਸਰਬਜੀਤ ਕੌਰ ਸੰਧਾਵਾਲੀਆ
ਆਈ ਉਮਰ ਦੀ ਸ਼ਾਮ ਹੈ
ਆਰਾਮ ਹੀ ਆਰਾਮ ਹੈ
ਕੁਝ ਕੰਬਦੇ ਕੁਝ ਲਰਜ਼ਦੇ
ਹੋਠਾਂ ਤੇ ਤੇਰਾ ਨਾਮ ਹੈ
ਮੱਥੇ 'ਚ ਦੀਵਾ ਬਲ ਗਿਆ
ਹੋਇਆ ਕੋਈ ਇਲਹਾਮ ਹੈ
ਹੁਣ ਨਾ ਕੋਈ ਆਗਾਜ਼ ਹੈ
ਹੁਣ ਨਾ ਕੋਈ ਅੰਜ਼ਾਮ ਹੈ
ਮਨ ਪਰਤਿਆ ਪਰਵਾਸ ਤੋਂ
ਹੁਣ ਕਰ ਰਿਹਾ ਵਿਸ਼ਰਾਮ ਹੈ
ਮੈਂ ਖੁਸ਼ ਹਾਂ ਸਿਰ ਮੱਥੇ ਮੇਰੇ
ਦੁਨੀਆ ਦਾ ਹਰ ਇਕ ਇਲਜ਼ਾਮ ਹੈ
ਦਿਨ ਰਾਤ ਇਓਂ ਮਿਲਦੇ ਪਏ
ਜਿਉਂ ਰਾਧਿਕ ਘਨਸ਼ਾਮ ਹੈ
ਹੁਣ ਸ਼ੋਖੀਆਂ ਰੰਗੀਨੀਆਂ
ਸਭ ਤੋਂ ਹੀ ਦਿਲ ਉਪਰਾਮ ਹੈ
ਤਨ ਮਨ ਮੇਰਾ ਬਣਿਆ ਪਿਆ
ਤੇਰਾ ਹੀ ਤੀਰਥ ਧਾਮ ਹੈ
ਸਾਹਾਂ 'ਚ ਮੇਰੇ ਗੁੰਜਦਾ
ਤੇਰਾ ਹੀ ਤੇਰਾ ਨਾਮ ਹੈ

ਕਿਸੇ ਤੇ ਨਹੀਂ ਗਿਲਾ ਕੋਈ
ਡਾ. ਸਰਬਜੀਤ ਕੌਰ ਸੰਧਾਵਾਲੀਆ
ਹੇਠ ਵਿਛਿਆ ਹੈ ਕਰਬਲਾ ਕੋਈ
ਜ਼ਿੰਦਗੀ ਹੈ ਕਿ ਜ਼ਲਜ਼ਲਾ ਕੋਈ
ਪੀੜ ਪਰਬਤ ਬੁਲੰਦੀਆਂ ਛੋਹੇ
ਪਿਆਰ ਤੇਰੇ ਦਾ ਮਰਹਲਾ ਕੋਈ
ਕਲਮ ਮੇਰੀ ਦਾ ਸਿਰ ਕਲਮ ਹੋਇਆ
ਰੋਈ ਜਾਂਦਾ ਹੈ ਵਲਵਲਾ ਕੋਈ
ਵਾਂਗ ਕੁਕਨਸ ਦਿਲ ਫ਼ਨਾਹ ਹੋਇਆ
ਪਰ ਕਿਸੇ ਤੇ ਨਹੀਂ ਗਿਲਾ ਕੋਈ
ਜੀਹਦੀ ਵਲਗਣ 'ਚ ਓਟ ਮਿਲ ਜਾਏ
ਜ਼ਿੰਦਗੀ ਭਾਲਦੀ ਕਿਲ੍ਹਾ ਕੋਈ
ਗ਼ਮ ਸਮੋਏ ਡੂੰਘਾਣ ਵਿਚ ਏਨੇ
ਤੂੰ ਵੀ ਦਰੀਆਉ ਹੈਂ ਦਿਲਾ ਕੋਈ
ਬਖ਼ਸ਼ ਮੈਨੂੰ ਵੀ ਚਰਨ ਛੋਹ ਆਪਣੀ
ਮੈਂ ਵੀ ਪੱਥਰ ਦੀ ਹਾਂ ਸਿਲਾ ਕੋਈ
ਬਹੁਤ ਪਿਆਸੀ ਹਾਂ ਬਹੁਤ ਘਾਇਲ ਹਾਂ
ਇਸ਼ਕ ਦਾ ਜਾਮ ਪਿਲਾ ਕੋਈ
ਹੱਸ ਹੱਸ ਕੇ ਜੋ ਸੂਲੀਆਂ ਚੜ੍ਹਦਾ
ਐਸਾ ਮਨਸੂਰ ਤਾਂ ਮਿਲਾ ਕੋਈ

ਸੁਣਾਈਏ ਕਿਸ ਤਰ੍ਹਾਂ
ਡਾ. ਸਰਬਜੀਤ ਕੌਰ ਸੰਧਾਵਾਲੀਆ
ਤੇਰੀਆਂ ਲਿਖੀਆਂ ਨਿਭਾਈਏ ਕਿਸ ਤਰ੍ਹਾਂ
ਖੇੜਿਆਂ ਦਾ ਘਰ ਵਸਾਈਏ ਕਿਸ ਤਰ੍ਹਾਂ
ਅੱਥਰੂ ਤਾਂ ਬੋਲਣਾ ਨਹੀਂ ਜਾਣਦੇ
ਦਰਦ ਦੇ ਕਿੱਸੇ ਸੁਣਾਈਏ ਕਿਸ ਤਰ੍ਹਾਂ
ਚਾਦਰਾ ਤਨ ਮਨ ਦਾ ਦਾਗ਼ੋ-ਦਾਗ਼ ਹੈ
ਵਸਲ ਦੀ ਸੇਜਾ ਵਿਛਾਈਏ ਕਿਸ ਤਰ੍ਹਾਂ
ਹਾਂ ਨਿਗੁਣੇ ਫਰਸ਼ ਦੇ ਵਾਸੀ ਅਸੀਂ
ਅਰਸ਼ ਦੇ ਸੁਪਨੇ ਸਜਾਈਏ ਕਿਸ ਤਰ੍ਹਾਂ
ਜ਼ਿੰਦਗੀ ਦਾ ਸਾਜ਼ ਸੁਰ ਨਾ ਕਰ ਸਕੇ
ਪਿਆਰ ਦੇ ਹੁਣ ਗੀਤ ਗਾਈਏ ਕਿਸ ਤਰ੍ਹਾਂ।

 

Loading spinner