ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love
ਕਿਥੋਂ ਤੱਕ ਜਾਇਜ਼ ਹੈ ਪੰਜਾਬੀ ਭਾਸ਼ਾ ਦੇ ਭਵਿੱਖ ਬਾਰੇ ਨਿਰਾਸ਼ਾਵਾਦੀ ਹੋਣਾ
ਤਿਰਛੀ ਨਜ਼ਰ
ਬਲਜੀਤ ਬੱਲੀ

ਪਿਛਲੇ ਮਹੀਨੇ (ਮਾਰਚ 2010) ਕੈਨੇਡਾ ਵਿਚ ਹੋਈਆਂ ਸਰਦ ਰੁਤ ਓਲੰਪਿਕ ਖੇਡਾਂ ਸਬੰਧੀ ਦੋ ਖ਼ਬਰਾਂ ਦੇਸੀ-ਵਿਦੇਸ਼ੀ ਮੀਡੀਏ ਵਿਚ ਚਰਚਾ ਦਾ ਵਿਸ਼ਾ ਬਣੀਆਂ। ਇਨ੍ਹਾਂ ਵਿਚੋਂ ਇੱਕ ਉਥੇ ਸ਼ਿਵਾ ਕੇਸ਼ਨਵ ਦੀ ਅਗਵਾਈ ਹੇਠ ਗਈ ਭਾਰਤੀ ਟੀਮ ਨਾਲ ਸਬੰਧਿਤ ਖ਼ਬਰ ਅਫ਼ਸੋਸਨਾਕ ਸੀ। ਮੀਡੀਏ ਦੀਆਂ ਸੁਰਖੀਆਂ ਬਣੀਆਂ ਕਿ ਇਸ ਭਾਰਤੀ ਟੀਮ ਕੋਲ ਢੁੱਕਵੀਂਆਂ ਵਰਦੀਆਂ ਨਹੀਂ ਸਨ। ਸਿੱਟੇ ਵਜੋਂ ਉਥੋਂ ਦੇ ਇਕ ਰੇਡੀਓ ਬ੍ਰੋਡਕਾਸਟਰ ਨੇ ਉਨ੍ਹਾਂ ਦੀ ਮਦਦ ਲਈ ਫੰਡ ਇਕੱਠਾ ਕਰਨ ਲਈ ਇਕ ਡਿਨਰ ਪਾਰਟੀ ਕੀਤੀ। ਉਥੋਂ ਦੇ ਇਕ ਖੇਡ ਪ੍ਰਮੋਟਰ ਨੇ ਭਾਰਤੀ ਟੀਮ ਨੂੰ ਵਰਦੀਆਂ ਅਤੇ ਕੁਝ ਹੋਰ ਸਾਜੋ-ਸਮਾਨ ਸਪਾਂਸਰ ਕਰਨ ਦੀ ਪੇਸ਼ਕਸ਼ ਵੀ ਕੀਤੀ। ਬੇਸ਼ੱਕ ਸਬੰਧਿਤ ਖੇਡ ਫੈਡਰੇਸ਼ਨ ਦੇ ਮੁਖੀ ਨੇ ਇਸ ਮਾਮਲੇ 'ਚ ਆਪਣੀ ਸਫ਼ਾਈ ਵੀ ਦਿੱਤੀ ਪਰ ਹਕੀਕਤ ਵਿਚ ਸਾਡੇ ਮੁਲਕ ਦੇ ਮਾਣ-ਸਨਮਾਨ ਨੂੰ ਵਿਸ਼ਵ ਪੱਧਰੀ ਹਾਨੀ ਹੋਈ। ਇਸ ਘਟਨਾਕ੍ਰਮ ਨੇ ਸਾਡੀਆਂ ਖੇਡ ਫੈਡਰੇਸ਼ਨਾਂ ਤੇ ਸੰਸਥਾਵਾਂ 'ਤੇ ਜੱਫਾ ਮਾਰੀ ਬੈਠੇ ਖ਼ੁਦਗਰਜ਼ ਸਿਆਸਤਦਾਨਾਂ, ਅਫ਼ਸਰਸ਼ਾਹਾਂ ਅਤੇ ਹੋਰਨਾ ਗ਼ੈਰ ਖਿਡਾਰੀ ਲੋਕਾਂ ਦੇ ਨਾਕਸ ਪ੍ਰਬੰਧ ਨੂੰ ਇਕ ਵਾਰ ਫੇਰ ਉਜਾਗਰ ਕੀਤਾ। ਦੂਜੇ ਪਾਸੇ, ਵੈਨਕੂਵਰ ਅਤੇ ਨੇੜਲੇ ਪਹਾੜੀ ਸਥਾਨ ਵਿਸਲਰ ਵਿਖੇ ਹੋਈਆਂ ਸਰਦ ਰੁਤ ਓਲੰਪਿਕ ਖੇਡਾਂ ਸਬੰਧੀ ਇਕ ਖੁਸ਼ਖ਼ਬਰੀ ਹੈ ਜਿਸ 'ਤੇ ਹਰ ਇਕ ਪੰਜਾਬੀ ਫ਼ਖ਼ਰ ਕਰ ਸਕਦਾ ਹੈ। ਪਹਿਲੀ ਵਾਰ ਇਹਨਾਂ ਖੇਡਾਂ ਦੇ ਇਤਿਹਾਸ ਵਿਚ ਆਈਸ-ਹਾਕੀ ਦੀ ਰਿਪੋਰਟਿੰਗ ਅਤੇ ਕਮੈਂਟਰੀ ਇਕ ਬਹੁ-ਭਾਸ਼ੀ ਕਨੇਡੀਅਨ ਟੀ.ਵੀ. ਚੈਨਲ ਨੇ ਪੰਜਾਬੀ ਵਿਚ ਨਸ਼ਰ ਕੀਤੀ। ਕੈਨੇਡਾ ਦੇ ਨਾਮਵਰ 'ਓਮਨੀ' ਟੀ.ਵੀ. ਚੈਨਲ ਵੱਲੋਂ ਉਚੇਚੇ ਤੌਰ 'ਤੇ ਇਕ ਤਿੰਨ ਮੈਂਬਰੀ ਟੀਮ ਬਣਾ ਕੇ 28 ਫਰਵਰੀ ਤੱਕ ਚੱਲੇ ਮਰਦਾਂ ਅਤੇ ਔਰਤਾਂ ਦੇ ਆਈਸ-ਹਾਕੀ ਮੁਕਾਬਲਿਆਂ ਦੀ ਰੋਜ਼ਾਨਾ ਪੰਜਾਬੀ ਵਿਚ ਲਗਾਤਾਰ ਕਮੈਂਟਰੀ ਕੀਤੀ। ਇਸ ਟੀਮ ਵਿਚ 'ਓਮਨੀ' ਟੀ.ਵੀ. ਦੇ ਖੇਡ ਵਿੰਗ ਦੇ ਇੰਚਾਰਜ ਜੈੱਟ ਬਾਸੀ (ਜਤਿੰਦਰ ਬਾਸੀ), ਜਸਦੀਪ ਵਾਹਲਾ ਅਤੇ ਭੁਪਿੰਦਰ ਹੁੰਦਲ ਸ਼ਾਮਲ ਸਨ। ਇਸ ਪੰਜਾਬੀ ਕਮੈਂਟਰੀ ਦੀ ਚਰਚਾ ਕਨੇਡੀਅਨ ਮੀਡੀਏ ਵਿਚ ਖ਼ੂਬ ਹੋਈ। ਦਿਲਚਸਪ ਗੱਲ ਇਹ ਹੈ ਕਿ ਕਮੈਂਟਰੀ ਕਰਨ ਵਾਲੇ ਮੁੱਖ ਰਿਪੋਰਟਰ 32 ਸਾਲਾ ਜੈੱਟ ਬਾਸੀ ਕੈਨੇਡਾ ਦੇ ਹੀ ਐਡਮਿੰਟਨ ਦੇ ਜਮਪਲ ਹਨ। ਇਥੋਂ ਤੱਕ ਕਿ ਇਸ ਕਮੈਂਟਰੀ ਨੂੰ ਚੈਨਲ ਵੱਲੋਂ ਆਪਣੀ ਵੈੱਬਸਾਈਟ www.omnibc.ca ' ਤੇ ਵੀ ਪਾਇਆ ਗਿਆ। 'ਓਮਨੀ' ਟੀ.ਵੀ. ਦੇ ਇਸ ਯਤਨ ਨੇ ਕੈਨੇਡਾ ਅਤੇ ਖ਼ਾਸ ਕਰਕੇ ਬ੍ਰਿਟਿਸ਼ ਕੋਲੰਬਿਆ ਸੂਬੇ ਵਿਚ ਪੰਜਾਬੀ ਜ਼ੁਬਾਨ ਨੂੰ ਇਕ ਹੋਰ ਹੁਲਾਰਾ ਦਿੱਤਾ ਹੈ। ਚੇਤੇ ਰਹੇ ਕਿ ਪਹਿਲਾਂ ਹੀ ਇਸ ਸੂਬੇ ਵਿਚ ਪੰਜਾਬੀ ਨੂੰ ਦੂਜੇ ਦਰਜੇ ਵਾਲੀਆਂ ਭਾਸ਼ਾਵਾਂ ਵਿਚ ਸ਼ਾਮਲ ਕੀਤਾ ਜਾ ਚੁੱਕਾ ਹੈ। ਇਹ ਮੌਕਾ ਮੇਲ ਹੀ ਸਮਝੋ ਕਿ ਪਿਛਲੇ ਮਹੀਨੇ ਹੀ ਹਰਿਆਣਾ ਦੀ ਹੁੱਡਾ ਸਰਕਾਰ ਵੱਲੋਂ ਰਾਜ ਵਿਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਦੇਣ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਮੁੱਖ ਮੰਤਰੀ ਚੌਧਰੀ ਭੁਪਿੰਦਰ ਸਿੰਘ ਹੁੱਡਾ ਵੱਲੋਂ ਆਪਣੇ ਸੂਬੇ ਵਿਚ ਪੰਜਾਬੀ ਭਾਸ਼ਾ ਨੂੰ ਢੁੱਕਵਾਂ ਥਾਂ ਦੇਣ ਲਈ ਕੁਝ ਹੋਰ ਵੀ ਅਹਿਮ ਐਲਾਨ ਕੀਤੇ ਗਏ ਹਨ ਜਿਨ੍ਹਾਂ ਵਿਚ ਰਾਜ ਵਿਧਾਨ ਸਭਾ ਵਿਚ ਪੰਜਾਬੀ ਦੀ ਵਰਤੋਂ ਦੀ ਖੁਲ੍ਹ ਅਤੇ ਇਸਦੀ ਰਿਕਾਰਡਿੰਗ ਵੀ ਪੰਜਾਬੀ ਵਿਚ ਕੀਤੇ ਜਾਣ ਦਾ ਐਲਾਨ ਬਹੁਤ ਅਹਿਮ ਹੈ। ਭਾਵੇਂ ਇਹ ਸਵਾਲ ਤਾਂ ਅਜੇ ਵੀ ਖੜ੍ਹਾ ਹੈ ਕਿ ਹੁੱਡਾ ਸਰਕਾਰ ਦੇ ਇਹ ਫੈਸਲੇ ਅਮਲੀ ਰੂਪ ਵਿਚ ਕਿੰਨੇ ਕੁ ਲਾਗੂ ਹੋਣਗੇ ਅਤੇ ਕੀ ਸਹੀ ਅਰਥਾਂ ਵਿਚ ਹਰਿਆਣੇ ਵਿਚ ਪੰਜਾਬੀ ਦੂਜੀ ਭਾਸ਼ਾ ਦਾ ਦਰਜਾ ਹਾਸਲ ਕਰ ਸਕੇਗੀ ਪਰ ਪੰਜਾਬੀ ਜਗਤ ਲਈ ਇਹ ਫੈਸਲੇ ਤੇ ਘਟਨਾਵਾਂ ਆਸ਼ਾਵਾਦੀ ਸੰਕੇਤ ਜ਼ਰੂਰ ਹਨ। ਵਿਸ਼ਵ ਪੰਜਾਬੀ ਕੇਂਦਰ ਪਟਿਆਲਾ ਵੱਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਕਰਵਾਈ ਗਈ ਅੰਤਰ ਰਾਸ਼ਟਰੀ ਕਾਨਫਰੰਸ ਮੌਕੇ ਪਾਕਿਸਤਾਨ ਅਕੈਡਮੀ ਆਫ ਲੈਟਰਜ਼ ਦੇ ਮੁਖੀ ਤੇ ਨਾਮਵਰ ਲੇਖਕ ਫ਼ਖ਼ਰ ਜ਼ਮਾਨ ਵੱਲੋਂ ਪੰਜਾਬੀ ਭਾਸ਼ਾ ਖ਼ਤਮ ਹੋਣ ਦੇ ਖ਼ਦਸ਼ਿਆਂ ਨੂੰ ਨਕਾਰਨ ਦੀ ਵੀ ਤਾਈਦ ਕਰਨੀ ਬਣਦੀ ਹੈ। ਪਿਛਲੇ ਕਾਫ਼ੀ ਸਮੇਂ ਤੋਂ ਯੂਨੈਸਕੋ ਦੀ ਇਕ ਰਿਪੋਰਟ ਦਾ ਹਵਾਲਾ ਦੁਨੀਆ ਭਰ 'ਚ ਦਿੱਤਾ ਜਾ ਰਿਹਾ ਹੈ ਜਿਸ ਵਿਚ ਇਹ ਲਿਖਿਆ ਸੀ ਕਿ ਅਗਲੇ 50 ਸਾਲਾਂ ਦੌਰਾਨ ਪੰਜਾਬੀ ਭਾਸ਼ਾ ਖ਼ਤਮ ਹੋ ਜਾਏਗੀ।

ਵੱਧ ਖ਼ਤਰਾ ਕਿਸ ਤੋਂ?
ਖ਼ਤਰਾ ਤਾਂ ਜ਼ਰੂਰ ਹੈ ਪਰ ਫਿਰ ਵੀ ਬਿਲਕੁਲ ਨਿਰਾਸ਼ਾਵਾਦੀ ਹੋਣ ਦੀ ਲੋੜ ਨਹੀਂ। ਕੁਝ ਪੱਖਾਂ ਨੂੰ ਗਹੁ ਨਾਲ ਵਾਚਣ ਅਤੇ ਧਿਆਨ ਵਿਚ ਰੱਖਣ ਅਤੇ ਅਮਲੀ ਪਹੁੰਚ ਅਪਨਾਉਣੀ ਜ਼ਰੂਰੀ ਹੈ। ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਕੋਈ ਵੀ ਭਾਸ਼ਾ ਹਮੇਸ਼ਾ ਇਕੋ ਜਿਹੇ ਰੂਪ ਵਿਚ ਨਹੀਂ ਰਹਿ ਸਕਦੀ। ਭਾਸ਼ਾ ਕਿਸੇ ਵੀ ਜਗਾ ਦੇ ਆਰਥਕ , ਸਮਾਜਕ ਅਤੇ ਸਭਿਆਚਾਰਕ ਢਾਂਚੇ ਦਾ ਇੱਕ ਅਨਿੱਖੜਵਾਂ ਹਿੱਸਾ ਬਣ ਕੇ ਚਲਦੀ ਹੈ। ਲੋਕਾਂ ਦੇ ਰਹਿਣ ਸਹਿਣ, ਬੋਲ ਚਾਲ ਖਾਣ-ਪਹਿਨਣ ਅਤੇ ਕਦਰਾਂ ਕੀਮਤਾਂ ਨੂੰ ਆਰਥਕ ਰਿਸ਼ਤੇ ਸਭ ਤੋਂ ਵੱਧ ਪਰਭਾਵਿਤ ਕਰਦੇ ਹਨ। ਬੁਨਿਆਦ ਕਾਇਮ ਰੱਖਦਿਆਂ ਵੀ ਜੇਕਰ ਕੋਈ ਭਾਸ਼ਾ ਬਦਲਦੇ ਸਮੇਂ ਦੀ ਹਾਣੀ ਨਾ ਬਣ ਸਕੇ ਤਾਂ ਇਸ ਦੀ ਵਰਤੋਂ ਦਾ ਘੇਰਾ ਸੁੰਗੜਨਾ ਸੁਭਾਵਕ ਹੀ ਹੁੰਦਾ ਹੈ। ਪੰਜਾਬੀ ਬੋਲੀ ਦੀ ਰਵਾਨਗੀ ਬਣਾਈ ਰੱਖਣ ਲਈ ਇਸ ਪੱਖੋਂ ਇਸ ਦਰ ਮੋਕਲੇ ਕਰਨ ਜ਼ਰੂਰੀ ਹਨ ਕਿ ਇਹ ਨਵੀਂ ਪੀੜ੍ਹੀ ਦੇ ਨਾਲ ਵੀ ਚਲ ਸਕੇ। ਇਸ ਮੰਤਵ ਲਈ ਉਨ੍ਹਾਂ ਭਾਸ਼ਾਵਾਂ ਦੇ ਸ਼ਬਦਾਂ ਦੀ ਵਰਤੋਂ ਨੂੰ ਪੰਜਾਬੀ ਵਿਚ ਸ਼ਾਮਲ ਕਰਨਾ ਪਵੇਗਾ ਜੋ ਕਿ ਸੰਸਾਰ ਗਿਆਨ ਦਾ ਸੋਮਾ ਹਨ ਅਤੇ ਜਿਨ੍ਹਾਂ ਦੀ ਗਲੋਬਲ ਵਰਤੋਂ ਅਤੇ ਮਾਨਤਾ ਹੈ। ਇੰਨਾ ਵਿੱਚੋਂ ਅੰਗਰੇਜ਼ੀ ਸਭ ਤੋਂ ਵੱਡੀ ਹੈ। ਅੰਗਰੇਜ਼ੀ ਭਾਸ਼ਾ ਦੇ ਸੰਸਾਰ ਭਰ ਤੇ ਛਾਏ ਰਹਿਣ ਅਤੇ ਆਲਮੀ ਪੱਧਰ ਦੀ ਸੰਪਰਕ ਭਾਸ਼ਾ ਬਣਨ ਪਿੱਛੇ ਬੇਸ਼ੱਕ ਬਰਤਾਨਵੀ ਸਾਮਰਾਜ ਦਾ ਫੈਲਾਉ ਸੀ ਪਰ ਇਸ ਦਾ ਇੱਕ ਹੋਰ ਪੱਖ ਵੀ ਮਹੱਤਵਪੂਰਨ ਹੈ ਕਿ ਗੋਰਿਆਂ ਨੇ ਅੰਗਰੇਜ਼ੀ ਦੇ ਖਿੜਕੀਆਂ ਦਰਵਾਜ਼ੇ ਖੁੱਲ੍ਹੇ ਰੱਖੇ। ਅੰਗਰੇਜਾਂ ਨੇ ਪੁਰਾਤਨ ਸਮੇਂ ਤੋਂ ਹੀ ਆਪਣੇ ਸੰਪਰਕ ਵਿਚ ਆਉਣ ਵਾਲੀਆਂ ਸਾਰੀਆਂ ਭਾਸ਼ਾਵਾਂ ਦੇ ਸ਼ਬਦ ਗਿਆਨ ਨੂੰ ਲੋੜ ਮੁਤਾਬਿਕ ਅੰਗਰੇਜ਼ੀ ਸ਼ਬਦਕੋਸ਼ ਦਾ ਹਿੱਸਾ ਬਣਾਉਣ ਦੀ ਵਿਧੀ ਅਪਣਾਈ। ਰੋਮਨ, ਯੂਨਾਨੀ, ਲਾਤੀਨੀ, ਫਰਾਂਸੀਸੀ, ਚੀਨੀ, ਉਰਦੂ, ਫ਼ਾਰਸੀ ਤੇ ਭਾਰਤੀ ਭਾਸ਼ਾਵਾਂ ਦੇ ਪਰਚਲਤ ਸ਼ਬਦ ਅੰਗਰੇਜ਼ੀ ਵਿਚ ਸ਼ਾਮਲ ਕੀਤੇ ਜਾਂਦੇ ਰਹੇ। ਇਥੋਂ ਤੱਕ ਕਿ ਵੱਖ ਵੱਖ ਖ਼ਿੱਤਿਆਂ ਅਤੇ ਮੁਲਕਾਂ ਦੀਆਂ ਖੇਤਰੀ ਭਾਸ਼ਾਵਾਂ, ਜਿਨ੍ਹਾਂ ਵਿਚ ਪੰਜਾਬੀ ਵੀ ਸ਼ਾਮਲ ਹੈ, ਦੀ ਸ਼ਬਦਾਵਲੀ ਨੂੰ ਅੰਗਰੇਜ਼ੀ ਦਾ ਅੰਗ ਬਣਾਇਆ। ਹੁਣ ਵੀ ਹਰ ਸਾਲ ਦੁਨੀਆ ਭਰ ਦੀਆਂ ਭਾਸ਼ਾਵਾਂ ਵਿਚੋਂ ਸੈਂਕੜੇ ਸ਼ਬਦ ਆਕਸਫੋਰਡ ਡਿਕਸ਼ਨਰੀ ਵਿਚ ਸ਼ਾਮਲ ਕਰਕੇ ਇਨ੍ਹਾਂ ਨੂੰ ਮਾਨਤਾ ਦਿੱਤੀ ਜਾਂਦੀ ਹੈ।
ਬੇਸ਼ੱਕ ਸਾਡੀ ਬੋਲੀ ਵਿਚ ਵੀ ਅੰਗਰੇਜ਼ੀ ਸ਼ਬਦਾਂ ਦੀ ਵਰਤੋਂ ਬਹੁਤ ਹੋ ਰਹੀ ਹੈ ਅਤੇ ਰਵਾਇਤੀ ਸ਼ਬਦਾਵਲੀ ਅਲੋਪ ਹੋ ਰਹੀ ਹੈ ਪਰ ਜੇਕਰ ਚੇਤਨ ਪੱਧਰ ਤੇ ਗਿਆਨ ਭੰਡਾਰ ਵਿਚ ਵਾਧਾ ਕਰਨ ਅਤੇ ਭਾਸ਼ਾ ਨੂੰ ਸਮੇਂ ਦੀ ਹਾਣੀ ਬਣਾਉਣ ਦੇ ਮਕਸਦ ਨਾਲ ਬੱਝਵੇਂ ਤੇ ਵਿਓਂਤਬੱਧ ਯਤਨ ਇਸ ਦਿਸ਼ਾ ਵਿਚ ਕੀਤੇ ਜਾਣ ਤਾਂ ਇਸਦਾ ਨਤੀਜਾ ਹੋਰ ਹੋਵੇਗਾ। ਹੁਣ ਤਾਂ ਅਜਿਹੇ ਥਾਂ ਵੀ ਗੂੜ੍ਹ ਹਿੰਦੀ, ਸੰਸਕ੍ਰਿਤ ਜਾਂ ਅੰਗਰੇਜ਼ੀ ਦੇ ਸ਼ਬਦ ਵਰਤੇ ਜਾਣ ਲੱਗੇ ਹਨ ਜਿਨ੍ਹਾਂ ਦੇ ਬਦਲ ਵਿਚ ਪੰਜਾਬੀ ਦੇ ਢੁੱਕਵੇਂ ਤੇ ਫਬਵੇਂ ਸ਼ਬਦ ਵੀ ਮੌਜੂਦ ਹਨ। ਮੈਂ ਵੀ ਉਨ੍ਹਾਂ ਪੰਜਾਬੀ ਚਿੰਤਕਾਂ ਨਾਲ ਸਹਿਮਤ ਹਾਂ ਜੋ ਇਹ ਕਹਿੰਦੇ ਨੇ ਕਿ ਪੰਜਾਬੀ ਨੂੰ ਅੰਗਰੇਜ਼ੀ ਨਾਲੋਂ ਵਧੇਰੇ ਖ਼ਤਰਾ ਹਿੰਦੀ ਤੋਂ ਹੈ। ਇਸ ਮਾਮਲੇ ਵਿਚ ਅਖ਼ਬਾਰੀ ਅਤੇ ਟੀ ਵੀ ਮੀਡਿਆ ਨੇ ਪੰਜਾਬੀ ਦਾ ਬਹੁਤ ਨਾਸ ਮਾਰਿਐ। ਨੋਟੀਫੀਕੇਸ਼ਨ ਸ਼ਬਦ ਨੂੰ ਅਧਿਸੂਚਨਾ, ਵਾਈਸ ਚਾਂਸਲਰ ਨੂੰ ਉਪ-ਕੁਲਪਤੀ, ਆਰਡੀਨੈਂਸ ਨੂੰ ਅਧਿਆਦੇਸ਼, ਬੇਭਰੋਸਗੀ ਦੇ ਮਤੇ ਨੂੰ ਅਵਿਸ਼ਵਾਸ ਦਾ ਮਤਾ ਲਿਖਣ ਅਤੇ ਹੋਰ ਇਹੋ ਜਿਹੇ ਸ਼ਬਦਾਂ ਦੀ ਵਰਤੋਂ ਦਾ ਪਿਆ ਰਿਵਾਜ ਪੰਜਾਬੀ ਨੂੰ ਬੇਹੱਦ ਨੁਕਸਾਨ ਪਹੁੰਚਾ ਰਿਹਾ ਹੈ। ਹੋ ਸਕਦੈ ਕਿ ਕੁਝ ਲੋਕ ਇਸ ਵਿਚਾਰ ਨਾਲ ਸਹਿਮਤ ਨਾ ਹੋਣ ਪਰ ਜਿਹੜੇ ਅੰਗਰੇਜ਼ੀ ਦੇ ਸ਼ਬਦਾਂ ਦਾ ਕੋਈ ਢੁੱਕਵਾਂ ਬਦਲ ਪੰਜਾਬੀ ਵਿਚ ਨਹੀਂ ਹੈ ਤਾਂ ਪਰਚਲਤ ਅਤੇ ਲੋਕਾਂ ਦੀ ਜ਼ਬਾਨ ਤੇ ਚੜ੍ਹੇ ਅੰਗਰੇਜ਼ੀ ਸ਼ਬਦਾਂ ਨੂੰ ਸੋਚ ਸਮਝ ਕੇ ਪੰਜਾਬੀ ਬੋਲੀ ਦਾ ਹਿੱਸਾ ਬਣਾ ਲੈਣਾ ਚਾਹੀਦਾ ਹੈ।

ਨਵੀਂ ਤਕਨਾਲੋਜੀ ਵੀ ਵਰਦਾਨ
ਕੰਪਿਊਟਰ, ਇੰਟਰਨੈੱਟ, ਨੈਟਵਰਕਿੰਗ, ਵੈੱਬਸਾਈਟ, ਮੋਬਾਈਲ, ਸੈਲ ਫੋਨ, ਫੋਨ ਕਾਲ, ਕਾਲ ਸੈਂਟਰ, ਸਟਾਕ ਐਕਸਚੇਂਜ, ਸ਼ੇਅਰ ਬਾਜ਼ਾਰ ਵਰਗੇ ਪਰਚਲਤ ਸ਼ਬਦਾਂ ਨੂੰ ਅਪਨਾਉਣਾ ਹੀ ਪੈਣਾ ਹੈ। ਮਜ਼ਬੂਰੀ ਹੈ ਕਿ ਦੁਨੀਆ ਦਾ ਸਭ ਤੋਂ ਵੱਧ ਅਤੇ ਤਾਜ਼ਾ ਖੋਜ ਗਿਆਨ ਅੰਗਰੇਜ਼ੀ ਭਾਸ਼ਾ ਰਾਹੀਂ ਸਾਡੇ ਤੱਕ ਪੁੱਜ ਰਿਹਾ ਹੈ। ਇਸ ਲਈ ਪੰਜਾਬੀ ਨੂੰ ਇਸ ਤੋਂ ਪਰ੍ਹੇ ਰੱਖ ਕੇ ਨਹੀਂ, ਇਸ ਨਾਲ ਸੁਮੇਲ ਕਰਕੇ ਹੀ ਬਚਾਇਆ ਜਾ ਸਕਦਾ ਹੈ।
ਇਸ ਮਕਸਦ ਲਈ ਪੰਜਾਬੀ ਵਿਚ ਆਧੁਨਿਕ ਤਕਨਾਲੋਜੀ ਦੀ ਵੱਧ ਤੋਂ ਵੱਧ ਵਰਤੋਂ ਲਈ ਢੁੱਕਵੀਂ ਖੋਜ ਅਤੇ ਇਸ ਨੂੰ ਆਮ ਲੋਕਾਂ ਅਤੇ ਖ਼ਾਸ ਕਰਕੇ ਨਵੀਂ ਪੀੜ੍ਹੀ ਤਕ ਪੁਚਾਉਣ ਲਈ ਵੱਡੇ ਪੱਧਰ ਤੇ ਸਰਕਾਰੀ ਅਤੇ ਗ਼ੈਰਸਰਕਾਰੀ ਯਤਨ ਕਰਨੇ ਜ਼ਰੂਰੀ ਹਨ। ਇਸ ਦਿਸ਼ਾ ਵਿਚ ਅਮਰੀਕਾ ਦੇ ਡਾ ਕੁਲਬੀਰ ਸਿੰਘ ਥਿੰਦ,ਕਨੇਡਾ ਦੇ ਕਿਰਪਾਲ ਸਿੰਘ ਪੰਨੂ, ਲੁਧਿਆਣੇ ਦੇ ਜਨਮੇਜਾ ਸਿੰਘ ਜੌਹਲ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਇਸ ਦੇ ਖੋਜੀ ਵਿਦਵਾਨ ਡਾ ਗੁਰਪ੍ਰੀਤ ਸਿੰਘ ਲਹਿਲ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕੀਤੇ ਯਤਨ ਮਾਰਕੇ ਵਾਲੇ ਹੀ ਹਨ।

ਨਿਰਾਸ਼ਾਵਾਦੀ ਹੋਣ ਦੀ ਲੋੜ ਨਹੀ
ਨਵੀਂ ਇੰਟਰਨੈੱਟ ਅਤੇ ਸੂਚਨਾ ਤਕਨਾਲੋਜੀ ਨੇ ਅੰਗਰੇਜ਼ੀ ਦਾ ਬੋਲਬਾਲਾ ਵੀ ਕੀਤਾ ਹੈ ਪਰ ਪੰਜਾਬੀ ਵਰਗੀਆਂ ਕੁਝ ਭਾਸ਼ਾਵਾਂ ਨੂੰ ਦੁਨੀਆ ਭਰ ਵਿਚ ਸੰਪਰਕ ਫੈਲਾਉਣ ਪੱਖੋਂ ਲਾਭ ਵੀ ਪਹੁੰਚਾਇਆ ਹੈ। ਹੁਣ ਸਿਰਫ ਇੱਕ ਪਲ ਵਿੱਚ ਵੀ ਦੁਨੀਆ ਵਿਚ ਬੈਠਾ ਕੋਈ ਵੀ ਪੰਜਾਬੀ, ਪੰਜਾਬੀ ਦੇ ਅਖ਼ਬਾਰ ਪੜ੍ਹ ਸਕਦਾ ਹੈ ਅਤੇ ਪੰਜਾਬੀ ਟੀ ਵੀ ਚੈਨਲ ਤੇ ਹੋਰ ਪ੍ਰੋਗਰਾਮ ਦੇਖ ਸਕਦੈ, ਪੰਜਾਬੀ ਦੇ ਰੇਡੀਓ ਪ੍ਰੋਗਰਾਮ ਸੁਣ ਸਕਦੈ। ਹੁਣ ਤਾਂ ਗੂਗਲ ਵਰਗੇ ਪੋਰਟਲ ਨੇ ਵੀ ਰੋਮਨ ਰਾਹੀਂ ਗੁਰਮੁਖੀ ਲਿਪੀ ਵਿਚ ਪੰਜਾਬੀ ਲਿਖਣ ਅਤੇ ਈ-ਮੇਲ ਪੰਜਾਬੀ ਵਿਚ ਕਰਨ ਦੀ ਸਹੂਲਤ ਮਹੱਈਆ ਕਰਾ ਦਿੱਤੀ ਹੈ। ਧਰਤੀ ਦੇ ਕਿਸੇ ਵੀ ਹਿੱਸੇ ਵਿਚ ਬੈਠੇ ਪੰਜਾਬੀ ਬੱਚੇ ਇੰਟਰਨੈੱਟ ਰਾਹੀਂ ਘਰ ਬੈਠੇ ਪੰਜਾਬੀ ਸਿੱਖ ਸਕਦੇ ਨੇ। ਇਸ ਸਾਰੇ ਕੁਝ ਨੇ ਸੰਸਾਰ ਭਰ ਵਿਚ ਵਸੇ ਪੰਜਾਬੀਆਂ ਵਿਚਕਾਰ ਭਾਸ਼ਾ ਦੇ ਸੰਚਾਰ ਅਤੇ ਪਸਾਰ ਸੁਖਾਲਾ ਵੀ ਕਰ ਦਿੱਤਾ ਹੈ। ਦੁਨੀਆ ਭਰ ਵਿਚ 3 ਕਰੋੜ ਦੇ ਕਰੀਬ ਭਾਰਤੀ ਮੂਲ ਦੇ ਲੋਕ ਵਸੇ ਹੋਏ ਹਨ। ਇਨ੍ਹਾਂ ਵਿੱਚੋਂ ਲਗਭਗ ਤੀਜਾ ਹਿੱਸਾ ਪੰਜਾਬੀ ਹਨ। ਪਾਕਿਸਤਾਨੀ ਪੰਜਾਬੀਆਂ ਤੋਂ ਇਲਾਵਾ ਵੀ ਪੂਰਨ ਅੰਕੜਿਆਂ ਅਨੁਸਾਰ ਚੋਣਵੇਂ 10 ਮੁਲਕਾਂ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 70 ਲੱਖ ਦੇ ਕਰੀਬ ਹੈ। ਇਨ੍ਹਾਂ ਵਿੱਚੋਂ ਬਰਤਾਨੀਆ ਵਿਚ 23 ਲੱਖ, ਕਨੇਡਾ ਵਿਚ 8 ਲੱਖ, ਯੂ ਏ ਈ ਵਿਚ ਸਵਾ 7 ਲੱਖ, ਅਮਰੀਕਾ ਵਿਚ ਸਾਢੇ 6 ਲੱਖ, ਸਾਊਦੀ ਅਰਬ ਵਿਚ ਸਵਾ 6 ਲੱਖ, ਹਾਂਗਕਾਂਗ ਵਿੱਚ ਢਾਈ ਲੱਖ, ਮਲੇਸ਼ੀਆ ਵਿਚ ਪੋਣੇ ਦੋ ਲੱਖ ਤੋਂ ਵੱਧ, ਦੱਖਣੀ ਅਫ਼ਰੀਕਾ ਵਿਚ ਡੇਢ ਲੱਖ, ਫਰਾਂਸ ਵਿਚ 1 ਲੱਖ ਦੇ ਕਰੀਬ ਪੰਜਾਬੀ ਭਾਸ਼ਾਈ ਹਨ। ਹਨ ਤਾਂ ਪਿਛਲੇ ਸਮੇਂ ਦੌਰਾਨ ਇਟਲੀ, ਜਰਮਨੀ, ਆਸਟ੍ਰੇਲੀਆ, ਨਿਓਜ਼ੀਲੈਂਡ, ਬੇਲਜਿਅਮ, ਸਪੇਨ ਤੋਂ ਇਲਾਵਾ ਪੰਜਾਬੀ ਦੁਨੀਆ ਦੀ ਹਰ ਨੁੱਕਰ ਵਿਚ ਜਾ ਵਸੇ ਹਨ। ਇਸ ਲਈ ਪੰਜਾਬੀ ਦੇ ਫੈਲਾਉ ਦੀ ਉਨੀ ਹੀ ਸੰਭਾਵਨਾ ਵੱਧ ਗਈ । ਸਬੂਤ ਇਹ ਹੈ ਕਿ ਗੀਤ ਸੰਗੀਤ ਜਾਂ ਕਮੇਡੀ ਦੀ ਹਰ ਪੰਜਾਬੀ ਆਡੀਓ ਜਾਂ ਵੀਡੀਓ ਐਲਬਮ ਅਤੇ ਪੰਜਾਬੀ ਫਿਲਮ ਇਕੋ ਸਮੇਂ ਦੁਨੀਆ ਭਰ ਵਿਚ ਰਿਲੀਜ਼ ਹੁੰਦੀ ਹੈ ਅਤੇ ਦੇਖੀ ਸੁਣੀ ਵੀ ਜਾਂਦੀ ਹੈ। ਪੰਜਾਬ ਅਤੇ ਪੰਜਾਬੀ ਭੂਗੋਲਿਕ ਹੱਦਾਂ ਦੇ ਬੰਧੇਜ ਤੋਂ ਪਾਰ ਹੋ ਗਏ ਨੇ।
ਬਲਜੀਤ ਬੱਲੀ ,
ਸੰਪਾਦਕੀ ਸਲਾਹਕਾਰ
ਪੀ ਟੀ ਸੀ ਨਿਊਜ਼ 9915177722, 283/48- ਏ, ਚੰਡੀਗੜ੍ਹ
Loading spinner