ਸਆਦਤ ਹਸਨ ਮੰਟੋ (ਬਲਵੰਤ ਗਾਰਗੀ - ਹੁਸੀਨ ਚਿਹਰੇ ਵਿਚੋਂ) ਮੰਟੋ ਦਾ ਨਾਂ ਮੈਂ ਪਹਿਲੀ ਵਾਰ 1944 ਵਿਚ ਸੁਣਿਆ। ਮੈਂ ਨੌਕਰੀ ਦੀ ਤਲਾਸ਼ ਵਿਚ ਦਿੱਲੀ ਆਇਆ। ਜੰਗ ਲਗਣ ਦੇ ਕਾਰਣ ਹਰ ਬੀ.ਏ. ਐਮ. ਏ. ਨੂੰ ਭਰਤੀ ਕੀਤਾ ਜਾ ਰਿਹਾ ਸੀ। ਮੈਂ ਆਲ-ਇੰਡੀਆ ਰੇਡੀਓ ਦੇ ਜੰਗ ਦੀਆਂ ਖ਼ਬਰਾਂ ਬ੍ਰਾਡਕਾਸਟ ਕਰਨ ਵਾਲੇ ਸੈਕਸ਼ਨ ਵਿਚ ਦੋ ਸੌ ਰੁਪਏ ਮਹੀਨੇ ਉਤੇ ਨੌਕਰ ਹੋ ਗਿਆ। ਅਸੀਂ ਛੇ ਜਣੇ ਇਕ ਵੱਡੇ ਕਮਰੇ ਵਿਚ ਮੇਜ਼ ਦੁਆਲੇ ਬੈਠਦੇ ਸਾਰੇ ਦਿਨ ਅੱਧਾ ਘੰਟਾ ਖ਼ਬਰਾਂ ਤਰਜਮਾ ਕਰਨ ਵਿਚ ਤੇ ਦਸ ਮਿੰਟ ਬ੍ਰਾਡਕਾਸਟ ਕਰਨ ਵਿਚ ਲਗਦੇ। ਬਾਕੀ ਸਾਰਾ ਵਕਤ ਖਾਲੀ। ਪਰ ਸਾਡੇ ਲਈ ਫੌਜੀ ਹੁਕਮ ਸੀ ਕਿ ਅਸੀਂ ਬਾਹਰ ਨਾ ਨਿਕਲੀਏ। ਅਕਸਰ ਅਸੀਂ ਦਰਵਾਜ਼ਾ ਬੰਦ ਕਰਕੇ ਲਤੀਫ਼ੇ ਸੁਣਾਉਂਦੇ। ਹਰੀ ਚੰਦ ਚੱਢਾ ਮਾਂ ਭੈਣ ਦੀਆਂ ਗਾਲ੍ਹਾਂ ਕੱਢਦਾ ਹੋਇਆ ਸਿਆਸੀ ਤੇ ਅਦਬੀ ਮਹਿਫ਼ਲਾਂ ਦੇ ਦਿਲਚਸਪ ਵਾਕਏ ਸੁਣਾਉਂਦਾ। ਰੰਡੀਆਂ ਤੇ ਫੌਜੀ ਕੁੜੀਆਂ ਦੀਆਂ ਨੰਗੀਆਂ ਕਹਾਣੀਆਂ ਬਿਆਨ ਕਰਦਾ। ਕਦੇ ਕਦੇ ਉਹ ਮੇਜ਼ ਉਤੇ ਖੜ੍ਹਾ ਹੋ ਕੇ ਨੱਚਣ ਲਗਦਾ ਤੇ ਅਸੀਂ ਸਾਰੇ ਤਾਲ ਦੇਂਦੇ। ਪਰ ਇਸ ਖ਼ਰਮਸਤੀ ਦਾ ਰੰਗ ਸਾਹਿਤਕ ਸੀ। ਉਰਦੂ ਅਫਸਾਨਿਆਂ ਦਾ ਜਿਕਰ ਹੁੰਦਾ ਤਾਂ ਚੱਢਾ ਜਿਸ ਦੇ ਮੂੰਹੋਂ ਗਾਲ੍ਹ ਸਜਦੀ ਸੀ ਆਖਦਾ, “ਤੁਹਾਡੇ ਬਾਪ ਮੰਟੋ ਨੇ ਸਾਰੇ ਅਦੀਬਾਂ ਦੀ ਮਾਂ ਨੂੰ.....!” ਸਰਦੀ ਦੇ ਦਿਨ ਸਨ। ਬਾਹਰ ਬੂੰਦਾ-ਬਾਂਦੀ ਹੋ ਰਹੀ ਸੀ। ਦਿਲਾਂ ਵਿਚ ਅਜੀਬ ਵੀਰਾਨੀ ਤੇ ਉਦਾਸੀ। ਚੱਢਾ ਛੁੱਟੀ ਲੈ ਕੇ ਸ਼ਰਾਬ ਪੀਣ ਚਲਾ ਗਿਆ, ਅਸੀਂ ਹੋਰ ਵੀ ਬੁਝੇ-ਬੁਝੇ ਇਕੱਲੇ ਮਹਿਸੂਸ ਕਰਨ ਲਗੇ। ਕਿਸੇ ਕੰਮ ਵਿਚ ਜੀ ਨਹੀਂ ਸੀ ਲਗਦਾ। ਜਾਂਦੇ ਹੋਏ ਚੱਢਾ ‘ਅਦਬ-ਇ-ਲਤੀਫ਼’ ਦਾ ਅਫ਼ਸਾਨਾ ਨੰਬਰ ਛੱਡ ਗਿਆ ਸੀ। ਮੈਂ ਵਰਕੇ ਉਲਟਾਉਣ ਲੱਗਾ। ਇਸ ਵਿਚ ਕ੍ਰਿਸ਼ਨ ਚੰਦਰ ਦੀ ਮਸ਼ਹੂਰ ਕਹਾਣੀ ‘ਅੰਨ-ਦਾਤਾ’ ਸੀ ਜਿਸ ਵਿਚ ਬੰਗਾਲ ਦੇ ਮਹਾਂ-ਕਾਲ ਦਾ ਬਿਆਨ ਸੀ। ਬਹੁਤ ਲੰਬੀ। ਮੈਂ ਦਸ ਬਾਰਾਂ ਸਫ਼ੇ ਪੜ੍ਹੇ ਤੇ ਛੱਡ ਦਿੱਤੀ। ਦੂਸਰੇ ਅਦੀਬਾਂ ਦੀਆ ਕਹਾਣੀਆਂ ਉਤੇ ਝਾਤ ਮਾਰੀ ਪਰ ਕੋਈ ਅਦਬੀ ਸੋਹਲਾ ਨਾ ਭੜਕਿਆ। ਅਚਾਨਕ ਮੇਰੀ ਨਜ਼ਰ ਸਆਦਤ ਹਸਨ ਮੰਟੋ ਦੇ ਨਾਂ ਉਤੇ ਪਈ। ਬਹੁਤ ਅਜੀਬ ਨਾਂ ਸੀ। ਮੰਟੋ... ਜਿਵੇਂ ਲਾਰਡ ਮਿੰਟੋ ਜਾਂ ਪਿੰਟੋ.. ਜਾਂ ਵਿਮਟੋ। ਬਹੁਤ ਨਕਲੀ ਤੇ ਹਾਸੋ-ਹੀਣਾ ਨਾਂ। ਫਿਰ ਕਹਾਣੀ ਦਾ ਨਾਂ ਪੜ੍ਹਿਆ.. ‘ਬੂ’। ਕਹਾਣੀ ਪੜ੍ਹਨ ਲਗਾ ਤਾਂ ਇਕੋ ਰੌਂ ਵਿਚ ਸਾਰੀ ਕਹਾਣੀ ਪੜ੍ਹ ਗਿਆ। ਹਰ ਫ਼ਿਕਰਾ ਹੁਸੀਨ। ਕਹਾਣੀ ਦੇ ਪਾਤਰਾਂ ਦੇ ਮਾਨਸਿਕ ਤੇ ਸਰੀਰਕ ਰਿਸ਼ਤੇ ਬਹੁਤ ਸਪਸ਼ਟ ਤੇ ਜਾਦੂ ਭਰੇ ਸਨ। ਮੈਨੂੰ ਹੁਣ ਤੀਕ ਉਸ ਕਹਾਣੀ ਦੇ ਫ਼ਿਕਰੇ, ਤਸਬੀਹੇ ਤੇ ਸਾਹਾਂ ਦਾ ਬਿਆਨ ਯਾਦ ਹੈ। ਇਸ ਦਾ ਏਨਾ ਡੂੰਘਾ ਅਸਰ ਪਿਆ ਕਿ ਮੈਨੂੰ ਪਤਾ ਹੀ ਨਾ ਚਲਿਆ ਕਿ ਪੰਜ ਵਜ ਗਏ ਤੇ ਮੇਰੇ ਸਾਥੀ ਘਰ ਜਾਣ ਲਈ ਉਠ ਖੜੇ ਹੋਏ ਸਨ। ਕਹਾਣੀ ਵਿਚ ਜਿਸਮਾਨੀ ਖੇੜਾ ਸੀ, ਇਕ ਚਮਕ ਸੀ। ਮਾਨਸਿਕ ਤਜਰਬਾ ਤੇ ਲੱਜ਼ਤ ਸੀ। ਛੋਟੇ-ਛੋਟੇ ਫਿਕਰਿਆਂ ਵਿਚ ਸਾਦਗੀ ਜੋ ਇਕ ਪੁਖ਼ਤਾ ਮੰਝੇ ਹੋਏ ਕਲਾਕਾਰ ਵਿਚ ਹੁੰਦੀ ਹੈ। ਇਸ ਕਹਾਣੀ ਦਾ ਹੀਰੋ ਰਣਧੀਰ ਹੈ ਜਿਸ ਨੇ ਇਕ ਘਾਟ ਕੁੜੀ ਨਾਲ ਰਾਤ ਗੁਜ਼ਾਰੀ। ਰਣਧੀਰ ਆਪਣੇ ਕਮਰੇ ਦੀ ਖਿੜਕੀ ਵਿ ਬੈਠਾ ਬੋਰ ਹੋ ਰਿਹਾ ਸੀ ਕਿ ਉਸ ਨੇ ਰੱਸੀਆਂ ਦੇ ਕਾਰਖ਼ਾਨੇ ਵਿਚ ਕੰਮ ਕਰਨ ਵਾਲੀ ਘਟਾਣ ਨਜ਼ਰ ਆਈ ਜੋ ਬਾਰਸ਼ ਤੋਂ ਬਚਣ ਲਈ ਇਮਲੀ ਦੇ ਦਰਖ਼ਤ ਹੇਠ ਖੜ੍ਹੀ ਸੀ। ਰਣਧੀਰ ਨੇ ਗਲਾ ਸਾਫ ਕਰਨ ਦੇ ਬਹਾਨੇ ਖੰਘੂਰੇ ਮਾਰ ਕੇ ਉਸ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਤੇ ਇਸ਼ਾਰੇ ਨਾਲ ਉਸ ਨੂੰ ਉਪਰ ਬੁਲਾ ਲਿਆ। ਦੋਹਾਂ ਨੇ ਕੋਈ ਖਾਸ ਗੱਲਬਾਤ ਨਾ ਕੀਤੀ। ਜਿਸਮ ਵਿਚੋਂ ਤੜਪਦੀ ਹੋਈ ਰੌਂ ਹੀ ਉਹਨਾਂ ਦੀ ਜੁਬਾਨ ਬਣ ਗਈ ਸੀ। ਰਣਧੀਰ ਨੇ ਉਸ ਦੇ ਮੀਂਹ ਵਿਚ ਭਿਜੇ ਹੋਏ ਕਪੜੇ ਦੇਖ ਕੇ ਉਸ ਨੂੰ ਨਵੀਂ ਧੋਤੀ ਦੇ ਦਿੱਤੀ। ਕੁੜੀ ਨੇ ਗਿੱਲਾ ਕਾਸ਼ਠਾ ਖੋਲ੍ਹ ਕੇ ਇਕ ਪਾਸੇ ਰੱਖ ਦਿੱਤਾ ਤੇ ਧੋਤੀ ਲਪੇਟ ਲਈ ਇਸ ਪਿਛੋਂ ਉਹ ਚੋਲੀ ਦੀਆਂ ਤਣੀਆਂ ਖੋਲ੍ਹਣ ਲਗੀ ਤਾਂ ਮੀਂਹ ਨਾਲ ਭਿਜੀਆਂ ਤਣੀਆਂ ਦੀ ਗੰਢ ਹੋਰ ਪੀਢੀ ਹੋ ਗਈ। ਉਸ ਨੇ ਸਿਰਫ ਇਹੋ ਕਿਹੋ, ‘ਖੁੱਲ੍ਹਦੀ ਨਹੀਂ’। ਰਣਧੀਰ ਦੇ ਮਜ਼ਬੂਤ ਹੱਥਾਂ ਨੇ ਤਣੀਆਂ ਨੂੰ ਝਟਕਾ ਦਿਤ ਤਾਂ ਚੋਲੀ ਖੁਲ੍ਹ ਗਈ ਤੇ ਉਸਦੇ ਹੱਥਾਂ ਵਿਚ ਘਾਟਣ ਦੀਆਂ ਸੁਰਮਈ ਛਾਤੀਆਂ ਆ ਗਈਆਂ। ਮੰਟੋ ਇਸ ਘਾਟਣ ਦੇ ਜਿਸਮ ਦੀ ਸਾਂਵਲੀ ਚਮਕ ਤੇ ਛਾਤੀਆਂ ਨੂੰ ਬਿਆਨ ਕਰਦਾ ਹੈ: ਜਿਵੇਂ ਕਿਸੇ ਘੁਮਿਆਰ ਨੇ ਚੱਕ ਤੋਂ ਕੱਚੀ ਮਿੱਟੀ ਦੇ ਪਿਆਲੇ ਲਾਹੇ ਹੋਣ... ਜਿਵੇਂ ਗੰਧਲੇ ਤਲਾਅ ਵਿਚ ਦੋ ਦੀਵੇ ਜਲ ਉਠੇ ਹੋਣ। ਰਣਧੀਰ ਘਾਟਣ ਦੇ ਜਿਸਮ ਦੀ ਬੂ ਨੂੰ ਸਾਰੀ ਰਾਤ ਪੀਂਦਾ ਰਿਹਾ ਤੇ ਬੂ ਉਸ ਦੇ ਜਿਸਮ ਵਿਚ ਦੀ ਹੁੰਦੀ ਹੋਈ ਦਿਮਾਗ ਦੇ ਹਰ ਖੂੰਜੇ ਵਿਚ ਰਚ ਗਈ ਸੀ। ਫਿਰ ਜਦੋਂ ਉਹ ਸ਼ਾਦੀ ਕਰਦਾ ਹੈ ਤਾਂ ਉਸ ਨੂੰ ਸੁਹਾਗ ਰਾਤ ਮਨਾਉਣ ਲਗਿਆਂ ਆਪਣੀ ਦੁਲਹਨ ਦਾ ਹੁਸਨ ਫਿੱਕਾ ਤੇ ਬੇ-ਰਸ ਲਗਦਾ ਹੈ ਜਿਵੇਂ ਫਿਟੇ ਦੁੱਧ ਵਿਚ ਫੁੱਟੀਆਂ ਤਰ ਰਹੀਆਂ ਹੋਣ। ਉਸ ਦੇ ਸੁਰਖ ਰੇਸ਼ਮੀ ਨਾਲੇ ਨੇ ਉਸ ਦੇ ਨਰਮ ਸਫ਼ੈਦ ਜਿਸਮ ਉਤੇ ਚੀਘਾਂ ਪਾ ਦਿੱਤੀਆਂ ਸਨ, ਰੇਸ਼ਮੀ ਧੱਬੇ। ਉਹ ਘਾਟਣ ਨਾਲ ਗੁਜਾਰੀ ਰਾਤ ਤੇ ਉਸ ਦੇ ਜਿਸਮ ਦੀ ਸਿਹਤਮੰਦ ਬੂ ਨੂੰ ਨਹੀਂ ਭੁੱਲ ਸਕਦਾ। ਉਸ ਸਾਂਵਲੀ ਬੂ ਦੇ ਸਾਹਮਣੇ ਮਧ-ਸ਼੍ਰੇਣੀ ਦੀ ਘੁਟੀ ਹੋਈ ਮੁਹੱਬਤ ਤੇ ਬੀਵੀ ਨਾਲ ਪਿਆਰ ਫਿੱਕਾ ਤੇ ਬੇ-ਜਾਨ ਹੈ। ਕਹਾਣੀ ਪੜ੍ਹਨ ਪਿਛੋਂ ਮੈਂ ਪਹਿਲੀ ਵਾਰ ਨਵੇਂ ਉਰਦੂ ਸਾਹਿਤ ਬਾਰੇ ਨਵੇਂ ਢੰਗ ਨਾਲ ਸੋਚਿਆ। ਇਸ ਤੋਂ ਪਹਿਲਾਂ ਮੈਂ ਕ੍ਰਿਸ਼ਨ ਚੰਦਰ ਦੀਆਂ ਕਹਾਣੀਆਂ ਪੜ੍ਹੀਆਂ ਸਨ ਜਿਨ੍ਹਾਂ ਦਾ ਪਿਛੋਕੜ ਕਸ਼ਮੀਰ ਸੀ ਤੇ ਜਿਨ੍ਹਾਂ ਵਿਚ ਪਿਆਰ ਤੇ ਗਰੀਬੀ ਦੀ ਤੜਪ ਸੀ। ਦੂਸਰੇ ਅਦੀਬਾਂ ਦੇ ਅਫ਼ਸਾਨੇ ਪੜ੍ਹਨ ਦਾ ਵੀ ਮੌਕਾ ਮਿਲਿਆ ਸੀ। ਪਰ ਸਭ ਨੂੰ ਪੜ੍ਹ ਕੇ ਮੈਨੂੰ ਇਹੋ ਲਗਿਆ ਸੀ, ‘ਇਹੋ ਜਿਹੀ ਕਹਾਣੀ ਤਾਂ ਮੈਂ ਲਿਖ ਸਕਦਾ ਹਾਂ’। ਇਹ ਮੇਰਾ ਸਿਰਫ ਮਾਨਸਿਕ ਪ੍ਰਤੀ ਕਰਮ ਸੀ। ਸ਼ਾਇਦ ਮੈਂ ਕ੍ਰਿਸ਼ਨ ਚੰਦਰ ਜਾਂ ਰਾਜਿੰਦਰ ਸਿੰਘ ਬੇਦੀ ਵਰਗੀ ਕਹਾਣੀ ਨਾ ਲਿਖ ਸਕਦਾ। ਪਰ ਉਹਨਾਂ ਨੂੰ ਪੜ੍ਹਦੇ ਹੋਏ ਇਹ ਮੇਰਾ ਸਿਰਫ ਮਾਨਸਿਕ ਪ੍ਰਤੀ ਕਰਮ ਸੀ। ਸ਼ਾਇਦ ਮੈਂ ਕ੍ਰਿਸ਼ਨ ਚੰਦਰ ਜਾਂ ਰਾਜਿੰਦਰ ਸਿੰਘ ਬੇਦੀ ਵਰਗੀ ਕਹਾਣੀ ਨਾ ਲਿਖ ਸਕਦਾ। ਪਰ ਉਹਨਾਂ ਨੂੰ ਪੜ੍ਹਦੇ ਹੋਏ ਮੈਨੂੰ ਇਹੋ ਜਾਪਿਆ ਕਿ ਮੇਰੀ ਰਚਨਾਤਮਕ ਸ਼ਕਤੀ ਦੀ ਉਡਾਨ ਉਹਨਾਂ ਤੋਂ ਉੱਚੀ ਸੀ। ਪਰ ਜਦੋਂ ਮੰਟੋ ਨੂੰ ਪੜ੍ਹਿਆ ਤਾਂ ਮਹਿਸੂਸ ਹੋਇਆ ਕੀ ਮੈਂ ਇਹੋ ਜਿਹੀ ਕਹਾਣੀ ਨਹੀਂ ਲਿਖ ਸਕਦਾ। ਕਾਸ਼ ! ਮੈਂ ਅਜਿਹੀ ਨਿਵੇਕਲੀ ਤੇ ਉੱਚ ਕੋਟੀ ਦੀ ਕਹਾਣੀ ਲਿਖ ਸਕਦਾ ਹੁੰਦਾ। ਨਹੀਂ, ਮੈਂ ਇਤਨੀ ਮਹਾਨ ਕਹਾਣੀ ਕਦੇ ਵੀ ਨਹੀਂ ਲਿਖ ਸਕਦਾ। ਮੰਟੋ ਮੇਰੇ ਲਈ ਕਹਾਣੀ ਦਾ ਆਦਰਸ਼ ਬਣ ਗਿਆ। ਇਕ ਦਿਨ ਅਚਾਨਕ ਲੰਚ ਪਿਛੋਂ ਦਫਤਰ ਦਾ ਚਪੜਾਸੀ ਮੇਰੀ ਮੇਜ਼ ਉਤੇ ਇਕ ਲਿਫਾਫਾ ਰੱਖ ਗਿਆ। ਪਤਾ ਨਹੀਂ ਕਿਉਂ. ਮੈਨੂੰ ਇਸ ਲਿਫਾਫੇ ਵਿਚ ਕੋਈ ਖ਼ਤਰਾ ਨਜ਼ਰ ਆਇਆ, ਕੋਈ ਸੰਗੀਨ ਹੁਕਮ, ਕੋਈ ਪਰੇਸ਼ਾਨ ਕਰਨ ਵਾਲਾ ਸੁਨੇਹਾ। ਲਿਫਾਫਾ ਖੋਲ੍ਹਣ ਤੋਂ ਪਹਿਲਾਂ ਮੈਨੂੰ ਉਸ ਵੇਲੇ ਦੀ ਮਾਨਸਿਕ ਦਸ਼ਾ ਹੁਣ ਤੀਕ ਯਾਦ ਹੈ। ਲਿਫਾਫਾ ਖੋਲ੍ਹਿਆ। ਮੈਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਮੈਂ ਲਿਫਾਫਾ ਲੈ ਕੇ ਮੇਜਰ ਬਖਸ਼ੀ ਕੋਲ ਗਿਆ। ਉਸਨੇ ਆਖਿਆ, “ਅਸੀਂ ਕੋਈ ਵਜ੍ਹਾ ਦੱਸਣ ਲਈ ਤਿਆਰ ਨਹੀਂ। ਇਹ ਰਹੀ ਤੁਹਾਡੀ ਇਕ ਮਹੀਨੇ ਦੀ ਪੇਸ਼ਗੀ ਤਨਖਾਹ।“ ਉਸ ਨੇ ਦਰਜਾ ਵਿਚੋਂ ਦਸ-ਦਸ ਰੁਪਏ ਦੇ ਤਿੰਨ ਨਵੇਂ ਤੇ ਕਰਾਰੇ ਨੋਟ ਕੱਢੇ, ਤੇ ਮੈਂ ਇਹਨਾਂ ਨੂੰ ਲੈ ਕੇ ਵਾਪਸ ਆ ਗਿਆ। ਮੇਰੀ ਮੁਅੱਤਲੀ ਦਾ ਪਰਵਾਨਾ ਇਸ ਲਈ ਆਇਆ ਸੀ ਕਿ ਸਰਕਾਰ ਨੇ ਆਪਣੀ ਖੁਫੀਆ ਪੁਲਸ ਰਾਹੀਂ ਮੇਰੀਆਂ ਪਿਛਲੀਆਂ ਸਰਗਰਮੀਆਂ ਦੀ ਛਾਣ-ਬੀਣ ਕੀਤੀ ਸੀ। ਉਹਨਾਂ ਨੂੰ ਪਤਾ ਚਲਿਆ ਕਿ 1942 ਦੀ ਆਜ਼ਾਦੀ ਦੀ ਤਹਿਰੀਕ ਵਿਚ ਹਿੱਸਾ ਲੈਣ ਲਈ ਮੈਨੂੰ ਗ੍ਰਿਫਤਾਰ ਕੀਤਾ ਗਿਆ। ਮੁਅੱਤਲੀ ਲਈ ਇਹ ਜੁਰਮ ਕਾਫੀ ਸੀ। ਮੈਂ ਕਮਰੇ ਵਿਚ ਜਾ ਕੇ ਆਪਣੇ ਸਾਥੀਆਂ ਨੂੰ ਇਹ ਖ਼ਬਰ ਸੁਣਾਈ। ਹਮਦਰਦੀ ਵਜੋਂ ਹਿੰਦੀ ਦਾ ਇਕ ਲੇਖਕ ਰੋਣ ਲਗਿਆ। ਮੈਂ ਨਵੀਂ ਤਨਖਾਹ ਵਿਚੋਂ ਇਕ ਕਰਾਰਾ ਨੋਟ ਕੱਢਿਆ ਤੇ ਸਭਨਾ ਲਈ ਚਾਹ ਅਤੇ ਪੇਸਟਰੀ ਦਾ ਆਰਡਰ ਕੀਤਾ। ਚੱਢਾ ਨੇ ਇਸ ਨਿੱਕੀ ਜਿਹੀ ਅਲ ਵਿਦਾਈ ਰਸਮ ਦੀ ਪ੍ਰਧਾਨਗੀ ਕੀਤੀ ਤੇ ਆਪਣੇ ਖਾਸ ਅੰਦਾਜ਼ ਵਿਚ ਬੋਲਿਆ, “ਓਏ ਉੱਲੂ ਦਿਓ ਪੱਠਿਓ ਤੁਸੀਂ ਸਾਰੇ ਇਥੇ ਸਰਕਾਰ ਦੀ ਗੁਲਾਮੀ ਕਰਦੇ ਰਹੋਗੇ। ਇਹ ਪੰਛੀ ਆਜਾਦ ਹੋ ਗਿਆ।” ਜਾਣ ਲਗੇ ਉਸਨੇ ਮੈਨੂੰ ਮੰਟੋ ਦੀਆਂ ਕਹਾਣੀਆਂ ਦੀ ਕਿਤਾਬ ਦਿੱਤੀ। ਉਹ ਖੁਦ ਮੰਟੋ ਨਾਲ ਦਿੱਲੀ ਦੇ ਰੇਡੀਓ ਸਟੇਸ਼ਨ ਤੇ ਕੰਮ ਕਰ ਚੁੱਕਿਆ ਸੀ ਤੇ ਅਕਸਰ ਮੰਟੋ ਦੀਆਂ ਗੱਲਾਂ ਸੁਣਾਉਂਦਾ। ਉਹ ਆਖਦਾ, “ ਮੰਟੋ ਸਭ ਦਾ ਬਾਪ ਸੀ। ਇਥੇ ਆਲ ਇੰਡੀਆ ਰੇਡੀਓ ਵਿਚ ਦੋ ਸਾਲ ਨੌਕਰੀ ਕਰਕੇ ਉਹ ਬੰਬਈ ਚਲਾ ਗਿਆ ਤੇ ਪਿਛੇ ਇਕ ਸੌ ਡਰਾਮੇ ਤੇ ਫੀਚਰ ਛੱਡ ਗਿਆ। ਇਹ ਉਪੇਂਦਰ ਨਾਥ ਅਸ਼ਕ ਸਾਰੀ ਉਮਰ ਉਸ ਨਾਲ ਦੋਸਤੀ ਪਾਉਣ ਦੀ ਕੋਸ਼ਿਸ਼ ਕਰਦਾ ਰਿਹਾ, ਪਰ ਉਹਨੇ ਨੇੜੇ ਨਾ ਆਉਣ ਦਿੱਤਾ।” ਮੰਟੋ ਦੀ ਅਦਬੀ ਦੋਸਤੀ ਦਾ ਘੇਰਾ ਸ਼ਾਹਾਨਾ ਸੀ। ਇਸ ਵਿਚ ਕ੍ਰਿਸ਼ਨ ਚੰਦਰ, ਇਸਮਤ ਚੁਗਤਾਈ, ਰਾਜਿੰਦਰ ਸਿੰਘ ਬੇਦੀ ਤੇ ਅਹਿਮਦ ਮਦੀਮ ਕਾਸ਼ਮੀ ਸ਼ਾਮਿਲ ਸਨ। ਪਰ ਉਪੇਂਦਰ ਨਾਸ਼ ਅਸ਼ਕ ਕਦੇ ਇਸ ਹਲਕੇ ਵਿਚ ਸ਼ਾਮਿਲ ਨਾ ਹੋ ਸਕਿਆ। ਉਹ ਬਾਹਰਲੇ ਕੰਢੇ ਹੀ ਰਿਹਾ। ਰੇਡੀਓ ਸਟੇਸ਼ਨ ਵਿਚ ਇਕ ਜਗ੍ਹਾ ਕੰਮ ਕਰਦੇ ਹੋਏ ਉਹ ਮੰਟੋ ਦੀਆਂ ਉੱਤਮ ਸਾਹਿਤਕ ਕਦਰਾਂ ਨੂੰ ਨਾ ਛੁਹ ਸਕਿਆ। ਮੰਟੋ ਹਿੰਦੁਸਤਾਨੀ ਸਾਹਿਤ ਦਾ ਉੱਚਾ ਮੀਨਾਰ ਸੀ। ਮੈਨੂੰ ਉਸ ਵੇਲੇ ਵੀ ਇਸ ਗੱਲ ਦਾ ਅਹਿਸਾਸ ਸੀ ਕਿ ਮੰਟੋ ਇਕ ਅਨੋਖਾ ਸਾਹਿਤਕ ਚਮਤਕਾਰ ਹੈ। ਮੈਂ ਜਾਣਦਾ ਸੀ ਕਿ ਕੁਝ ਸਾਲਾਂ ਪਿਛੋਂ ਲੋਕ ਪੁੱਛਣਗੇ ਕਿ ਮੰਟੋ ਕਿਸ ਕੈਫ਼ੇ ਵਿਚ ਬੈਠਦਾ ਸੀ, ਕਿਥੇ ਰਹਿੰਦਾ ਸੀ, ਕਿਸ ਕਿਸਮ ਦਾ ਪੈੱਨ ਇਸਤੇਮਾਲ ਕਰਦਾ ਸੀ, ਰੇਡੀਓ ਸਟੇਸ਼ਨ ਦੇ ਕਿਸ ਕਮਰੇ ਵਿਚ ਬੈਠ ਕੇ ਲਿਖਦਾ ਸੀ। ਉਹਨੀਂ ਦਿਨੀਂ ਮੈਂ ਮੰਟੋ ਦੇ ਨਾਲ ਕੰਮ ਕਰਨ ਵਾਲੇ ਲੋਕਾਂ ਨੂੰ ਮਿਲਿਆ ਅਤੇ ਉਸ ਬਾਰੇ ਛੋਟੀਆਂ ਛੋਟੀਆਂ ਗੱਲਾਂ ਦਾ ਪਤਾ ਕੀਤਾ। ਰੇਡੀਓ ਸਟੇਸ਼ਨ ਦੀ ਦੂਜੀ ਮੰਜ਼ਿਲ ਦੇ ਉਪਰ ਸਨੋਬਰ ਖਾਨ ਦਾ ਰੈਸਟੋਰੈਂਟ ਸੀ ਜਿਥੇ ਉਹ ਚਾਹ ਪੀਣ ਜਾਂਦਾ ਸੀ। ਮੰਟੋ ਥੈਲੇ ਵਿਚ ਉਰਦੂ ਦਾ ਨਿਕਾ ਜਿਹਾ ਟਾਈਪ ਰਾਈਟਰ ਲੈ ਕੇ ਰੇਡੀਓ ਸਟੇਸ਼ਨ ਆਉਂਦਾ ਤੇ ਸਿੱਧਾ ਟਾਈਪ ਰਾਈਟਰ ਉਤੇ ਹੀ ਡਰਾਮਾ ਲਿਖਦਾ। ਉਸਨੂੰ ਆਪਣੀ ਕਲਾ ਉਤੇ ਨਾਜ਼ ਸੀ ਤੇ ਕਈ ਵਾਰ ਉਹ ਸ਼ਰਤ ਲਾ ਕੇ ਡਰਾਮਾ ਲਿਖਦਾ। ਇਕ ਵਾਰ ਉਸ ਨੇ ਦੋਸਤਾਂ ਦੇ ਸਾਹਮਣੇ ਐਲਾਨ ਕੀਤਾ ਕਿ ਉਹ ਕੋਈ ਨਾਂ ਜਾਂ ਮਜ਼ਮੂਨ ਤਜਵੀਜ਼ ਕਰਨ, ਉਹ ਉਸੇ ਉਤੇ ਡਰਾਮਾ ਲਿਖ ਦੇਵੇਗਾ। ਸ਼ਰਤ: ਦੋ ਦਰਜਨ ਬੀਅਰ ਦੀਆਂ ਬੋਤਲਾਂ। ਇਕ ਦੋਸਤ ਨੇ ਕਿਹਾ, “ਕਬੂਤਰੀ। ਲਿਖ ਇਸ ਉਤੇ ਡਰਾਮਾ।” ਮੰਟੋ ਨੇ ਟਾਈਪ ਰਾਈਟਰ ਉਤੇ ਕਾਗਜ ਚੜ੍ਹਾਇਆ ਤੇ “ਕਬੂਤਰੀ” ਡਰਾਮਾ ਲਿਖਿਆ ਜੋ ਬੇ-ਹਦ ਮਕਬੂਲ ਹੋਇਆ ਇਕ ਵਾਰ ਉਹ ਦੋਸਤਾਂ ਨਾਲ ਡਰਾਮੇ ਬਾਰੇ ਸ਼ਰਤ ਲਾ ਰਿਹਾ ਸੀ ਕਿ ਕੋਈ ਕਰਮੇ ਅੰਦਰ ਦਾਖਲ ਹੁੰਦੇ ਹੋਏ ਬੋਲਿਆ, “ਕੀ ਮੈਂ ਅੰਦਰ ਆ ਸਕਦਾ ਹਾਂ?” ਦੂਜੇ ਆਦਮੀ ਨੇ ਕਿਹਾ, “ਮੰਟੋ, ਮਜਾ ਤਾਂ ਫਿਰ ਐ ਜੇ ਤੂੰ ਇਸੇ ਅਨਵਾਨ ਉਤੇ ਡਰਾਮਾ ਲਿਖੇਂ” ਬੀਅਰ ਦੀਆਂ ਬੋਤਲਾਂ ਦੀ ਸ਼ਰਤ ਲਗ ਗਈ। ਮੰਟੋ ਨੇ “ਕੀ ਮੈਂ ਅੰਦਰ ਆ ਸਕਦਾ ਹਾਂ?” ਡਰਾਮਾ ਲਿਖ ਦਿੱਤਾ। ਇਕ ਵਾਰ ਕਿਸੇ ਲੇਖਕ ਨੇ ਰੇਡੀਓ ਉਤੇ ਆਪਣਾ ਪ੍ਰੋਗਰਾਮ ਕੈਂਸਲ ਕਰ ਦਿਤਾ। ਸਾਰੇ ਹਲਚਲ ਮਚ ਗਈ ਕਿ ਇਸ ਪ੍ਰੋਗਰਾਮ ਨੂੰ ਕਿਵੇਂ ਪੂਰਾ ਕੀਤਾ ਜਾਵੇ। ਮੰਟੋ ਨੂੰ ਆਖਿਆ ਗਿਆ ਕਿ ਉਹ ਕੋਈ ਫੀਚਰ ਜਾਂ ਡਰਾਮਾ ਲਿਖ ਦੇਵੇ। ਉਹ ਗੁੱਸੇ ਨਾਲ ਬੋਲਿਆ, “ਮੈਂ ਨਹੀਂ ਲਿਖ ਸਕਦਾ। ਮਸ਼ੀਨ ਨੂੰ ਵੀ ਵਕਤ ਚਾਹੀਦੈ।” ਉਸਦੀ ਮਿੰਨਤ ਕੀਤੀ ਗਈ। ਇਕ ਦੋਸਤ ਨੇ ਟਾਈਪ ਰਾਈਟਰ ਖੋਲ੍ਹ ਕੇ ਕਾਗਜ ਚੜ੍ਹਾਇਆ ਤੇ ਮੰਟੋ ਨੂੰ ਆਖਿਆ, “ਯਾਰ, ਲਿਖ ਦੇ ਨਾ। ਅਸੀਂ ਬਾਹਰ ਬੈਠੇ ਇੰਤਜ਼ਾਰ ਕਰਦੇ ਹਾਂ।” ਮੰਟੋ ਥੋੜ੍ਹੀ ਦੇਰ ਟਾਈਪ ਰਾਈਟਰ ਤੇ ਸਾਹਮਣੇ ਬੈਠਾ ਰਿਹਾ ਤੇ ਕਾਗਜ ਨੂੰ ਘੂਰਦਾ ਰਿਹਾ। ਫਿਰ ਉਸਨੇ ਸਿਰਲੇਖ ਜਮਾਇਆ, “ਇੰਤਜ਼ਾਰ।” ਇਹ ਡਰਾਮਾ ਉਸਦੇ ਬਿਹਤਰੀਨ ਡਰਾਮਿਆਂ ਵਿਚੋਂ ਹੈ। ਇਸ ਵਿਚ ਉਸਨੇ ਤਕਨੀਕੀ ਤੇ ਮਨੋਵਿਗਿਆਨਕ ਦ੍ਰਿਸ਼ਟੀਕੋਣ ਤੋਂ ਤਜਰਬਾ ਕੀਤਾ। ਇਕ ਨੌਜਵਾਨ ਆਪਣੀ ਮਹਿਬੂਬਾ ਨੂੰ ਖਤ ਲਿਖ ਰਿਹਾ ਹੈ ਕਿ ਉਹ ਬੈਠਾ ਉਸਦਾ ਇੰਤਜ਼ਾਰ ਕਰ ਰਿਹਾ ਹੈ। ਇਹ ਨੌਜਵਾਨ ਦੋ ਮਨੋਵਿਗਿਆਨਕ ਪੱਧਰਾਂ ਉਤੇ ਬੋਲਦਾ ਹੈ – ਇਕ ਚੇਤਨ ਤੇ ਦੂਸਰਾ ਉਪਚੇਤ। ਦੋਹਾਂ ਵਿਚ ਸਸਪੈਂਸ-ਭਰੇ ਪਰਸਪਰ ਟਕਰਾਉਣ ਵਾਲੇ ਵਾਰਤਾਲਾਪ ਹਨ। ਉਪਚੇਤ ਵਾਲਾ ਨੌਜਵਾਨ ਚੇਤਨ ਨੌਜਵਾਨ ਨੂੰ ਟੋਕਦਾ, ਰੋਕਦਾ, ਟਿੱਪਣੀ ਕਰਦਾ ਉਸ ਨਾਲ ਗੱਲਾਂ ਕਰਦਾ ਹੈ ਤੇ ਉਸਦੇ ਮਨ ਦੀਆਂ ਅੰਦਰੂਨੀ ਤਹਿਆਂ ਖੋਲ੍ਹਦਾ ਹੈ। ਇਸ ਕਿਸਮ ਦਾ ਨਾਟਕੀ ਅਨੁਭਵ ਤੇ ਪਾਤਰ ਦਾ ਸਵੈ-ਵਿਸ਼ਲੇਸ਼ਣ ਮੰਟੋ ਦੀ ਸਾਹਿਤਕ ਪ੍ਰਤਿਭਾ ਦੀ ਵਿਸ਼ੇਸ਼ਤਾ ਸੀ। ਇਕ ਵਾਰ ਰੇਡੀਓ ਸਟੇਸ਼ਨ ਦੇ ਡਾਇਰੈਕਟਰ ਮਿਸਟਰ ਐਡਵਾਨੀ ਨੇ ਮੰਟੋ ਦੇ ਡਰਾਮੇ ਦੇ ਕਿਸੇ ਫ਼ਿਕਰੇ ਉਤੇ ਇਤਰਾਜ਼ ਕੀਤਾ ਤੇ ਇਸਨੂੰ ਬਦਲਣ ਲਈ ਆਖਿਆ। ਉਹਨੀਂ ਦਿਨੀਂ ਏ. ਐਸ. ਬੁਖਾਰੀ ਡਾਇਰੈਕਟਰ ਜਨਰਲ ਸਨ, ਤੇ ਐਡਵਾਨੀ ਬਹੁਤ ਰਸੂਖ਼ ਵਾਲਾ ਤੇ ਖਾੜਕੂ ਡਾਇਰੈਕਟਰ। ਮੰਟੋ ਨੇ ਭਰੀ ਮਜਲਿਸ ਵਿਚ ਆਖਿਆ, “ਐਡਵਾਨੀ ਸਾਹਿਬ ਨੂੰ ਉਰਦੂ ਡਰਾਮਾ ਲਿਖਣ ਦੀ ਸਮਝ ਤਾਂ ਕਿਥੇ, ਉਰਦੂ ਵਿਚ ਡਰਾਮਾ ਪੜ੍ਹਨਾ ਵੀ ਨਹੀਂ ਆਉਂਦਾ ਚੇ ਇਹ ਮੇਰੇ ਡਰਾਮੇ ਵਿਚ ਗਲਤੀਆਂ ਕੱਢ ਰਹੇ ਹਨ।” ਐਡਵਾਨੀ ਸਾਹਿਬ ਗੁੱਸੇ ਨਾਲ ਲਾਲ ਭਬੂਕਾ ਹੋ ਗਏ ਉਹਨਾਂ ਨੇ ਮੰਟੋ ਦੇ ਖਿਲਾਫ਼ ਐਕਸ਼ਨ ਲੈਣਾ ਚਾਹਿਆ। ਗੱਲ ਬੁਖਾਰੀ ਸਾਹਿਬ ਤੀਕ ਜਾ ਪਹੁੰਚੀ। ਮੰਟੋ ਨੇ ਬੁਖਾਰੀ ਨੂੰ ਕਿਹਾ, “ਮੈਂ ਜੋ ਕੁਝ ਆਖਿਆ ਉਹ ਸੱਚ ਹੈ। ਜਿਸਦਾ ਨਾਂ ਹੀ ਐਡਵਾਨੀ ਹੈ ਉਹਨੂੰ ਉਰਦੂ ਦਾ ਕੀ ਪਤਾ।” ਬੁਖਾਰੀ ਸਾਹਿਬ ਹੱਸਣ ਲੱਗੇ ਮੁਆਮਲਾ ਰਫਾ-ਦਫਾ ਹੋ ਗਿਆ। ਮੈਂ ਦਿੱਲੀ ਤੋਂ ਲਾਹੌਰ ਵਾਪਸ ਚਲਾ ਗਿਆ। ਕੁਝ ਮਹੀਨੇ ਬੇਕਾਰ ਰਿਹਾ। 1944 ਵਿਚ ਮੇਰਾ ਪੰਜਾਬੀ ਦਾ ਪੂਰਾ ਨਾਟਕ ‘ਲੋਹਾ-ਕੁੱਟ’ ਛਪਿਆ। ਤੇ ਲਾਹੌਰ ਰੇਡੀਓ ਸਟੇਸ਼ਨ ਨੇ ਮੈਨੂੰ ਬਤੌਰ ਆਰਟਿਸਟ ਰੱਖ ਲਿਆ। ਇਥੇ ਰਾਜਿੰਦਰ ਸਿੰਘ ਬੇਦੀ ਕੰਮ ਕਰਦਾ ਸੀ, ਦਿਲਕਸ਼ ਆਵਾਜ ਵਾਲੀ ਆਪਾ ਸ਼ਮੀਮ (ਮੋਹਿਨੀ ਦਾਸ) ਸੀ। ਇਮਤਿਆਜ ਅਲੀ ਤਾਜ ਤੇ ਰਫੀ ਅਹਿਮਦ ਪੀਰ ਡਰਾਮਾ ਪ੍ਰੋਡਿਊਸ ਕਰਨ ਆਉਂਦੇ। ਮਲਕਾ ਪੁਖਰਾਜ ਸਟੂਡੀਓ ਵਿਚ ਬੈਠੀ ਪਾਨ ਚੱਬਦੀ ਤੇ ਗਾਉਂਦੀ। ਬੇਹੱਦ ਸਿਰਜਨਾਤਮਕ ਵਾਯੂ-ਮੰਡਲ ਸੀ। ਇਹਨਾਂ ਮਹਿਫ਼ਲਾਂ ਵਿਚ ਮੰਟੋ ਦਾ ਅਕਸਰ ਜਿਕਰ ਆਉਂਦਾ। ਲਾਹੌਰ ਦੇ ਉਰਦੂ ਰਸਾਲੇ “ਅਦਬ-ਇ-ਲਤੀਫ਼” ਦਾ ਐਡੀਟਰ ਤੇ ਮਾਲਿਕ ਚੌਧਰੀ ਨਜ਼ੀਰ ਅਹਿਮਦ ਸੀ। ਨਜ਼ੀਰ ਅਹਿਮਦ ਪੰਜਾਬ ਦੇ ਕਿਸੇ ਪਿੰਡ ਦਾ ਅਰਾਈਂ ਸੀ ਤੇ ਉਸਦਾ ਨਾ ਸੀ ਨਜ਼ੀਰਾ। ਚੌਥੀ ਜਮਾਤ ਪਾਸ। ਦਰਮਿਆਨਾ ਕੱਦ। ਤਕੜਾ ਜਿਸਮ, ਚਮਕਦੇ ਹੋਏ ਦੰਦ ਤੇ ਉਹ ਠੇਠ ਪੰਜਾਬੀ ਬੋਲਦਾ। ਉਸਨੇ ਆਪਣੇ ਚਾਚਾ ਬਰਕਤ ਅਲੀ ਨਾਲ ਮਿਲ ਕੇ “ਮਕਤਬਾ ਉਰਦੂ” ਦੀ ਬੁਨਿਆਦ ਰੱਖੀ ਜੋ ਸਾਰੇ ਹਿੰਦੁਸਤਾਨ ਦਾ ਸਭ ਤੋਂ ਵੱਡਾ ਤੇ ਮਕਬੂਲ ਪਬਲਿਸ਼ਿੰਗ ਹਾਉਸ ਬਣ ਗਿਆ। ਉਹ ਨਜ਼ੀਰਾ ਤੋਂ ਨਜ਼ੀਰ ਅਹਿਮਦ ਤੇ ਫਿਰ ਚੌਧਰੀ ਨਜ਼ੀਰ ਅਹਿਮਦ ਬਣ ਗਿਆ। ਚੌਧਰੀ ਨਜ਼ੀਰ ਖ਼ੁਦ ਕਹਾਣੀ ਪੜ੍ਹਦਾ ਤੇ ਪਰਖਦਾ। ਸਿਰਫ ਮੰਟੋ ਅਜਿਹਾ ਅਦੀਬ ਸੀ ਜਿਸਦੀ ਕਹਾਣੀ ਤੇ ਇੰਤਜ਼ਾਰ ਵਿਚ ਉਹ ਕਈ ਵਾਰ ਪਰਚਾ ਲੇਟ ਕਰ ਦਿੰਦਾ। ਉਹ ਮੰਟੋ ਨੂੰ ਚਿੱਠੀਆਂ ਲਿਖਦਾ, ਤਾਰਾਂ ਭੇਜਦਾ, ਤੇ ਜਦੋਂ ਮੰਟੋ ਦੀ ਕਹਾਣੀ ਬੰਬਈ ਤੋਂ ਆਉਂਦੀ ਤਾਂ ਖੁਸ਼ੀ ਨਾਲ ਹੱਸਦਾ ਤੇ ਆਖਦਾ, “ਹੁਣ ਮੇਰਾ ਪਰਚਾ ਮੁਕੰਮਲ ਹੋ ਗਿਆ।” ਜਦੋਂ ਮੰਟੋ ਦੀ ਕਹਾਣੀ “ਬੂ” ਦੇ ਛਪਣ ਪਿਛੋਂ ਉਸ ਉਤੇ ਅਸ਼ਲੀਲਤਾ ਦਾ ਮੁਕੱਦਮਾ ਚਲਿਆ ਤਾਂ ਉਸਨੂੰ ਤਾਰੀਖ਼ ਭੁਗਤਣ ਲਈ ਲਾਹੌਰ ਆਉਣਾ ਪਿਆ। ਜਿਲ੍ਹਾ ਕਚਹਿਰੀ ਵਿਚ ਬਹੁਤ ਸਾਰੇ ਲੇਖਕ ਮੰਟੋ ਦੇ ਹੱਕ ਵਿਚ ਗਵਾਹੀ ਦੇਣ ਲਈ ਗਏ ਸਨ। ਮੈਂ ਪਹਿਲੀ ਵਾਰ ਉਸਨੂੰ ਉਥੇ ਹੀ ਦੇਖਿਆ। ਪਤਲਾ ਲੰਮਾ ਜਿਸਮ ਜਿਸ ਵਿਚ ਬੈਂਤ ਵਰਗੀ ਲਚਕ ਸੀ, ਚੌੜਾ ਮੱਥਾ, ਕਸ਼ਮੀਰੀ ਤਿੱਖਾ ਨੱਕ ਤੇ ਤੇਜ ਅੱਖਾਂ ਉਤੇ ਚਸ਼ਮਾ। ਉਸਨੇ ਸਫ਼ੈਦ ਕਮੀਜ਼, ਸ਼ੇਰਵਾਨੀ, ਲੱਠੇ ਦੀ ਸਲਵਾਰ ਤੇ ਜਰੀ ਦਾ ਜੁੱਤਾ ਪਹਿਨਿਆ ਹੋਇਆ ਸੀ। ਸਿਰ ਗਰੂਰ ਨਾਲ ਉੱਚਾ। ਉਸਨੇ ਬੇਪਰਵਾਹੀ ਨਾਲ ਸਾਨੂੰ ਦੇਖਿਆ। ਉਹ ਇਸਮਤ ਚੁਗਤਾਈ ਕੋਲ ਖੜ੍ਹਾ ਸੀ ਤੇ ਅਸੀਂ ਸਾਰੇ ਕਚਹਿਰੀ ਦੀ ਹਾਕ ਦੀ ਇੰਤਜ਼ਾਰ ਵਿਚ ਸਾਂ। ਪ੍ਰੋ. ਕੱਨ੍ਹਈਆ ਲਾਲ ਕਪੂਰ ਨੇ ਸਾਡੇ ਸਭਨਾ ਦੀ ਤਾਅਰੁਫ ਕਰਵਾਇਆ। ਪਰ ਮੰਟੋ ਦੇ ਮੂੰਹ ਤੋਂ ਸ਼ੁਕਰੀਆ ਨਾ ਨਿਕਲਿਆ, ਨਾ ਹੀ ਕਿਸੇ ਪ੍ਰਕਾਰ ਦੀ ਖੁਸ਼ੀ ਦਾ ਇਜ਼ਹਾਰ। ਇਤਨੇ ਵਿਚ ਚੌਧਰੀ ਨਜ਼ੀਰ ਜਲਦੀ ਨਾਲ ਆਇਆ, “ਚਲੋ ਆਵਾਜ ਪੈ ਗਈ ਐ।” ਅਦੀਬਾਂ ਦਾ ਇਹ ਝੁੰਡ ਜੱਜ ਦੇ ਕਮਰੇ ਵਿਚ ਦਾਖਲ ਹੋਇਆ ਤੇ ਸਭ ਨੇ “ਬੂ” ਦੇ ਕਲਾਤਮਕ ਗੁਣਾਂ ਨੂੰ ਬਿਆਨ ਕੀਤਾ। ਇਹ ਕਿਹਾ ਕਿ ਇਸ ਵਿਚ ਕੋਈ ਗੱਲ ਇਤਰਾਜ਼ ਦੇ ਕਾਬਿਲ ਨਹੀਂ ਤੇ ਇਹ ਅਦਬੀ ਸ਼ਾਹਕਾਰ ਹੈ। ਪੰਜਾਬੀ ਲੇਖਕਾਂ ਵਿਚੋਂ ਸਭ ਤੋਂ ਵਧੇਰੇ ਮਾਣਯੋਗ ਸ. ਗੁਰਬਖਸ਼ ਸਿੰਘ ‘ਪ੍ਰੀਤਲੜੀ’ ਵਾਲੇ ਸਨ ਜਿਨ੍ਹਾਂ ਨੇ ਖੁਦ ਪਿਆਰ ਦੀਆਂ ਕਹਾਣੀਆਂ ਲਿਖੀਆਂ ਸਨ ਤੇ ਸਮਾਜੀ ਬਗਾਵਤ ਦਾ ਝੰਡਾ ਚੁਕਿਆ ਸੀ। ਜਦੋਂ ਉਹਨਾਂ ਨੂੰ ਮੰਟੋ ਦੀ ਇਸ ਕਹਾਣੀ ਦੇ ਹੱਕ ਵਿਚ ਗਵਾਹੀ ਦੇਣ ਲਈ ਆਖਿਆ ਗਿਆ ਤਾਂ ਉਹਨਾਂ ਨੇ ਇਹ ਆਖ ਕੇ ਇਨਕਾਰ ਕਰ ਦਿੱਤਾ ਕਿ ਇਹ ਕਹਾਣੀ ਅਸ਼ਲੀਲ ਹੈ। ਜਦੋਂ ਇਸਮਤ ਚੁਗਤਾਈ ਤੇ ਮੰਟੋ ਨੂੰ ਪਤਾ ਚਲਿਆ ਤਾਂ ਉਹ ਬਹੁਤ ਹੈਰਾਨ ਹੋਏ। ਮੰਟੋ ਨੇ ਆਖਿਆ, “ਹੈਰਾਨੀ ਦੀ ਗੱਲ ਹੈ ਕਿ ਪੰਜਾਬੀ ਵਿਚ ਅਜਿਹੇ ਅਦੀਬ ਵੀ ਹਨ। ਇਸ ਜੁਬਾਨ ਦੇ ਅਦੀਬ ਦਾ ਖੁਦਾ ਹੀ ਮਾਲਿਕ ਹੈ।” ਗਵਾਹੀਆਂ ਖਤਮ ਹੋਈਆਂ। ਜੱਜ ਨੇ ਅਗਲੀ ਪੇਸ਼ੀ ਦੀ ਤਾਰੀਖ਼ ਦੇ ਦਿੱਤੀ। ਜਿਲ੍ਹਾ ਕਚਹਿਰੀ ਦੇ ਮਾਹੌਲ ਤੋਂ ਮੰਟੋ ਦੀ ਤਬੀਅਤ ਉਪਰਾਮ ਹੋ ਗਈ। ਥਾਂ-ਥਾਂ ਟੁੱਟੇ ਹੋਏ ਬੈਂਚ, ਲੋਹੇ ਦੀਆਂ ਕੁਰਸੀਆਂ, ਮਿੱਟੀ-ਘੱਟਾ, ਵਕੀਲਾਂ ਤੇ ਮੁਨਸ਼ੀਆਂ ਦੀ ਕਾਨੂੰਨੀ ਸੌਦੇਬਾਜ਼ੀ। ਅਜੀਬ ਕਿਸਮ ਦੀ ਘਬਰਾਹਟ ਤੇ ਪਰੇਸ਼ਾਨੀ। ਸਭ ਅਦੀਬ ਮੁਲਜਿਮ ਨਜ਼ਰ ਆ ਰਹੇ ਸਨ। ਮੰਟੋ ਨੇ ਕਿਹਾ, “ਨਜ਼ੀਰ, ਮੈਂ ਘਰ ਜਾਵਾਂਗਾ। ਟਾਂਗਾ ਮੰਗਵਾ ਦੇ।” ਟਾਂਗਾ ਆਇਆ ਤੇ ਮੰਟੋ ਉਸ ਵਿਚ ਬੈਠ ਗਿਆ “ਚੱਲਣੈ ਕਿਸੇ ਹੋਰ ਨੇ? ਸਿਰਫ ਇਕ ਜਣਾ।” ਮੈਂ ਨੇੜੇ ਖੜ੍ਹਾ ਸੀ। ਫ਼ੌਰਨ ਅਗੇ ਵੱਧਿਆ ਤੇ ਅਗਲੀ ਸੀਟ ਤੇ ਬੈਠ ਗਿਆ ਮੰਟੋ ਲੱਤਾਂ ਪਸਾਰ ਕੇ ਪਿਛਲੀ ਸੀਟ ਤੇ ਬੈਠ ਗਿਆ। ਰਸਤੇ ਵਿਚ ਥੋੜ੍ਹੀਆਂ ਜਿਹੀਆਂ ਗੱਲਾਂ ਹੋਈਆਂ। ਉਹ ਬੋਲਿਆ, “ਇਹ ਲੋਕ ਖਾਹਮਖਾਹ ਮੈਨੂੰ ਹੀਰੋ ਬਣਾ ਰਹੇ ਨੇ। ਮੈਨੂੰ ਜੇਲ੍ਹ ਤੋਂ ਡਰ ਲਗਦਾ ਹੈ। ਹਰ ਵਾਰ ਬੰਬਈ ਤੋਂ ਇਥੇ ਆਉਣਾ ਬਹੁਤ ਮੁਸ਼ਕਿਲ ਐ ਬਹੁਤ ਮਹਿੰਗਾ.. ਇਹੋ ਜੁਰਮਾਨਾ ਕਾਫੀ ਐ। ਫਿਲਮ ਦੀ ਕਹਾਣੀ ਦਾ ਸਕਰੀਨ ਪਲੇ ਤਿਆਰ ਕਰ ਰਿਹਾ ਸਾਂ ਕਿ ਇਥੋਂ ਚੌਧਰੀ ਦਾ ਤਾਰ ਆ ਗਿਆ... ਤੂੰ ਕੀ ਕਰਦਾ ਹੁੰਨੈ...?” ਮੈਂ ਆਪਣੇ ਬਾਰੇ ਥੋੜ੍ਹਾ ਜਿਹਾ ਦੱਸਿਆ ਉਸਦਾ ਮੇਰੇ ਤੇ ਬਹੁਤ ਰੁਹਬ ਸੀ। ਨੀਲਾ ਗੁੰਬਦ ਆਇਆ ਤੇ ਮੈਂ ਉਤਰ ਗਿਆ। ਉਹ ਬੋਲਿਆ, “ਮੈਂ ਸਿੱਧਾ ਘਰ ਜਾਵਾਂਗਾ.. ਸਾਫੀਆ ਆਈ ਹੋਈ ਐ.. ਮੈਂ ਜਾ ਕੇ ਚੌਧਰੀ ਲਈ ਅਫ਼ਸਾਨਾ ਖਤਮ ਕਰਨੈ।” ਫਿਰ ਉਹ ਇਕਦਮ ਬੋਲਿਆ, “ਸਾਮ ਨੂੰ ਤੂੰ ਮੇਰੇ ਵੱਲ ਆ ਜਾਵੀਂ। ਤਦ ਤੀਕ ਮੈਂ ਅਫ਼ਸਾਨਾ ਖਤਮ ਕਰ ਲਵਾਂਗਾ।” ਮੈਨੂੰ ਛਡ ਕੇ ਉਹ ਚਲਾ ਗਿਆ। ਉਸਦੇ ਜਾਣ ਪਿਛੋਂ ਮੈਂ ਸਾਰੀ ਗੱਲ ਦਾ ਜਾਇਜ਼ਾ ਲਿਆ। ਉਸਦੀ ਆਵਾਜ ਬਾਰੀਕ ਤੇ ਗਰਮ ਸੀ ਜਿਸ ਵਿਚ ਉਸਦੀ ਸ਼ਖਸੀਅਤ ਦੀ ਪੂਰੀ ਸ਼ਿੱਦਤ ਸ਼ਾਮਿਲ ਸੀ। ਇਹ ਆਵਾਜ ਨਾ ਲੀਡਰਾਂ ਵਰਗੀ ਸੀ, ਨਾ ਦਰਵੇਸ਼ਾਂ ਵਰਗੀ, ਸਗੋਂ ਇਸ ਵਿਚ ਬੇਤਾਬੀ ਤੇ ਵੰਗਾਰ ਸੀ। ਉਹ ਮੇਰੇ ਨਾਲ ਪੰਜਾਬੀ ਵਿਚ ਹੀ ਗੱਲ ਬਾਤ ਕਰ ਰਿਹਾ ਸੀ। ਸ਼ਾਮ ਨੂੰ ਮੈਂ ਮੰਟੋ ਨੂੰ ਮਿਲਣ ਗਿਆ। ਉਹ ਫਿਰੋਜਸ਼ਾਹ ਰੋਡ ਦੇ ਇਲਾਕੇ ਵਿਚ ਕਿਸੇ ਰਿਸ਼ਤੇਦਾਰ ਦੀ ਕੋਠੀ ਵਿਚ ਠਹਿਰਿਆ ਹੋਇਆ ਸੀ। ਨੌਕਰ ਨੇ ਆਖਿਆ ਕਿ ਮੈਂ ਡਰਾਇੰਗ ਰੂਮ ਵਿਚ ਬੈਠਾਂ ਕਿਉਂਕਿ ਮੰਟੋ ਸਾਹਿਬ ਕਹਾਣੀ ਲਿਖਣ ਵਿਚ ਮਸਰੂਫ ਸਨ। ਇਹ ਉਹੀ ਕਹਾਣੀ ਸੀ ਜੋ ਅਦਬ-ਇ-ਲਤੀਫ਼ ਵਿਚ “ਰਾਜ ਭਈਆ” ਦੇ ਨਾਂ ਨਾਲ ਛਪੀ, ਫਿਰ “ਮੇਰਾ ਨਾਮ ਰਾਧਾ ਹੈ” ਦੇ ਨਾਂ ਨਾਲ। ਇਸ ਵਿਚ ਉਸਨੇ ਪ੍ਰਿਥਵੀ ਰਾਜ ਕਪੂਰ ਦੀ ਸ਼ੁੱਧਤਾ ਦਾ ਮੌਜੂ ਉਡਾਇਆ ਸੀ। ਦਸ ਮਿੰਟ ਪਿਛੋਂ ਮੰਟੋ ਨਾਲ ਦੇ ਕਮਰੇ ਵਿਚੋਂ ਨਿਕਲਿਆ। ਤਪਾਕ ਨਾਲ ਪੁੱਛਿਆ, “ਚਾਹ ਪੀਏਂਗਾ?” ਫਿਰ ਉਸਨੇ ਆਵਾਜ ਦਿੱਤੀ, “ਸਫੀਆ! ਕੀ ਕਰ ਰਹੀ ਏਂ? ਏਧਰ ਆ।” ਉਸਦੀ ਬੀਵੀ ਆਈ। ਮੰਟੋ ਨੇ ਤੁਆਰੁਫ ਕਰਾਇਆ ਇਤਨੇ ਵਿਚ ਕੁਝ ਹੋਰ ਅਦੀਬ ਆ ਗਏ। ਚੌਧਰੀ ਨਜ਼ੀਰ ਵੀ ਆ ਗਿਆ। ਕਿਸੇ ਦੇ ਘਰ ਮਹਿਫ਼ਲ ਸੀ। ਉਹ ਮੰਟੋ ਨੂੰ ਲੈਣ ਆਏ ਸਨ। ਮੰਟੋ ਨੇ ਮੈਨੂੰ ਆਖਿਆ, “ਚੰਗਾ। ਫਿਰ ਕੱਲ੍ਹ ਨੂੰ ਮਿਲਣਾ। ਮੈਂ ਮਕਤਬਾ ਉਰਦੂ ਵਿਚ ਹੋਵਾਂਗਾ” ਮੰਟੋ ਕੋਲ ਕਲਮ ਨਹੀਂ, ਤੇਜ ਨਸ਼ਤਰ ਸੀ ਜਿਸ ਨਾਲ ਉਹ ਸਮਾਜ ਦੀਆਂ ਨਾੜੀਆਂ ਵਿਚੋਂ ਗੰਦਾ ਖੂਨ ਕੱਢਦਾ ਸੀ। ਉਹ ਹਕੀਮ ਨਹੀਂ ਸੀ, ਸਰਜਨ ਸੀ। ਉਸਦੀ ਤੇਜ ਨਿਗਾਹ ਯਥਾਰਥ ਨੂੰ ਦੇਖਣ ਲਈ ਡਬਲ ਲੈੱਨਜ ਦਾ ਕੰਮ ਕਰਦੀ ਸੀ। ਉਸਦੇ ਬਿਆਨ ਵਿਚ ਰਸ ਸੀ। ਸਭ ਜਾਣਦੇ ਸਨ ਕਿ ਉਹ ਉਹਨਾਂ ਤੋਂ ਕਿਤੇ ਬੇਹਤਰ ਲਿਖਦਾ ਸੀ। ਸਭ ਉਸਦੀ ਕਲਾ ਦਾ ਲੋਹਾ ਮੰਨਦੇ ਸਨ। ਮੈਂ ਮੰਟੋ ਨੂੰ ਫਿਰ ਮਿਲਿਆ। ਉਹ ਮਕਤਬਾ ਉਰਦੂ ਵਿਚ ਬੈਠਾ ਆਪਣੀ ਕਿਤਾਬ ਦੇ ਇਸ਼ਤਿਹਾਰ ਦੀ ਇਬਾਰਤ ਦੇਖ ਰਿਹਾ ਸੀ। ਇਸ ਵਿਚ ਲਿਖਿਆ ਸੀ, “ਮੰਟੋ ਇਸ ਦੌਰ ਦਾ ਸਭ ਤੋਂ ਵੱਡਾ ਅਫ਼ਸਾਨਾ ਨਿਗਾਰ ਹੈ, ਚੈਖੋਵ ਦੇ ਬਰਾਬਰ ਦਾ, ਜਜ਼ਬਿਆਂ ਨੂੰ ਟੁੰਬਣ ਵਾਲਾ ਤੇ ਜਾਦੂ ਧੂੜਨ ਵਾਲਾ। ਉਸਦੇ ਅਫ਼ਸਾਨੇ ਕਲਾ ਦੀਆਂ ਨਿਖਰਾਂ ਛੋਂਹਦੇ ਹਨ..” ਮੰਟੋ ਬੋਲਿਆ, “ਉਇ ਚੌਧਰੀ ਇਹ ਕੀ ਬਕਵਾਸ ਲਿਖੀ ਐ!” ਉਸਨੇ ਸਾਰੇ ਤਾਰੀਫੀ ਲਫ਼ਜ਼ ਕੱਟ ਦਿੱਤੇ ਤੇ ਕਿਤਾਬ ਦਾ ਇਸ਼ਤਿਹਾਰ ਖੁਦ ਬਣਾਇਆ। ਇਸ ਵਿਚ ਲਿਖਿਆ: ਮੰਟੋ ਬਕਵਾਸ ਲਿਖਦਾ ਹੈ। ਮੰਟੋ ਨੂੰ ਲੋਕ ਅਸ਼ਲੀਲ ਆਖਦੇ ਹਨ। ਪਰ ਮੰਟੋ ਨੂੰ ਇਕ ਵਾਰ ਪੜ੍ਹਨਾ ਸ਼ੁਰੂ ਕਰ ਦਿਓ ਤਾਂ ਕਹਾਣੀ ਖਤਮ ਕਰੇ ਬਗੈਰ ਉਸ ਨੂੰ ਛੱਡ ਨਹੀਂ ਸਕਦੇ। ਇਸ਼ਤਿਹਾਰ ਵਿਚ ‘ਬਕਵਾਸ’ ਤੇ ‘ਅਸ਼ਲੀਲ’ ਲਫ਼ਜ਼ ਮੋਟੇ ਅੱਖਰਾਂ ਵਿਚ ਸਨ। ਉਹ ਗੱਲਾਂ ਜੋ ਉਸਦੇ ਵਿਰੋਧੀ ਕਹਿਣਾ ਚਾਹੁੰਦੇ ਸਨ, ਉਸਨੇ ਖ਼ੁਦ ਹੀ ਲਿਖ ਦਿੱਤੀਆਂ ਤਾਂ ਕਿ ਲੋਕਾਂ ਨੂੰ ਝਟਕਾ ਲਗੇ। ਉਸਨੂੰ ਮਿੱਠੇ-ਮਿੱਠੇ ਲਫ਼ਜ਼ਾਂ ਤੋਂ, ਮਿੱਠੜੇ ਲੇਖਾਂ ਤੋਂ, ਮਿਠੜੇ ਰਸਮੀ ਫਿਕਰਿਆਂ ਤੋਂ ਚਿੜ੍ਹ ਸੀ। ਇਕ ਵਾਰ ਕਿਸੇ ਨੇ ਉਸਦੀ ਇਕ ਵੱਡੀ ਹਸਤੀ ਨਾਲ ਮੁਲਾਕਾਤ ਕਰਾਈ। ਉਸ ਆਦਮੀ ਨੇ ਆਖਿਆ, “ਮੰਟੋ ਸਾਹਿਬ, ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ।” ਮੰਟੋ ਨੇ ਜਵਾਬ ਦਿੱਤਾ, “ਤੁਹਾਨੂੰ ਮਿਲ ਕੇ ਮੈਨੂੰ ਬਿਲਕੁਲ ਖੁਸ਼ੀ ਨਹੀਂ ਹੋਈ।” ਇਹ ਅੰਦਾਜ਼, ਇਹ ਕੋੜਾ ਸੱਚ. ਇਹ ਚੌਂਕਾ ਦੇਣ ਵਾਲਾ ਮੰਤਰ ਉਸਦੇ ਸੁਭਾਅ ਦਾ ਹਿੱਸਾ ਸੀ। ਚੌਧਰੀ ਨਜ਼ੀਰ ਨੇ ਮੈਨੂੰ ਦੱਸਿਆ ਕਿ ਮੰਟੋ ਕੈਲਾਸ਼ ਹੋਟਲ ਵਿਚ ਬੈਠਾ ਹੈ। ਉਹ ਆਖ ਗਿਆ ਕਿ ਮੈਂ ਉਥੇ ਚਲਾ ਜਾਵਾਂ। ਕੈਲਾਸ਼ ਹੋਟਲ ਅਨਾਰਕਲੀ ਵਿਚ ਸੀ, ਤਿੰਨ ਮਿੰਟ ਦਾ ਰਸਤਾ। ਮੈਂ ਹੋਟਲ ਦੀਆਂ ਪੌੜੀਆਂ ਚੜ੍ਹ ਕੇ ਪਹਿਲੀ ਮੰਜ਼ਿਲ ਤੇ ਪੁਜਾ। ਮੰਟੋ ਤਿੰਨ ਅਦੀਬਾਂ ਨਾਲ ਬੈਠਾ ਸ਼ਰਾਬ ਪੀ ਰਿਹਾ ਸੀ। ਮੈਨੂੰ ਦੇਖਦੇ ਬੋਲਿਆ, “ਬਸ ਹੁਣੇ ਚਲਦੇ ਹੈਂ। ਤੂੰ ਪੀਏਂਗਾ?” ਮੈਂ ਆਖਿਆ, “ਨਹੀਂ।” ਇਕ ਅਦੀਬ ਬੋਲਿਆ, “ਮੰਟੋ ਸਾਹਿਬ, ਤੁਹਾਡੀਆਂ ਕਹਾਣੀਆਂ ਕਮਾਲ ਹਨ। ‘ਹੱਤਕ’ ਤੇ ‘ਕਾਲੀ ਸਲਵਾਰ’ ਤਾਂ ਸ਼ਾਹਕਾਰ ਹਨ। ਕੋਈ ਵੀ ਅਜਿਹੀ ਆਹਲਾ ਕਹਾਣੀ...।” ਮੰਟੋ ਬੋਲਿਆ, “ਬਕਵਾਸ ਬੰਦ ਕਰ। ਤੂੰ ਸ਼ਰਾਬ ਪੀਣੀ ਸੀ, ਪੀ ਲਈ। ਹੁਣ ਦਫ਼ਾ ਹੋ ਜਾਹ।” ਮੈਂ ਸਹਿਮ ਗਿਆ। ਉਹ ਲੋਕ ਉਠ ਕੇ ਚਲੇ ਗਏ। ਮੰਟੋ ਬੋਲਿਆ, “ਮੈਂ ਤੇਰਾ ਇੰਤਜ਼ਾਰ ਕਰ ਰਿਹਾ ਸਾਂ ਕਿ ਇਹ ਤਿੰਨੇ ਹਰਾਮਜ਼ਾਦੇ ਆਪਣੀ ਟੇਬਲ ਤੋਂ ਉਠ ਕੇ ਇਥੇ ਆ ਬੈਠੇ। ਦੋ-ਦੋ ਪੈਗ ਪੀ ਕੇ ਬਹਿਕਣ ਲਗ ਪਏ। ਮੇਰੀ ਤਾਰੀਫ਼ ਕਰਕੇ ਤੀਜਾ ਪੈਗ ਪੀਣਾ ਚਾਹੁੰਦੇ ਸਨ। ਚਲ ਚਲੀਏ।” ਮੈਂ ਨਾਲ ਹੋ ਲਿਆ। ਰਸਤੇ ਵਿਚ ਪੁੱਛਿਆ, “ਅਸੀਂ ਕਿਥੇ ਚਲੇ ਹਾਂ?” “ਅਬਦੁਲ ਬਾਰੀ ਕੋਲ” ਮੈਨੂੰ ਯਾਦ ਨਹੀਂ ਕਿ ਅਸੀਂ ਅਬਦੁਲ ਬਾਰੀ ਦੇ ਘਰ ਗਏ ਜਾਂ ਉਹ ਸਾਨੂੰ ਕਿਸੇ ਹੋਰ ਥਾਂ ਮਿਲਿਆ। ਮੈਂ ਅਬਦੁਲ ਬਾਰੀ ਨੂੰ ਕਈ ਸਾਹਿਤਕ ਤੇ ਰਾਜਸੀ ਮਜਲਿਸਾਂ ਵਿਚ ਦੇਖਿਆ ਸੀ। ਉਹ ਸਾਂਵਲੇ ਰੰਗ ਦਾ ਜਰਨਲਿਸਟ ਸੀ ਤੇ ਦੁਨੀਆ ਭਰ ਦੇ ਹਵਾਲੇ ਦੇ ਕੇ ਲੈਕਚਰ ਦੇਂਦਾ। ਉਸਦੇ ਖੁਸ਼ਕ ਲੈਕਚਰ ਸੁਣ ਕੇ ਮੈਨੂੰ ਕਦੇ ਇਸ ਆਦਮੀ ਨੂੰ ਮਿਲਣ ਦੀ ਖਾਹਿਸ਼ ਨਾ ਹੋਈ। ਪਰ ਮੰਟੋ ਇਸਨੂੰ ਲੱਭਦਾ ਫਿਰਦਾ ਸੀ। ਉਸ ਨੇ ਮੈਨੂੰ ਦੱਸਿਆ ਕਿ ਅਬਦੁਲ ਬਾਰੀ ਉਸਦਾ ਸਾਹਿਤਕ ਗੁਰੂ ਸੀ। ਅਸੀਂ ਤਿੰਨੇ ਇਕ ਆਹਲਾ ਪਿਸ਼ਾਵਰੀ ਟਾਂਗੇ ਵਿਚ ਬੈਠੇ। ਮੈਂ ਤੇ ਅਬਦੁਲ ਬਾਰੀ ਅਗਲੀ ਸੀਟ ਉਤੇ ਕੋਚਵਾਨ ਨਾਲ, ਤੇ ਮੰਟੋ ਅਨੁਸਾਰ ਜਰੀ ਵਾਲੀ ਜੁੱਤੀ ਪਾਈ ਪਿਛਲੀ ਸੀਟ ਉਤੇ ਟੰਗਾਂ ਪਸਾਰੀ ਬੈਠਾ ਸੀ। ਟਾਂਗਾ ਮਾਲ ਰੋਡ ਤੇ ਦੌੜਨ ਲਗਾ। ਵੱਡੇ ਡਾਕਖ਼ਾਨੇ ਨੂੰ ਲੰਘ ਕੇ ਬਾਰੀ ਥੱਲੇ ਉਤਰਿਆ। ਮੰਟੋ ਨੇ ਬਟੁਆ ਕੱਢਿਆ ਤੇ ਇਸ ਵਿਚੋਂ ਇਕ ਸਬਜ਼ ਨੋਟ ਉਸਨੂੰ ਦਿਤਾ। ਬਾਰੀ ਭੋਲਾ ਨਾਥ ਦੀ ਦੁਕਾਨ ਤੇ ਗਿਆ। ਅਸੀਂ ਦੋਵੇਂ ਜਣੇ ਟਾਂਗੇ ਵਿਚ ਹੀ ਬੈਠੇ ਰਹੇ। ਦਸ ਮਿੰਟ ਗੁਜ਼ਰ ਗਏ। ਮੰਟੋ ਨੇ ਬੇਤਾਬੀ ਨਾਲ ਕਿਹਾ, “ਇਹ ਜਾਹਿਲ ਮੇਰਾ ਵਕਤ ਜਾਇਆ ਕਰ ਰਿਹਾ ਹੈ। ਇੰਨੀ ਦੇਰ? ਕੀ ਹੀਰੇ ਖਰੀਦ ਰਿਹੈ? ਬਕਵਾਸ!” ਇਤਨੇ ਵਿਚ ਬਾਰੀ ਨਜ਼ਰ ਆਇਆ। ਉਹ ਭਾਰੀ ਤੇਜ ਕਦਮਾਂ ਨਾਲ ਚਲਦਾ ਹੋਇਆ ਟਾਂਗੇ ਵਿਚ ਆ ਕੇ ਬੈਠ ਗਿਆ। ਉਸਦੇ ਹੱਥ ਵਿਚ ਜਾਨੀ ਵਾਕਰ ਦੀ ਬੋਤਲ ਦਾ ਲੰਮਾ ਡੱਬਾ ਸੀ। ਮੰਟੋ ਨੇ ਪੁੱਛਿਆ, “ਠੀਕ ਹੈ? ” ਬਾਰੀ ਬੋਲਿਆ, “ਹਾਂ।” ਟਾਂਗਾ ਫਿਰ ਸਰਪਟ ਦੌੜਨ ਲਗਾ। ਅਸੀਂ ਮਿਊਜ਼ੀਅਮ ਤੇ ਗੌਰਮਿੰਟ ਕਾਲਜ ਦੇ ਸਾਹਮਣੇ ਦੀ ਲੰਘ ਕੇ ਰਾਵੀ ਰੋਡ ਤੇ ਜਾ ਰਹੇ ਸਾਂ। ਕੀ ਇਹ ਲੋਕ ਬੋਟਿੰਗ ਲਈ ਜਾ ਰਹੇ ਸਨ? ਸ਼ਾਮ ਢਲ ਚੁਕੀ ਸੀ। ਬੱਤੀਆਂ ਜਗ ਚੁੱਕੀਆਂ ਸਨ। ਇਹ ਕਿਥੇ ਜਾ ਰਹੇ ਸਨ? ਮੈਨੂੰ ਬਿਲਕੁਲ ਪਤਾ ਨਹੀਂ ਸੀ ਕਿ ਇਹਨਾਂ ਦੀ ਮੰਜ਼ਿਲ ਹੀਰਾ ਮੰਡੀ ਹੈ ਜਿਥੇ ਰੰਡੀਆਂ ਦੇ ਚਕਲੇ ਸਨ। ਸ਼ਾਹੀ ਮਸਜ਼ਿਦ ਦੇ ਕੋਲ ਬਾਜ਼ਾਰ ਵਿਚ ਟਾਂਗਾ ਰੁਕਿਆ। ਬਾਰੀ ਨੇ ਟਾਂਗੇ ਵਾਲੇ ਨੂੰ ਪੈਸੇ ਦਿੱਤੇ ਤੇ ਅਸੀਂ ਤਿੰਨੇ ਜਣੇ ਹੁਸਨ ਦੇ ਬਾਜ਼ਾਰ ਵਿਚ ਦਾਖਲ ਹੋਏ। ਮੈਂ ਇਸ ਤੋਂ ਪਹਿਲਾਂ ਕਦੇ ਇਧਰ ਨਹੀਂ ਸਾਂ ਆਇਆ। ਇਸਦੀ ਵਜ੍ਹਾ ਕੋਈ ਸਦਾਚਾਰਕ ਬੰਧੇਜ ਨਹੀਂ ਸੀ। ਮੈਨੂੰ ਉਂਜ ਰੰਡੀਆਂ ਤੇ ਦੱਲਿਆਂ ਦੇ ਮਾਹੌਲ ਤੋਂ ਡਰ ਲਗਦਾ ਸੀ। ਬਚਪਨ ਤੋਂ ਮੇਰੇ ਜ਼ਿਹਨ ਵਿਚ ਇਹੋ ਤਸਵੀਰ ਸੀ ਕਿ ਇਹ ਲੋਕ ਝਗੜਾਲੂ ਤੇ ਪੈਸੇ ਦੇ ਪੀਰ ਹੁੰਦੇ ਹਨ। ਇਥੇ ਛੁਰੇ ਚਲ ਜਾਂਦੇ ਹਨ। ਇਸ ਡਰ ਦੇ ਪਿਛੇ ਇਕ ਗ਼ੈਬੀ ਅਣਜਾਣੀ ਦੁਨੀਆਂ ਵਿਚ ਪਹਿਲਾ ਕਦਮ ਰੱਖਣ ਦੀ ਸਨਸਨੀ ਤੇ ਕੰਬਣੀ ਵੀ ਲੁਕੀ ਹੋਈ ਸੀ। ਪਰ ਇਸ ਵਕਤ ਮੰਟੋ ਮੇਰੇ ਨਾਲ ਸੀ ਇਸ ਲਈ ਮੈਨੂੰ ਡਰ ਨਹੀਂ ਸੀ ਲਗ ਰਿਹਾ, ਜਿਵੇਂ ਕੋਈ ਮਗਰਮੱਛ ਦੀ ਪਿੱਠ ਕੇ ਬੈਠ ਕੇ ਦਰਿਆ ਦੀ ਸੈਰ ਕਰੇ। ਬਾਜ਼ਾਰ ਵਿਚ ਚਮਕ ਤੇ ਗਹਿਮਾ-ਗਹਿਮੀ ਸੀ। ਸੀਖ-ਕਬਾਬ, ਪਾਨ, ਫੁੱਲਾਂ ਦੇ ਹਾਰ ਤੇ ਤਾਮਾਸ਼ਬੀਨਾਂ ਦੀ ਰੌਣਕ। ਇਸ ਗਹਿਮਾ-ਗਹਿਮੀ ਵਿਚ ਅਜੀਬ ਸਰਸਰਾਹਟਾਂ, ਖ਼ਾਮੋਸ਼ ਇਸ਼ਾਰੇ ਤੇ ਘੂਰਦੀਆਂ ਹੋਈਆਂ ਨਜ਼ਰਾਂ ਸਨ। ਸੌਦੇਬਾਜ਼ੀ ਦਾ ਕੰਮ ਖ਼ਾਮੋਸ਼ੀ ਨਾਲ ਚਲ ਰਿਹਾ ਸੀ। ਮੈਂ ਦੇਖਿਆ ਕਿ ਬਾਰੀ ਇਕ ਪਾਸੇ ਖੜਾ ਕਿਸੇ ਪਠਾਣ ਨਾਲ ਹੌਲੀ-ਹੌਲੀ ਗੱਲਾਂ ਕਰ ਰਿਹਾ ਸੀ। ਪਠਾਣ ਦੇ ਮਹਿੰਦੀ-ਰੰਗੇ ਗਲਮੁੱਛੇ ਮੈਨੂੰ ਦਿਸੇ। ਫਿਰ ਦੋਵੇਂ ਸਾਡੇ ਕੋਲ ਆਏ ਤੇ ਬਾਰੀ ਨੇ ਰੰਡੀ ਦਾ ਰੇਟ ਤੈਅ ਕਰਨ ਦੀ ਗੱਲ ਕੀਤੀ। ਮੰਟੋ ਗੁੱਸੇ ਨਾਲ ਬੋਲਿਆ, “ਤੂੰ ਖ਼ੁਦ ਇਹ ਮੁਆਮਲਾ ਸੈਟਲ ਕਰ। ਬੇਵਕੂਫ਼! ਜਾਹ!” ਮੰਟੋ ਨੂੰ ਇਸ ਕਿਸਮ ਦੀ ਸੌਦੇਬਾਜ਼ੀ ਬੁਰੀ ਲਗਦੀ ਸੀ। ਇਤਨੇ ਵਿਚ ਬਾਰੀ ਤੇ ਪਠਾਣ ਆ ਗਏ। ਪਠਾਣ ਬੋਲਿਆ, “ਚਲੋ, ਇਸ ਕੋਠੇ ਉਤੇ ਬਹੁਤ ਚੰਗਾ ਮਾਲ ਹੈ।” ਅਸੀਂ ਚਾਰੇ ਜਣੇ ਪੌੜੀਆਂ ਚੜ੍ਹ ਗਏ। ਬਾਲਕੋਨੀ ਤੋਂ ਲੰਘ ਕੇ ਕਮਰੇ ਵਿਚ ਦਾਖਲ ਹੋਏ ਤਾਂ ਇਕ ਪਠਾਣ ਰੰਡੀ ਬੈਠੀ ਸੀ। ਪੈਂਤੀ ਦੇ ਪੇਟੇ ਵਿਚ ਹੋਣੀ ਐ। ਚਿਹਰੇ ਦੇ ਨਕਸ਼ ਮੋਟੇ। ਉਸਦੇ ਵਾਲਾਂ ਵਿਚ ਤੋਲ ਥੱਪਿਆ ਹੋਇਆ ਸੀ ਤੇ ਇਹਨਾਂ ਵਿਚ ਚੰਬੇਲੀ ਦੀਆਂ ਕਲੀਆਂ। ਘਟੀਆ ਰੇਸ਼ਮ ਦੀ ਨੀਲੇ ਟਿਮਕਣਿਆਂ ਵਾਲੀ ਕਮੀਜ਼, ਸਾਟਨ ਦੀ ਸਲਵਾਰ, ਤੇ ਮੂੰਹ ਵਿਚ ਪਾਨ ਦਾ ਬੀੜਾ। “ਆਉ ਬੈਠੋ।” ਪਠਾਣ ਵੀ ਨਾਲ ਹੀ ਬੈਠ ਗਿਆ। ਉਸਦਾ ਗਲਮੁੱਛਿਆਂ ਵਾਲਾ ਹੰਕਾਰਿਆ ਚਿਹਰਾ ਨਰਮ ਲਗਣ ਲਗਾ। ਉਹ ਬਹੁਤ ਹਲੀਮ ਸੀ ਤੇ ਹੁਕਮ ਦਾ ਬੰਦਾ। ਉਹ ਚਕਲੇ ਦੇ ਇਸ ਅੱਡੇ ਦੀਆਂ ਰੰਡੀਆਂ ਦਾ ਚੀਫ ਦੱਲਾ ਸੀ। ਮੰਟੋ ਨੇ ਇਕ ਨਜ਼ਰ ਨਾਲ ਹੀ ਇਸ ਰੰਡੀ ਦੇ ਥਲ-ਥਲ ਕਰਦੇ ਜਿਸਮ ਨੂੰ ਦੇਖਿਆ। ਇਕ ਨੌਕਰ ਆਇਆ ਤੇ ਉਸਨੇ ਤਿੰਨ ਗਲਾਸ ਰਖ ਦਿੱਤੇ। ਮੰਟੋ ਬੋਲਿਆ, “ਸੋਡਾ ਮੰਗਵਾਓ। ਤੇ ਖਾਣ ਲਈ ਟਿੱਕੇ ਤੇ ਕਬਾਬ। ਤੂੰ ਕੀ ਖਾਏਂਗਾ?” ਮੈਂ ਉਹਨੀਂ ਦਿਨੀਂ ਮੀਟ ਨਹੀਂ ਸੀ ਖਾਂਦਾ। ਦੋ ਇਕ ਵਾਰ ਮੀਟ ਖਾਣ ਦੀ ਕੋਸ਼ਿਸ਼ ਕੀਤੀ ਸੀ, ਪਰ ਚਬਿਆ ਤਾਂ ਰਬੜ ਵਾਂਗ ਲਗਿਆ। ਮੈਂ ਆਖਿਆ, “ਆਮਲੇਟ ਖਾਵਾਂਗਾ।” ਮੰਟੋ ਨੇ ਜੇਬ ਵਿਚੋਂ ਦਸ-ਦਸ ਤੇ ਤਿੰਨ ਕਰਾਰੇ ਨੋਟ ਕੱਢੇ ਤੇ ਪਠਾਣ ਨੂੰ ਦਿੱਤੇ। ਦਸ ਮਿੰਟ ਪਿਛੋਂ ਉਹ ਤੇ ਉਹਦਾ ਨੌਕਰ ਮੀਟ. ਕਬਾਬ ਤੇ ਆਮਲੇਟ ਦੀਆਂ ਪਲੇਟਾਂ ਲੈ ਕੇ ਆ ਗਏ, ਨਾਲ ਹੀ ਸੋਡੇ ਦੀਆਂ ਬੋਤਲਾਂ ਤੇ ਬਰਫ। ਇਕ ਪਲੇਟ ਵਿਚ ਨਿੰਬੂ ਤੇ ਪਿਆਜ਼। ਉਸਨੇ ਬਾਕੀ ਪੈਸੇ ਵਾਪਿਸ ਕੀਤੇ ਤਾਂ ਮੰਟੋ ਨੇ ਕਿਹਾ, “ਰਖ ਲੈ ਇਹਨਾਂ ਨੂੰ।” ਬਾਰੀ ਨੇ ਬੋਤਲ ਖੋਲ੍ਹੀ ਤੇ ਤਿੰਨ ਗਲਾਸਾਂ ਵਿਚ ਸ਼ਰਾਬ ਪਾ ਕੇ ਸੋਡਾ ਤੇ ਬਰਫ ਪਾਈ। ਮੈਂ ਆਖਿਆ, “ਮੈਂ ਨਹੀਂ ਪੀਂਦਾ।” ਬਾਰੀ ਦੇ ਸਾਂਵਲੇ ਚਿਹਰੇ ਉਤੇ ਪਹਿਲੀ ਵਾਰ ਮੁਸਕਰਾਹਟ ਆਈ, “ਬਈ ਸ਼ਰਾਬ ਤਾਂ ਪੁੰਨ ਦੀ ਚੀਜ਼ ਐ। ਪੀ ਲੈ।” ਮੰਟੋ ਬੋਲਿਆ “ਇਹ ਨਹੀਂ ਪੀਂਦਾ।” ਫਿਰ ਉਹ ਨੇ ਰੰਡੀ ਦੇ ਪੱਟ ਤੇ ਧੱਫਾ ਮਾਰ ਕੇ ਬੋਲਿਆ, “ਤੂੰ ਪੀ ਲੈ, ਮੇਰੀ ਜਾਨ।” ਰੰਡੀ ਨੇ ਤਿਰਛੀ ਨਜ਼ਰ ਨਾਲ ਮੰਟੋ ਵਲ ਵੇਖਿਆ ਤੇ ਮੋਟੀ ਮੁਸਕਰਾਹਟ ਸੁੱਟੀ। ਫਿਰ ਗਲਾਸ ਚੁਕ ਕੇ ਪੀਣ ਲੱਗੀ। ਮੰਟੋ ਤੇ ਬਾਰੀ ਨੇ ਫ਼ੌਰਨ ਹੀ ਆਪਣੇ ਗਲਾਸ ਖਾਲੀ ਕਰ ਦਿੱਤੇ। ਫਿਰ ਡਬਲ ਪੈਗ ਤਿਆਰ ਕੀਤੇ। ਘੁੱਟ ਭਰ ਕੇ ਮੰਟੋ ਨੇ ਆਖਿਆ, “ਹੁਣ ਮਾਲ ਦਿਖਾਓ।” ਰੰਡੀ ਨੇ ਪਠਾਣ ਨੂੰ ਇਸ਼ਾਰੇ ਨਾਲ ਕੁਝ ਕਿਹਾ। ਪਠਾਣ ਥੋੜ੍ਹੀ ਦੇਰ ਪਿਛੋਂ ਇਕ ਸਜੀ-ਧਜੀ ਰੰਡੀ ਅੰਦਰ ਲੈ ਆਇਆ। ਉਹ ਸਾਹਮਣੇ ਬੈਠ ਗਈ। ਮੰਟੋ ਮੇ ਉਸਨੂੰ ਗੌਰ ਨਾਲ ਦੇਖਿਆ। ਮੈਂ ਵੀ ਉਸ ਨੂੰ ਉਤਸੁਕਤਾ ਨਾਲ ਦੇਖ ਰਿਹਾ ਸੀ: ਪਤਲੀ ਦੁਬਲੀ, ਚਿਹਰੇ ਤੇ ਗੁਲਾਬ ਥੱਪਿਆ ਹੋਇਆ, ਅੱਖਾਂ ਵਿਚ ਬਹੁਤ ਜਿਆਦਾ ਕੱਜਲ, ਜਾਰਜਟ ਦੀ ਜਾਮਨੀ ਸਾੜੀ। ਉਸਨੇ ਮੁਸਕਰਾ ਕੋ ਪੁੱਛਿਆ, “ਤੁਸੀਂ ਕਿਥੋਂ ਤਸ਼ਰੀਫ਼ ਲਿਆਏ ਹੋ?” “ਤੇਰੀ ਮਾਂ ਦੇ ਪਿੰਡੋਂ”, ਮੰਟੋ ਬੋਲਿਆ। “ਤੂੰ ਕਿਥੋਂ ਦੀ ਹੈਂ?” ਮੰਟੋ ਨੇ ਦੋ-ਤਿੰਨ ਸਵਾਲਾਂ ਪਿਛੋਂ ਰੰਡੀ ਰੱਦ ਕਰ ਦਿੱਤੀ। ਪਠਾਣ ਦੇ ਇਸ਼ਾਰੇ ਨਾਲ ਉਹ ਚਲੀ ਗਈ। ਉਸ ਪਿਛੋਂ ਉਹ ਦੂਸਰੀ ਲਿਆਇਆ, ਫਿਰ ਤੀਸਰੀ। ਤਿੰਨੇ ਹੀ ਮੰਟੋ ਨੂੰ ਪਸੰਦ ਨਾ ਆਈਆਂ। ਫਿਰ ਚੌਥੀ ਰੰਡੀ ਆਈ। ਤਿੱਖੇ ਨਕਸ਼, ਚਿਹਰੇ ਤੇ ਸੈਕਸੀ ਮੁਸਕਰਾਹਟ, ਤੇ ਅੱਖਾਂ ਉਤੇ ਕਾਲਾ ਚਸ਼ਮਾ। ਉਹ ਗੋਡੇ ਮਧੂ ਮਾਰ ਕੇ ਬੈਠ ਗਈ, ਜਿਵੇਂ ਨਮਾਜ ਪੜ੍ਹਦੇ ਹਨ। ਮੰਟੋ ਨੂੰ ਉਸਦਾ ਇਹ ਪੋਜ਼ ਤੇ ਸਟਾਈਲ ਚੰਗਾ ਲਗਾ। ਦੋ-ਚਾਰ ਸਵਾਲ ਕੀਤੇ ਜਿਸਦੇ ਰੰਡੀ ਨੇ ਨਖ਼ਰੇ ਨਾਲ ਜਵਾਬ ਦਿੱਤੇ। ਮੰਟੋ ਦੀ ਦਿਲਚਸਪੀ ਵਧੀ। ਪਰ ਨਾਲ ਹੀ ਇਕ ਹੋਰ ਜਜ਼ਬਾ ਵੀ ਕੰਮ ਕਰ ਰਿਹਾ ਸੀ। ਉਸਨੇ ਪੁੱਛਿਆ. “ਇਹ ਕਾਲਾ ਚਸ਼ਮਾ ਕਿਉਂ ਲਾ ਰਖਿਆ ਰਾਤ ਵੇਲੇ, ਮੇਰੀ ਜਾਨ?” ਉਹ ਬੋਲੀ, “ਤੁਹਾਡੇ ਹੁਸਨ ਨਾਲ ਮੇਰੀਆਂ ਅੱਖਾਂ ਨਾ ਕਿਤੇ ਚੁੰਧਿਆ ਜਾਣ।” ਮੰਟੋ ਉਸ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਆਖਿਆ, “ਮੇਰੀ ਜਾਨ, ਤੇਰੇ ਨਾਲ ਬਿਸਤਰ ਵਿਚ ਬਹੁਤ ਮਜਾ ਆਏਗਾ, ਪਰ ਪਹਿਲੇ ਦੇਖ ਤਾਂ ਲਵਾਂ ਤੂੰ ਹੈਂ ਕੀ? ” ਇਹ ਕਹਿ ਕੇ ਉਸਨੇ ਅਚਾਨਕ ਉਸਦਾ ਕਾਲਾ ਚਸ਼ਮਾ ਉਤਾਰ ਲਿਆ। ਰੰਡੀ ਨੇ ਅੱਖਾਂ ਝਪਕੀਆਂ। ਇਕ ਅੱਖ ਭੈਂਗੀ ਸੀ। ਮੰਟੋ ਬੋਲਿਆ, “ਜੇ ਤੂੰ ਚਸ਼ਮੇ ਬਗੈਰ ਆਈ ਹੁੰਦੀ ਤਾਂ ਮੈਂ ਜਰੂਰ ਤੈਨੂੰ ਮੁਹੱਬਤ ਕਰਦਾ। ਤੇਰੀ ਇਸ ਭੈਂਗੀ ਅੱਖ ਉਤੇ ਹੀ ਕੁਰਬਾਨ ਹੋ ਜਾਂਦਾ। ਪਰ ਚੋਰੀ ਮੈਂ ਬਰਦਾਸ਼ਤ ਨਹੀਂ ਕਰ ਸਕਦਾ।” ਇਹ ਰੰਡੀ ਵੀ ਰੱਦ ਕਰ ਦਿੱਤੀ ਗਈ। ਰਾਤ ਦੇ ਗਿਆਰਾਂ ਵੱਜ ਚੁੱਕੇ ਸਨ। ਮੀਟ ਤੇ ਕਬਾਬ ਤੇ ਆਮਲੇਟ ਤਿੰਨ ਵਾਰ ਆ ਚੁਕੇ ਸਨ। ਮੰਟੋ ਪੰਜ ਪੈਗ ਪੀ ਚੁਕਿਆ ਸੀ। ਉਸ ਦੀਆਂ ਅੱਖਾਂ ਦੀਆਂ ਪੁਤਲੀਆਂ ਫੈਲ ਗਈਆਂ ਸਨ, ਪਰ ਉਸ ਦੀਆਂ ਗੱਲਾਂ ਵਿਚ ਉਹੀ ਚਮਕ ਤੇ ਰੰਗੀਨੀ ਸੀ। ਉਹ ਛੇਵਾਂ ਪੈਗ ਪਾਉਣ ਲੱਗਾ ਤਾਂ ਰੰਡੀ ਨੇ ਆਖਿਆ, “ਹੋਰ ਨਾ ਪੀਓ।” ਉਸਦੀ ਆਵਾਜ ਵਿਚ ਹਮਦਰਦੀ ਸੀ। ਮੰਟੋ ਨੇ ਬੋਤਲ ਚੁਕੀ ਤੇ ਰੰਡੀ ਨੂੰ ਉਸਦਾ ਹੱਥ ਫੜ ਲਿਆ, “ਤੁਹਾਨੂੰ ਮੇਰੀ ਕਸਮ, ਹੋਰ ਨਾ ਪੀਓ।” ਮੈਂ ਮੰਟੋ ਨੂੰ ਆਖਿਆ, “ਹੋਰ ਨਾ ਪੀਓ। ਇਹ ਠੀਕ ਕਹਿੰਦੀ ਐ। ਇਸਨੂੰ ਹਮਦਰਦੀ ਹੈ।” ਉਹ ਬੋਲਿਆ, “ਹਮਦਰਦੀ ? ਸਾਲੀ ਚਾਰ ਪੈਗ ਬਚਾਉਣਾ ਚਾਹੁੰਦੀ ਐ ਆਪਣੇ ਦੱਲੇ ਲਈ। ਜੇ ਸਾਫ ਕਹਿ ਦੇਵੇ ਤਾਂ ਮੈਂ ਇਸ ਲਈ ਬੋਤਲ ਮੰਗਵਾ ਸਕਦਾ ਹਾਂ। ਪਰ ਇਹ ਹਰਾਮਜ਼ਾਦੀ ਹਮਦਰਦੀ ਦਾ ਢੋਂਗ ਰਚਾਉਂਦੀ ਹੈ।” ਉਸਨੇ ਪੈਗ ਭਰਿਆ ਤੇ ਨਵੇਂ ਘੁੱਟ ਦਾ ਮਜਾ ਲੈਣ ਲਗਾ। ਰੰਡੀ ਨੇ ਫਿਰ ਮੰਟੋ ਦਾ ਹੱਥ ਫੜ ਲਿਆ, “ਅੱਲਾ ਜਾਣਦੈ, ਤੁਸੀਂ ਬਹੁਤ ਚੰਗੇ ਲਗਦੇ ਹੋ।” ਮੰਟੋ ਨੇ ਉਸਦੇ ਪੱਟ ਉਤੇ ਧੱਫਾ ਮਾਰਿਆ, “ਮੇਰੀ ਜਾਨ, ਤੂੰ ਦੁਨੀਆਂ ਦੀਆਂ ਸਭ ਔਰਤਾਂ ਤੋਂ ਹੁਸੀਨ ਐਂ ਤੂੰ ਕਲਿਓਪੈੱਟਰਾ ਹੈਂ... ਹੈਲਨ ਹੈਂ...” ਮੰਟੋ ਨੇ ਪਠਾਣ ਨੂੰ ਜਿੰਨੇ ਵਾਰ ਨੋਟ ਦਿੱਤੇ ਉਹਨਾਂ ਦਾ ਹਿਸਾਬ ਨਾ ਲਿਆ। ਹਰ ਵਾਰ ਪਠਾਣ ਬਾਕੀ ਪੈਸੇ ਰਖ ਲੈਂਦਾ ਸੀ। ਮੰਟੋ ਬੇਦਰਦੀ ਨਾਲ ਨੋਟ ਸੁੱਟ ਰਿਹਾ ਸੀ। ਮੈਨੂੰ ਮੰਟੋ ਅੰਦਰ ਬਾਬੂ ਗੋਪੀ ਨਾਥ ਨਜ਼ਰ ਆਇਆ.. ਉਸਦੀ ਕਹਾਣੀ ਦਾ ਪਾਤਰ ਜੋ ਰੰਡੀਆਂ ਦੇ ਕੋਠਿਆਂ ਉਤੇ ਜਾਂਦਾ ਹੈ ਤੇ ਸਭ ਕੁਝ ਜਾਣਦੇ ਬੁਝਦੇ ਹੋਏ ਰੁਪਿਆ ਲੁਟਾਉਂਦਾ ਹੈ। ਉਸਨੂੰ ਰੰਡੀਆਂ ਤੇ ਦੱਲਿਆਂ ਦੀ ਦੁਨੀਆਂ ਪਸੰਦ ਹੈ। ਜਾਂ ਦਰਗਾਹਾਂ ਤੇ ਮਕਬਰਿਆਂ ਉਤੇ ਪੀਰਾਂ-ਫ਼ਕੀਰਾਂ ਦੀ। ਪਰ ਬਾਬੂ ਗੋਪੀ ਨਾਥ ਬੇਨਿਆਜ਼ ਹੈ। ਮੰਟੋ ਉਸੇ ਦਾ ਹੀ ਅਕਸ ਸੀ। ਜਾਂ ਇਹ ਕਹਿਣਾ ਚਾਹੀਦਾ ਹੈ ਕਿ ਬਾਬੂ ਗੋਪੀ ਨਾਥ ਵਿਚ ਵੱਸੀ ਹੋਈ ਇਨਸਾਨੀਅਤ ਮੰਟੋ ਦੀ ਹੀ ਆਤਮਾ ਸੀ। ਮੰਟੋ ਦੀ ਰੂਹ ਵਿਚ ਅਜੀਬ ਵੀਰਾਨਗੀ ਸੀ। ਉਹ ਰੰਡੀਆਂ ਦੀ ਦੁਨੀਆ ਵਿਚ ਰਹਿੰਦਾ ਹੋਇਆ ਬੇਤੁਅਲਕ ਸੀ, ਪਰ ਉਹ ਇਹਨਾਂ ਚਕਲਿਆਂ ਵਿਚ ਲੁਕੀ ਹੋਈ ਇਨਸਾਨੀਅਤ ਤੇ ਰੰਡੀ ਦੇ ਦਿਲ ਵਿਚ ਵਸੀ ਤੀਵੀਂ ਨੂੰ ਦੇਖਦਾ ਸੀ। ਤੀਵੀਂ ਵਿਚ ਰੰਡੀ, ਤੇ ਰੰਡੀ ਵਿਚ ਤੀਵੀਂ ਦੇਖਦਾ ਸੀ। ਜਿਸਮ ਦੀ ਮੰਡੀ ਵਿਚ ਉਹ ਰੂਹ ਦਾ ਵਪਾਰੀ ਸੀ। ਦੂਸਰੇ ਦਿਨ ਗਿਆਰਾਂ ਵਜੇ ਮੰਟੋ ਰੇਡੀਓ ਸਟੇਸ਼ਨ ਆਇਆ। ਉਹਨੀਂ ਦਿਨੀਂ ਜੁਗਲ ਕਿਸ਼ੋਰ ਮਹਿਰਾ ਸਟੇਸ਼ਨ ਡਾਇਰੈਕਟਰ ਸੀ। ਵੱਡਾ ਸਾਹਿਬ, ਜਿਸ ਤੋਂ ਸਾਰਾ ਅਮਲਾ ਕੰਬਦਾ ਸੀ। ਲਚਕੀਲਾ ਸਰੀਰ, ਚਿਹਰੇ ਉਤੇ ਮਾਤਾ ਦੇ ਮੱਧਮ ਦਾਗ਼, ਭੇੜੀਏ ਵਰਗੀਆਂ ਅੱਖਾਂ ਤੇ ਐਕਟਰਾਂ ਵਰਗੀ ਮੰਝੀ ਹੋਈ ਆਵਾਜ। ਟਵੀਡ ਦਾ ਕੋਟ ਪਾਈ ਮੂੰਹ ਵਿਚ ਸਿਗਾਰ, ਨਾਲ ਐਲਸੇਸ਼ਿਨ ਕੁੱਤਾ, ਉਹ ਰੇਡੀਓ ਸਟੇਸ਼ਨ ਆਉਂਦਾ। ਮੈਂ ਆਪਣੇ ਕਮਰੇ ਵਿਚ ਬੈਠਾ ਕੰਮ ਕਰ ਰਿਹਾ ਸੀ। ਚਪੜਾਸੀ ਨੇ ਆ ਕੇ ਆਖਿਆ ਕਿ ਮੰਟੋ ਸਾਹਿਬ ਬੁਲਾ ਰਹੇ ਹਨ। ਮੇਰੇ ਕੋਲ ਮੰਟੋ ਦਾ ਨੋਟਾਂ ਦਾ ਬਟੁਆ ਸੀ ਜੋ ਉਸਨੇ ਪਹਿਲੀ ਰਾਤ ਮੈਨੂੰ ਸੰਭਾਲ ਦਿਤਾ ਸੀ। ਮੈਂ ਬਾਹਰ ਨਿਕਲਿਆ ਤਾਂ ਮੰਟੋ ਨੇ ਉੱਚੀ ਆਵਾਜ ਵਿਚ ਆਖਿਆ, “ਜੁਗਲ ਮੈਂ ਜਾ ਰਿਹਾ ਹਾਂ।” ਇਤਨੇ ਵਿਚ ਮਹਿਰਾ ਸਾਹਿਬ ਬਾਹਰ ਆ ਗਏ ਤੇ ਮੰਟੋ ਨੂੰ ਕਹਿਣ ਲੱਗੇ, “ਠਹਿਰ ਯਾਰ, ਇਕੱਠੇ ਚਲਦੇ ਹਾਂ।” ਮੰਟੋ ਬੇਪਰਵਾਹੀ ਨਾਲ ਬੋਲਿਆ, “ਤੂੰ ਰੇਸ ਖੇਡਣ ਜਾਏਂਗਾ। ਮੈਨੂੰ ਰੇਸ ਦਾ ਕੋਈ ਸ਼ੌਕ ਨਹੀਂ। ਬੋਰ। ਮੈਂ ਚਲਿਆ।” ਮੈਂ ਮੰਟੋ ਨੂੰ ਉਸਦਾ ਬਟੁਆ ਵਾਪਿਸ ਕੀਤਾ। ਉਸਨੇ ਰੁਪਏ ਨਾ ਗਿਣੇ, ਸਿਰਫ ਬੰਬਈ ਦੇ ਟਿੱਕਟ ਦੇਖੇ। ਮੈਨੂੰ ਕਹਿਣ ਲੱਗਾ, “ਅੱਜ ਸ਼ਾਮ ਮੈਂ ਵਾਪਿਸ ਜਾ ਰਿਹਾ ਹਾਂ।” ਸ਼ਾਮ ਨੂੰ ਮੈਂ ਰੇਲਵੇ ਸਟੇਸ਼ਨ ਉਤੇ ਪਹੁੰਚਿਆ। ਫਰੰਟੀਅਰ ਮੇਲ ਵਿਚ ਉਸਦੀਆਂ ਦੋ ਸੀਟਾਂ ਰਿਜ਼ਰਵ ਸਨ। ਸਫੀਆ ਉਸ ਦੇ ਨਾਲ ਸੀ। ਉਸ ਨੇ ਸੂਟਕੇਸ ਤੇ ਲਾਹੌਰ ਤੋਂ ਖਰੀਦੀਆਂ ਹੋਈਆਂ ਚੀਜਾਂ ਦੇ ਬੰਡਲ ਸੀਟਾਂ ਹੇਠ ਰੱਖ ਦਿੱਤੇ। ਅਸੀਂ ਦੋਵੇਂ ਪਲੇਟਫਾਰਮ ਉਤੇ ਖੜੇ ਸਾਂ। ਮੰਟੋ ਕਹਿਣ ਲਗਾ, “ਚੌਧਰੀ ਹੁਣ ਤੀਕ ਨਹੀਂ ਆਇਆ। ਸਿਗਨਲ ਡਾਊਨ ਹੋ ਗਿਆ ਤੇ ਉਹ ਪਤਾ ਨਹੀਂ ਕਿਥੇ ਐ।” ਥੋੜ੍ਹੀ ਦੇਰ ਪਿਛੋਂ ਉਹ ਫਿਰ ਬੋਲਿਆ, “ਇਸ ਗਧੇ ਨੂੰ ਵਕਤ ਦਾ ਕੋਈ ਅੰਦਾਜ਼ਾ ਨਹੀਂ। ਪਿੰਡੋਂ ਨਿਕਲਿਆ ਤੇ ਸਿੱਧਾ ਲਾਹੌਰ। ਅਰਾਈਂ ਦਾ ਅਰਾਈਂ ਰਿਹਾ। ਹੁਣ ਤੀਕ ਨਹੀਂ ਆਇਆ... ਮੈਂ ਬੜੀ ਗਲਤੀ ਕੀਤੀ ਕਿ ਸਾਰੇ ਕਪੜੇ ਧੋਣ ਲਈ ਦੇ ਦਿੱਤੇ। ਛੇ ਸਲਵਾਰਾਂ, ਛੇ ਕਮੀਜ਼ਾਂ, ਅਚਕਨ.. ਉਹ ਉੱਲੂ ਦਾ ਪੱਠਾ ਹੁਣ ਤੀਕ ਨਹੀਂ ਆਇਆ।” ਗਾਰਡ ਨੇ ਸੀਟੀ ਦਿਤਾ। ਮੰਟੋ ਬੁੜਬੁੜਾਇਆ, “ਇਸ ਗਧੇ ਦਾ ਕੁਝ ਪਤਾ ਹੀ ਨਹੀਂ।” ਇਤਨੇ ਵਿਚ ਚੌਧਰੀ ਨਜ਼ੀਰ ਕਪੜਿਆਂ ਦਾ ਬੰਡਲ ਚੁਕੀ ਹਫਦਾ ਹੋਇਆ ਆ ਗਿਆ। “ਬੜੀ ਮੁਸ਼ਕਲ ਨਾਲ ਪਹੁੰਚਿਆ ਹਾਂ। ਕੋਲ ਖੜੇ ਹੋ ਕੇ ਕਪੜੇ ਇਸਤਰੀ ਕਰਵਾਏ।” ਮੰਟੋ ਨੇ ਗੁੱਸੇ ਨਾਲ ਘੂਰਿਆ, “ਗੱਡੀ ਤੁਰਨ ਵਾਲੀ ਐ ਤੇ ਤੂੰ ਹੁਣ ਆਇਐਂ? ” ਚੌਧਰੀ ਨੇ ਕਪੜੇ ਛੇਤੀ ਨਾਲ ਗੱਡੀ ਵਿਚ ਰੱਖੇ ਤੇ ਗੱਡੀ ਚਲ ਪਈ। ਜਦੋਂ ਗੱਡੀ ਪਲੇਟਫਾਰਮ ਤੋਂ ਨਿਕਲ ਗਈ ਤਾਂ ਉਹ ਮੱਥੇ ਦਾ ਪਸੀਨਾ ਪੂੰਝਦਾ ਹੋਇਆ ਬੋਲਿਆ, “ਬੜਾ ਹੁਕਮ ਚਲਾਉਂਦਾ ਐ, ਜਿਵੇਂ ਮੈਂ ਇਸ ਦੇ ਬਾਪ ਦਾ ਨੌਕਰ ਹੁੰਨਾ।” ਅਸੀਂ ਦੋਵੇਂ ਹੌਲੀ ਹੌਲੀ ਤੁਰਨ ਲਗੇ। ਉਹ ਬੋਲਿਆ, “ਆਪਣੇ ਆਪ ਨੂੰ ਨਵਾਬਜ਼ਾਦਾ ਸਮਝਦਾ ਐ। ਮੇਰੇ ਰੁਪਏ ਲੈ ਕੇ ਮੇਰੇ ਉਤੇ ਹੀ ਧੌਂਸ। ਇਥੇ ਆਇਆ ਤਾਂ ਮੈਂ ਇਸ ਨੂੰ ਨਾਵਲ ਲਿਖਣ ਲਈ ਦੋ ਹਜ਼ਾਰ ਰੁਪਏ ਦੀ ਰਕਮ ਪੇਸ਼ਗੀ ਦਿੱਤੀ। ਇਸ ਨੇ ਇਕ ਹਜ਼ਾਰ ਮੇਰੇ ਸਾਹਮਣੇ ਦੇਖਦੇ ਹੀ ਦੇਖਦੇ ਇਥੇ ਲੁਟਾ ਦਿੱਤੇ। ਹਰ ਜਗਾ ਬਿਲ ਅਦਾ ਕਰਨ ਨੂੰ ਅੱਗੇ।” ਆਖਿਰ ਰੁਪਿਆ ਆਉਂਦਾ ਤਾਂ ਸਾਡੇ ਕੋਲੇ ਐ। ਉਹ ਬੁੜਬੁੜਾਉਂਦਾ ਰਿਹਾ। ਜਦੋਂ ਉਸਦਾ ਗੁੱਸਾ ਠੰਢਾ ਹੋਇਆ ਤਾਂ ਉਹ ਬੋਲਿਆ, “ਬਲਵੰਤ, ਮੈਂ ਇਸ ਆਦਮੀ ਦੇ ਨਖ਼ਰੇ ਬਰਦਾਸ਼ਤ ਕਰਦਾ ਆਂ ਕਿਉਂਕਿ ਇਹ ਮੰਟੋ ਹੈ। ਹੋਰ ਕਿਸੇ ਸਾਲੇ ਦੀ ਮੈਂ ਕੀ ਪ੍ਰਵਾਹ ਕਰਦਾ ਹਾਂ। ਮੇਰੇ ਕੋਲ ਵੱਡੇ ਵੱਡੇ ਜੱਜ, ਪ੍ਰੋਫੈਸਰ ਤੇ ਡਾਇਰੈਕਟਰ ਆਉਂਦੇ ਹਨ ਕਿ ਮੈਂ ਉਹਨਾਂ ਦੀ ਕੋਈ ਕਿਤਾਬ ਛਾਪਾਂ। ਮੈਂ ਨਹੀਂ ਛਾਪਦਾ। ਉਹੀ ਚੀਜ਼ ਛਾਪਦਾ ਹਾਂ ਜਿਸ ਨੂੰ ਮੈਂ ਪਰਖ ਕੇ ਖੁਦ ਛਾਪਣ ਦੇ ਕਾਬਿਲ ਸਮਝਾਂ। ਪਰ ਮੰਟੋ ਕਹਾਣੀ ਦਾ ਖੁਦਾ ਹੈ। ਕਿਸੇ ਵੇਲੇ ਸ਼ਾਇਦ ਮੇਰਾ ਨਾਂ ਇਸੇ ਲਈ ਰਹਿ ਜਾਵੇ ਕਿ ਮੈਂ ਮੰਟੋ ਦੇ ਕਪੜਿਆਂ ਦਾ ਬੰਡਲ ਚੁੱਕ ਕੇ ਰੇਲ ਗੱਡੀ ਤੇ ਉਸ ਨੂੰ ਚੜ੍ਹਾਉਣ ਆਇਆ ਸਾਂ। ਇਹ ਵੱਖਰੇ ਕਿਸਮ ਦਾ ਰਾਈਟਰ ਹੈ।” ਇਸ ਪਿਛੋਂ ਚੌਧਰੀ ਮਕਤਬਾ ਉਰਦੂ ਚਲਾ ਗਿਆ। ਇਕ ਵਾਰ ਮੰਟੋ ਅਚਾਨਕ ਲਾਹੌਰ ਆਇਆ। ਉਹ ‘ਮਕਤਬਾ ਉਰਦੂ’ ਵਿਚ ਟੰਗ ਤੇ ਟੰਗ ਰੱਖੀ ਬੈਠਾ ਸੀ। ਉਸ ਨੇ ਰੇਸ਼ਮੀ ਕੁੜਤਾ, ਲੱਠੇ ਦੀ ਤੰਗ ਪਹੁੰਚੇ ਦੀ ਸਲਵਾਰ ਤੇ ਤਿਲੇਦਾਰ ਜੁੱਤੀ ਪਾਈ ਹੋਈ ਸੀ। ਫਿਕਰ ਤੌਸਵੀਂ ਮਕਤਬਾ ਉਰਦੂ ਦੇ ਪਿਛਲੇ ਕਮਰੇ ਵਿਚ ਬੈਠਾ ਅਕਸਰ ਕਿਤਾਬਾਂ ਦੇ ਪਰੂਫ ਪੜ੍ਹਦਾ। ਉਸ ਨੇ ਆਖਿਆ, “ਮੰਟੋ ਸਾਹਿਬ ਤੁਸੀਂ ਇਸ ਵਾਰ ਆਉਣ ਦੀ ਖ਼ਬਰ ਹੀ ਨਾ ਦਿੱਤੀ ?” ਮੰਟੋ ਨੇ ਪੈਰ ਦੀ ਅੱਡੀ ਮਾਰਦੇ ਹੋਏ ਕਿਹਾ, “ਬੰਬਈ ਵਿਚ ਨਰਗਸ ਸਟੂਡੀਓ ਵਿਚ ਆਈ ਤਾਂ ਉਸ ਨੇ ਸਫ਼ੈਦ ਸਾੜ੍ਹੀ ਤੇ ਤਿਲੇਦਾਰ ਜੁੱਤੀ ਪਾਈ ਹੋਈ ਸੀ। ਕੁਰਸੀ ਤੇ ਬੈਠੀ ਉਹ ਇਸੇ ਤਰ੍ਹਾਂ ਅੱਡੀ ਮਾਰ ਰਹੀ ਸੀ। ਉਸ ਨੂੰ ਕੀ ਪਤਾ ਕਿ ਸਾੜ੍ਹੀ ਨਾਲ ਤਿਲੇਦਾਰ ਜੁੱਤੀ ਨਹੀਂ ਪਾਈਦੀ। ਮੈਨੂੰ ਬੜੀ ਤਕਲੀਫ਼ ਹੋਈ। ਮੈਂ ਇਥੇ ਆ ਕੇ ਕੁੜਤਾ ਤੇ ਸਲਵਾਰ ਸਿਲਵਾਈ ਤੇ ਜੁੱਤੀ ਖਰੀਦੀ। ਹੁਣ ਜਾ ਕੇ ਆਖਾਂਗਾ: ਦੇਖ, ਤਿਲੇਦਾਰ ਜੁੱਤੀ ਇਸ ਤਰ੍ਹਾਂ ਪਾਈਦੀ ਐ।” ਉਸ ਦੇ ਮਿਜ਼ਾਜ ਵਿਚ ਇਸ ਕਿਸਮ ਦੀ ਸ਼ਾਹੀ ਠਾਠ ਵੀ ਸੀ। ਮੰਟੋ ਜਿਥੇ ਰਿਹਾ, ਉਸ ਨੇ ਉਥੋਂ ਦੇ ਮਾਹੌਲ ਵਿਚ ਡੁੱਬ ਕੇ ਕਹਾਣੀਆਂ ਲਿਖੀਆਂ। ਬੰਬਈ ਦੇ ਨਾਗਪਾੜਾ ਪੁਲਿਸ ਸਟੇਸ਼ਨ ਤੇ ਰੰਡੀਆਂ ਦੇ ਫ਼ਾਰਸ ਰੋਡ ਤੇ ਫਿਲਮ ਸਟੂਡੀਓਜ ਦੀ ਜਾਣ-ਪਛਾਣ ਮੈਨੂੰ ਲਾਹੌਰ ਬੈਠੇ ਹੀ ਹੋ ਗਈ ਸੀ। ‘ਕਾਲੀ ਸਲਵਾਰ’ ਦੀ ਰੰਡੀ ਸੁਲਤਾਨਾ ਦਿੱਲੀ ਦੇ ਅਜਮੇਰੀ ਗੇਟ ਦੇ ਬਾਹਰ ਜੀ.ਬੀ.ਰੋਡ ਉਤੇ ਇਕ ਕੋਠੇ ਉਤੇ ਰਹਿੰਦੀ ਸੀ। ਸਾਹਮਣੇ ਰੇਲਵੇ ਯਾਰਡ, ਜਿਥੇ ਬੇ-ਸ਼ੁਮਾਰ ਰੇਲ ਦੀਆਂ ਪਟੜੀਆਂ ਵਿਛੀਆਂ ਹੋਈਆਂ ਸਨ। ਹੁਣ ਵੀ ਉਥੇ ਕੋਠਿਆਂ ਦੀ ਕਤਾਰ ਹੈ ਤੇ ਮੰਟੋ ਦਾ ਬਿਆਨ ਕੀਤਾ ਸੀਨ ਤੇ ਰੰਡੀ ਦੇ ਮਨ ਦੀ ਦਸ਼ਾ ਉਸੇ ਤਰਾਂ ਹੈ। ਉਹ ਲਿਖਦਾ ਹੈ: “ਧੁੱਪ ਵਿਚ ਲੋਹੇ ਦੀਆਂ ਇਹ ਪਟੜੀਆਂ ਚਮਕਦੀਆਂ ਤਾਂ ਸੁਲਤਾਨਾ ਆਪਣੇ ਹੱਥਾਂ ਨੂੰ ਦੇਖਦੀ ਜਿਨ੍ਹਾਂ ਉਤੇ ਨੀਲੀਆਂ ਰਗਾਂ ਬਿਲਕੁਲ ਇਹਨਾਂ ਪਟੜੀਆਂ ਵਾਂਗ ਉਭਰੀਆਂ ਹੋਈਆਂ ਸਨ। ਇਸ ਲੰਮੇ ਤੇ ਖੁੱਲ੍ਹੇ ਮੈਦਾਨ ਵਿਚ ਹਰ ਵੇਲੇ ਇੰਜਣ ਤੇ ਗੱਡੀਆਂ ਦੀ ਠਕ ਠਕ ਫਕ ਫਕ ਗੂੰਜਦੀ ਰਹਿੰਦੀ.. ਕਦੇ ਕਦੇ ਜਦੋਂ ਉਹ ਕਿਸੇ ਗੱਡੀ ਦੇ ਡੱਬੇ ਨੂੰ ਜਿਸ ਨੂੰ ਇੰਜਣ ਨੇ ਧੱਕਾ ਦੇ ਕੇ ਛੱਡ ਦਿੱਤਾ ਹੋਵੇ. ਪਟੜੀਆਂ ਉਤੇ ਇਕੱਲਾ ਚਲਦਾ ਦੇਖਦੀ ਤਾਂ ਉਸ ਨੂੰ ਆਪਣਾ ਖਿਆਲ ਆਉਂਦਾ। ਉਹ ਸੋਚਦੀ ਕਿ ਉਸ ਨੂੰ ਵੀ ਕਿਸੇ ਨੇ ਜਿੰਦਗੀ ਦੀ ਪਟੜੀ ਤੇ ਧੱਕਾ ਦੇ ਕੇ ਛਡ ਦਿੱਤਾ ਹੈ ਤੇ ਉਹ ਖੁਦ-ਬਖੁਦ ਤੁਰੀ ਜਾ ਰਹੀ ਹੈ.. ਪਤਾ ਨਹੀਂ ਕਿਥੇ ਨੂੰ। ਫਿਰ ਇਕ ਦਿਨ ਅਜਿਹਾ ਆਵੇਗਾ ਜਦ ਇਸ ਧੱਕੇ ਦਾ ਜੋਰ ਹੌਲੀ ਹੌਲੀ ਖਤਮ ਹੋ ਜਾਵੇਗਾ, ਕਿਸੇ ਅਜਿਹੀ ਥਾਂ ਜੋ ਉਸ ਨੇ ਪਹਿਲਾਂ ਕਦੇ ਨਾ ਦੇਖੀ ਹੋਵੇ... ਕਦੇ ਕਦੇ ਉਸ ਦੇ ਦਿਮਾਗ ਵਿਚ ਇਹ ਖਿਆਲ ਵੀ ਆਉਂਦਾ ਕਿ ਇਹ ਜੋ ਸਾਹਮਣੇ ਰੇਲ ਪਟੜੀਆਂ ਦਾ ਜਾਲ ਵਿਛਿਆ ਪਿਆ ਹੈ ਤੇ ਥਾਂ ਥਾਂ ਤੋਂ ਭਾਫ ਤੇ ਧੂੰਆਂ ਉਠ ਰਿਹਾ ਹੈ, ਇਕ ਬਹੁਤ ਵੱਡਾ ਚਕਲਾ ਹੈ। ਬਹੁਤ ਸਾਰੀਆਂ ਗੱਡੀਆਂ ਹਨ ਜਿਨ੍ਹਾਂ ਨੂੰ ਕੁਝ ਮੋਟੇ-ਮੋਟੇ ਇੰਜਣ ਏਧਰ-ਉਧਰ ਧੱਕਦੇ ਰਹਿੰਦੇ ਹਨ – ਸੁਲਤਾਨਾ ਨੂੰ ਕਈ ਵਾਰ ਇਹ ਇੰਜਣ ਸੇਠਾਂ ਵਾਂਗ ਜਾਪਦੇ ਜੋ ਕਦੇ-ਕਦੇ ਅੰਬਾਲੇ ਉਸ ਦੇ ਕੋਠੇ ਤੇ ਆਇਆ ਕਰਦੇ ਸਨ। ” ਮੰਟੋ ਦੀਆਂ ਉਪਰੀਆਂ ਸਤਰਾਂ ਉਰਦੂ ਸਾਹਿਤ ਵਿਚ ਕਲਾਸਿਕ ਬਣ ਗਈਆਂ ਹਨ। ਇਸ ਬਿਆਨ ਵਿਚ ਜਿੰਦਗੀ ਦੇ ਦਾਰਸ਼ਨਿਕ ਇਸ਼ਾਰੇ. ਉਦਾਸੀ ਤੇ ਮਾਹੌਲ ਵਿਚ ਵਾਪਰ ਰਹੀਆਂ ਘਟਨਾਵਾਂ ਦਾ ਮਾਨਸਿਕ ਪ੍ਰਵਿਰਤੀਆਂ ਨਾਲ ਮੇਲ ਹੈ। ਜਦ ਦੇਸ਼ ਦੀ ਵੰਡ ਪਿਛੋਂ ਮੰਟੋ ਲਾਹੌਰ ਚਲਾ ਗਿਆ ਤਾਂ ਉਸ ਨੇ ਪਾਕਿਸਤਾਨ ਬਾਰੇ ਤੇ ਫ਼ਸਾਦਾਂ ਬਾਰੇ ਲਿਖਿਆ। ਉਹ ਕੌੜੇ ਸੱਚ ਦਾ ਜ਼ਹਿਰ ਪੀਣ ਤੋਂ ਕਦੇ ਨਹੀਂ ਸੀ ਝਿਜਕਿਆ। ਉਹ ਖਰੀ ਗੱਲ ਮੂੰਹ ਤੇ ਕਹਿ ਦੇਂਦਾ। ਕਦੇ ਜਜ਼ਬਾਤੀ ਰਿਆਇਤ ਨਾ ਕਰਦਾ। ਕਿਸੇ ਦੋਸਤ ਨੇ ਪੁੱਛਿਆ, “ਮੰਟੋ, ਤੂੰ ਕਿੰਨਾ ਕੁ ਮੁਸਲਮਾਨ ਹੈਂ? ” ਉਸ ਨੇ ਜਵਾਬ ਦਿੱਤਾ, “ਜਦੋਂ ਇਸਲਾਮੀਆ ਕਾਲਿਜ ਤੇ ਡੀ.ਏ.ਵੀ. ਕਾਲਿਜ ਵਿਚਕਾਰ ਫੁਟਬਾਲ ਦਾ ਮੈਚ ਹੋ ਰਿਹਾ ਹੋਵੇ ਤੇ ਇਸਲਾਮੀਆ ਕਾਲਜ ਗੋਲ ਕਰ ਦੇਵੇ ਤਾਂ ਮੇਰਾ ਦਿਲ ਉਛਲ ਪੈਂਦਾ ਹੈ। ਇਤਨਾ ਕੁ ਮੁਸਲਮਾਨ ਮੈਂ ਜਰੂਰ ਹਾਂ।” ਪਰ ਦੋਸਤੀ ਦੇ ਮੁਆਮਲੇ ਵਿਚ ਇਹ ਗੱਲ ਕਦੇ ਨਜ਼ਰ ਨਹੀਂ ਆਈ। ਉਸਦੇ ਬਿਹਤਰੀਨ ਦੋਸਤ ਸ਼ਿਆਮ, ਅਸ਼ੋਕ ਕੁਮਾਰ ਤੇ ਮੁਕਰਜੀ ਸਨ। ਉਹ ਬਾਰ-ਬਾਰ ਇਹਨਾਂ ਦਾ ਜਿਕਰ ਕਰਦਾ ਹੈ। ਫੁੱਟਬਾਲ ਦੇ ਮੈਚ ਵਾਲੀ ਗੱਲ ਉਸਨੇ ਸ਼ਾਇਦ ਇਸ ਲਈ ਆਖੀ ਕਿ ਕਈ ਹਿੰਦੂ ਲੇਖਕ ਜੋ ਤਰੱਕੀ ਪਸੰਦ ਹੋਣ ਦਾ ਦਾਅਵਾ ਕਰਦੇ ਸਨ ਤੇ ਅੰਦਰੋਂ ਕੱਟੜ ਹਿੰਦੂ ਸਨ ਖੁਲ੍ਹ ਕੇ ਇਹ ਗੱਲ ਨਹੀਂ ਸਨ ਕਹਿ ਸਕਦੇ। ਮੰਟੋ ਨੇ ਉਸ ਜਜ਼ਬੇ ਬਾਰੇ ਲਿਖ ਕੇ ਜੋ ਸਾਡੇ ਨਿਮਨ ਚੇਤਨ ਵਿਚ ਲਰਜ਼ਦਾ ਹੈ ਤੇ ਜਿਸ ਉਤੇ ਸਾਡਾ ਚੇਤਨ ਤੌਰ ਤੇ ਕੋਈ ਵਸ ਨਹੀਂ ਹੁੰਦਾ, ਸਾਨੂੰ ਇਕ ਡੂੰਘੇ ਸੱਚ ਦੇ ਸਾਹਮਣੇ ਲਿਆ ਖੜਾ ਕੀਤਾ ਹੈ। ਮੌਤ ਬਾਰੇ ਉਸਦਾ ਦਾਰਸ਼ਨਿਕ ਪ੍ਰਤਿਕਰਮ ਸੀ। ਉਸਨੇ ਆਖਿਆ, “ਇਕ ਆਦਮੀ ਦੀ ਮੌਤ ਟ੍ਰੈਜਡੀ ਹੈ, ਇਕ ਲੱਖ ਇਨਸਾਨ ਮਰ ਜਾਣ ਤਾਂ ਇਹ ਕੁਦਰਤ ਦਾ ਵੱਡਾ ਮਜਾਕ ਹੈ।” ਉਸਨੇ ਪੰਜਾਬ ਦੇ ਬਟਵਾਰੇ, ਕਤਲ ਤੇ ਬਲਾਤਕਾਰ ਦੀਆਂ ਦਿਲ-ਸੱਲਵੀਆਂ ਘਟਨਾਵਾਂ ਉਤੇ ਕਹਾਣੀਆਂ ਲਿਖੀਆਂ। “ਟੋਭਾ ਟੇਕ ਸਿੰਘ”, “ਠੰਢਾ ਗੋਸ਼ਤ”, ਤੇ “ਖੋਲ੍ਹ ਦਿਓ” ਦੀ ਮਹਾਨਤਾ ਤੋਂ ਸਭ ਵਾਕਿਫ ਹਨ। ਉਸਨੇ “ਸਿਆਹ ਹਾਸ਼ੀਏ” ਵਿਚ ਫਿਰਕੂ ਫ਼ਸਾਦਾਂ ਦੀ ਦਰਿੰਦਗੀ ਬਿਆਨ ਕੀਤੀ ਹੈ। ਇਹ ਸਿਆਹ ਲਤੀਫ਼ੇ ਹਨ, ਛੋਟੀਆਂ ਛੋਟੀਆਂ ਕਹਾਣੀਆਂ ਜਿਨ੍ਹਾਂ ਵਿਚ ਲੁਕਮਾਨ ਦੀਆਂ ਕਹਾਣੀਆਂ ਤੇ ਪੰਚ-ਤੰਤਰ ਵਰਗੀ ਤਿੱਖੀ ਤੇ ਪੁੱਠੀ ਸਿਆਣਪ ਹੈ। ਉਸਨੇ ਗੁੰਡਾ ਗਰਦੀ, ਕਤਲ ਤੇ ਮਨੁੱਖੀ ਬੇਵਕੂਫੀ ਉਤੇ ਮਖੌਲ ਕੀਤੇ ਹਨ। ਇਸ ਕਿਸਮ ਦਾ ਸਿਆਹ ਮਖੌਲ ਭਾਰਤੀ ਸਾਹਿਤ ਵਿਚ ਪਹਿਲੀ ਵਾਰ ਆਇਆ। ਇਸਦੇ ਕਈ ਵਰ੍ਹਿਆਂ ਪਿਛੋਂ ਯੂਰਪ ਵਿਚ ਬਲੈਕ ਹਿਊਮਰ ਜਾਂ ਸਿਆਹ ਮਖੌਲ ਨੂੰ ਫਿਲਮਾਂ ਵਿਚ ਫਲੀਨੀ ਨੇ ਪੇਸ਼ ਕੀਤਾ ਤੇ ਸਾਹਿਤ ਵਿਚ ਫਾਕਨਰ ਨੇ। ਮੰਟੋ ਇਹਨਾਂ ਤੋਂ ਪਹਿਲਾਂ ਅੰਤਰ-ਰਾਸ਼ਟਰੀ ਸਾਹਿਤ ਦੇ ਸ਼ਾਹ-ਰਾਹ ਉਤੇ ਖੜਾ ਨਵੀਆਂ ਪੈੜਾਂ ਪਾ ਰਿਹਾ ਸੀ। ਕਈ ਵਾਰ ਮੰਟੋ ਦੇ ਪਾਤਰਾਂ ਦੇ ਨਾਂ ਵੀ ਅਸਲੀ ਹੁੰਦੇ ਸਨ। ਇਹ ਪਾਤਰ ਇਤਨੇ ਦਿਲਚਸਪ ਤੇ ਨਿਰਾਲੇ ਹਨ ਕਿ ਇਹਨਾਂ ਦੀ ਹਕੀਕਤ ਤੇ ਗਲਪੀ ਰੂਪ ਵਿਚ ਕੋਈ ਫਰਕ ਨਜ਼ਰ ਨਹੀਂ ਆਉਂਦੇ। “ਬਾਬੂ ਗੋਪੀ ਨਾਥ” ਵਿਚ ਅਬਦੁਲ ਰਹੀਮ ਸੈਂਡੋ ਬਹੁਤ ਵਿਚਿੱਤਰ ਪਾਤਰ ਹੈ ਤੇ ਉਸਦੀ ਸ਼ਬਦਾਵਲੀ ਵੀ ਉਟ-ਪਟਾਂਗ। ਉਹ ਫਿਲਮਾਂ ਵਿਚ ਐਕਸਟਰਾ ਦਾ ਕੰਮ ਕਰਦਾ ਸੀ। ਅੱਜ ਵੀ ਬੰਬਈ ਦੇ ਫਿਲਮ ਸਟੂਡੀਓ ਵਿਚ ਤੁਸੀਂ ਅਬਦੁਲ ਰਹੀਮ ਸੈਂਡੋ ਨੂੰ ਪਛਾਣ ਸਕਦੇ ਹੋ ਉਹ ਆਪਣੀ ਗੱਲਬਾਤ ਵਿਚ ਅਜਿਹੇ ਬ-ਮਾਇਨੀ ਤੇ ਬੇ-ਢੰਗੇ ਸ਼ਬਦ ਵਰਤਦਾ ਹੈ, ਜਿਨ੍ਹਾਂ ਦਾ ਧੁਨੀ-ਪ੍ਰਭਾਵ ਧਮਾਕੇ ਵਾਂਗ ਪੈਂਦਾ ਹੈ। ਮਸਲਨ ਬਾਬੂ ਗੋਪੀ ਨਾਥ ਮੰਟੋ ਦੀ ਸਿਆਣ ਕਰਾਉਂਦਿਆਂ ਆਖਦਾ ਹੈ। “ਮੰਟੋ ਸਾਹਿਬ ਇੰਡੀਆ ਦੇ ਰਾਈਟਰ ਨੰਬਰ ਵਨ ਹਨ। ਕਹਾਣੀਆਂ ਵਿਚ ਇਹੋ ਜਿਹੀ ਕੰਟੀਨਿਊਟੀ ਮਿਲਾਉਂਦੇ ਹਨ ਕੇ ਵੱਡਿਆਂ ਵੱਡਿਆਂ ਦਾ ਧੜੰਨ ਤਖਤਾ ਹੋ ਜਾਂਦਾ ਹੈ.. ਕਿਉਂ ਮੰਟੋ ਸਾਹਬ, ਹੈ ਨਾ ਐਂਟੀ ਦੀ ਪੈਂਟੀ ਪੋ? ” ਇਹ ਸ਼ਬਦ ਕਿਸੇ ਜਬਾਨ ਦੇ ਨਹੀਂ। ਪਰ ਜਦੋਂ ਮੰਟੋ ਨੇ ਇਹਨਾਂ ਦੀ ਵਰਤੋਂ ਕੀਤੀ ਤਾਂ ਇਹ ਨਵੀਂ ਈਜਾਦ ਵਾਂਗ ਚਮਕਣ ਲਗੇ ਤੇ ਉਰਦੂ ਸਾਹਿਤ ਦਾ ਹਿੱਸਾ ਬਣ ਗਏ। “ਟੋਭਾ ਟੇਕ ਸਿੰਘ” ਵਿਚ ਵੀ ਉਹ ਇਸੇ ਪ੍ਰਕਾਰ ਦੇ ਧੁਨੀ ਮੰਤਰ ਨਾਲ ਪਾਤਰ ਜੇ ਨਿਮਨ-ਚੇਤਨ ਨੂੰ ਉਜਾਗਰ ਕਰਦਾ ਹੈ। ਪਾਗਲਖ਼ਾਨੇ ਵਿਚ ਹਿੰਦੂ, ਸਿੱਖ ਤੇ ਮੁਸਲਮਾਨ ਪਾਗਲ ਡੱਕੇ ਹੋਏ ਹਨ। ਦੇਸ਼ ਦੀ ਵੰਡ ਪਿਛੋਂ ਇਹਨਾਂ ਨੂੰ ਵੀ ਬਾਕੀ ਚੀਜਾਂ ਵਾਂਗ ਵੰਡਿਆ ਜਾ ਰਿਹਾ ਹੈ ਇਕ ਪਾਗਲ ਸਿੱਖ ਅਜੀਬ ਬੇਤੁਕੀਆਂ ਗੱਲਾਂ ਕਰਦਾ ਹੈ। ਉਹ ਹੈਰਾਨ ਹੈ ਕਿ ਉਹ ਹਿੰਦੁਸਤਾਨ ਵਿਚ ਸੀ ਪਰ ਪਾਕਿਸਤਾਨ ਕਿਵੇਂ ਚਲਾ ਗਿਆ, ਤੇ ਇਹ ਪਾਕਿਸਤਾਨ ਕਿਥੋਂ ਆ ਗਿਆ ? ਤੇ ਉਸਦਾ ਪਿੰਡ ਟੋਭਾ ਟੇਕ ਸਿੰਘ ਕਿਥੇ ਚਲਾ ਗਿਆ ? ਤੇ ਹੁਣ ਉਸਨੇ ਕਿਥੇ ਜਾਣਾ ਹੈ ? ਉਹ ਬਾਰ ਬਾਰ ਇਹ ਮੁਹਾਰਨੀ ਅਲਾਪਦਾ ਹੈ, “ਉਹ ਗੁਡ ਮੈਨ ਦੀ, ਲਾਲਟੈਣ ਦੀ, ਦਾਲ ਦੀ, ਹਿੰਦੁਸਤਾਨ ਦੀ, ਤੇਰੀ ਮਾਂ ਦੀ. ” ਇਹ ਲਫ਼ਜ਼ ਉਸਦੀ ਖੰਡਿਤ ਮਾਨਸਿਕਤਾ ਦਾ ਪ੍ਰਗਟਾਵਾ ਹਨ। ਇਕ ਵਾਰ ਮੰਟੋ ਬੰਬਈ ਦੀ ਇਲੇਕਟ੍ਰਿਕ ਟ੍ਰੇਨ ਵਿਚ ਬੈਠਾ ਫਿਲਮਿਸਤਾਨ ਜਾ ਰਿਹਾ ਸੀ ਕਿ ਰਸਤੇ ਵਿਚ ਉਸਨੇ ਅਖ਼ਬਾਰ ਵਿਚ ਇਕ ਨਾਂ ਪੜ੍ਹਿਆ ਜਿਸਦੇ ਉਲਟੇ ਸਿੱਧੇ ਜੋੜ ਸਨ ਤੇ ਸ਼ਾਇਦ ਬਰਕਤ ਉੱਲਾ ਜਾਂ ਹਨੀਫ ਉੱਲਾ ਲਿਖਿਆ ਹੋਵੇਗਾ ਪਰ ਛਪਿਆ ‘ਹਿੱਪ-ਟੁੱਲਾ’ ਸੀ। ਉਸਨੇ ਦੋ ਚਾਰ ਵਾਰ ਇਹ ਲਫ਼ਜ਼ ਮੂੰਹ ਵਿਚ ਹੀ ਦੁਹਰਾਇਆ ਤੇ ਉਸਨੂੰ ਚੰਗਾ ਲੱਗਾ। ਸਟੂਡੀਓ ਜਾ ਕੇ ਫਿਲਮ ਡਾਇਰੈਕਟਰ ਨਾਲ ਕਿਸੇ ਕਹਾਣੀ ਉਤੇ ਬਹਿਸ ਹੋਈ ਤੇ ਮੰਟੋ ਤੋਂ ਉਸਦੀ ਰਾਇ ਪੁੱਛੀ ਗਈ। ਮੰਟੋ ਨੇ ਆਖਿਆ, “ਠੀਕ ਐ, ਪਰ ਇਹ ਕਹਾਣੀ ਹਿੱਪ ਟੁੱਲਾ ਨਹੀਂ” ਅਸ਼ੋਕ ਕੁਮਾਰ ਨੇ ਹਾਂ ਵਿਚ ਹਾਂ ਮਿਲਾਈ ਤੇ ਆਖਿਆ, “ਕਹਾਣੀ ਹੋਵੇ ਤਾਂ ਹਿੱਪ ਟੁੱਲਾ ਹੋਣੀ ਚਾਹੀਦੀ ਹੈ।” ਲਫ਼ਜ਼ ਦਾ ਕੋਈ ਮਤਲਬ ਨਹੀਂ ਸੀ। ਮੁਕਰਜੀ ਨੂੰ ਗੱਲ ਸਮਝ ਆ ਗਈ ਕਿ ਕਹਾਣੀ ਵਧੀਆ ਨਹੀਂ। ਉਸ ਪਿਛੋਂ ਫ਼ਿਲਮੀ ਦੁਨੀਆ ਵਿਚ ਕਹਾਣੀ ਦੀ ਬਣਤਰ, ਵਾਰਤਾਲਾਪ, ਸਿਚੂਏਸ਼ਨ ਤੇ ਕਲਾਈਮੈਕਸ ਲਈ ‘ਹਿੱਪ ਟੁੱਲਾ’ ਲਫ਼ਜ਼ ਪ੍ਰਚਲਿਤ ਹੋ ਗਿਆ। ਅਗਸਤ 1947 ਵਿਚ ਜਦੋਂ ਕਤਲ ਤੇ ਖੂਨ ਦਾ ਬਾਜ਼ਾਰ ਗਰਮ ਹੋਇਆ ਤੇ ਥਾਂ-ਥਾਂ ਫ਼ਸਾਦ ਫੁੱਟ ਪਏ ਤਾਂ ਮੈਂ ਲਾਹੌਰ ਤੋਂ ਇਕ ਕਮੀਜ਼ ਪਤਲੂਨ ਨਾਲ ਬਠਿੰਡੇ ਆ ਗਿਆ। ਪਤਾ ਲਗਿਆ ਕਿ ਉਹ ਆਖਰੀ ਗੱਡੀ ਸੀ, ਜਿਸਨੇ ਸਹੀ-ਸਲਾਮਤ ਸਤਲੁਜ ਦਾ ਪੁਲ ਪਾਰ ਕੀਤਾ। ਬਠਿੰਡੇ ਪਹੁੰਚਿਆ ਤਾਂ ਇਥੇ ਵੀ ਫ਼ਸਾਦ ਫੁੱਟ ਪਏ। ਮੈਂ ਇਸ ਖ਼ੂਨੀ ਮਾਹੌਲ ਵਿਚ ਨਹੀਂ ਸਾਂ ਰਹਿਣਾ ਚਾਹੁੰਦਾ ਜਿਥੇ ਮੇਰੇ ਬਚਪਨ ਦੇ ਦੋਸਤ ਫਜਲ ਮਰਾਸੀ ਤੇ ਉਸਦੀ ਭੈਣ ਨੂਰਾਂ ਕਤਲ ਹੋ ਗਏ ਸਨ। ਦਿੱਲੀ ਆਇਆ ਤਾਂ ਇਥੇ ਵੀ ਖੂਨ-ਖਰਾਬਾ। ਇਕ ਮਹੀਨਾ ਇਥੇ ਰਹਿ ਕੇ ਬੇਕਾਰੀ ਤੇ ਅਨਿਸ਼ਚਿਤ ਭਵਿੱਖ ਨੂੰ ਦੇਖਦਿਆਂ ਸੋਚਿਆ ਕਿ ਬੰਬਈ ਚਲਾ ਜਾਵਾਂ। ਮੈਂ ਟਿਕਟ ਖਰੀਦਿਆ ਤੇ ਪੰਜਾਬ ਮੇਲ ਵਿਚ ਸਵਾਰ ਹੋ ਕੇ ਬੰਬਈ ਚਲਾ ਗਿਆ। ਮੈਨੂੰ ਮੁਲਕ ਰਾਜ ਆਨੰਦ ਦਾ ਪਤਾ ਯਾਦ ਸੀ। ਆਪਣੀ ਛੋਟਾ ਜਿਹਾ ਸੂਟਕੇਸ ਤੇ ਬਿਸਤਰਾ ਮੈਂ ਵਿਕਟੋਰੀਆ ਬੱਘੀ ਵਿਚ ਰਖਿਆ ਤੇ ਕੋਚਵਾਨ ਨੂੰ ਕਫ਼ ਪੈਰੇਡ ਚਲਣ ਲਈ ਆਖਿਆ ਜਿਥੇ ਮੁਲਕ ਰਾਜ ਆਨੰਦ ਰਹਿੰਦਾ ਸੀ। ਉਸਨੇ ਮੈਨੂੰ ਬੜੇ ਖ਼ਲੂਸ ਨਾਲ ਆਪਣੇ ਕੋਲ ਠਹਿਰਾਇਆ। ਇਥੇ ਅਦਬੀ ਤੇ ਕਲਚਰਲ ਮਹਿਫ਼ਲਾਂ ਜੰਮਦੀਆਂ ਸਨ। ਕ੍ਰਿਸ਼ਨ ਚੰਦਰ, ਅਲੀ ਸਰਦਾਰ ਜਾਫ਼ਰੀ ਤੇ ਬੰਬਈ ਦੇ ਪੇਂਟਰ ਤੇ ਡਾਂਸਰ ਤੇ ਤਰੱਕੀ ਪਸੰਦ ਬੁੱਧੀ-ਜੀਵੀ ਆਉਂਦੇ ਤੇ ਅਮਨ ਬਾਰੇ ਗੱਲਾਂ ਹੁੰਦੀਆਂ। ਸ਼ਾਮ ਹੁੰਦੇ ਹੀ ਫਿਜਾ ਵਿਚ ਇਕ ਛੁਪਿਆ ਹੋਇਆ ਡਰ ਲਰਜ਼ਣ ਲਗਦਾ। ਪਾਕਿਸਤਾਨ ਬਣਨ ਪਿਛੋਂ ਮੁਸਲਮਾਨ ਜਾ ਰਹੇ ਸਨ। ਇਕੇ-ਦੁੱਕੇ ਕਤਲ ਹੋ ਰਹੇ ਸਨ। ਮੈਂ ਮੰਟੋ ਨੂੰ ਟੈਲੀਫ਼ੋਨ ਕੀਤਾ। ਉਹ ਬੋਲਿਆ, “ਤੂੰ ਕਦੋਂ ਆਇਆ ? ” ਮੈਂ ਉਸਨੂੰ ਆਪਣੇ ਬਾਰੇ ਦੱਸਿਆ ਤੇ ਆਖਿਆ ਕਿ ਮੈਂ ਉਸਨੂੰ ਮਿਲਣਾ ਚਾਹੁੰਦਾ ਹਾਂ। ਉਹ ਬੋਲਿਆ, “ਅਜ ਸ਼ਾਮ ਨੂੰ ਘਰ ਆ ਜਾਵੀਂ ਜਾਣਦੈਂ ਨਾ ਮੇਰਾ ਘਰ?, ਬਾਈਕਲਾ ਵਿਚ, ਕਲੇਅਰ ਰੋਡ ਉਤੇ।” ਉਸਨੇ ਮੈਨੂੰ ਆਪਣੇ ਘਰ ਦਾ ਨੰਬਰ ਤੇ ਪਛਾਣ ਦੱਸੀ। ਸ਼ਾਮ ਵੇਲੇ ਕ੍ਰਿਸ਼ਨ ਚੰਦਰ ਤੇ ਕੁਝ ਹੋਰ ਦੋਸਤ ਮਿਲਣ ਆ ਗਏ ਤੇ ਗੱਲਾਂ ਹੋਣ ਲਗੀਆਂ। ਹਨੇਰਾ ਪੈ ਗਿਆ। ਜਦ ਮੈਂ ਆਖਿਆ ਕਿ ਮੈਂ ਮੰਟੋ ਨੂੰ ਮਿਲਣ ਜਾਣਾ ਹੈ ਤਾਂ ਸਭ ਨੇ ਆਖਿਆ, “ਤੂੰ ਇਥੋਂ ਦੇ ਰਸਤੇ ਨਹੀਂ ਜਾਣਦਾ। ਰਾਤ ਪੈ ਚੁੱਕੀ ਹੈ। ਖ਼ਤਰਾ ਹੈ, ਕਲ੍ਹਾ ਚਲਾ ਜਾਵੀਂ” ਮੈਨੂੰ ਡਰ ਵੀ ਲਗ ਰਿਹਾ ਸੀ। ਮੈ ਨਾ ਗਿਆ। ਦੂਸਰੇ ਦਿਨ ਮੰਟੋ ਨੂੰ ਟੈਲੀਫ਼ੋਨ ਕੀਤਾ ਤਾਂ ਉਹ ਉੱਚੀ ਗਰਮ ਆਵਾਜ ਵਿਚ ਬੋਲਿਆ, “ਉਇ, ਕੱਲ੍ਹ ਸ਼ਾਮ ਮੈਂ ਤੇਰਾ ਇੰਤਜ਼ਾਰ ਕਰਦਾ ਰਿਹਾ। ਤੂੰ ਆਇਆ ਕਿਉਂ ਨਹੀਂ ?” ਮੈਂ ਜਵਾਬ ਦਿਤਾ, “ਕ੍ਰਿਸ਼ਨ ਚੰਦਰ ਆ ਗਿਆ ਸੀ ਤੇ ਮੁਲਕ ਰਾਜ ਆਨੰਦ?” “ਤੇ ਕੌਣ ਹੁੰਦੈ ਇਹ ਕ੍ਰਿਸ਼ਨ ਚੰਦਰ ? ਤੈਨੂੰ ਪਤਾ ਨਹੀਂ ਕਿ ਇਥੇ ਮੰਟੋ ਤੇਰਾ ਇੰਤਜ਼ਾਰ ਕਰ ਰਿਹਾ ਹੈ? ” ਮੈਂ ਮੁਆਫ਼ੀ ਮੰਗੀ ਤੇ ਸ਼ਾਮ ਨੂੰ ਆਉਣ ਦਾ ਵਾਦਾ ਕੀਤਾ। ਉਹ ਬੋਲਿਆ, “ਮੇਰੇ ਨਾਲ ਖਾਣਾ ਖਾਵੀਂ ਚੇ ਇਥੇ ਹੀ ਸੌਂ ਜਾਵੀਂ। ਸਾਰਾ ਘਰ ਖਾਲੀ ਪਿਐ। ਸਫੀਆ ਲਾਹੌਰ ਚਲੀ ਗਈ। ਮੈਂ ਵੀ ਚਲਿਆ ਜਾਵਾਂਗਾ।” ਸ਼ਾਮ ਨੂੰ ਜਦ ਮੈਂ ਕਲੇਅਰ ਰੋਡ ਉਤੇ ਪੁੱਜਾ ਤਾਂ ਬੱਤੀਆਂ ਜਗ ਚੁਕੀਆਂ ਸਨ। ਪੌੜੀਆਂ ਚੜ੍ਹ ਕੇ ਪਹਿਲੀ ਮੰਜ਼ਲ ਉਤੇ ਉਸਦੇ ਫਲੈਟ ਦਾ ਦਰਵਾਜ਼ਾ ਖੜਕਾਇਆ। ਉਹੀ ਉੱਚੀ ਗਰਮ ਆਵਾਜ ਆਈ, “ਕੌਣ ਐ?” ਮੈਂ ਆਪਣਾ ਨਾਂ ਦੱਸਿਆ। ਥੋੜੀ ਦੇਰ ਪਿਛੋਂ ਬਾਵਰਚੀ ਨੇ ਦਰਵਾਜ਼ਾ ਖੋਲ੍ਹਿਆ ਤੇ ਮੈਂ ਅੰਦਰ ਦਾਖਲ ਹੋਇਆ। ਮੰਟੋ ਲੱਕੜ ਦੀ ਕੁਰਸੀ ਤੇ ਬੈਠਾ ਕੁਝ ਲਿਖ ਰਿਹਾ ਸੀ। ਸ਼ਰਾਬ ਦਾ ਬੋਤਲ ਮੇਜ਼ ਉਤੇ ਪਈ ਸੀ। ਉਹ ਬੋਲਿਆ, “ਸਫੀਆ ਨੂੰ ਚਿੱਠੀ ਲਿਖ ਰਿਹਾ ਹਾਂ। ਬਸ ਦੋ ਲਫ਼ਜ਼ ਹੋਰ... ਤੂੰ ਬੈਠ ਇਥੇ।” ਉਹ ਉਸੇ ਪੋਜ਼ ਵਿਚ ਤਖਤੀ ਗੋਡਿਆਂ ਤੇ ਰੱਖੀ ਲਿਖਦਾ ਰਿਹਾ। ਚਿੱਠੀ ਮੁਕਾ ਕੇ ਬੋਲਿਆ, “ਚੰਗਾ ਹੋਇਆ ਤੂੰ ਆ ਗਿਆ। ਮੈਂ ਇਕੱਲਾ ਸਾਂ। ਇਕੱਲ ਤੋਂ ਮੈਨੂੰ ਬੜੀ ਵਹਿਸ਼ਤ ਹੁੰਦੀ ਐ। ਸ਼ਰਾਬ ਪੀਏਂਗਾ ? ” ਮੈਂ ਆਖਿਆ, “ਨਹੀਂ।” ਉਸਨੇ ਸ਼ਰਾਬ ਗਲਾਸ ਵਿਚ ਪਾਈ, ਘੁੱਟ ਭਰਿਆ ਤੇ ਆਖਣ ਲਗਾ, “ਮੇਰੇ ਬਾਵਰਚੀ ਨੇ ਕੁੱਕੜ ਭੁੰਨਿਆ ਹੈ। ਹੁਣ ਤੂੰ ਗੋਸ਼ਤ ਖਾਣ ਲਗ ਪਿਆ ਏਂ ਨਾ ?” “ਹਾਂ।” “ਖਤ ਸੁਣਾਵਾਂ?... ਸਫੀਆ ਦਾ ਲਾਹੌਰ ਤੋਂ ਖਤ ਆਇਆ ਸੀ: ਲਿਖਦੀ ਐ ਕਿ ਲਕਸ਼ਮੀ ਨਿਵਾਸ ਵਿਚ ਬਹੁਤ ਚੰਗਾ ਫਲੈਟ ਮਿਲ ਗਿਆ ਹੈ। ਆਹਲਾ ਫਰਨੀਚਰ.. ਰੀਫਰੀਜਰੇਟਰ... ਬਹੁਤ ਖੁਸ਼ ਐ ਔਰਤ! ਓਇ ਸਾਲੀਏ ਤੂੰ ਕਾਸ ਤੇ ਖੁਸ਼ ਐਂ? ਮੰਟੋ ਤਾ ਇਥੇ ਬੈਠਾ ਹੈ। ਮੇਰੇ ਬਗੈਰ ਰੀਫਰੀਜਰੇਟਰ ਦਾ ਕੀ ਮਤਲਬ.. ਬਕਵਾਸ.. ਮੈਂ ਸੜ ਭੁਜ ਕੇ ਕਬਾਬ ਹੋ ਗਿਆ ਹਾਂ।” ਇਸ ਪਿਛੋਂ ਉਸ ਨੇ ਆਪਣਾ ਖਤ ਸੁਣਾਇਆ। ਇਸ ਖਤ ਵਿਚ ਉਸ ਦੀ ਆਪਣੀ ਵੀਰਾਨਗੀ ਦਾ ਜਿਕਰ ਸੀ, ਬਾਵਰਚੀ ਦਾ, ਬੰਬਈ ਦੇ ਹਾਲਾਤ ਦਾ, ਦੋਸਤਾਂ ਦਾ, ਆਪਣੀ ਇਕੱਲ ਦਾ, ਤੇ ਲਕਸ਼ਮੀ ਨਿਵਾਸ ਦੇ ਰੀਫਰੀਜਰੇਟਰ ਨੂੰ ਗਾਲ੍ਹਾਂ। ਉਹ ਇਸ ਗੱਲ ਦੀ ਸ਼ਿਕਾਇਤ ਕਰ ਰਿਹਾ ਸੀ ਕਿ ਉਹ ਬੰਬਈ ਦੀ ਦੁਨੀਆ ਛੱਡ ਕੇ, ਫਿਲਮ ਦੀ ਇਹ ਜਿੰਦਗੀ ਤੇ ਦੋਸਤਾਂ ਦੇ ਪਿਆਰ ਨੂੰ ਤਜ ਕੇ ਲਾਹੌਰ ਜਾ ਰਿਹਾ ਸੀ। ਸਫੀਆ ਤੇ ਆਪਣੀ ਬੱਚੀ ਦੀ ਖਾਤਿਰ ਤੇ ਉਹ ਗੁਣ ਗਾ ਰਹੀ ਸੀ ਰੀਫਰੀਜੇਟਰ ਦੇ। ਇਸ ਖਤ ਵਿਚ ਇਕ ਖ਼ਾਵੰਦ ਤੇ ਬਾਪ ਦਾ ਜਜ਼ਬਾ ਸੀ ਤੇ ਉਸ ਉਦਾਸੀ ਦਾ ਜਿਕਰ ਜੋ ਇਕ ਉਜੜੇ ਹੋਏ ਘਰ ਵਿਚ ਹੁੰਦੀ ਹੈ.. ਉਸਦਾ ਆਪਣਾ ਫਲੈਟ ਇਸੇ ਮਾਨਸਿਕ ਅਵਸਥਾ ਦਾ ਸਾਥੀ ਸੀ.. ਬੀਵੀ ਤੇ ਬੱਚੀ ਪਾਕਿਸਤਾਨ ਵਿਚ ਤੇ ਉਹ ਬੰਬਈ ਵਿਚ..। ਉਸਨੇ ਗਿਲਾਸ ਹੋਰ ਭਰਿਆ ਤੇ ਉਸ ਦੀਆਂ ਅੱਖਾਂ ਤੇ ਜ਼ਿਹਨ ਹੋਰ ਤੇਜ ਹੋ ਗਏ। ਉਹ ਬੋਲਿਆ, “ਮੇਰੇ ਦੋਸਤ ਪੁੱਛਦੇ ਨੇ ਕਿ ਮੈਂ ਪਾਕਿਸਤਾਨ ਕਿਉਂ ਜਾ ਰਿਹਾ ਹਾਂ? ਕੀ ਮੈਂ ਡਰਪੋਕ ਹਾਂ? ਪਾਕਿਸਤਾਨੀ ਹਾਂ? ਲੇਕਿਨ ਉਹ ਮੇਰੇ ਦਿਲ ਦੀ ਗੱਲ ਨਹੀਂ ਸਮਝ ਸਕਦੇ। ਮੈਂ ਪਾਕਿਸਤਾਨ ਜਾ ਰਿਹਾ ਹਾਂ ਤਾਂ ਕਿ ਉਥੇ ਇਕ ਮੰਟੋ ਹੋਵੇ ਜੋ ਉਥੋਂ ਦੀਆਂ ਸਿਆਸੀ ਹਰਾਮਜਦਗੀਆਂ ਦਾ ਪਰਦਾ ਫਾਸ ਕਰ ਸਕੇ। ਹਿੰਦੁਸਤਾਨ ਵਿਚ ਉਰਦੂ ਦਾ ਭਵਿੱਖ ਮਾੜਾ ਹੈ। ਹੁਣੇ ਤੋਂ ਹਿੰਦੀ ਛਾ ਰਹੀ ਹੈ.. ਮੈਂ ਲਿਖਣਾ ਚਾਹੁੰਦਾ ਹਾਂ, ਤੇ ਉਰਦੂ ਵਿਚ ਹੀ ਲਿਖ ਸਕਦਾ ਹਾਂ। ਛਪਣਾ ਚਾਹੁੰਦਾ ਹਾਂ ਤਾਂ ਕਿ ਹਜ਼ਾਰਾਂ ਤੀਕ ਪਹੁੰਚ ਸਕਾਂ... ਜਬਾਨ ਦੀ ਆਪਣੀ ਮੰਤਕ ਹੁੰਦੀ ਹੈ.. ਇਕ ਮੰਟੋ ਬੰਬਈ ਵਿਚ ਰਿਹਾ, ਦੂਸਰਾ ਲਾਹੌਰ ਵਿਚ ਹੋਵੇਗਾ... ” ਰਾਤ ਨੂੰ ਦੇਰ ਤੀਕ ਉਹ ਗੱਲਾਂ ਕਰਦਾ ਰਿਹਾ। ਮੈਂ ਉਸੇ ਕਮਰੇ ਵਿਚ ਸੁੱਤਾ। ਦੂਜੇ ਦਿਨ ਮੈਂ ਮੰਟੋ ਕੋਲ ਰਿਹਾ। ਇਕ ਹਫ਼ਤੇ ਪਿਛੋਂ ਮੈਂ ਦਿੱਲੀ ਆ ਗਿਆ। ਫਿਰ ਪਤਾ ਚਲਿਆ ਕਿ ਮੰਟੋ ਲਾਹੌਰ ਚਲਾ ਗਿਆ। ਲਾਹੌਰ ਜਾ ਕੇ ਉਸਨੇ ਬੇਸ਼ੁਮਾਰ ਕਹਾਣੀਆਂ ਲਿਖੀਆਂ। ਉਸ ਨੇ ਹਕੂਮਤ ਨਾਲ ਟੱਕਰ ਲਈ, ਮੌਲਵੀਆਂ ਤੇ ਮੌਲਾਨਿਆਂ ਦਾ ਮਜਾਕ ਉਡਾਇਆ, ਫਿਰਕਾਪ੍ਰਸਤਾਂ ਦੇ ਖਿਲਾਫ਼ ਲਿਖਿਆ ਤੇ ਅਮਰੀਕਾ ਦੇ ਚਾਚਾ ਸੈਮ ਦੇ ਨਾ ਚਿੱਠੀਆਂ ਲਿਖੀਆਂ ਜਿਨ੍ਹਾਂ ਵਿਚ ਲੋਹੜੇ ਦਾ ਤਨਜ਼ ਸੀ। ਉਹ ਨਿਡਰ ਤੇ ਬਾਗ਼ੀ ਤਬੀਅਤ ਦਾ ਮਾਲਕ ਸੀ ਤੇ ਸਮਾਜ ਦੇ ਝੂਠੇ ਤੇ ਦੋਗਲੇਪਨ ਨੂੰ ਨੰਗਾ ਕਰਨ ਵਿਚ ਮਾਹਿਰ। ਉਹ ਦੁਨੀਆ ਦਾ ਚੈਲੰਜ ਕਬੂਲ ਕਰ ਸਕਦਾ ਸੀ, ਪਰ ਦੋਸਤ ਦਾ ਵਾਰ ਨਹੀਂ ਸੀ ਸਹਿ ਸਕਦਾ। ਪਾਕਿਸਤਾਨ ਵਿਚ 1950 ਵਿਚ ਤਰੱਕੀ ਪਸੰਦ ਅਦੀਬਾਂ ਨੇ ਉਹਨੂੰ ਪਿਛਾਂਹ-ਖਿੱਚੂ ਤੇ ਅਸ਼ਲੀਲ ਸਾਹਿਤਕਾਰ ਦਾ ਆਰੋਪ ਲਗਾ ਕੇ ਇਕ ਸਰਕੂਲਰ ਜਾਰੀ ਕੀਤਾ ਕਿ ਮੰਟੋ ਦੀ ਕੋਈ ਕਹਾਣੀ ਕਿਸੇ ਰਸਾਲੇ ਵਿਚ ਨਾ ਛਾਪੀ ਜਾਵੇ। ਇਹ ਸਰਕੂਲਰ ਦਿੱਲੀ ਵੀ ਆਇਆ। ਸਭ ਤੋਂ ਦੁਖਦਾਇਕ ਗਲ ਇਹ ਸੀ ਕਿ ਮੰਟੋ ਦਾ ਜਿਗਰੀ ਤੇ ਪਿਆਰਾ ਦੋਸਤ ਅਹਿਮਦ ਨਜੀਰ ਕਾਸਮੀ ਇਸ ਮੁਹਿੰਮ ਦਾ ਜਨਰਲ ਸਕੱਤਰ ਸੀ। ਮੰਟੋ ਉਤੇ ਇਸਦਾ ਗਹਿਰਾ ਅਸਰ ਪਿਆ। ਉਹ ਆਪਣੀ ਦੁਨੀਆ ਵਿਚ ਬੇਗਾਨਾ ਹੋ ਗਿਆ। ਆਰਥਿਕ ਸੰਕਟ ਤੇ ਦੋਸਤਾਂ ਦੀ ਬੇਰੁਖ਼ੀ ਕਾਰਨ ਉਹ ਜਿਆਦਾ ਸ਼ਰਾਬ ਪੀਣ ਲਗਿਆ। ਇਕ ਬੋਤਲ ਦੀ ਖਾਤਿਰ ਉਹ ਕਹਾਣੀ ਲਿਖ ਦੇਂਦਾ। ਕਈ ਵਾਰ ਉਸ ਨੇ ਇਕ ਦਿਨ ਵਿਚ ਤਿੰਨ ਤਿੰਨ ਕਹਾਣੀਆਂ ਲਿਖੀਆਂ ਤੇ ਇਹਨਾਂ ਨੂੰ ਪਬਲਿਸ਼ਰ ਕੋਲ ਵੇਚਣ ਗਿਆ। ਕਹਾਣੀਆਂ ਦਾ ਇਕ ਸੰਗ੍ਰਹਿ ਛਪਿਆ ਤਾਂ ਇਸ ਵਿਚ ਉਸਨੇ ਸਿਲਸਿਲੇਵਾਰ ਤਾਰੀਖ਼ਾਂ ਵੀ ਦਰਜ ਕੀਤੀਆਂ। ਇਸਦੇ ਮੁਖ-ਬੰਦ ਵਿਚ ਉਸਨੇ ਲਿਖਿਆ, “ਦਾਦ ਇਸ ਗੱਲ ਦੀ ਚਾਹੁੰਦਾ ਹਾਂ ਕਿ ਮੇਰੇ ਦਿਮਾਗ ਨੇ ਢਿੱਡ ਵਿਚ ਵੜ ਕੇ ਕੀ-ਕੀ ਕਰਾਮਾਤਾਂ ਦਿਖਾਈਆਂ।” ਉਹ ਬੇ-ਹਦ ਪਤਲਾ-ਦੁਬਲਾ ਹੋ ਗਿਆ। ਸ਼ਰਾਬ ਬਗੈਰ ਕੋਈ ਚੀਜ਼ ਹਜਮ ਨਹੀਂ ਸੀ ਹੁੰਦੀ। ਅਜੀਬ ਜਨੂੰਨ ਦੀ ਹਾਲਤ ਤਾਰੀ ਹੋ ਗਈ। ਉਸਦੇ ਇਲਾਜ ਲਈ ਉਸਨੂੰ ਪਾਗਲਖ਼ਾਨੇ ਲਿਜਾਇਆ ਗਿਆ। ਪਾਗਲਖ਼ਾਨੇ ਰਹਿੰਦਿਆਂ ਵੀ ਉਸਦੀ ਸਿਰਜਨਾਤਮਕ ਰਵਾਨੀ ਵਿਚ ਕੋਈ ਫਰਕ ਨਾ ਪਿਆ। ਉਹ ਲਗਾਤਾਰ ਲਿਖਦਾ ਰਿਹਾ। ਉਸਦੀ ਕਹਾਣੀ “ਟੋਭਾ ਟੇਕ ਸਿੰਘ” ਪਾਗਲਖ਼ਾਨੇ ਦੇ ਜਾਤੀ ਤਜਰਬਿਆਂ ਦਾ ਹੀ ਪ੍ਰਤਿਬਿੰਬ ਹੈ। ਇਹ ਕਹਾਣੀ ਵੰਡੀ ਹੋਈ ਇਨਸਾਨੀਅਤ ਦੇ ਬਾਰੇ ਦੁਨੀਆ ਦੇ ਸਾਹਿਤ ਵਿਚ ਇਕ ਸ਼ਾਹਕਾਰ ਹੈ। ਮੰਟੋ ਨੂੰ ਇਸ ਗੱਲ ਦਾ ਇਹਸਾਸ ਸੀ ਕਿ ਉਹ ਇਕ ਵੱਡਾ ਅਫ਼ਸਾਨਾ ਨਿਗਾਰ ਹੈ। ਉਸ ਨੇ ਆਪਣੀ ਕਬਰ ਦਾ ਕੁਤਬਾ ਵੀ ਖ਼ੁਦ ਹੀ ਲਿਖ ਦਿੱਤਾ ਸੀ: “ਯਹਾਂ ਮੰਟੋ ਦਫ਼ਨ ਹੈ ਅਫ਼ਸਾਨਾ ਲਿਖਣੇ ਕਾ ਫਨ ਉਸ ਕੇ ਸਾਥ ਹੀ ਦਫ਼ਨ ਹੋ ਗਿਆ।” ਇਹ ਭਵਿੱਖ ਬਾਣੀ ਸੱਚ ਹੀ ਸਾਬਿਤ ਹੋਈ।