ਸੂਰਜ ਪ੍ਰਕਾਸ਼
(ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਗਟ ਹੋਣਾ, ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਗਟ ਹੋਣ ਦਾ ਬਿਰਤਾਂਤ ਭਵਿਸ਼ਤ ਪੁਰਾਣ ਵਿਚੋਂ)
ਇਹ ਸਾਖੀਆਂ ਇਤਿਹਾਸਿਕ ਗ੍ਰੰਥ ਸੂਰਜ ਪ੍ਰਕਾਸ਼ (ਜਿਸ ਵਿੱਚ ਦਸਾਂ ਪਾਤਸ਼ਾਹੀਆਂ ਦਾ ਜੀਵਨ ਬਿਰਤਾਂਤ ਸੁਖੈਨ ਦੱਸਿਆ ਗਿਆ ਹੈ) ਵਿਚੋਂ ਲਈਆਂ ਗਈਆਂ ਹਨ। ਇਹ ਸਾਖੀਆਂ ਪ੍ਰਸਿੱਧ ਇਤਿਹਾਸਕਾਰ ਗਿਆਨੀ ਤਰਲੋਕ ਸਿੰਘ ਜੀ ਵੱਲੋਂ ਲਿਖੀਆਂ ਗਈਆਂ ਸਨ। ਇਸ ਇਤਿਹਾਸਿਕ ਗ੍ਰੰਥ ਦਾ ਪ੍ਰਕਾਸ਼ਨ ਭਾਈ ਜਵਾਹਰ ਸਿੰਘ ਕ੍ਰਿਪਾਲ ਸਿੰਘ ਐਂਡ ਕੋ, ਪੁਸਤਕਾਂ ਵੇਲਾ ਬਾਜ਼ਾਰ ਮਾਈ ਸੇਵਾਂ ਅੰਮ੍ਰਿਤਸਰ ਵੱਲੋਂ ਕੀਤਾ ਗਿਆ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਗਟ ਹੋਣਾ
ਜਦ ਬਹੁਤ ਸਾਰਾ ਦੁਨੀਆ ਤੇ ਅਤਿਆਚਾਰ ਹੋਣ ਲੱਗਾ ਤਾਂ ਜਿਧਰ ਕਿਧਰ ਵੈਰ ਵਿਰੋਧ ਵਧ ਗਏ। ਸ਼ਰਧਾ ਭਗਤੀ ਨਿਮਰਤਾ ਜਾਂਦੀ ਰਹੀ ਤਾਂ ਸਰਬ ਸ਼ਕਤੀ ਅਰ ਗੁਰੂ ਪਦਵੀ ਦੇ ਕੇ ਜੈਸਾ ਲਿਖਿਆ ਹੈ – ਜੋਤਿ ਰੂਪ ਹਰਿ ਆਪਿ ਗੁਰੂ ਨਾਨਕ ਕਹਾਇਓ।। ਸੰਸਾਰ ਤੇ ਦੁਨੀਆ ਤਾਰਨ ਵਾਸਤੇ ਭੇਜਿਆ ਹੈ। ਜੈਸਾ ਕਿ ਲਿਖਿਆ ਹੈ –
ਸੁਣੀ ਪੁਕਾਰ ਦਾਤਾਰ ਪ੍ਰਭੁ ਗੁਰ ਨਾਨਕ ਜਗ ਮਹਿ ਪਠਾਯਾ।।
ਚਰਨ ਧੋਇ ਰਹਿਰਾਸ ਕਰ ਚਰਨਾਮ੍ਰਿਤ ਸਿਖਾ ਪੀਲਾਯਾ।।
ਪਾਰਬ੍ਰਹਮ ਪੂਰਣ ਬ੍ਰਹਮ ਕਲਿਜੁਗ ਅੰਦਰ ਦਿਖਾਯਾ।।
ਚਾਰੇ ਪੈਰ ਧਰਮ ਦੇ ਚਾਰ ਵਰਨ ਇਕ ਵਰਨ ਕਰਾਯਾ।।
ਰਾਣਾ ਰੰਕ ਬਰਾਬਰੀ ਪੈਰੀ ਪੌਣਾ ਜਗ ਵਰਤਾਯਾ।।
ਉਲਟਾ ਖੇਲ ਪਿਰੰਮ ਦਾ ਪੈਰਾਂ ਉਪਰ ਸੀਸ ਨਿਵਾਯਾ।।
ਕਲਿਜੁਗ ਬਾਬੇ ਤਾਰਿਆ ਸਤਿਨਾਮ ਪੜ੍ਹ ਮੰਤ੍ਰ ਸੁਣਾਯਾ।।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਭਾਰਤ ਵਰਸ਼ ਉਤੇ ਉਪਕਾਰ ਕੀਤੇ ਹਨ ਕੁਲ ਦੁਨੀਆ ਉਤੇ ਰੋਸ਼ਨ ਹਨ, ਇਨ੍ਹਾਂ ਨੇ ਉਪਕਾਰ ਕਰਕੇ ਸਾਰੀ ਦੁਨੀਆਂ ਨੂੰ ਤਾਰਿਆ ਜਿਸ ਜਗਾ ਗਏ ਸੁੱਕੇ ਦਰਖ਼ਤ ਹਰੇ ਹੋ ਗਏ, ਜਿਥੇ ਪਾਣੀ ਨਹੀਂ ਸੀ ਉਥੇ ਪਰਤੱਖ ਹੁਣ ਤਕ ਚਸ਼ਮੇ ਜਾਰੀ ਹਨ। ਰੀਠਿਆਂ ਨੂੰ ਅੰਗੂਰਾਂ ਤੋਂ ਵੀ ਮਿੱਠੇ ਕਰ ਦੇਣਾ ਏਹ ਪਰਤੱਖ ਕਰਾਮਾਤ ਹੁਣ ਤਕ ਹੈ। ਸ੍ਰੀ ਗੁਰੂ ਨਾਨਕ ਦੇਵ ਦੀ ਰੇਲ ਮੋਟਰ ਅਤੇ ਸਵਾਰੀ ਬਿਨਾਂ ਹੀ ਸਾਰੀ ਦੁਨੀਆ ਵਿਚ ਸੈਰ ਕਰਦੇ ਰਹੇ ਐਸੀਆਂ ਕਰਾਮਾਤਾਂ ਅੱਜ ਤਕ ਕਿਸੇ ਅਵਤਾਰ ਪੈਗੰਬਰ ਨੇ ਨਹੀਂ ਕੀਤੀਆਂ।
ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਗਟ ਹੋਣ ਦਾ ਬਿਰਤਾਂਤ (ਭਵਿਸ਼ਤ ਪੁਰਾਣ ਵਿਚੋਂ)
(ਇਹ ਕਥਾ ਵੇਦ ਵਿਆਸ ਜੀ ਨੇ ਭਵਿਸ਼ਯ ਪੁਰਾਣ ਵਿਚ ਲਿਖੀ ਹੈ)
ਏਵੰਵਈ ਧਰਮ ਪ੍ਰਾਚਰੰਯੰ, ਭਵਿਸ਼ਯ ਸਦਾ ਕਲੌ।
ਕਥਾ ਵਈ ਲੋਕ ਰਖਯਾਰਥੰ, ਮਲੇਛਾਂਨਾ ਨਾਸਹੋਤਵੇ।
ਪਸਚੰਮੇਤੇ ਸ਼ੁਭੇ ਦੇਸੇ, ਵੇਦੀ ਵੰਸੇਚ ਨਾਨਕ।
ਨਾਮਨਾ ਭੁਵ ਰਾਜ ਰਿਖੀ, ਬ੍ਰਹਮਗਯਾ ਨੇਕ ਮਾਨਸਾ।
ਭਵਿਸ਼ਤੀ ਕਲਊ ਸਕੰਦ, ਤਤ ਬਿਤਯੰ ਕਲਯਾ ਹਰੇ।
ਸ੍ਰੀ ਮਾਨ ਰਾਜ ਸਾਰਦੂਲਾਂ, ਨੁਪ ਦਸਯੰਤੀ ਪਨਾ।
ਮਲੇਛਾਨਰਹਿ ਨਿਸਯੰਤਸਕੰਦ ਧਰਮਤ ਤੁੰਪਦੇ ਸਕ੍ਰਿਤ।
ਤੌ ਨੇਕ ਦਿਸੀ ਮਾਰ ਗੈਵਯ, ਗ੍ਰਹੀ ਸਯੰਤੀ ਭੂਮਿਪਾ।
ਮੇਵ ਰਾਜ ਕਰ ਸਯੰਤੀ, ਤਸਯ ਸਿਖ ਸਾਨੂੰ ਸਾਰਤਾ।
ਭਾਵ ਅਰਥ – ਕਲਿਜੁਗ ਵਿਚ ਜਦ ਧਰਮਰਾਜ ਦੀ ਗਿਲਾਨੀ ਹੋਵੇਗੀ ਲੋਕਾਂ ਦੀਆਂ ਬੁਧਾਂ ਵਿਗੜਕੇ ਪਾਪ ਕਰਮ ਦਾ ਉਦੈ ਹੋਵੇਗਾ ਤਦ ਲੋਕਾਂ ਦੇ ਧਰਮ ਰੱਖਣ ਵਾਸਤੇ ਤੇ ਮਲੇਛਾਂ ਦਾ ਨਾਸ ਕਰਨ ਵਾਸਤੇ ਇਕ ਅਵਤਾਰ ਪਸ਼ਚਿਮ ਦੇਸ਼ ਵਿਚ ਪੈਦਾ ਹੋਵੇਗਾ, ਜਿਸ ਦਾ ਨਾਮ ਗੁਰੂ ਨਾਨਕ ਜੀ ਹੋਵੇਗਾ ਜੋ ਕਿ ਵੇਦੀ ਕੁਲ ਵਿਖੇ ਪੈਦਾ ਹੋ ਕੇ ਜਗਤ ਦਾ ਉਧਾਰ ਕਰੇਗਾ ਅਰ ਸਿਖ ਧਰਮ ਫੈਲਾ ਕਰ ਧਰਮ ਦਾ ਪ੍ਰਚਾਰ ਕਰੇਗਾ।
ਦੁਨੀਆਂ ਵਿਚ ਉਸ ਵਕਤ ਕਈ ਤਰਾਂ ਦੇ ਅਤਯਾਚਾਰ ਹੋ ਰਹੇ ਸਨ ਇਸ ਦਾ ਨਮੂਨਾ ਆਪ ਸੂਰਜ ਪ੍ਰਕਾਸ਼ ਇਤਿਹਾਸਿਕ ਗ੍ਰੰਥ ਦੀ ਭੂਮਿਕਾ ਵਿਚ ਪੜ੍ਹ ਸਕਦੇ ਹੋ। ਕੁਝ ਇਸ ਪ੍ਰਕਾਰ ਵੀ ਹਨ –
ਮਿਰਜਾਪੁਰ ਬਿੰਧ ਬਾਸਨੀ ਦੇਵੀ ਅਗੇ ਜਿਸ ਤਰਾਂ ਹੁਣ ਹਿੰਦੂ ਬਕਰੇ ਝਟਕਾਉਂਦੇ ਹਨ ਓਸ ਵੇਲੇ ਇਹ ਹੁਕਮ ਨਹੀਂ ਸੀ। ਇਕ ਦਿਨ ਰਾਜਪੂਤ ਨੇ ਝਟਕਾ ਦਿੱਤਾ ਏਸ ਪਿਛੇ ਉਸ ਦਾ ਪੁੱਤਰ ਦੇਵੀ ਦੇ ਸਾਹਮਣੇ ਹਲਾਲ ਕਰਾਇਆ।
ਕਾਸ਼ੀ ਜੀ ਵਿਚ ਇਕ ਰਾਮ ਪ੍ਰਸਾਦ ਪ੍ਰਸਿੱਧ ਪੰਡਤ ਮੂਰਤੀ ਪੂਜਾ ਆਪਣੇ ਅੰਦਰ ਕਰਦਾ ਸੀ ਕਾਜ਼ੀ ਨੇ ਸੰਖ ਦੀ ਆਵਾਜ਼ ਸੁਣ ਕੇ ਉਸ ਦੇ ਮੂੰਹ ਵਿਚ ਗਾਂ ਦੀ ਹੱਡੀ ਦਵਾਈ, ਤਦ ਵੀ ਦੀਨ ਉਸ ਨੇ ਨਾ ਮੰਨਿਆ ਤਾਂ ਕਤਲ ਕਰਾ ਦਿੱਤਾ। ਜਿਨ੍ਹਾਂ ਨੇ ਉਸ ਦੇ ਛੁਡਾਉਣ ਦਾ ਯਤਨ ਕੀਤਾ, ਓਹ ਧਰਮੋਂ ਬੇਧਰਮ ਕਰਕੇ ਮਾਰੇ ਗਏ। ਏਸੇ ਨੇ ਹੁਕਮ ਰਖਿਆ ਸੀ ਕਿ ਕੋਈ ਧੀ ਭੈਣ ਹਿੰਦੂਆਂ ਦੀ, ਪਹਿਲਾਂ ਮੁਸਲਮਾਨ ਦੀ ਭੇਟਾ ਹੋਏ ਬਿਨਾਂ ਹਿੰਦੂ ਦੇ ਘਰ ਨਾ ਵਸੇ। ਕੋਈ ਗਹਿਣਾ ਕੱਪੜਾ ਕਿਸੇ ਹਿੰਦੂ ਤੀਵੀਂ ਮਰਦ ਨੂੰ ਨਾ ਪਾਉਣਾ ਮਿਲੇ ਏਸੇ ਤਰਾਂ ਸੋਹਣਾ ਕੁੜੀ ਮੁੰਡਾ ਛੇ ਮਹੀਨੇ ਦੀ ਖੁਰਾਕ ਤੋਂ ਅੰਨ ਕਿਸੇ ਹਿੰਦੂ ਦੇ ਘਰ ਨਾ ਰਹੇ, ਵਿਚਾਰ ਦੀ ਕੀ ਗੱਲ ਹੈ, ਜਦ ਹਾਕਮ ਏਸ ਤਰਾਂ ਦਾ ਸੀ ਤਾਂ ਹੋਰ ਮੁਸਲਮਾਨਾਂ ਦੀ ਕੀ ਗਲ ਹੈ? ਜਦ ਏਸ ਤਰਾਂ ਸੰਸਾਰ ਇਹਨਾਂ ਦੇ ਹੱਥੋਂ ਦੁਖੀ ਹੋ ਕੇ ਅਕਾਲ ਪੁਰਖ ਵਾਹਿਗੁਰੂ ਅਗੇ ਪੁਕਾਰ ਕਰਨ ਲੱਗਾ ਤਾਂ ਕਰਤਾਰ ਨੇ ਸਭ ਜੀਆਂ ਦੇ ਬਚਾਉ ਵਾਸਤੇ ਸੰਨ 1526 ਬਿਕਰਮੀ ਕੱਤਕ ਸੁਦੀ 15 ਨੂੰ ਰਾਏ ਭੋਏ ਦੀ ਤਲਵੰਡੀ ਵਿਚ ਕਾਲੂ ਚੰਦ ਮਹਿਤੇ ਦੇ ਘਰ ਤ੍ਰਿਪਤਾ ਦੀ ਕੁੱਖੋਂ ਇਕ ਪਹਿਰ ਦੇ ਤੜਕੇ ਐਤਵਾਰ ਬਹਿਲੋਲ ਲੋਦੀ ਬਾਦਸ਼ਾਹ ਦੇ ਵੇਲੇ ਗੁਰੂ ਨਾਨਕ ਜੀ ਨੂੰ ਪ੍ਰਗਟ ਕੀਤਾ ਜਿੰਨਾਂ ਦੇ ਆਵਣ ਕਰ ਕੇ ਸੁਤੇ ਹੀ ਲੋਕਾਂ ਦੇ ਮਨ ਪਾਪ ਵੱਲੋਂ ਹਟ ਕੇ ਦਇਆ ਧਰਮ ਵਲ ਜੁੜਨ ਲਗੇ। ਓਸ ਵੇਲੇ ਵਧਾਈਆਂ ਮਿਲਣ ਲਗੀਆਂ, ਮਹਿਲੇ ਕਾਲੂ ਨੇ ਪੰਡਤ ਨੂੰ ਸੱਦਿਆ ਕਿ ਟੇਵਾ ਬਣਾਵੇ ਤਾਂ ਪੰਡਤ ਨੇ ਦਾਈ ਤੋਂ ਬਾਲਕ ਦੇ ਲੱਛਣ ਪੁੱਛੇ ਤਾਂ ਦੌਲਤਾਂ ਦਾਈ ਨੇ ਆਖਿਆ ਮੇਰੇ ਹੱਥਾਂ ਵਿਚ ਕਈ ਬਾਲਕ ਜੰਮੇ ਹੈਨ ਪਰ ਇਹੋ ਜਿਹਾ ਨੀਂਗਰ ਮੈਂ ਕੋਈ ਨਹੀਂ ਡਿੱਠਾ ਏਸ ਦੇ ਜਨਮ ਸਮੇਂ ਆਪੇ ਹੀ ਘਰ ਵਿਚ ਐਸਾ ਚਾਨਣ ਹੋ ਗਿਆ ਸੀ ਜਿਸ ਤਰਾਂ ਸੂਰਜ ਚੜ੍ਹੇ ਹੁੰਦਾ ਹੈ ਸਾਰੇ ਪਾਸਿਓਂ ਸੁਗੰਧੀ ਆਉਣ ਲਗੀ ਸੀ ਕੋਲੋਂ ਤਦ ਤੁਲਸਾਂ ਦਾਸੀ ਨੇ ਭੀ ਲਖਣ ਬਹੁਤ ਹੀ ਸੋਹਣੇ ਦਸੇ, ਸਾਰੀਆਂ ਗਲਾਂ ਸੁਣ ਕੇ ਪੰਡਤ ਨੇ ਗ੍ਰਹਿ ਕੁੰਡਲੀ ਮੇਲਕੇ ਪੱਤਰੀ ਬਣਾਈ ਤੇ ਮਹਿਤਾ ਕਾਲੂ ਜੀ ਨੂੰ ਜਾ ਸੁਣਾਈ ਤੇ ਦੱਸਿਆ ਕਿ ਇਹ ਬਾਲਕ ਵੱਡਾ ਭਾਗਾਂ ਵਾਲਾ ਹੋਵੇਗਾ, ਦੇਵਤਾ ਮਨੁੱਖ ਪਸ਼ੂ ਪੰਛੀ ਏਸ ਦੀ ਈਨ ਮੰਨਣਗੇ, ਸਾਰੇ ਜਗਤ ਦਾ ਤਾਰਕ ਹੋਵੇਗਾ। ਏਸ ਦਾ ਪੰਥ ਚਲੇਗਾ ਤਾਂ ਕਾਲੂ ਜੀ ਨੇ ਪਰੋਹਿਤ ਨੂੰ ਬਹੁਤ ਦਾਨ ਸਨਮਾਨ ਦਿੱਤਾ ਤੇ ਨਾਨਕ ਨਾਮ ਰਖਿਆ ਕਿਉਂਕਿ ਇਹਨਾਂ ਦੀ ਭੈਣ ਨਾਨਕੀ ਸੀ।
ਜਾਂ ਗੁਰੂ ਜੀ ਤਿੰਨ ਵਰ੍ਹਿਆਂ ਦੇ ਹੋਏ ਤਾਂ ਬਾਲਕਾਂ ਨੂੰ ਖੇਡਣ ਸਮੇਂ ਭਜਨ ਵੱਲ ਹੀ ਜੋੜਦੇ ਤੇ ਚੰਗੇ ਪ੍ਰਸੰਗ ਸੁਣਾ ਸੁਣਾ ਕੇ ਉਹਨਾਂ ਨੂੰ ਬੋਧ ਕਰਦੇ। ਇਹਨਾਂ ਦੀਆਂ ਗਲਾਂ ਸੁਣਨ ਨੂੰ ਹਰ ਵੇਲੇ ਛੋਟੇ ਵੱਡੇ ਤੀਵੀਂ ਮਰਦ ਪਾਸ ਖਲੋਤੇ ਰਹਿੰਦੇ ਤੇ ਜੋ ਕੁਝ ਘਰੋਂ ਮਿਲਦਾ ਗਰੀਬ ਗੁਰਬੇ ਨੂੰ ਦੇ ਦੇਂਦੇ। ਜਿਸ ਕਰਕੇ ਇਹਨਾਂ ਦੇ ਗੁਣਾਂ ਦੀ ਚਰਚਾ ਸਾਰੇ ਹੋਣ ਲਗ ਪਈ ਤੇ ਲੋਕ ਦਰਸ਼ਨ ਕਰਨ ਲਈ ਆਉਣ ਲਗ ਪਏ ਜਿਸ ਕਰਕੇ ਪਿੰਡ ਦੇ ਬੂਹੇ ਅਗੇ ਵਣਾਂ ਹੇਠ ਭੀੜ ਲਗੀ ਰਹੇ, ਜੇ ਕੋਈ ਗਲ ਪੁੱਛਦਾ ਉਸ ਦੀ ਚੰਗੀ ਤਰਾਂ ਨਿਸ਼ਾ ਕਰਦੇ।
ਇਕ ਦਿਨ ਗੁਰੂ ਜੀ ਦੀ ਮਾਸੀ ਲਖੋ ਨੇ ਆਪਣੀ ਭੈਣ ਨੂੰ ਆਖਿਆ ਤੇਰਾ ਪੁੱਤਰ ਕਮਲਾ ਹੈ ਤਾਂ ਗੁਰੂ ਜੀ ਬੋਲੇ ਮਾਸੀ ਤੇਰਾ ਪੁੱਤਰ ਮੇਰੇ ਨਾਲੋਂ ਵੀ ਵਧ ਕਮਲਾ ਹੋਵੇਗਾ। ਸੋ ਉਸ ਦਾ ਪੁੱਤਰ ਰਾਮ ਥੰਮਣ ਮਸਤ ਬੈਰਾਗੀ ਸਾਧ ਹੋਇਆ। ਜਿਸ ਦੀ ਮਾਨਤਾ ਹੁਣ ਕਸੂਰ ਵਸਾਖੀ ਦਾ ਮੇਲਾ ਲਗਦਾ ਸੀ।