2.ਆਤਮਾ ਦੀ ਸੰਕਲਪ ਸ਼ਕਤੀ ਦਾ ਨਾਮ ਹੈ ਮਨ
ਜਗਦੀਸ਼ ਰਾਮ ਆਨੰਦ ਪ੍ਰਕਾਸ਼ਕ ਬ੍ਰਹਮ ਕੁਮਾਰੀ ਈਸ਼ਵਰ ਵਿਸ਼ਵ ਵਿਦਿਆਲਾ, ਪਾਂਡਵ ਭਵਨ, ਮਾਉਂਟ ਆਬੂ (ਰਾਜਸਥਾਨ) ਆਮ ਤੌਰ ਤੇ ਲੋਕ ਮਨ ਨੂੰ ਆਤਮਾ ਤੋਂ ਵੱਖ ਮੰਨਦੇ ਹਨ। ਜੇ ਇਹ ਸੱਚ ਹੈ ਤਾਂ ਮਨ ਨੂੰ ਵੀ ਸਰੀਰ ਦਾ ਅੰਗ ਮੰਨਣਾ ਪਵੇਗਾ ਅਤੇ ਮਨ ਨੂੰ ਨਾਸਵਾਨ ਸਮਝਿਆ ਜਾਵੇਗਾ ਅਤੇ ਉਹ ਆਤਮਾ ਦੇ ਸਰੀਰ ਛੱਡਣ ਦੇ ਨਾਲ ਹੀ ਨਸ਼ਟ ਹੋ ਜਾਵੇਗਾ। ਲੇਕਿਨ ਇੰਜ ਕਦੀ ਨਹੀਂ ਹੁੰਦਾ। ਦਿਲ (ਹਾਰਟ) ਤਾਂ ਸਰੀਰ ਦਾ ਅੰਗ ਹੈ ਪਰੰਤੂ ਮਨ (ਮਾਈਂਡ) ਸਰੀਰ ਦਾ ਅੰਗ ਨਹੀਂ ਹੈ ਮਨ ਨੂੰ ਸਰੀਰ ਦਾ ਅੰਗ ਮੰਨਣ ਵਾਲੇ ਹਿਰਦਾ (ਦਿਲ) ਅਤੇ ਮਨ ਦੇ ਅੰਤਰ ਨੂੰ ਨਹੀਂ ਜਾਣਦੇ। “ਮਨ” ਆਤਮਾ ਤੋਂ ਵੱਖਰੀ ਕੋਈ ਹੋਰ ਸ਼ੈ ਨਹੀਂ ਹੈ। ਆਤਮਾ ਚੇਤਨ ਹੈ ਅਤੇ ਬੁੱਧੀ ਸਹਿਤ ਹੈ। ਮਨ, ਬੁੱਧੀ ਅਤੇ ਸੰਸਕਾਰ ਇਹ ਤਿੰਨੇ ਹੀ ਆਤਮਾ ਦੀਆਂ ਸ਼ਕਤੀਆਂ ਹਨ। ਆਤਮਾ ਇਕ ਜੋਤੀ ਸਰੂਪ ਚੇਤਨਾ ਸ਼ਕਤੀ ਹੈ, ਸੰਸਕਾਰਾਂ ਦਾ ਪੁੰਜ ਹੈ। ਆਤਮਾ ਦੀ ਸੰਕਲਪ ਸ਼ਕਤੀ ਦਾ ਨਾਮ ਹੀ ਮਨ ਹੈ। ਬੁੱਧੀ ਨਿਰਣੇ ਜਾਂ ਵਿਵੇਕ ਸ਼ਕਤੀ ਨੂੰ ਆਖਦੇ ਹਨ। ਸਾਗਰ ਵਿਚ ਲਹਿਰਾਂ ਦੀ ਨਿਆਈਂ (ਤਰ੍ਹਾਂ) ਮਨ ਵਿਚ ਸਦਾ ਹੀ ਸੰਕਲਪ ਉਠਦੇ ਰਹਿੰਦੇ ਹਨ। ਜਦੋਂ ਤੱਕ ਮਨੁੱਖ ਜਿਉਂਦਾ ਹੈ ਇਹ ਸੰਕਲਪ ਕਦੇ ਵੀ ਬੰਦ ਨਹੀਂ ਹੁੰਦੇ। ਸੰਕਲਪ ਦੋ ਪ੍ਰਕਾਰ ਦੇ ਹੁੰਦੇ ਹਨ – ਸ਼ੁੱਧ ਅਤੇ ਅਸ਼ੁੱਧ। ਬੁੱਧੀ ਇਕ ਤਰਾਜ਼ੂ ਹੈ ਅਤੇ ਇਹ ਨਿਰਣਾ ਕਰਦੀ ਹੈ ਕਿ ਕਿਹੜਾ ਕੰਮ ਕਿਸ ਸਮੇਂ ਅਤੇ ਕਿਸ ਤਰੀਕੇ ਨਾਲ ਕਰਨਾ ਚਾਹੀਦਾ ਹੈ ਅਤੇ ਕਿਹੜਾ ਕੰਮ ਯੋਗ ਹੈ ਜਾਂ ਨਹੀਂ। ਇਸ ਪ੍ਰਕਾਰ ਮਨ ਆਤਮਾ ਦੀ ਸੰਕਲਪ ਸ਼ਕਤੀ ਦਾ ਹੀ ਦੂਸਰਾ ਨਾਮ ਹੈ। ਮਨ ਦੀ ਜਿਸ ਸਮੇਂ ਜਿਹੋ ਜਿਹੀ ਅਵਸਥਾ ਹੁੰਦੀ ਹੈ ਉਸ ਸਮੇਂ ਉਹੋ ਜਿਹੇ ਸੰਕਲਪ ਹੀ ਉੱਠਦੇ ਹਨ।