4. ਮਨ ਮੂਰਖ ਪਾਪੀ ਜਾ ਸ਼ੈਤਾਨ ਨਹੀਂ
ਜਗਦੀਸ਼ ਰਾਮ ਆਨੰਦ ਪ੍ਰਕਾਸ਼ਕ ਬ੍ਰਹਮ ਕੁਮਾਰੀ ਈਸ਼ਵਰ ਵਿਸ਼ਵ ਵਿਦਿਆਲਾ, ਪਾਂਡਵ ਭਵਨ, ਮਾਉਂਟ ਆਬੂ (ਰਾਜਸਥਾਨ) ਆਮ ਤੌਰ ਤੇ ਮਨ ਉੱਪਰ ਇਹ ਦੋਸ਼ ਲਾਇਆ ਜਾਂਦਾ ਹੈ ਕਿ ਮਨ ਹੀ ਮਨੁੱਖ ਤੋਂ ਸਾਰੇ ਪਾਪ ਕਰਵਾਉਂਦਾ ਹੈ। ਇਸ ਲਈ ਮਨ ਨੂੰ ਪਾਪੀ ਜਾਂ ਨੀਚ ਵੀ ਕਹਿ ਦਿੰਦੇ ਹਨ। ਇਸ ਵਿਚ ਕੋਈ ਸ਼ਕ ਨਹੀਂ ਕਿ ਹਰ ਕਰਮ ਨੂੰ ਕਰਨ ਵਾਸਤੇ ਸੰਕਲਪ ਪਹਿਲਾਂ ਮਨ ਵਿਚ ਉੱਠਦਾ ਹੈ ਪਰੰਤੂ ਫਿਰ ਸੋਚਣੇ ਦਾ ਵਿਸ਼ਾ ਇਹ ਹੈ ਕਿ, ਕੀ ਮਨ ਸਦਾ ਅਸ਼ੁੱਧ ਹੀ ਰਚਦਾ ਹੈ? ਨਹੀਂ, ਜੇਕਰ ਮਨ ਸਦਾ ਹੀ ਬੁਰੇ ਸੰਕਲਪ ਉਠਾਵੇ ਤਾਂ ਸੰਸਾਰ ਵਿਚ ਕਦੇ ਵੀ ਕੋਈ ਇਨਸਾਨ ਸ੍ਰੇਸ਼ਟ ਕਰਮ ਨਾ ਕਰੇ ਪਰੰਤੂ ਇੰਜ ਤਾਂ ਨਹੀਂ ਹੈ। ਸੰਸਾਰ ਵਿਚ ਪਾਪ ਆਤਮਾਵਾਂ ਪਾਪ ਕਰਮ ਵੀ ਕਰਦੀਆਂ ਹਨ ਅਤੇ ਪੁੰਨ ਕਰਨ ਵਾਲੇ ਪੁੰਨ ਕਰਮ ਵੀ ਕਰਦੇ ਹਨ। ਇਕੋ ਮਨੁੱਖ ਪਾਪ ਅਤੇ ਪੁੰਨ ਕਰਮ ਨਾਲ-ਨਾਲ ਹੀ ਕਰਦਾ ਰਹਿੰਦਾ ਹੈ। ਫੇਰ ਮਨ ਨੂੰ ਪਾਪੀ ਕਿਵੇਂ ਮੰਨੀਏ? ਪਾਪੀ ਤਾਂ ਮੰਨੀਏ ਜੇਕਰ ਮਨ ਵਿਚ ਸਦਾ ਹੀ ਅਸ਼ੁੱਧ ਸੰਕਲਪ ਉੱਠਦੇ ਰਹਿਣ। ਮਨ ਤਾਂ ਜੀਵ ਆਤਮਾ ਦਾ ਅੰਗ ਹੈ। ਸਤਜੁਗੀ ਸੂਰਜ ਵੰਸ਼ੀ ਸ਼੍ਰੀ ਲਛਮੀ ਸ਼੍ਰੀ ਨਾਰਾਇਣ ਆਦਿ ਦੇਵੀ ਦੇਵਤਾ ਜਿਹੜੇ ਮਹਾਨ ਪੁੰਨ ਆਤਮਾ ਹੋਏ ਹਨ ਉਹਨਾਂ ਦੇ ਸੰਕਲਪ ਸਦਾ ਹੀ ਸ਼ੁੱਧ ਸਨ। ਦੇਵੀ-ਦੇਵਤਿਆਂ ਦੇ ਸਮੇਂ ਜਦੋਂ ਭਾਰਤ ਸਵਰਗ ਜਾਂ ਬੈਕੁੰਠ ਅਖਵਾਉਂਦਾ ਸੀ ਤਦੋਂ ਬੁਰੇ ਸੰਕਲਪਾਂ ਦਾ ਲੇਸ ਮਾਤਰ ਵੀ ਨਹੀਂ ਸੀ। ਇਸ ਤੋਂ ਸਿੱਧ ਹੈ ਕਿ ਮਨੁੱਖਾਂ ਦੀਆਂ ਮਾਨਸਿਕ ਵਿਰਤੀਆਂ ਵੱਖ-ਵੱਖ ਹਨ – ਸਾਤਵਿਕ, ਰਾਜਸਿਕ ਅਤੇ ਤਾਮਸਿਕ। ਕਹਾਵਤ ਹੈ ਕਿ ਜੀਵ ਆਤਮਾ ਆਪਣਾ ਮਿੱਤਰ ਵੀ ਹੈ ਸ਼ਤਰੂ ਵੀ ਹੈ। ਜਦੋਂ ਮਨ ਵਿਚ ਸ਼ੁਭ ਸੰਕਲਪ ਚਲਦੇ ਹਨ ਤਾਂ ਆਤਮਾ ਆਪਣਾ ਮਿੱਤਰ ਹੈ ਅਤੇ ਜਦੋਂ ਮਨ ਵਿਚ ਬੁਰੇ ਸੰਕਲਪ ਚਲਦੇ ਹਨ ਤਾਂ ਉਹੀ ਆਤਮਾ ਆਪਣਾ ਸ਼ਤਰੂ ਹੈ। ਇਸ ਵਾਸਤੇ ਮਨ ਸਦਾ ਹੀ ਮੂਰਖ, ਪਾਪੀ ਨੀਚ ਨਹੀਂ ਹੁੰਦਾ।