ਮਨ ਨੂੰ ਮਾਰਨਾ ਨਹੀਂ ਸੁਧਾਰਨਾ ਹੈ ਜਗਦੀਸ਼ ਰਾਮ ਆਨੰਦ ਪ੍ਰਕਾਸ਼ਕ ਬ੍ਰਹਮ ਕੁਮਾਰੀ ਈਸ਼ਵਰ ਵਿਸ਼ਵ ਵਿਦਿਆਲਾ, ਪਾਂਡਵ ਭਵਨ, ਮਾਉਂਟ ਆਬੂ (ਰਾਜਸਥਾਨ) ਹਠਯੋਗੀ ਅਨੇਕ ਪ੍ਰਕਾਰ ਦੀਆਂ ਸਾਧਨਾਵਾਂ ਰਾਹੀਂ ਮਨ ਨੂੰ ਦਮਨ ਕਰਨ ਦੀ ਬੇਅਰਥ ਚੇਸ਼ਟਾ ਕਰਦੇ ਹਨ। ਉਹ ਸਮਝਦੇ ਹਨ ਕਿ ਮਨ ਵਿਚ ਕੋਈ ਵੀ ਇੱਛਾ ਉਤਪੰਨ ਨਹੀਂ ਹੋਣੀ ਚਾਹੀਦੀ ਕਿਉਂਕਿ ਉਹ ਕਾਮਨਾਵਾਂ ਜਾਂ ਇੱਛਾਵਾਂ ਨੂੰ ਹੀ ਮਨ ਦੀ ਅਸ਼ਾਂਤੀ ਦਾ ਮੂਲ ਕਾਰਨ ਮੰਨਦੇ ਹਨ ਪਰੰਤੂ ਜਦੋਂ ਤੱਕ ਇਨਸਾਨ ਜਿਉਂਦਾ ਹੈ ਮਨ ਦੇ ਸੰਕਲਪ ਤਾਂ ਕਦੇ ਬੰਦ ਨਹੀਂ ਹੋ ਸਕਦੇ। ਸੰਕਲਪਾਂ ਵਿਚ ਇੱਛਾਵਾਂ ਜਾਂ ਕਾਮਨਾਵਾਂ ਸਮਾਈਆਂ ਹੁੰਦੀਆਂ ਹਨ। ਸੰਕਲਪ ਦੋ ਪ੍ਰਕਾਰ ਦੇ ਹੁੰਦੇ ਹਨ- ਸ਼ੁੱਧ ਅਤੇ ਅਸ਼ੁੱਧ। ਸ਼ੁੱਧ ਸੰਕਲਪ ਸ਼ੁੱਧ ਕਾਮਨਾਵਾਂ ਨੂੰ ਜਨਮ ਦਿੰਦੇ ਹਨ ਅਤੇ ਅਸ਼ੁੱਧ ਸੰਕਲਪਾਂ ਤੋਂ ਅਸ਼ੁੱਧ ਕਾਮਨਾਵਾਂ ਉਤਪੰਨ ਹੁੰਦੀਆਂ ਹਨ। ਸ਼ੁੱਧ ਕਾਮਨਾਵਾਂ ਦੀ ਪੂਰਤੀ ਕਰਨ ਵਾਲਾ ਮਨੁੱਖ ਦੇਵਤਾ ਅਖਵਾਉਂਦਾ ਹੈ ਅਤੇ ਅਸ਼ੁੱਧ ਕਾਮਨਾਵਾਂ ਵੱਸ ਮਨੁੱਖ ਅਸੁਰ ਭਾਵ ਨੀਚ ਬਣ ਜਾਂਦਾ ਹੈ। ਜੇਕਰ ਮਨ ਵਿਚ ਉਤਪੰਨ ਹੋਣ ਵਾਲੀਆਂ ਸ਼ੁੱਧ ਇੱਛਾਵਾਂ ਨੂੰ ਦਮਨ ਕਰ ਦਿੱਤਾ ਜਾਵੇ ਤਾਂ ਮਨੁਖਾ ਜੀਵਨ ਹੀ ਬੇ-ਅਰਥ ਹੋ ਜਾਵੇ। ਇਸ ਵਾਸਤੇ ਅਸ਼ੁੱਧ ਕਾਮਨਾਵਾਂ ਦਾ ਵਿਰੋਧ ਅਤੇ ਸ਼ੁੱਧ ਕਾਮਨਾਵਾਂ ਦਾ ਵਿਕਾਸ ਕਰਨਾ ਹੀ ਮਨੁੱਖੀ ਜੀਵਨ ਦਾ ਪੁਰਸ਼ਾਰਥ ਹੈ। ਜਿਸ ਮਨੁੱਖ ਦੇ ਸੰਕਲਪ ਅਤੇ ਕਾਮਨਾਵਾਂ ਸ਼ੁੱਧ ਹੁੰਦੇ ਹਨ ਉਹ ਸਦਾ ਪਰਉਪਕਾਰੀ ਹੁੰਦਾ ਹੈ। ਉਹ ਖ਼ੁਦ ਵੀ ਸ਼ਾਂਤ ਰਹਿੰਦਾ ਹੈ ਅਤੇ ਦੂਜਿਆਂ ਨੂੰ ਵੀ ਆਪਣੇ ਵਾਂਗ ਬਣਾਉਂਦਾ ਹੈ। ਇਸ ਵਾਸਤੇ ਸ਼ੁਭ ਇੱਛਾਵਾਂ ਵਿਚ ਵਾਧਾ ਕਰਨਾ ਚਾਹੀਦਾ ਹੈ। ਅਸ਼ੁੱਧ ਸੰਕਲਪਾਂ ਨੂੰ ਰੋਕਣਾ ਅਤੇ ਸ਼ੁੱਧ ਇੱਛਾਵਾਂ ਜਾਂ ਸੰਕਲਪ ਉਤਪੰਨ ਕਰਨਾ ਹੀ ਮਨ ਨੂੰ ਸੁਧਾਰਨਾ ਹੈ। ਲੇਕਿਨ ਸ਼ੁਭ ਅਤੇ ਅਸ਼ੁਭ ਕਾਮਨਾਵਾਂ ਦੇ ਭੇਤ ਨੂੰ ਕਿਵੇਂ ਜਾਣਿਆ ਜਾਵੇ? ਇਸ ਨਿਰਣੇ ਵਾਸਤੇ ਬੁੱਧੀ ਸ਼ੁੱਧ ਹੋਣੀ ਚਾਹੀਦੀ ਹੈ। ਜੇਕਰ ਬੁੱਧੀ ਤਮੋਗੁਣੀ ਜਾਂ ਵਿਕਾਰੀ ਹੈ ਤਾਂ ਮਨ ਵਿਚ ਅਵਸ਼ ਅਸ਼ੁੱਧ ਸੰਕਲਪ ਉਤਪੰਨ ਹੋਣਗੇ ਅਤੇ ਉਹਨਾਂ ਦੀ ਪੂਰਤੀ ਪਿੱਛੇ ਲੱਗਾ ਮਨੁੱਖ ਸਦਾ ਦੁਖੀ ਅਤੇ ਅਸ਼ਾਂਤ ਰਹੇਗਾ। ਜਿਸ ਪ੍ਰਕਾਰ ਘੋੜੇ ਨੂੰ ਸਿਧਾਇਆ ਅਤੇ ਸੁਧਾਰਿਆ ਜਾਂਦਾ ਹੈ ਤਾਂ ਜੋ ਉਹ ਸਦਾ ਮਾਲਕ ਦੀ ਇੱਛਾ ਅਨੁਸਾਰ ਸਿੱਧੀ ਰਾਹ ਤੇ ਤੁਰੇ ਅਤੇ ਆਪਣੀ ਇੱਛਾ ਨਾਲ ਇਧਰ ਉੱਧਰ ਨਾ ਦੌੜੇ ਇਸੇ ਤਰ੍ਹਾਂ ਮਨ ਨੂੰ ਸੁਧਾਰਨਾ ਚਾਹੀਦਾ ਹੈ ਤਾਂ ਜੋ ਉਹ ਸਦਾ ਸ਼ੁੱਧ ਸੰਕਲਪ ਤੇ ਸ਼ੁੱਧ ਕਾਮਨਾਵਾਂ ਵਿਚ ਹੀ ਰੁਝਿਆ ਰਹੇ ਅਤੇ ਕਦੇ ਵੀ ਬੁਰੇ ਵਿਚਾਰਾਂ ਵੱਲ ਨਾ ਜਾਵੇ।