ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love
ਮਨੋਵਿਕਾਰ ਹੀ ਮਨ ਦੀ ਚੰਚਲਤਾ ਦੇ ਮੂਲ ਕਾਰਨ ਹਨ
ਜਗਦੀਸ਼ ਰਾਮ ਆਨੰਦ
ਪ੍ਰਕਾਸ਼ਕ ਬ੍ਰਹਮ ਕੁਮਾਰੀ ਈਸ਼ਵਰ ਵਿਸ਼ਵ ਵਿਦਿਆਲਾ, ਪਾਂਡਵ ਭਵਨ, ਮਾਉਂਟ ਆਬੂ (ਰਾਜਸਥਾਨ)

ਮਾਨਸਿਕ ਵਿਕਾਰ ਅਨੇਕ ਪ੍ਰਕਾਰ ਦੇ ਹੁੰਦੇ ਹਨ ਪਰੰਤੂ ਮੁੱਖ ਪੰਜ ਵਿਕਾਰ ਕਾਮ, ਕਰੋਧ, ਲੋਭ, ਮੋਹ ਅਤੇ ਹੰਕਾਰ ਹਨ। ਬਾਕੀ ਹੋਰ ਵਿਕਾਰ ਇਹਨਾਂ ਪੰਜਾਂ ਦੇ ਪੁੱਤਰ-ਪੋਤਰੇ ਹਨ। ਇਹਨਾਂ ਵਿਸ਼ੇ ਵਿਕਾਰਾਂ ਨੂੰ ਮਾਨਸਿਕ ਰੋਗ ਵੀ ਆਖਦੇ ਹਨ ਜਿਹੜੇ ਮਨ ਨੂੰ ਚੰਚਲ ਬਣਾਉਂਦੇ ਹਨ ਅਤੇ ਇਸ ਚੰਚਲਤਾ ਦੇ ਨਤੀਜੇ ਵਜੋਂ ਮਨੁੱਖੀ ਆਤਮਾ ਅਸ਼ਾਂਤ ਬਣ ਜਾਂਦੀ ਹੈ।

ਜਿਵੇਂ ਮਨੁੱਖ ਸਰੀਰਕ ਰੋਗਾਂ ਦੇ ਕਾਰਣ ਪਰੇਸ਼ਾਨ ਰਹਿੰਦਾ ਹੈ, ਤਿਵੇਂ ਹੀ ਇਹ ਮਾਨਸਿਕ ਰੋਗ ਵੀ ਉਸ ਨੂੰ ਦੁਖੀ ਅਤੇ ਅਸ਼ਾਂਤ ਕਰਦੇ ਹਨ। ਇਹਨਾਂ ਮਾਨਸਿਕ ਰੋਗਾਂ ਤੋਂ ਛੁਟਕਾਰਾ ਪਾਉਣ ਵਾਸਤੇ ਹੀ ਮਨੁੱਖ ਮੰਦਰ, ਗੁਰਦਵਾਰੇ ਜਾਂ ਤੀਰਥ ਸਥਾਨਾਂ ਤੇ ਜਾਂਦਾ ਹੈ। ਜਿਵੇਂ ਬਾਂਦਰ ਕਦੇ ਚੈਨ ਨਾਲ ਨਹੀਂ ਬੈਠ ਸਕਦਾ, ਉਸ ਦੀ ਚੰਚਲਤਾ ਪ੍ਰਸਿੱਧ ਹੈ, ਤਿਵੇਂ ਹੀ ਵਿਕਾਰੀ ਮਨੁੱਖ ਦਾ ਮਨ ਵੀ ਸਦਾ ਚੰਚਲ ਰਹਿੰਦਾ ਹੈ, ਉਸਨੂੰ ਵੀ ਕਦੇ ਚੈਨ ਨਹੀਂ ਆਉਂਦਾ। ਥੋੜੇ ਚਿਰ ਦੀ ਸ਼ਾਂਤੀ ਵਾਸਤੇ ਮਨੁੱਖ ਕੋਲ ਜਪ, ਤਪ, ਪੂਜਾ, ਪਾਠ, ਯੱਗ, ਹਵਨ, ਪੁੰਨ, ਦਾਨ, ਤੀਰਥ ਯਾਤਰਾ ਵਰਗੇ ਅਨੇਕ ਸਾਧਨ ਹਨ ਅਤੇ ਉਹ ਉਸ ਨੂੰ ਪ੍ਰਾਪਤ ਕਰਦਾ ਵੀ ਆਇਆ ਹੈ ਪਰੰਤੂ ਸਥਾਈ ਸ਼ਾਂਤੀ ਉਸ ਨੂੰ ਉਦੋਂ ਤੱਕ ਨਹੀਂ ਮਿਲ ਸਕਦੀ ਜਦੋਂ ਤੱਕ ਮਨ ਦੀ ਚੰਚਲਤਾ ਦੂਰ ਨਹੀਂ ਹੁੰਦੀ ਅਤੇ ਮਨੁੱਖ ਸ਼ਾਂਤੀ ਲਈ ਭਟਕਦਾ ਰਹਿੰਦਾ ਹੈ। ਜਿਵੇਂ ਰੋਗੀ ਇਨਸਾਨ ਨੂੰ ਡਾਕਟਰ, ਹਕੀਮ ਲੁੱਟਦੇ ਰਹਿੰਦੇ ਹਨ ਤਿਵੇਂ ਹੀ ਮਾਨਸਿਕ ਚੰਚਲਤਾ (ਜਿਹੜੀ ਮਨੁੱਖ ਦੀ ਅਸ਼ਾਂਤੀ ਦਾ ਮੂਲ ਕਾਰਨ ਹੈ) ਤੋਂ ਛੁੱਟਣ ਵਾਸਤੇ ਅਜਕਲ ਮਨੁੱਖ ਗੁਰੂਆਂ, ਪੰਡਤਾਂ ਅਤੇ ਤੀਰਥਾਂ ਉੱਤੇ ਪੰਡਿਆਂ ਹੱਥੋਂ ਲੁੱਟੀਂਦਾ ਰਹਿੰਦਾ ਹੈ।

ਇਹ ਵੀ ਵੇਖਿਆ ਗਿਆ ਹੈ ਕਿ ਜਿਹਨਾਂ ਵਿਕਾਰਾਂ ਦੇ ਕਾਰਨ ਮਨੁੱਖ ਪਰੇਸ਼ਾਨ ਹੋ ਕੇ ਅਸ਼ਾਂਤ ਚਿਤ ਬਣਦਾ ਹੈ ਭੁੱਲ ਵਸ ਉਹਨਾਂ ਵਿਕਾਰਾਂ ਵਿਚੋਂ ਹੀ ਸ਼ਾਂਤੀ ਪ੍ਰਾਪਤ ਕਰਨ ਦੇ ਚੱਕਰ ਪੈ ਕੇ ਫਿਰ-ਫਿਰ ਉਹਨਾਂ ਵਿਕਾਰਾਂ ਦੇ ਚਿੱਕੜ ਵਿਚ ਫਸਦਾ ਰਹਿੰਦਾ ਹੈ। ਜਿਵੇਂ ਕੁੱਤਾ ਸੁੱਕੀ ਹੱਡੀ ਨੂੰ ਚੱਬ-ਚੱਬ ਕੇ ਆਪਣੇ ਹੀ ਮੂੰਹ ਵਿਚੋਂ ਨਿਕਲੇ ਲਹੂ ਨੂੰ ਚੱਟਦਾ ਰਹਿੰਦਾ ਹੈ ਅਤੇ ਆਪਣੇ ਹੀ ਮੂੰਹ ਨੂੰ ਲਹੂ-ਲੁਹਾਣ ਕਰ ਲੈਂਦਾ ਹੈ ਇਵੇਂ ਹੀ ਦੁਰਦਸ਼ਾ ਵਿਕਾਰੀ ਮਨੁੱਖ ਦੀ ਹੁੰਦੀ ਹੈ।

 

Loading spinner