ਆਸਮਾਨ ਦਾ ਟੁਕੜਾ
ਪਾਸ਼
ਮੇਰੀ ਜਾਨ ਤਾਂ ਹੈ ਆਸਮਾਨ ਦਾ ਉਹ ਟੁਕੜਾ
ਜੋ ਰੋਸ਼ਨਦਾਨ ਚੌਂ ਪਲਮ ਆਉਂਦਾ ਹੈ
ਸਖਤ ਕੰਧਾਂ ਤੇ ਸੀਖਾਂ ਦਾ ਵੀ ਲਿਹਾਜ ਨਹੀ ਕਰਦਾ
ਉਹ ਤਾਂ ਚਾਹੁੰਦੇ ਹਨ
ਕਿ ਮੈਂ ਇਸ ਟੁਕੜੇ ਦੇ ਆਸਰੇ ਹੀ ਜੀਵਾਂ
ਤਾਂ ਫੇਰ ਕਹਿੰਦੇ ਕਿਉਂ ਨਹੀ ਏਸ ਨੂੰ
ਕਿ ਥਾਏਂ ਹੀ ਜੰਮ ਜਾਵੇ,ਨਵੇਲੇ ਰੰਗ ਨਾ ਬਦਲੇ-
ਦੇਖੋ ਇਹ ਟੁਕੜਾ ਹਰ ਘੜੀ ਰੰਗ ਬਦਲਦਾ ਹੈ
ਇਹਦੇ ਹਰ ਰੰਗ ਦੇ ਲੜ ਲੱਗਿਆ ਹੈ ਹੁਸਨ ਰੁੱਤਾਂ ਦਾ
ਜ਼ਰਾ ਪੁੱਛ ਕੇ ਦੇਖੋ ਇਸ ਟੁਕੜੇ ਨੂੰ ਮੌਸਮ ਨਾਲ ਨਾ ਬੱਝੇ
ਵਗਾਹ ਮਾਰੇ ਇਹ ਆਪਣੇ ਜਿਸਮ ਤੋਂ
ਰੁੱਤਾਂ ਦੇ ਪਰਛਾਵੇਂ
ਇਹ ਟੁਕੜਾ ਤਾਂ ਆਪਣੇ ਮੋਢਿਆਂ ਤੇ
ਪੂਰਾ ਆਸਮਾਨ ਹੀ ਚੁੱਕੀ ਫਿਰਦਾ ਹੈ।