ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਸੰਜੀਵਨੀ ਬੂਟੀ

ਬਰਛਿ ਖਾਇ ਲਛਮਨ ਮੁਰਦੇ ਵਾਂਗ ਡਿੱਗਾ,
ਸੈਨਾ ਰਾਮ ਅੰਦਰ ਹਾਹਾਕਾਰ ਹੋਈ।
ਰਾਮ ਰੋਣ ਲੱਗੇ, ਜਾਨ ਖੋਣ ਲੱਗੇ,
‘ਕਿਥੇ ਪਹੁੰਚ ਕੇ ਭਾਗਾਂ ਦੀ ਮਾਰ ਹੋਈ।
ਵੈਦ ਲੰਕਾ ਦੀ ਸੱਦਿਆ, ਸੀਸ ਫੇਰੇ,
ਇਸ ਦੀ ਦਵਾ ਨਹੀਂ ਕੋਈ ਤਿਆਰ ਹੋਈ।
ਰਾਤੋ ਰਾਤ ‘ਸੰਜੀਵਨੀ’ ਕੋਈ ਲਿਆਵੇ,
ਜਾਨ ਬਚੂ, ਜੇ ਮਿਹਰ ਕਰਤਾਰ ਹੋਈ।
ਹਨੂਮਾਨ ਆਂਦੀ ਬੂਟੀ, ਜਾਨ ਬਚ ਗਈ,
ਖੁਸ਼ੀਆਂ ਚੜ੍ਹੀਆਂ ਜਾ ਗਿੱਚੀ ਉਠਾਈ ਲਛਮਨ।
ਰਾਮ ਹੱਸ ਕੇ ਬੋਲੇ ਕੁਝ ਪਤਾ ਭੀ ਊ ?
‘ਤੇਰੀ ਜਾਨ ਕਿਸ ਬਚਾਈ ਲਛਮਨ ?
ਹੋਸੀ ਯਾਦ, ਜੋ ਭੀਲਣੀ ਬੇਰ ਲਿਆਈ,
ਚਖ ਚਖ ਚੁਣੇ ਹੋਏ, ਸੂਹੇ ਲਾਲ ਮਿੱਠੇ।
ਉਹਨਾਂ ਲਾਲਾਂ ਤੋਂ ਪੱਥਰ ਦੇ ਲਾਲ ਸਦਕੇ,
ਓਹਨਾ ਮਿੱਠਿਆਂ ਤੋਂ ਘੋਲੀ ਥਾਲ ਮਿੱਠੇ।
ਰਿਸ਼ੀਆਂ ਨੱਕ ਵੱਟੇ, ਤਾਂ ਬੂਦਾਰ ਹੋਏ,
ਭਰੇ ਹੋਏ ਸਨ ਜੋ ਜਲ ਦੇ ਤਾਲ ਮਿੱਠੇ।
ਲੱਖਾਂ ਮਾਫੀਆਂ ਬਾਦ ਮੁੜ ਮਸਾਂ ਕੀਤੇ,
ਓਸੇ ਭੀਲਣੀ ਨੇ ਚਰਨਾਂ ਨਾਲ ਮਿੱਠੇ।
ਗੱਲਾਂ ਇਹ ਤਾਂ ਮਲੂਮ ਹਨ ਸਾਰਿਆਂ ਨੂੰ,
ਦੱਸਾਂ ਗੱਲ ਤੇਰੀ ਅੱਜ ਨਈ ਤੈਨੂੰ।
ਵੀਰ! ਤੂੰ ਭੀ ਸੀ ਓਦੋਂ ਇੱਕ ਭੁੱਲ ਕੀਤੀ,
ਜਿਸ ਦੀ ਸਜ਼ਾ ਇਹ ਭੁਗਤਣੀ ਪਈ ਤੈਨੂੰ।
ਕਰ ਲੈ ਯਾਦ ਜਦ ਬੇਰ ਸਾਂ ਅਸੀਂ ਖਾਂਦੇ,
ਤੂੰ ਸੈਂ ਬੇਰ ਮੂੰਹ ਪਾਂਦਾ ਮਜ਼ਬੂਰ ਹੋ ਕੇ।
ਮੈਂ ਸਾਂ ਵੇਖਦਾ ਓਸ ਦਾ ਪ੍ਰੇਮ ਨਿਰਛਲ,
ਤੂੰ ਸੈਂ ਵੇਖਦਾ ‘ਜਾਤ’ ਮਗ਼ਰੂਰ ਹੋ ਕੇ।
ਆਹਾ! ਭੀਲਣੀ ਭੁੱਲੀ ਸੀ ਦੀਨ ਦੁਨੀਆਂ,
ਭਗਤੀ ਭਾਵ ਦੇ ਵਿਚ ਮਖ਼ਮੂਰ ਹੋ ਕੇ।
ਮੋਟੇ ਮੋਟੇ ਜੋ ਬੇਰ ਉਸ ਪਕੜ ਹੱਥੀਂ,
ਮੈਨੂੰ ਦਿੱਤੇ ਪ੍ਰੇਮ ਭਰਪੂਰ ਹੋ ਕੇ।
ਉਸ ਅਮੋਲ-ਅਲੱਭ ਸੁਗਾਤ ‘ਚੋਂ ਮੈਂ,
ਵੀਰ ਜਾਣ ਤੁਧ ਬੇਰ ਇਕ ਵੰਡ ਦਿੱਤਾ।
ਤੂੰ ਨਾ ਕਦਰ ਕਰ, ਅੱਖ ਬਚਾ ਮੇਰੀ,
ਉਸ ਨੂੰ ਸੁਟ ਹਾਇ! ਪਿੱਛੇ ਕੰਡ ਦਿੱਤਾ।
ਓਹੋ ਬੇਰ ਪਰਬਤ ਤੇ ਲੈ ਗਈ ਕੁਦਰਤ,
ਉਸ ਤੋਂ ‘ਬੂਟੀ ਸੰਜੀਵਨੀ’ ਉਗਾ ਦਿੱਤੀ।
ਮੇਘ ਨਾਥ ਤੋਂ ਬਰਛੀ ਲੁਆ ਏਥੇ,
ਤੈਨੂੰ ਮੌਤ ਦੀ ਝਾਕੀ ਦਿਖਾ ਦਿੱਤੀ।
ਓਸੇ ਬੇਰ ਦੀ ਬੂਟੀ ਖੁਆ ਤੈਨੂੰ,
ਤੇਰੀ ਲੋਥ ਵਿਚ ਜਾਨ ਮੁੜ ਪਾ ਦਿੱਤੀ।
ਤੈਨੂੰ ਦੰਡ, ਅਭਿਮਾਨ ਨੂੰ ਹਾਰ ਦੇ ਕੇ,
ਸੱਚੇ ਪ੍ਰੇਮ ਦੀ ਫ਼ਤਹ ਕਰਾ ਦਿੱਤੀ।
ਵੀਰ! ਭੀਲਣੀ ਦੇ ਮੈਲੇ ਹੱਥਾਂ ਦੀ ਥਾਂ,
ਵੇਂਹਦੋ ਨੂਰ ਭਰਿਆ ਜੇ ਦਿਲ ਪਾਕ ਉਸ ਦਾ।
ਤੈਨੂੰ ਮਿਲਦਾ ਸਰੂਰ ਇਸ ਦੰਡ ਦੀ ਥਾਂ,
ਕਰਦੀ ਘ੍ਰਿਣਾ ‘ਸੁਥਰਾ’ ਦਿਲ ਨਾ ਚਾਕ ਉਸ ਦਾ।

Loading spinner