ਕਵਿਤਾ
ਸਾਹਿਤ ਦੇ ਦੋ ਮੁੱਖ ਭੇਦ ਹਨ – ਵਾਰਤਕ ਅਤੇ ਕਵਿਤਾ
ਵਾਰਤਕ ਦਾ ਮੁੱਖ ਉਦੇਸ਼ ਕੁਝ ਸਿਖਾਉਣਾ, ਸਮਝਾਉਣਾ ਜਾਂ ਗਿਆਨ ਦੇਣਾ ਹੁੰਦਾ ਹੈ ਪਰ ਕਵਿਤਾ ਦਾ ਉਦੇਸ਼ ਉਸ ਵਿਚਲੇ ਭਾਵ ਨੂੰ ਮਹਿਸੂਸ ਕਰਾਉਣਾ ਹੁੰਦਾ ਹੈ। ਭਾਵੇਂ ਕਵਿਤਾ ਰਾਹੀਂ ਵੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਪਰ ਇੱਥੇ ਗਿਆਨ ਪ੍ਰਮੁੱਖ ਨਹੀਂ ਹੁੰਦਾ। ਜਿਵੇਂ ਯੁੱਧ-ਕਲਾ ਉੱਤੇ ਲਿਖੀ ਇਕ ਕਿਤਾਬ ਪਾਠਕ ਨੂੰ ਯੁੱਧ ਦੀ ਤਕਨੀਕੀ ਜਾਣਕਾਰੀ ਦਿੰਦੀ ਹੈ। ਇਹ ਜਾਣਕਾਰੀ ਪ੍ਰਾਪਤ ਕਰਕੇ ਸਿਪਾਹੀ ਰਣ ਵਿੱਚ ਚੰਗੀ ਤਰ੍ਹਾਂ ਲੜ ਸਕਦਾ ਹੈ। ਪਰ ਕਵਿਤਾ ਦਾ ਇੱਕ ਕਾਵਿ-ਰੂਪ ਵਾਰ ਉਸ ਸਿਪਾਹੀ ਵਿੱਚ ਜੋਸ਼ ਭਰਦਾ ਤੇ ਦਲੇਰੀ ਲਿਆਉਂਦਾ ਹੈ ਅਤੇ ਉਸ ਨੂੰ ਤਨੋਂ-ਮਨੋਂ ਜੰਗ ਵਿੱਚ ਲੜਾਈ ਕਰਨ ਲਈ ਉਤਸ਼ਾਹਿਤ ਕਰਦਾ ਹੈ। ਇੰਞ ਕਵਿਤਾ ਵਿਚਾਰਾਂ ਦੀ ਥਾਂ ਭਾਵਾਂ ਨੂੰ ਵਧੇਰੇ ਟੁੰਬਦੀ ਹੈ। ਕਵਿਤਾ ਵਿੱਚ ਦਲੀਲ ਪ੍ਰਧਾਨ ਨਹੀਂ ਹੁੰਦੀ। ਸਿਪਾਹੀ ਵਾਰ ਸੁਣ ਕੇ ਇਹ ਨਹੀਂ ਸੋਚਦਾ ਕਿ ਜੰਗ ਦੇ ਨੁਕਸਾਨ ਵੀ ਹੋ ਸਕਦੇ ਹਨ ਸਗੋਂ ਉਹ ਤਾਂ ਵੀਰਤਾ ਦੇ ਭਾਵ ਵਿੱਚ ਕੇਵਲ ਲੜਾਈ ਕਰਦਾ ਹੈ। ਕਵਿਤਾ ਵਿੱਚ ਕੁਝ ਅਜਿਹੀਆਂ ਗੱਲਾਂ ਕਹੀਆਂ ਜਾ ਸਕਦੀਆਂ ਹਨ ਜਿਨ੍ਹਾਂ ਨੂੰ ਜੇ ਸਧਾਰਨ ਬੋਲ ਚਾਲ ਵਿੱਚ ਕਿਹਾ ਜਾਵੇ ਤਾਂ ਉਹ ਝੂਠ ਲੱਗਣਗੀਆਂ, ਜਿਵੇਂ ‘ਚਰਖਾ ਬੋਲੇ ਸਾਈਂ ਸਾਈਂ ਬਾਇੜ ਬੋਲੇ ਤੂੰ।’ ਇੱਥੇ ਸਚਮੁੱਚ ਚਰਖਾ ਤੇ ਬਾਇੜ ਇੰਞ ਨਹੀਂ ਬੋਲਦੇ ਸਗੋਂ ਇਹ ਤਾਂ ਕਵੀ ਮਹਿਸੂਸ ਕਰਦਾ ਹੈ। ਪੂਰੀ ਕਵਿਤਾ ਪੜ੍ਹਨ ਵੇਲੇ ਅਸੀਂ ਵੀ ਕਵੀ ਦੇ ਭਾਵ ਵਿੱਚ ਸ਼ਾਮਿਲ ਹੋ ਜਾਂਦੇ ਹਾਂ, ਇਸ ਲਈ ਸਾਨੂੰ ਇਹ ਗੱਲ ਓਪਰੀ ਨਹੀਂ ਲਗਦੀ। ਜਿਵੇਂ ਚੰਡੀ ਦੀ ਵਾਰ ਵਿੱਚ ਦੁਰਗਾ ਦੀ ਤਲਵਾਰ ਬਾਰੇ ਕਵੀ ਲਿਖਦਾ ਹੈ ਕਿ ਉਹ ਦੈਂਤ ਨੂੰ ਮਾਰ ਦੇ, ਘੋੜੇ ਨੂੰ ਵੱਢ ਕੇ, ਧਰਤੀ ਹੇਠਾਂ ਚਲੀ ਗਈ, ਹੇਠਾਂ ਉਹ ਉਸ ਕੱਛੂ ਕੁੰਮੇ ਨੂੰ ਜਾ ਵੱਜੀ ਜਿਸ ਤੇ ਬਲਦ ਖੜ੍ਹਾ ਹੈ। ਇਹ ਸਾਰਾ ਦ੍ਰਿਸ਼ਟਾਂਤ ਜੇ ਸਧਾਰਨ ਗੱਲ-ਬਾਤ ਰਾਹੀਂ ਦੱਸਿਆ ਜਾਵੇ ਤਾਂ ਸਾਫ਼ ਪਤਾ ਲਗਦਾ ਹੈ ਕਿ ਅਸਲ ਵਿੱਚ ਇਹ ਤੱਥ ਨਹੀਂ। ਪਰ ਕਵਿਤਾ ਵਿੱਚ ਸਾਡਾ ਧਿਆਨ ਉਸ ਅਸਲੀਅਤ ਵੱਲ ਨਹੀਂ ਜਾਂਦਾ ਸਗੋਂ ਦੁਰਗਾ ਦੀ ਤਲਵਾਰ ਅਤੇ ਉਸ ਦੇ ਬਲ ਵੱਲ ਜਾਂਦਾ ਹੈ। ਇਸ ਤਰ੍ਹਾਂ ਦੀ ਪੇਸ਼ਕਾਰੀ ਨੂੰ ਅਲੰਕਾਰ ਕਿਹਾ ਜਾਂਦਾ ਹੈ।
ਇੰਞ ਕਵਿਤਾ ਦਾ ਇੱਕ ਆਪਣਾ ਸੰਸਾਰ ਹੁੰਦਾ ਹੈ। ਇਸ ਵਿੱਚ ਵਰਤੀ ਜਾਂਦੀ ਬੋਲੀ ਤੱਥਾਂ ਦੀ ਬਜਾਏ ਭਾਵਾਂ ਵੱਲ ਸੰਕੇਤ ਕਰਦੀ ਹੈ। ਇਸ ਦੇ ਸ਼ਬਦਾਂ ਦੇ ਅਰਥ ਆਮ ਅਰਥਾਂ ਨਾਲੋਂ ਵੱਧ ਘੱਟ ਜਾਂ ਕਈ ਵਾਰ ਹੋਰ ਹੁੰਦੇ ਹਨ। ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਕਵਿਤਾ ਵਿੱਚ ਸ਼ਬਦਾਂ ਦਾ ਗਲਤ ਅਰਥ ਪੈਦਾ ਕਰਦੇ ਹਾਂ, ਸਗੋਂ ਇਹ ਹੈ ਕਿ ਭਾਵਾਂ ਨੂੰ ਪ੍ਰਗਟ ਕਰਨ ਲਈ ਸ਼ਬਦਾਂ ਦੇ ਸਧਾਰਨ ਅਰਥਾਂ ਵਿੱਚ ਵਾਧ ਘਾਟ ਜਾਂ ਤਬਦੀਲੀ ਕਰਨੀ ਪੈਂਦੀ ਹੈ।
ਕਵਿਤਾ ਵਿੱਚ ਸ਼ਬਦਾਂ ਦੀ ਵਰਤੋਂ ਇਸ ਢੰਗ ਨਾਲ ਕੀਤੀ ਜਾਂਦੀ ਹੈ ਕਿ ਉਸ ਦੇ ਅਰਥਾਂ ਦੇ ਪਸਾਰ ਨੂੰ ਅਨੁਭਵ ਕਰਕੇ ਪਾਠਕ ਇੱਕ ਅਨੋਖੇ ਅਨੰਦ ਵਿੱਚ ਗੁਆਚ ਜਾਂਦਾ ਹੈ –
ਉਹ ਦੇਂਦਾ ਏ ਇਹਨਾਂ ਨੂੰ ਭੰਡਾਰੇ, ਭੰਡਾਰੀ
ਇਹ ਸਾਰੇ ਈ ਨੇ ਉਸ ਦੇ ਦਰ ਦੇ ਭਿਖਾਰੀ।
ਉਹ ਦੇ ਦੇ ਕੇ ਵੀ ਰੁਹਬ ਪਾਂਦਾ ਨਾ ਵਾਧੂ
ਹੈ ਖੁਲ੍ਹੇ ਸੁਭਾਅ ਦਾ ਉਹ ਖੇਤਾਂ ਦਾ ਸਾਧੂ।
ਇੱਥੇ ਜਦੋਂ ਖੇਤਾਂ ਦਾ ਸਾਧੂ ਦਾ ਅਰਥ ਸਾਨੂੰ ਸਮਝ ਆਉਂਦਾ ਹੈ ਤਾਂ ਅਨੰਦ ਪ੍ਰਾਪਤ ਹੁੰਦਾ ਹੈ। ਏਥੇ ਸਾਧੂ ਦੇ ਅਰਥ ‘ਸਾਧੂ’ ਨਾ ਹੋ ਕੇ ਇੱਕ ਵਿਸ਼ਾਲ ਦਿਲ ਕਿਸਾਨ ਦੇ ਹੋ ਗਏ ਹਨ।
ਰਸ – ਕਵਿਤਾ ਭਾਵਾਂ ਦੀ ਸਹਾਇਤਾ ਨਾਲ ਵੱਖ-ਵੱਖ ਤਰ੍ਹਾਂ ਦੇ ਰਸ ਪੈਦਾ ਕਰਦੀ ਹੈ। ਰਸ ਮੁੱਖ ਰੂਪ ਵਿੱਚ ਨੌਂ ਹਨ – ਸਿੰਗਾਰ, ਵੀਰ, ਕਰੁਣਾ, ਸ਼ਾਤ, ਰੌਦਰ, ਭਿਆਨਕ, ਅਦਭੁਤ, ਹਾਸ ਅਤੇ ਬੀਭਤਸ। ਮਨੁੱਖ ਦੇ ਮਨ ਵਿੱਚ ਕੁਝ ਸਮਾਜਿਕ ਸੰਸਕਾਰਾਂ ਕਾਰਨ ਸਥਾਈ ਭਾਵ ਬਣ ਜਾਂਦੇ ਹਨ। ਕਾਵਿ-ਭਾਵ ਉਹਨਾਂ ਸਥਾਈ ਭਾਵਾਂ ਨੂੰ ਟੁੰਬ ਕੇ ਰਸ ਪੈਦਾ ਕਰਦੇ ਹਨ। ਜਿਵੇਂ –
ਪਿੱਛੋਂ ਫੇਰ ਸਰਦਾਰਾਂ ਨੇ ਸੱਦ ਭੇਜੇ,
ਜੇ ਕੋਈ ਸਿੰਘ ਸਿਪਾਹੀ ਦੀ ਜਾਤ ਮੀਆਂ।
ਕਿੱਥੇ ਲੁਕੋਗੇ ਜਾਇ ਕੇ ਖਾਲਸਾ ਜੀ,
ਦੱਸੋ ਖੋਲ੍ਹ ਕੇ ਅਸਲ ਦੀ ਬਾਤ ਮੀਆਂ।
ਇਸ ਬੰਦ ਵਿੱਚ ‘ਸਿੰਘ ਸਿਪਾਹੀ’ ਸ਼ਬਦ ਨੂੰ ਇਸ ਨਾਲ ਜੁੜੇ ਵੀਰਤਾ ਦੇ ਭਾਵ ਨੂੰ ਟੁੰਬ ਕੇ ਵੀਰ-ਰਸ ਪੈਦਾ ਕਰਨ ਲਈ ਪ੍ਰਯੋਗ ਕੀਤਾ ਗਿਆ ਹੈ।
ਤੋਲ-ਤੁਕਾਂਤ – ਕਵਿਤਾ ਆਮ ਤੌਰ ਤੇ ਛੰਦ-ਬੱਧ ਹੁੰਦੀ ਹੈ। ਤੋਲ ਅਤੇ ਤੁਕਾਂਤਾਂ ਰਾਹੀਂ ਸੰਗੀਤ ਪੈਦਾ ਕੀਤਾ ਜਾਂਦਾ ਹੈ। ਕਈ ਵਾਰੀ ਕਵਿਤਾ ਵਿੱਚ ਕੋਈ ਪਛਾਣਨ ਯੋਗ ਛੰਦ ਪ੍ਰਤੀਤ ਨਹੀਂ ਹੁੰਦਾ ਪਰ ਉਸ ਵਿਚਲੀ ਸ਼ਬਦ-ਜਡ਼ਤ ਨਾਲ ਸੰਗੀਤ ਪੈਦਾ ਹੋ ਜਾਂਦਾ ਹੈ, ਜਿਵੇਂ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਦੀਆਂ ਹੇਠ ਲਿਖੀਆਂ ਤੁਕਾਂ –
ਨਿੱਕੇ ਨਿੱਕੇ, ਚਿੱਟੇ ਚਿੱਟੇ, ਧੋਤੇ-ਧਾਤੇ ਪੱਥਰਾਂ ਨੂੰ ਚੁਣਨਾ
…………. ……….. ……. ……… …….. ……..
ਉਹਨਾਂ ਨੂੰ ਝੂਣਨਾ, ਜਗਾਉਣਾ, ਹਿਲਾਉਣਾ।
ਕਵਿਤਾ ਵਿੱਚ ਉੱਚੀ-ਉੱਚੀ ਬੋਲ ਕੇ ਪੜ੍ਹਨ ਨਾਲ ਉਸ ਵਿਚਲੇ ਸੰਗੀਤ ਦਾ ਆਪਣੇ ਆਪ ਪਤਾ ਲੱਗ ਜਾਂਦਾ ਹੈ।
ਪੜ੍ਹਨ ਲੱਗਿਆਂ ਉਸ ਦੇ ਉਚਾਰਨ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ। ਜਿੱਥੇ ਕਿਤੇ ਕੰਨਾ, ਬਿਹਾਰੀ, ਦੁਲੈਂਕੜ, ਹੋੜਾ, ਕਨੌੜਾ, ਲਾਂ, ਦੁਲਾਂ ਤੇ ਟਿੱਪੀ ਆ ਜਾਵੇ, ਉੱਥੇ ਉਸ ਮਾਤਰਾ ਨੂੰ ‘ਮੁਕਤੇ’ ਤੋਂ ਦੁੱਗਣੀ ਦੇਰ ਲਮਕਾਉਣਾ ਹੈ। ਸਿਹਾਰੀ ਅਤੇ ਔਂਕੜ ਨੂੰ ਮੁਕਤੇ ਜਿੰਨਾ ਹੀ ਸਮਾਂ ਦੇਣਾ ਹੈ।
ਪੰਜਾਬੀ ਕਾਵਿ-ਪਰੰਪਰਾ ਸਮਝਣ ਲਈ ਇੱਥੇ ਕਵਿਤਾ ਦੇ ਛੇ ਭਾਗ ਕੀਤੇ ਗਏ ਹਨ –
ਗੁਰਮਤਿ-ਕਾਵਿ
ਸੂਫ਼ੀ-ਕਾਵਿ
ਕਿੱਸਾ-ਕਾਵਿ
ਵੀਰ-ਕਾਵਿ
ਆਧੁਨਿਕ-ਕਾਵਿ
ਲੋਕ-ਕਾਵਿ
ਗੁਰਮਤਿ-ਕਾਵਿ – ਗੁਰਮਤਿ ਕਾਵਿ ਦਾ ਰਚਨਾ ਕਾਲ ਉਂਞ ਤਾਂ ਸ਼ੇਖ ਫ਼ਰੀਦ ਜੀ ਤੋਂ ਸ਼ੁਰੂ ਹੋ ਜਾਂਦਾ ਹੈ ਪਰ ਸ਼ੇਖ ਫ਼ਰੀਦ ਜੀ ਸੂਫ਼ੀ-ਕਾਵਿ ਧਾਰਾ ਦੇ ਮੋਢੀ ਹਨ। ਇਸ ਲਈ ਉਹਨਾਂ ਨੂੰ ਸੂਫ਼ੀ-ਕਾਵਿ ਵਿੱਚ ਸ਼ਾਮਿਲ ਕੀਤਾ ਗਿਆ ਹੈ। ਗੁਰਮਤਿ-ਕਾਵਿ ਵਿੱਚ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰ ਦਾਸ ਜੀ, ਗੁਰੂ ਰਾਮ ਦਾਸ ਜੀ, ਗੁਰੂ ਅਰਜਨ ਦੇਵ ਜੀ ਅਤੇ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਆਉਂਦੀਆਂ ਹਨ। ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਵੀਰ-ਕਾਵਿ ਵਾਲੇ ਭਾਗ ਵਿੱਚ ਸ਼ਾਮਿਲ ਕੀਤੀ ਜਾਵੇਗੀ।
ਗੁਰਮਤਿ-ਕਾਵਿ ਦੀਆਂ ਕੁਝ ਵਿਸ਼ੇਸ਼ਤਾਵਾਂ – ਇਸ ਨਾਲ ਸਬੰਧਤ ਸਾਰੇ ਗੁਰੂ ਕਵੀਆਂ ਨੇ ‘ਨਾਨਕ’ ਨਾਮ ਦਾ ਪ੍ਰਯੋਗ ਕੀਤਾ ਹੈ। ਲਗਭਗ ਹਰ ਕਾਵਿ-ਰਚਨਾ ਦੀ ਆਖ਼ਰੀ ਤੁਕ ਵਿੱਚ ‘ਨਾਨਕ’ ਸ਼ਬਦ ਆਇਆ ਹੈ। ਇਸ ਸ਼ਬਦ ਦਾ ਆਉਣਾ ਇਹ ਦਰਸਾਉਂਦਾ ਹੈ ਕਿ ਇਹ ਸਾਰੀ ਬਾਣੀ ਇੱਕ ਪਰੰਪਰਾ ਨਾਲ ਸਬੰਧਤ ਹੈ। ਇੰਞ ਇਸ ਦਾ ਪ੍ਰਭਾਵ ਬੱਝਵੇਂ ਰੂਪ ਵਿੱਚ ਪੈਂਦਾ ਹੈ। ਪੜ੍ਹਨ ਵੇਲੇ ਜਦੋਂ ਕਿਸੇ ਕਾਵਿ-ਰਚਨਾ ਵਿੱਚ ‘ਨਾਨਕ’ ਨਾਮ ਆਵੇ ਤਾਂ ਉਸ ਦਾ ਅਰਥ ਇਹ ਨਹੀਂ ਲੈਣਾ ਚਾਹੀਦਾ ਕਿ ਇਹ ਰਚਨਾ ਗੁਰੂ ਨਾਨਕ ਦੇਵ ਜੀ ਦੀ ਹੈ ਸਗੋਂ ਸਬੰਧਤ ਗੁਰੂ ਕਵੀ ਲੈਣਾ ਚਾਹੀਦਾ ਹੈ। ਜਿਵੇਂ ਗੁਰੂ ਅੰਗਦ ਦੇਵ ਜੀ ਇੱਕ ਤੁਕ ਵਿੱਚ ਲਿਖਦੇ ਹਨ
ਨਾਨਕ ਅੰਧਾ ਹੋਇ ਕੈ ਰਤਨਾ ਪਰਖਣ ਜਾਇ
ਇੱਥੇ ‘ਨਾਨਕ’ ਸ਼ਬਦ ਗੁਰੂ ਅੰਗਦ ਦੇਵ ਜੀ ਨੇ ਆਪਣੇ ਲਈ ਪ੍ਰਯੋਗ ਕੀਤਾ ਹੈ। ਇਸ ਲਈ ਇਸ ਸ਼ਬਦ ਦਾ ਅਰਥ ਵੱਖ-ਵੱਖ ਗੁਰੂ ਸਾਹਿਬਾਨ ਨਾਲ ਸਬੰਧਤ ਕਰ ਲੈਣਾ ਚਾਹੀਦਾ ਹੈ।
ਗੁਰੂ ਸਾਹਿਬਾਨ ਦੀ ਬਾਣੀ ਵਿੱਚ ‘ਗੁਰੂ’ ਸ਼ਬਦ ਦਾ ਪ੍ਰਯੋਗ ਵੀ ਹੋਇਆ ਹੈ ਅਤੇ ‘ਗੁਰੂ’ ਬਾਰੇ ਬੜੇ ਵਿਚਾਰ ਵੀ ਦਿੱਤੇ ਗਏ ਹਨ। ਇੱਥੇ ਗੁਰੂ ਤੋਂ ਭਾਵ ਗੁਰੂ ਨਾਨਕ ਦੇਵ ਜੀ ਜਾਂ ਗੁਰੂ ਅੰਗਦ ਦੇਵ ਜੀ ਨਹੀਂ ਸਗੋਂ ਗੁਰੂ ਸ਼ਬਦ ‘ਗੁਰਬਾਣੀ’ ਲਈ ਜਾਂ ‘ਗਿਆਨ’ ਲਈ ਪ੍ਰਯੋਗ ਹੋਇਆ ਹੈ। ਇਸ ਬਾਰੇ ਗੁਰੂ ਨਾਨਕ ਦੇਵ ਜੀ ਲਿਖਦੇ ਹਨ –
ਸ਼ਬਦ ਗੁਰੂ ਸੁਰਤ ਧੁਨ ਚੇਲਾ
ਗੁਰੂ ਰਾਮਦਾਸ ਜੀ ਦਾ ਕਥਨ ਹੈ –
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ।
ਤੇ ਗੁਰੂ ਗੋਬਿੰਦ ਸਿੰਘ ਜੀ ਫ਼ੁਰਮਾਉਂਦੇ ਹਨ –
ਗਿਆਨ ਗੁਰੂ ਆਤਮ ਉਪਦੇਸਹੁ ਨਾਮ ਬਿਭੂਤ ਲਗਾਓ।
ਕਿਉਂਕਿ ਗੁਰੂ ਸਾਹਿਬ ਆਪ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਨ। ਇਸ ਲਈ ਗੁਰੂ ਸ਼ਬਦ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਸਬੰਧਤ ਕਰ ਕੇ ਅਧਿਐਨ ਕਰਨਾ ਚਾਹੀਦਾ ਹੈ।
ਗੁਰਬਾਣੀ ਨੂੰ ਪੜ੍ਹਨ ਤੇ ਪੜ੍ਹਾਉਣ ਸਬੰਧੀ ਇੱਕ ਹੋਰ ਮਹੱਤਵਪੂਰਨ ਗੱਲ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਧਿਆਨ ਵਿੱਚ ਰੱਖਣੀ ਚਾਹੀਦੀ ਹੈ – ਉਹ ਇਹ ਹੈ ਕਿ ਗੁਰਬਾਣੀ ਦਾ ਇੱਕ ਵਿਸ਼ੇਸ਼ ਵਿਆਕਰਣ ਹੈ। ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਲਈ ਪ੍ਰੋਫੈਸਰ ਸਾਹਿਬ ਸਿੰਘ ਦੀ ਪੁਸਤਕ ਗੁਰਬਾਣੀ ਵਿਆਕਰਣ ਤੋਂ ਸੇਧ ਲਈ ਜਾ ਸਕਦੀ ਹੈ। ਇੱਥੇ ਇਸ ਬਾਰੇ ਵਿਸਥਾਰ ਵਿੱਚ ਨਾ ਜਾਂਦਿਆਂ ਸਿਰਫ ਸ਼ਬਦਾਂ ਨੂੰ ਲੱਗੀਆਂ ਲਗਾਂ-ਮਾਤਰਾਂ ਬਾਰੇ ਹੀ ਜਾਣਨ ਦੀ ਲੋੜ ਹੈ। ਗੁਰਬਾਣੀ ਵਿੱਚ ਸ਼ਬਦਾਂ ਦੇ ਅੰਤ ਵਿੱਚ ਲੱਗੀਆਂ ਲਘੂ ਲਗਾਂ-ਮਾਤਰਾਂ ਨੂੰ ਬਹੁਤ ਵਾਰ ਉਚਾਰਿਆ ਨਹੀਂ ਜਾਂਦਾ ਪਰ ਇਹਨਾਂ ਦੇ ਲਾਉਣ ਜਾਂ ਨਾ ਲਾਉਣ ਨਾਲ ਅਰਥ-ਭੇਦ ਤੇ ਵਿਆਕਰਨਿਕ-ਭੇਦ ਆਉਂਦਾ ਹੈ।
ਆਮ ਤੌਰ ਤੇ ਸ਼ਬਦ ਦੇ ਅੰਤ ਵਿਚਲੇ ‘ਹ’ ਨੂੰ ਛੱਡ ਕੇ ਬਾਕੀ ਵਿਅੰਜਨ-ਅੱਖਰਾਂ ਨੂੰ ਲੱਗੀ ‘ਔਂਕੜ’ ਜਾਂ ‘ਸਿਹਾਰੀ’ ਉਚਾਰੀ ਨਹੀਂ ਜਾਂਦੀ। ਪਰ ਇਹਨਾਂ ਲਗਾਂ ਦੀ ਹੋਂਦ ਜਾਂ ਅਣਹੋਂਦ ਵਿਆਕਰਨਿਕ-ਭੇਦ ਤੇ ਅਰਥ-ਭੇਦ ਕਰਦੀ ਹੈ। ਮਿਸਾਲ ਵਜੋਂ –
ਆਹਰ ਸਭ ਕਰਦਾ ਫਿਰੇ ਆਹਰੁ ਇਕੁ ਨਾ ਹੋਇ ।
ਨਾਨਕ ਜਿਤੁ ਆਹਰਿ ਜਗੁ ਉਬਰੇ ਵਿਰਲਾ ਬੂਝੈ ਕੋਇ ।
(ਸ਼੍ਰੀ ਗੁਰੂ ਗ੍ਰੰਥ ਸਾਹਿਬ ਪੰਨਾ 935)
ਉਪਰੋਕਤ ਤੁਕ ਵਿੱਚ ‘ਆਹਰ’ ਸ਼ਬਦ ਨੂੰ ਦੇਖੋ – ਪਹਿਲੀ ਥਾਂ ਅੰਤਲਾ ‘ਰ’ ਮੁਕਤਾ ਹੈ, ਏਥੇ ‘ਆਹਰ’ ‘ਬਹੁਵਚਨ’ ਹੈ। ਦੂਜੀ ਥਾਂ ‘ਰ’ ਨੂੰ ਔਂਕੜ ਹੈ। ਇਥੇ ‘ਆਹਰ’ ‘ਇਕ ਵਚਨ’ ਹੈ। ਤੀਜੀ ਥਾਂ ਅੰਤਲੇ ‘ਰ’ ਨੂੰ ਸਿਹਾਰੀ ਹੈ। ਏਥੇ ‘ਆਹਰਿ’ ਦਾ ਅਰਥ, ‘ਆਹਰ ਦੇ ਕਰਨ ਨਾਲ’ ਹੈ। ਇਸ ਲਈ ਏਥੇ ‘ਆਹਰਿ’ ‘ਕਰਨ ਕਾਰਕ’ ਹੈ।
ਇਸ ਰੋਸ਼ਨੀ ਵਿੱਚ ਗੁਰਬਾਣੀ ਦੇ ਸ਼ਬਦਾਂ ਵਿੱਚ ਜਿੱਥੇ ਅੰਤਲਾ ਵਿਅੰਜਨ ‘ਮੁਕਤਾ’ ਹੁੰਦਾ ਹੈ। ਉਹ ‘ਬਹੁਵਚਨ’; ਜੇ ਅੰਤਲੇ ਵਿਅੰਜਨ ਨੂੰ ਔਂਕੜ ਲੱਗੀ ਹੋਵੇ ਤਾਂ ‘ਇਕ ਵਚਨ’; ਜੇ ਸਿਹਾਰੀ ਲੱਗੀ ਹੋਵੇ ਤਾਂ ‘ਕਰਨ ਕਾਰਕ’ ਹੁੰਦਾ ਹੈ।
ਇਹ ਉਦਾਹਰਨ ਮਾਤਰ ਹੈ। ਅਧਿਆਪਕ ਪੁਸਤਕ ਵਿੱਚੋਂ ਹੋਰ ਮਿਸਾਲਾਂ ਦੇ ਕੇ ਗੁਰਬਾਣੀ ਵਿਆਕਰਣ ਦੇ ਇਸ ਪਹਿਲੂ ਬਾਰੇ ਵਧੇਰੇ ਵਿਸਥਾਰ ਨਾਲ ਦੱਸ ਸਕਦਾ ਹੈ।
ਗੁਰੂ ਸਾਹਿਬਾਨ ਦੀਆਂ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਲਈਆਂ ਗਈਆਂ ਹਨ, ਇਸ ਲਈ ਰਚਨਾਵਾਂ ਦੇ ਮੂਲ ਸੋਮੇਂ ਅਰਥਾਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪੰਨਾ ਹੀ ਦਿੱਤਾ ਗਿਆ ਹੈ ਤਾਂ ਜੋ ਜੇ ਵਿਦਿਆਰਥੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਨੀ ਇਹਨਾਂ ਰਚਨਾਵਾਂ ਨੂੰ ਪੜ੍ਹਨਾ ਚਾਹੁਣ ਤਾਂ ਪੜ੍ਹ ਲੈਣ।
ਸੂਫ਼ੀ-ਕਾਵਿ – ਪੰਜਾਬੀ ਸੁਫ਼ੀ-ਕਾਵਿ ਦਾ ਅਰੰਭ ਮੁਸਲਮਾਨਾਂ ਦੇ ਪੰਜਾਬ ਵਿੱਚ ਆਉਣ ਨਾਲ ਹੋਇਆ। ਸੂਫ਼ੀ ਫਕੀਰ ਧਾਰਮਿਕ ਕੱਟੜਪੁਣੇ ਨੂੰ ਨਹੀਂ ਸੀ ਮੰਨਦੇ ਇਸ ਲਈ ਉਹਨਾਂ ਨੇ ਆਪਣੇ ਵਿਚਾਰਾਂ ਨੂੰ ਲੋਕ-ਬੋਲੀ ਵਿੱਚ ਪ੍ਰਚਲਿਤ ਬਿੰਬਾਂ, ਪ੍ਰਤੀਕਾਂ ਅਤੇ ਸਥਾਨਕ ਕਾਵਿ-ਰੂਪਾਂ ਤੇ ਛੰਦਾਂ ਵਿੱਚ ਪ੍ਰਗਟਾਇਆ।
ਇਹ ਕਾਵਿ ਬਾਬਾ ਫ਼ਰੀਦ ਜੀ ਤੋਂ ਅਰੰਭ ਹੁੰਦਾ ਹੈ। ਬਾਬਾ ਫ਼ਰੀਦ ਜੀ ਦੇ ਵਿਚਾਰਾਂ ਦਾ ਘੇਰਾ ਏਨਾ ਵਿਸ਼ਾਲ ਹੈ ਕਿ ਉਹਨਾਂ ਦੀ ਕਵਿਤਾ ਨੂੰ ਉੱਚ ਪੱਧਰ ਦੀ ਤੇ ਗੁਰਮਤਿ ਅਨੁਸਾਰ ਹੋਣ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕੀਤਾ ਗਿਆ ਹੈ। ਸ਼ਾਹ ਹੁਸੈਨ ਨੇ ਸੂਫ਼ੀ ਵਿਚਾਰਾਂ ਨੂੰ ਪਕਿਆਈ ਦਿੱਤੀ ਅਤੇ ਬੁੱਲ੍ਹੇ ਸ਼ਾਹ ਨੇ ਇਹਨਾਂ ਨੂੰ ਸਿਖਰਾਂ ਤੇ ਪਹੁੰਚਾ ਦਿੱਤਾ। ਇਸ ਪੁਸਤਕ ਵਿੱਚ ਪੰਜਾਬੀ ਸੂਫ਼ੀ ਕਵਿਤਾ ਦੇ ਪ੍ਰਤੀਨਿਧ ਕਵੀਆਂ ਦੀਆਂ ਰਚਨਾਵਾਂ ਹੀ ਸ਼ਾਮਿਲ ਕੀਤੀਆਂ ਗਈਆਂ ਹਨ।
ਵੀਰ-ਕਾਵਿ – ਪੰਜਾਬ ਸਰਹੱਦੀ ਸੂਬਾ ਹੈ। ਇਹ ਹਮੇਸ਼ਾ ਹੀ ਜੰਗ ਦਾ ਮੈਦਾਨ ਬਣਿਆ ਰਿਹਾ ਹੈ। ਇਸ ਕਰ ਕੇ ਹੀ ਕਿਹਾ ਗਿਆ ਹੈ –
ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ
ਇਥੋਂ ਦੇ ਲੋਕਾਂ ਨੂੰ ਲੜਾਈ ਲਈ ਹਰ ਵੇਲੇ ਤਿਆਰ ਰਹਿਣਾ ਪੈਂਦਾ ਸੀ। ਇਸ ਲਈ ਇਥੋਂ ਦੇ ਬਹੁਤ ਸਾਰੇ ਕਵੀਆਂ ਨੇ ਉਹਨਾਂ ਵਿੱਚ ਉਤਸਾਹ ਭਰਨ ਲਈ ਅਜਿਹਾ ਸਾਹਿਤ ਰਚਿਆ, ਜੋ ਲੋਕਾਂ ਵਿੱਚ ਵੀਰ-ਰਸੀ ਭਾਵ ਪੈਦਾ ਕਰੇ। ਪੁਰਾਤਨ ਕਾਲ ਵਿੱਚ ਕਈ ਵਾਰਾਂ ਲਿਖੀਆਂ ਗਈਆਂ ਪਰ ਉਹਨਾਂ ਵਿੱਚੋਂ ਕੇਵਲ ਨੌਂ ਵਾਰਾਂ ਦੀਆਂ ਕੁਝ ਪੌੜੀਆਂ ਹੀ ਮਿਲਦੀਆਂ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬਾਨ ਦੁਆਰਾ ਰਚੀਆਂ ਗਈਆਂ ਵਾਰਾਂ ਹੀ ਹਨ ਪਰ ਇਹਨਾਂ ਦਾ ਵਿਸ਼ਾ ਯੁੱਧ ਵਾਲਾ ਨਹੀਂ ਸਗੋਂ ਅਧਿਆਤਮਕ ਹੈ। ਪੰਜਾਬੀ ਵਿੱਚ ਪਹਿਲੀ ਮੁਕੰਮਲ ਵੀਰ-ਰਸ ਦੀ ਵਾਰ ਗੁਰੂ ਗੋਬਿੰਦ ਸਿੰਘ ਜੀ ਦੀ ਰਚੀ ਹੋਈ ਚੰਡੀ ਦੀ ਵਾਰ ਹੈ। ਜਿਸ ਦੀ ਅਸਲੀ ਨਾਂ ‘ਵਾਰ ਸ੍ਰੀ ਭਗਉਤੀ ਜੀ ਕੀ’ ਹੈ। ਇਸ ਵਾਰ ਵਿੱਚ ਉਹਨਾਂ ਨੇ ਦੁਰਗਾ ਅਤੇ ਦੈਂਤਾਂ ਦੇ ਯੁੱਧ ਦਾ ਵਰਣਨ ਕੀਤਾ ਹੈ।
ਦੂਜੀ ਵਾਰ ‘ਨਜਾਬਤ ਦੀ ਵਾਰ’ ਨਾਂ ਨਾਲ ਜਾਣੀ ਜਾਂਦੀ ਹੈ। ਇਸ ਨਾਂ ਤੋਂ ਕਈ ਵਾਰ ਭੁਲੇਖਾ ਲੱਗ ਜਾਂਦਾ ਹੈ ਕਿ ਜਿਵੇਂ ‘ਚੰਡੀ ਦੀ ਵਾਰ’ ਵਿੱਚ ‘ਚੰਡੀ’ ਅਰਥਾਤ ਦੁਰਗਾ ਦੀ ਬਹਾਦਰੀ ਦਾ ਗੁਣ-ਗਾਇਣ ਹੈ ਇਵੇਂ ਨਜਾਬਤ ਦੀ ਵਾਰ ‘ਨਜਾਬਤ’ ਬਾਰੇ ਹੋਵੇਗੀ। ਅਸਲ ਵਿੱਚ ਇਹ ਨਾਂ ਗਲਤੀ ਨਾਲ ਪ੍ਰਚਲਿਤ ਹੋ ਗਿਆ ਹੈ। ਨਜਾਬਤ ਇਸ ਵਾਰ ਦਾ ਲੇਖਕ ਦਾ ਨਾਂ ਹੈ। ਉਂਞ ਇਸ ਵਾਰ ਦਾ ਵਿਸ਼ਾ ਨਾਦਰ ਸ਼ਾਹ ਦਾ ਹਿੰਦੁਸਤਾਨ ਉੱਤੇ ਹਮਲਾ ਹੈ। ਵੀਰ-ਰਸ ਦੀ ਤੀਜੀ ਰਚਨਾ ਸ਼ਾਹ ਮੁਹੰਮਦ ਦਾ ਰਚਿਆ ‘ਜੰਗ ਨਾਮਾ’ ਹੈ, ਇਸ ਵਿੱਚ ਅੰਗਰੇਜ਼ਾਂ ਅਤੇ ਸਿੰਘਾਂ ਦੀ ਲੜਾਈ ਦਾ ਵਰਣਨ ਹੈ। ਪੂਰੇ ਪ੍ਰਸੰਗ ਨੂੰ ਜਾਣਨ ਲਈ ਇਹ ਰਚਨਾਵਾਂ ਮੁਕੰਮਲ ਰੂਪ ਵਿੱਚ ਪੜ੍ਹਨੀਆਂ ਚਾਹੀਦੀਆਂ ਹਨ।
ਕਿੱਸਾ-ਕਾਵਿ – ਪੰਜਾਬੀ ਵਿੱਚ ਪਹਿਲਾ ਕਿੱਸਾ ਦਮੋਦਰ ਰਚਿਤ ‘ਹੀਰ’ ਮਿਲਦਾ ਹੈ। ਇਹ ਕਿੱਸਾ ਅਕਬਰ ਦੇ ਰਾਜ ਕਾਲ ਵਿੱਚ ਰਚਿਆ ਗਿਆ ਜਾਪਦਾ ਹੈ। ਹੀਰ ਦੀ ਇਸ ਕਹਾਣੀ ਨੂੰ ਪਿੱਛੋਂ ਹੋਰ ਵੀ ਬਹੁਤ ਸਾਰੇ ਕਿੱਸਾਕਾਰਾਂ ਨੇ ਕਵਿਤਾਇਆ ਹੈ। ਦਮੋਦਰ ਤੋਂ ਬਾਅਦ ਪੀਲੂ ਨੇ ‘ਮਿਰਜ਼ਾ ਸਾਹਿਬਾਂ’ ਦੀ ਨਵੀਂ ਪ੍ਰੀਤ ਕਹਾਣੀ ਲੈ ਕੇ ਕਿੱਸੇ ਦੀ ਰਚਨਾ ਕੀਤੀ। ਪਿੱਛੋਂ ਵਾਰਸ ਨੇ ਹੀਰ ਦਾ ਕਿੱਸਾ ਲਿਖ ਕੇ ਜਿੱਥੇ ਆਪ ਜਸ ਖੱਟਿਆ ਉੱਥੇ ਹੀਰ ਨੂੰ ਵੀ ਅਮਰ ਕਰ ਦਿੱਤਾ। ਇਹ ਕਿੱਸਾ ਪੰਜਾਬ ਵਿੱਚ ਸਭ ਤੋਂ ਵੱਧ ਪੜ੍ਹਿਆ-ਸੁਣਿਆ ਗਿਆ ਹੈ। ਇੰਞ ਹੀ ਹਾਸ਼ਮ ਦੀ ਸੱਸੀ ਵੀ ਬੜੀ ਮਸ਼ਹੂਰ ਰਚਨਾ ਹੈ। ਭਾਵੇਂ ਕਿੱਸਿਆਂ ਵਿੱਚ ਆਮ ਤੌਰ ਤੇ ਪ੍ਰੇਮ ਕਹਾਣੀ ਦਾ ਵਰਣਨ ਹੁੰਦਾ ਹੈ ਪਰ ਇਸੇ ਸ਼ੈਲੀ ਵਿੱਚ ਲਿਖਿਆ ਹੋਣ ਕਰਕੇ ਸਾਧੂ ਦਇਆ ਸਿੰਘ ਦੇ ‘ਸਪੁੱਤਰ ਬਿਲਾਸ’ ਆਦਿ ਨੂੰ ਵੀ ਕਿੱਸਿਆਂ ਵਿੱਚ ਵੀ ਸ਼ਾਮਲ ਕੀਤਾ ਜਾਂਦਾ ਹੈ। ਇਸ ਵਿੱਚ ਜੀਵਣ-ਸਬੰਧੀ ਸਿੱਖਿਆਵਾਂ ਨੂੰ ਬੈਂਤਾਂ ਵਿੱਚ ਬੰਨ੍ਹਿਆ ਗਿਆ ਹੈ।
ਆਧੁਨਿਕ-ਕਾਵਿ – ਵੀਹਵੀਂ ਸਦੀ ਦੇ ਸ਼ੁਰੂ ਵਿੱਚ ਜਿਹੜੀ ਕਵਿਤਾ ਲਿਖੀ ਜਾਣ ਲੱਗ ਪਈ ਸੀ। ਉਸੇ ਨੂੰ ਹੀ ਆਧੁਨਿਕ-ਕਾਵਿ ਦੇ ਅਰੰਭ ਦੀ ਕਵਿਤਾ ਕਿਹਾ ਜਾਂਦਾ ਹੈ। ਇਸ ਦਾ ਕਾਰਨ ਸ਼ਾਇਦ ਇਹ ਹੈ ਕਿ ਇਸ ਸਮੇਂ ਲੰਮੇ ਕਿੱਸੇ ਲਿਖਣ ਦਾ ਰਿਵਾਜ ਘਟ ਗਿਆ ਸੀ ਤੇ ਕਵਿਤਾ ਦੇ ਵਿਸ਼ੇ ਅਤੇ ਰੂਪ ਵਿੱਚ ਬਹੁਤ ਫਰਕ ਆ ਗਿਆ ਸੀ। ਭਾਵੇਂ ਕੁਝ ਕਵੀਆਂ ਨੇ ਛੰਦ ਪੁਰਾਣੇ ਹੀ ਵਰਤੇ, ਜਿਵੇਂ ਹੀਰਾ ਸਿੰਘ ਦਰਦ, ਸ਼ਰਫ, ਆਦਿ ਨੇ ਬੈਂਤ ਦੀ ਪ੍ਰਯੋਗ ਕੀਤਾ ਹੈ ਪਰ ਬਹੁਤੇ ਕਵੀਆਂ ਨੇ ਵਿਸ਼ੇ ਵੀ ਨਵੇਂ ਲਏ ਤੇ ਉਹਨਾਂ ਵਿਸ਼ਿਆਂ ਨੂੰ ਨਵੇਂ ਕਾਵਿ-ਰੂਪਾਂ ਵਿੱਚ ਕਵਿਤਾਇਆ। ਵੀਹਵੀਂ ਸਦੀ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਲਿਖੀ ਗਈ ਤੇ ਲਿਖੀ ਜਾ ਰਹੀ ਕਵਿਤਾ ਸਮਾਜਕ ਅਸਲੀਅਤ ਦੇ ਵਧੇਰੇ ਨੇਡ਼ੇ ਹੈ। ਇਸ ਕਵਿਤਾ ਵਿੱਚ ਪ੍ਰਚਲਿਤ ਪ੍ਰੀਤ-ਕਹਾਣੀਆਂ ਜਾਂ ਕਾਲਪਨਿਕ ਗੱਲਾਂ ਨੂੰ ਛੱਡ ਕੇ ਦੁੱਖਾਂ-ਦਰਦਾਂ ਦੀਆਂ ਗੱਲਾਂ ਕੀਤੀਆਂ ਗਈਆਂ ਹਨ। ਧਾਰਮਿਕ ਵਿਸ਼ਿਆਂ ਨੂੰ ਵੀ ਅਜੋਕੀਆਂ ਸਮੱਸਿਆਵਾਂ ਨਾਲ ਸਬੰਧਤ ਕਰ ਕੇ ਕਵਿਤਾਇਆ ਗਿਆ ਹੈ। ਸ਼ਰਫ, ਧਨੀ ਰਾਮ ਚਾਤ੍ਰਿਕ, ਕਿਰਪਾ ਸਾਗਰ, ਤੀਰ ਆਦਿ ਦੇ ਪੰਜਾਬ ਦੇ ਗੌਰਵਸ਼ਾਲੀ ਸੱਭਿਆਚਾਰ ਨੂੰ ਆਪਣੀਆਂ ਕਵਿਤਾਵਾਂ ਵਿੱਚ ਚਿਤਰਿਆ ਤੇ ਵਡਿਆਇਆ ਹੈ। ਭਾਈ ਵੀਰ ਸਿੰਘ ਨੇ ਕੁਦਰਤ ਦਾ ਵਰਣਨ ਕਰਨ ਦੇ ਨਾਲ-ਨਾਲ ਆਚਰਨ-ਉਸਾਰੀ ਦੇ ਵਿਸ਼ੇ ਨੂੰ ਨਿੱਕੀਆਂ ਨਿੱਕੀਆਂ ਕਵਿਤਾਵਾਂ ਵਿੱਚ ਖੂਬ ਨਿਭਾਇਆ ਹੈ। ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਬਾਵਾ ਬਲਵੰਤ ਆਦਿ ਨੇ ਮੁਖ ਤੌਰ ਤੇ ਸਮਾਜਕ ਬਰਾਬਰੀ, ਹੱਕ-ਸੱਚ, ਨਿਆਂ ਆਦਿ ਕੀਮਤਾਂ ਨੂੰ ਉਚਿਆਣ ਵਾਲੀਆਂ ਕਵਿਤਾਵਾਂ ਲਿਖੀਆਂ ਹਨ ਅਤੇ ਉਹਨਾਂ ਕਦਰਾਂ-ਕੀਮਤਾਂ ਤੇ ਕਰਾਰੇ ਵਿਅੰਗ ਕੀਤੇ ਹਨ ਜੋ ਸਮਾਜ ਵਿਰੋਧੀ ਹਨ। ਨੰਦ ਲਾਲ ਨੂਰਪੁਰੀ ਨੇ ਆਮ ਲੋਕਾਂ ਦੀ ਪੱਧਰ ਦੇ ਗੀਤ ਲਿਖੇ ਅਤੇ ਉਹਨਾਂ ਦੇ ਆਮ ਦੁੱਖ-ਦਰਦਾਂ ਤੇ ਖੁਸ਼ੀਆਂ ਨੂੰ ਆਪਣੇ ਗੀਤਾਂ ਤੇ ਕਵਿਤਾਵਾਂ ਦਾ ਵਿਸ਼ਾ ਬਣਾਇਆ ਹੈ।
ਲੋਕ-ਕਾਵਿ – ਕੋਈ ਲੋਕ ਗੀਤ ਭਾਵੇਂ ਕਿੱਸੇ ਇਕ ਕਵੀ ਦੁਆਰਾ ਹੀ ਵੇਗ ਵਿੱਚ ਆ ਕੇ ਰਚਿਆ ਜਾਂਦਾ ਹੈ, ਪਰ ਉਸ ਪਿੱਛੋਂ ਉਹ ਸਭ ਦੀ ਜ਼ਬਾਨ ਤੇ ਚੜ੍ਹ ਜਾਂਦਾ ਹੈ। ਭਾਵਾਂ ਦੀ ਤੀਬਰਤਾ ਹੋਣ ਕਰ ਕੇ ਇਹ ਗੀਤ ਸਭ ਨੂੰ ਆਪਣੇ ਹੀ ਲੱਗਦੇ ਹਨ ਤੇ ਇੰਞ ਇਹਨਾਂ ਗੀਤਾਂ ਦਾ ਸਭ ਤੋਂ ਪਹਿਲਾ ਰਚਣਹਾਰਾ ਗੁੰਮਨਾਮ ਹੋ ਜਾਂਦਾ ਹੈ। ਭੈਣ-ਭਰਾ, ਭਰਾ-ਭਰਾ, ਰੁੱਤਾਂ ਅਤੇ ਗਿੱਧਾ ਵਿਸ਼ਿਆਂ ਦੀਆਂ ਬੋਲੀਆਂ ਅਤੇ ਟੱਪੇ ਵੀਰਪੰਜਾਬ ਤੇ ਪ੍ਰਕਾਸ਼ਿਤ ਹਨ। ਸਾਡੀ ਕੋਸ਼ਿਸ਼ ਹੈ ਕਿ ਪਾਠਕ, ਵੀਰਪੰਜਾਬ ਡਾਟ ਕਾਮ ਤੇ ਉਪਲਬਧ ਸਭ ਤਰ੍ਹਾਂ ਦੀਆਂ ਕਾਵਿ-ਵੰਨਗੀਆਂ ਦਾ ਗਿਆਨ ਇਕੱਤਰ ਕਰ ਕੇ ਆਪਣੇ ਜੀਵਨ ਅੰਦਰ ਸਮਾਜ ਪ੍ਰਤੀ ਉਸਾਰੂ ਕਦਰਾਂ-ਕੀਮਤਾਂ ਦਾ ਵਿਕਾਸ ਕਰੇ।