ਕੰਡੇ ਦੀ ਕਹਾਣੀ ਕੰਡੇ ਦੀ ਜ਼ੁਬਾਨੀ
ਇੰਦਰਜੀਤ ਪੁਰੇਵਾਲ
ਹਸਰਤ ਸੀ ਫੁੱਲ ਬਣਨ ਦੀ, ਰੱਬ ਗਲਤੀ ਖਾ ਗਿਆ,
ਓਸੇ ਹੀ ਟਹਿਣੀ ਤੇ ਮੈਨੂੰ, ਕੰਡੇ ਦੀ ਜੂਨੇ ਪਾ ਗਿਆ।
ਨਾ ਭੌਰਾ ਨਾ ਕੋਈ ਤਿਤਲੀ ਕਦੇ ਮੇਰੇ ਉੱਤੇ ਬੈਠਦੀ,
ਖੋਰੇ ਰੱਬ ਕਿਹੜੇ ਜਨਮ ਦਾ ਮੇਰੇ ਨਾਲ ਵੈਰ ਕਮਾ ਗਿਆ।
ਫੁੱਲ ਸੁੰਘਦੇ ਫੁੱਲ ਚੁੰਮਦੇ ‘ਤੇ ਹੱਥਾਂ ਨਾਲ ਪਿਆਰਦੇ।
ਮੇਰੇ ਤੋਂ ਸਾਰੇ ਬਚਦੇ ਮੈਨੂੰ ਕੈਸੀ ਚੀਜ਼ ਬਣਾ ਗਿਆ।
ਜੇਕਰ ਮੈਂ ਤਿੱਖੀ ਸੂਲ ਹਾਂ, ਇਹ ਵੀ ਤਾਂ ਰੱਬ ਦੀ ਦੇਣ ਹੈ,
ਫੁੱਲਾਂ ਦੀ ਰਾਖੀ ਕਰਨ ਲਈ ਮੈਨੂੰ ਪਹਿਰੇਦਾਰ ਬਿਠਾ ਗਿਆ।
ਅਸੀਂ ਛੋਟੇ-ਵੱਡੇ ਸਾਰੇ ਹੀ ਇੱਕੋ ਜਿਹਾ ਡੰਗ ਮਾਰਦੇ
ਕੌਣ ਸਾਨੂੰ ਜੰਮਦਿਆਂ ਨੂੰ ਚੁਭਣ ਦੇ ਗੁਰ ਸਿਖਾ ਗਿਆ।
ਮੈਨੂੰ ਕਵੀਆਂ ਸ਼ਾਇਰਾਂ ਲੇਖਕਾਂ ਰੱਜ-ਰੱਜ ਕੀਤਾ ਬਦਨਾਮ ਏ,
ਕੋਈ ਦਿਲ ਵਿੱਚ ਖਬੋ ਗਿਆ ਕੋਈ ਰਾਹਵਾਂ ਵਿੱਚ ਵਿਛਾ ਗਿਆ।
ਮੈਂ ਟਹਿਣੀ ਤੇ ਲਟਕਦਾ, ਫੁੱਲ ਟੁੱਟ ਕੇ ਭੁੰਜੇ ਤੜਫਦਾ,
ਅੱਜ ਪੈਰੀਂ ਡਿੱਗਾ ਵੇਖ ਕੇ, ਮੈਨੂੰ ਤਰਸ ਜਿਹਾ ਆ ਗਿਆ।
ਅਹਿਸਾਨ ਮੰਦ ਹਾਂ ਫੇਰ ਵੀ ਤੇ ਤਹਿ ਦਿਲੋਂ ਮਸ਼ਕੂਰ ਹਾਂ,
ਫੁੱਲ ਵੇਖਣ ਆਇਆ ਜੇ ਕੋਈ ਮੇਰੇ ‘ਤੇ ਨਜ਼ਰ ਘੁਮਾ ਗਿਆ।