ਘੂੰਗਟ ਚੁੱਕ ਲੈ ਸੱਜਣਾ
ਘੂੰਗਟ ਚੁੱਕ ਲੈ ਸੱਜਣ ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ
ਜੁਲਫ ਕੁੰਡਲ ਨੇ ਘੇਰਾ ਪਾਇਆ
ਬਸ਼ੀਰ ਹੋ ਕੇ ਡੰਗ ਚਲਾਇਆ
ਵੇਖ ਅਸਾਂ ਵਲ ਤਰਸ ਨਾ ਆਇਆ
ਕਰ ਕੇ ਖੂਨੀ ਅੱਖੀਆਂ ਵੇ
ਘੂੰਗਟ ਚੁੱਕ ਲੈ ਸੱਜਣ ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ
ਦੋ ਨੈਣਾਂ ਦਾ ਤੀਰ ਚਲਾਇਆ
ਮੈਂ ਆਜਿਜ਼ ਦੇ ਸੀਨੇ ਲਾਇਆ
ਘਾਇਲ ਕਰਕੇ ਮੁਖ ਛੁਪਾਇਆ
ਚੋਰੀਆਂ ਏਹ ਕਿਨ੍ਹ ਦੱਸੀਆਂ ਵੇ
ਘੂੰਗਟ ਚੁੱਕ ਲੈ ਸੱਜਣ ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ
ਬਿਰਹੋਂ ਕਟਾਰੀ ਤੂੰ ਕੱਸ ਕੇ ਮਾਰੀ
ਤਦ ਮੈਂ ਹੋਈਆਂ ਬੇਦਿਲ ਭਾਰੀ
ਮੁੜ ਨਾ ਲਈ ਤੂੰ ਸਾਰ ਹਮਾਰੀ
ਬਤੀਆਂ ਤੇਰੀਆਂ ਕੱਚੀਆਂ ਵੇ
ਘੂੰਗਟ ਚੁੱਕ ਲੈ ਸੱਜਣ ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ
ਨਿਉਂਹ ਲਗਾ ਕੇ ਮਨ ਹਰ ਲੀਤਾ
ਫੇਰ ਨਾ ਅਪਨਾ ਦਰਸ਼ਨ ਦੀਤਾ
ਜ਼ਹਿਰ ਪਿਆਲਾ ਮੈਂ ਆ ਪੀਤਾ
ਅਕਲੋਂ ਸੀ ਮੈਂ ਕੱਚੀਆਂ ਵੇ
ਘੂੰਗਟ ਚੁੱਕ ਲੈ ਸਜੱਣ ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ
ਸ਼ਾਹ ਅਨਾਇਤ ਮੁਖੋਂ ਨਾ ਬੋਲਾਂ
ਸੂਰਤ ਤੇਰੀ ਹਰ ਦਿਲ ਟੋਲਾਂ
ਸਾਬਤ ਹੋ ਕੇ ਫੇਰ ਕਿਉਂ ਡੋਲਾਂ
ਅੱਜ ਕੌਲੋਂ ਮੈਂ ਸੱਚੀਆਂ ਵੇ
ਘੂੰਗਟ ਚੁੱਕ ਲੈ ਸਜੱਣ ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ।