ਨਹੀਂ ਜ਼ਰੂਰੀ ਮਹਿਲੀਂ ਵੱਸਦੇ
ਇੰਦਰਜੀਤ ਪੁਰੇਵਾਲ
ਨਹੀਂ ਜ਼ਰੂਰੀ ਮਹਿਲੀਂ ਵੱਸਦੇ ਲੋਕ ਵੀ ਹੋਵਣ ਉੱਚੇ।
ਝੁੱਗੀਆਂ ਵਿੱਚ ਵੀ ਫੁੱਲ ਖਿੜਦੇ ਨੇ ਮਹਿਕਾਂ ਸੰਗ ਪਰੁੱਚੇ।
ਹਿਰਨ ਵਾਂਗ ਕਸਤੂਰੀ ਲੱਭਦੇ ਉਮਰ ਬੀਤ ਜਾਏ ਸਾਰੀ,
ਲੱਭ ਲੈਂਦੇ ਨੇ ਜੌਹਰੀ ਪੱਥਰਾਂ ਵਿੱਚੋਂ ਮੋਤੀ ਸੁੱਚੇ।
ਵੇਦ-ਕਤੇਬਾਂ ਰਿਸ਼ੀਆਂ ਮੁਨੀਆਂ ਇਹੋ ਸਬਕ ਸਿਖਾਇਆ,
ਨੀਵਿਆਂ ਨੂੰ ਫੁੱਲ ਲੱਗਦੇ ਤਰਸਣ ਸਿੰਬਲ ਵਰਗੇ ਉੱਚੇ।
ਫੁੱਲ਼ਾਂ ਵਰਗਾ ਪਾਉਣ ਭੁਲੇਖਾ ਤਿੱਖੀਆਂ ਸੂਲਾਂ ਵਰਗੇ,
ਰੀਸ ਫੁੱਲਾਂ ਦੀ ਕਰਦੇ ਵੇਖੇ ਲੋਕੀਂ ਮਹਿਕ ਵਿਗੁੱਚੇ।
ਅਕਲੋਂ ਅੰਨ੍ਹੇ ਗਿਆਨ ਵਿਹੂਣੇ ਰੱਬ ਦਾ ਰਾਹ ਦਰਸਾਉਂਦੇ,
ਬਾਹਰੋਂ ਬਗਲੇ ਭਗਤ ਤੇ ਅੰਦਰੋਂ ਕੁੱਲ ਦੁਨੀਆ ਤੋਂ ਲੁੱਚੇ।
ਤੂੰ ਭੋਲਾ ਏਂ ਦੁਨੀਆ ਚਾਤੁਰ ਨਹੁੰਆਂ ਦੀਆਂ ਵੀ ਬੁੱਝੇ,
‘ਪੁਰੇਵਾਲ’ ਕਿਉਂ ਫਿਰੇ ਛੁਪਾਉਂਦਾ ਆਪਣੇ ਦੋਸ਼ ਸਮੁੱਚੇ।