ਪ੍ਰਣ
ਅਮ੍ਰਿਤ ਮੰਨਣ
ਮੈਂ ਪ੍ਰਣ ਕਰਦਾ ਹਾਂ
ਲੋੜਾਂ ਦੀ ਪੂਰਤੀ ਲਈ
ਆਪਣੀਆਂ ਹੀ ਨਜ਼ਰਾਂ ਵਿਚ ਨਹੀਂ ਡਿੱਗਾਂਗਾ।
ਮੈਂ ਨਹੀਂ ਵਰਤਾਂਗਾ ਹੱਥ ਕੰਡੇ
ਆਪਣੇ ਮਕਸਦ ਦੀ ਪੂਰਤੀ ਲਈ
ਸੱਚੀ ਸੁੱਚੀ ਕਾਰ ਮੈਂ ਕਰਾਂਗਾ।
ਮੈਂ ਆਪਣੇ ਪਸੀਨੇ ਨਾਲ ਧੋਵਾਂਗਾ
ਮੂੰਹ ਤੇ ਪੁਤੀ ਕਾਲਖ
ਹੱਡ ਭੰਨਵੀਂ ਕਾਰ ਮੈਂ ਕਰਾਂਗਾ।
ਮੈਂ ਆਪਣੇ ਹੱਥਾਂ ਨੂੰ ਬਣਾ ਛੈਣੀ
ਸੀਨੇ ਚੀਰ ਪਹਾੜਾਂ ਦੇ
ਆਪਣੀ ਮੰਜ਼ਲ ਦੇ ਰਾਹ ਖੁਦ ਬਣਾਵਾਂਗਾ।
ਮੈਂ ਹੈਂਕੜ ਦੀ ਸਰਦਲ ਤੇ ਨਹੀਂ ਟੇਕਾਂਗਾ ਗੋਡੇ
ਆਪਣੇ ਸਿਰੜ ਸਿਦਕ ਨਾਲ
ਅੱਖੜ ਦਰਿਆਵਾਂ ਦੇ ਰੁਖ ਮੋੜ ਦੇਵਾਂਗਾ।
ਮੈਂ ਪਹਿਚਾਣਾਂਗਾ ਹਰਸਫ ’ਚ ਵੜ ਸਪੋਲੀਏ
ਫੇਹ ਦੇਵਾਂਗਾ ਹਰਾਮਖੋਰਾਂ ਦੀ ਸਿਰੀ
ਬੇਬਸ ਭੋਲੇ ਲੋਕਾਂ ਦੇ ਦਰਦ ਵੰਡਾਵਾਂਗਾ।
ਮੈਂ ਸਰਬੰਸਦਾਨੀ ਤੇ ਉਸਦੇ ਫ਼ਲਸਫ਼ੇ ਨੂੰ ਕਰਾਂ ਸਜ਼ਦਾ
ਕਰਾਂਗਾ ਕੋਸ਼ਿਸ਼ ਚਿੜੀਆਂ ਨੂੰ ਬਾਜਾਂ ਨਾਲ ਟਕਰਾਵਾਂਗਾ
ਤਨ, ਮਨ ਤੇ ਧਨ ਦੇਸ਼ ਤੋਂ ਵਾਰ ਰਾਹ ਰੁਸ਼ਨਾਵਾਂਗਾ।
ਮੈਂ ਪ੍ਰਣ ਕਰਦਾ ਹਾਂ
ਆਖ਼ਰੀ ਦਮ ਤੱਕ ਸੰਘਰਸ਼ ਜਾਰੀ ਰੱਖਾਂਗਾ
ਦੇਸ਼ ਦੀ ਖੁਸ਼ਹਾਲੀ ਦੇ ਸੁਪਨੇ ਸਾਕਾਰ ਕਰਾਂਗਾ।
ਅਮ੍ਰਿਤ ਮੰਨਣ 94632-24535, 0183-2585175 ਪੱਤੀ ਸੁਲਤਾਨ, ਸੁਲਤਾਨਵਿੰਡ ਅਮ੍ਰਿਤਸਰ