ਮੌਤ ਦੇ ਅਰਥ
ਸੁਰਜੀਤ ਪਾਤਰ
ਕੋਈ ਮਾਂ ਨਹੀਂ ਚਾਹੁੰਦੀ
ਲਹੂ ਜ਼ਮੀਨ ਤੇ ਡੁੱਲ੍ਹੇ
ਹਰ ਮਾਂ ਚਾਹੁੰਦੀ ਏ ਧੀਆਂ ਪੁੱਤਰ
ਤੇ ਵਧਦੀਆਂ ਫੁੱਲਦੀਆਂ ਫਸਲਾਂ
ਹਰ ਮਾਂ ਚਾਹੁੰਦੀ ਏ
ਲੋਹਾ ਕੋਈ ਲਾਹੇਵੰਦਾ ਔਜ਼ਾਰ ਬਣੇ
ਜਾਂ ਸਾਜ਼ ਦੀ ਤਾਰ ਬਣੇ
ਕੋਈ ਮਾਂ ਨਹੀਂ ਚਾਹੁੰਦੀ
ਲੋਹਾ ਹਥਿਆਰ ਬਣੇ
ਪਰ ਜਦੋਂ ਲਹੂ ਖੌਲਦਾ ਏ
ਤਾਂ ਲੋਹੇ ਨੂੰ ਹਥਿਆਰ ਬਣਾ ਲੈਂਦਾ ਏ
ਤੇ ਹਾਂ
ਕਦੀ ਮਾਵਾਂ
ਆਪਣੀ ਹੱਥੀਂ ਵੀ
ਪੁੱਤਾਂ ਨੂੰ ਅਣਖ ਦੀ ਜੰਗ ਲੜਨ ਤੋਰਦੀਆਂ ਨੇ
ਲਹੂ ਜ਼ਮੀਨ ਤੇ ਡੁੱਲਦਾ ਏ
ਜ਼ਮੀਨ ਲਹੂ ਨੂੰ ਜੀਰ ਲੈਂਦੀ ਏ
ਉਸ ਨੂੰ ਤੱਤਾਂ ਵਿੱਚ ਬਦਲ ਲੈਂਦੀ ਏ
ਕੁਦਰਤ ਲਈ ਮੌਤ ਦਾ ਅਰਥ ਮੌਤ ਨਹੀਂ
ਕੁਦਰਤ ਲਈ ਮੌਤ ਦਾ ਅਰਥ ਤੱਤਾਂ ਦਾ ਰੂਪ ਬਦਲਣਾ
ਕੁਦਰਤ ਲਈ ਮੌਤ ਦਾ ਅਰਥ ਇੱਕ ਹੋਰ ਜਨਮ
ਪਰ ਮਾਂਵਾਂ ਲਈ ਕੁਦਰਤ ਲਈ ਮੌਤ ਦਾ ਅਰਥ ਹੈ
ਕੁੱਖਾਂ ਚੋਂ ਜਾਏ ਦਾ ਅੰਤਹੀਣ ਅੰਧਕਾਰ ਵਿੱਚ ਡੁੱਬ ਜਾਣਾ