ਸ਼ੌਕ ਸੁਰਾਹੀ
ਅੰਮ੍ਰਿਤਾ ਪ੍ਰੀਤਮ
ਇਸ਼ਕ ਪੁਛੇਂਦਾ ਦੱਸ ਨੀ ਜਿੰਦੇ ! ਕੀਕਣ ਦਿਹੁੰ ਗੁਜ਼ਾਰੇ ?
ਜਿੰਦ ਕਹੇ ਮੈਂ ਸੁਪਨੇ ਤੇਰੇ ਮਹਿੰਦੀ ਨਾਲ ਸ਼ਿੰਗਾਰੇ…
ਇਸ਼ਕ ਪੁਛੇਂਦਾ ਦੱਸ ਨੀ ਜਿੰਦੇ ! ਕੀਕਣ ਨੈਣ ਰੋਵੰਦੇ ?
ਜਿੰਦ ਕਹੇ ਮੈਂ ਲੱਖਾਂ ਤਾਰੇ ਜ਼ੁਲਫ਼ ਤੇਰੀ ਵਿਚ ਗੁੰਦੇ…
ਇਸ਼ਕ ਪੁਛੇਂਦਾ ਦੱਸ ਨੀ ਜਿੰਦੇ ! ਕੀਕਣ ਬਲੇ ਸਵਾਈ ?
ਜਿੰਦ ਕਹੇ ਮੈਂ ਆਤਸ਼ ਤੇਰੀ ਪੱਛੀ ਹੇਠ ਲੁਕਾਈ…
ਇਸ਼ਕ ਪੁਛੇਂਦਾ ਦੱਸ ਨੀ ਜਿੰਦੇ ! ਕੀਕਣ ਵਰ੍ਹੇ ਬਿਤਾਏ ?
ਜਿੰਦ ਕਹੇ ਮੈਂ ਸ਼ੌਕ ਤੇਰੇ ਨੂੰ ਸੂਲਾਂ ਦੇ ਵੇਸ ਹੰਢਾਏ…
ਇਸ਼ਕ ਪੁਛੇਂਦਾ ਦੱਸ ਨੀ ਜਿੰਦੇ ! ਘਾਉ ਕਹੇ ਕੁ ਚੰਗੇ ?
ਜਿੰਦ ਕਹੇ ਮੈਂ ਰੱਤ ਜਿਗਰ ਦੀ ਸਗਣਾਂ ਦੇ ਸਾਲੂ ਰੰਗੇ…
ਇਸ਼ਕ ਪੁਛੇਂਦਾ ਦੱਸ ਨੀ ਜਿੰਦੇ ! ਕਰਮ ਕਹੇ ਕੁ ਕੀਤੇ ?
ਜਿੰਦ ਕਹੇ ਤੇਰੀ ਸ਼ੌਕ ਸੁਰਾਹੀਉਂ ਦੁੱਖਾਂ ਦੇ ਦਾਰੂ ਪੀਤੇ…
ਇਸ਼ਕ ਪੁਛੇਂਦਾ ਦੱਸ ਨੀ ਜਿੰਦੇ ! ਕੀਕਣ ਉਮਰਾ ਬੀਤੀ ?
ਜਿੰਦ ਕਹੇ ਮੈਂ ਨਾਮ ਤੇਰੇ ਤੋਂ ਸਦ ਕੁਰਬਾਨੇ ਕੀਤੀ…
ਇਸ਼ਕ ਪੁਛੇਂਦਾ ਦੱਸ ਨੀ ਜਿੰਦੇ ! ਆਸ਼ਕ ਦਾ ਕੀ ਕਹਿਣਾ?
ਜਿੰਦ ਕਹੇ ਤੇਰਾ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ…
(ਚੋਣਵੇਂ ਪੱਤਰੇ ਵਿੱਚੋਂ)