ਹੁਣ ਚਾਹੇ ਸੋਨੇ ਦਾ ਬਣ ਕੇ ਵਿਖਾ
ਇੰਦਰਜੀਤ ਪੁਰੇਵਾਲ
ਹੁਣ ਚਾਹੇ ਸੋਨੇ ਦਾ ਬਣ ਕੇ ਵਿਖਾ।
ਮਾਫ਼ ਹੋਣ ਵਾਲੀ ਨਹੀਂ ਤੇਰੀ ਖਤਾ।
ਬੇਸ਼ਕ ਤੂੰ ਪਰਬਤ ਦੇ ਉੱਤੇ ਖਲੋ,
ਨਜ਼ਰਾਂ ‘ਚੋਂ ਥੱਲੇ ਤੂੰ ਗਿਰਿਆ ਪਿਆ।
ਸਾਡੇ ਤੋਂ ਸਿੱਖਿਆ ਨੀ ਤੂੰ ਭੋਲਾਪਣ,
ਸਾਨੂੰ ਚਤੁਰਾਈਆਂ ਸਿਖਾਉਂਦਾ ਰਿਹਾ।
ਤੇਰੀ ਚਲਾਕੀ ਹੀ ਡੋਬੇਗੀ ਤੈਨੂੰ,
ਇਹ ਗੱਲ ਚੇਤੇ ਰੱਖੀਂ ਸਦਾ।
ਤੇਰੀ ਖੁਦੀ ਮਾਫ ਕਰਨਾ ਨੀ ਤੈਨੂੰ,
ਤੇਰੇ ਲਈ ਏਨੀ ਹੀ ਬਹੁਤ ਏ ਸਜ਼ਾ।
ਖੂਨ ਦੇ ਰਿਸ਼ਤੇ ਤੋਂ ਹੁੰਦੀ ਏ ਉੱਤੇ,
ਦੋਸਤੀ ਦੇ ਅਰਥ ਤੂੰ ਕੀ ਜਾਣੇ ਭਲਾ।
ਕਿੰਨੀ ਕੁ ਪੀੜ ਹੋਈ ਹੈ ਦਿਲ ਤੇ,
ਅਹਿਸਾਸ ਹੈ ਇਸ ਦਾ ਕੋਈ ਤੈਨੂੰ ਭਲਾ?
ਅੱਖਰ ਨਾ ਇਸ ਨੂੰ ਹੰਝੂ ਹੀ ਜਾਣੀ,
ਕਾਗਜ਼ ਦੀ ਹਿੱਕ ‘ਤੇ ਜੋ ਲਿਖਿਆ ਪਿਆ।
ਅਣਜਾਣੇ ‘ਚ ਹੁੰਦਾ ਤਾਂ ਦੁੱਖ ਨ ਸੀ ਮੈਨੂੰ,
ਜਾਣਬੁੱਝ ਕੇ ਹੈ ਤੂੰ ਕੀਤੀ ਖਤਾ।
ਕਾਸ਼ ਕਿਤੇ ਇਹ ਸੁਪਣਾ ਈ ਹੋਵੇ,
ਮੈਥੋਂ ਵੀ ਹੋਇਆ ਨਹੀਂ ਜਾਣਾ ਜੁਦਾ।
ਏਨਾ ਕੁ ਅੱਗੇ ਤੋਂ ਰੱਖੀਂ ਖਿਆਲ,
ਹਰ ਦਿਲ ਵਿਚ ਰੱਬ ਵੱਸਦਾ ਪਿਆ।
ਇੰਦਰਜੀਤ ਪੁਰੇਵਾਲ
inderjitsinghpurewal@yahoo.com