ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love
ਲੋਕਾਂ ਨੂੰ ਲੁੱਟਣ ਪਾਖੰਡੀ
ਜਰਨੈਲ ਘੁਮਾਣ

ਭਰੇ ਭਰੇ ਨੇ ਪੰਨੇ ਅੱਜ ਕੱਲ੍ਹ , ਸਭ ਅਖ਼ਬਾਰਾਂ ਦੇ ।
ਜੋਤਿਸ਼ , ਕਾਲਾ ਜਾਦੂ ਵਰਗੇ ਕੁੱਲ ਇਸ਼ਤਿਹਾਰਾਂ ਦੇ ।
ਲਾਲ ਕਿਤਾਬ’ ਪੜ੍ਹਨ ਵਿੱਚ ਕੋਈ  , ਮੈਥੋਂ ਮਾਹਿਰ ਨਹੀਂ ।
ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ ॥
ਲੋਕਾਂ ਨੂੰ ਲੁੱਟਣ ਪਾਖੰਡੀ , ਹੱਥ ਪਾਉਂਦੀ ਸਰਕਾਰ ਨਹੀਂ ॥
ਕੋਈ ਕਹੇ ਮੈਂ ਕਾਲੇ ਮਾਂਹ ਜੇ ਦਾਨ ਕਰਾ ਦੇਵਾਂ ,
ਮੂੰਗਾ ਜਾਂ ਫਿਰ ਪੁਖਰਾਜ ਉਂਗਲੀ ਵਿੱਚ ਪਾ ਦੇਵਾਂ ,
ਮੇਰੇ ਕਹਿਣ ’ਤੇ ਬੰਦਾ ਜੇਕਰ, ਰੱਖ ਉਪਵਾਸ ਲਵੇ ,
ਚਾਲੀ ਦਿਨ ਵਿੱਚ ਸਭ ਕਸ਼ਟਾਂ ਦਾ ਹੋਇਆ ਨਾਸ ਲਵੇ ,
ਫੀਸ ਇੱਕੀ ਸੌ ਪਹਿਲਾਂ, ਕਰਨਾ ਧੇਲਾ ਉਧਾਰ ਨਹੀਂ ।
ਲੋਕਾਂ ਨੂੰ ਲੁੱਟਣ ਪਾਖੰਡੀ , ਹੱਥ ਪਾਉਂਦੀ ਸਰਕਾਰ ਨਹੀਂ ॥
ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ ॥
ਕਾਲੇ ਤਿਲ ਜੇ ਸੱਤ ਘਰਾਂ ਦੇ ਬੂਹੇ ਧਰ ਆਵੇਂ ,
ਕੱਚੇ ਕੋਲੇ ਵਜ਼ਨ ਬਰਾਬਰ ਖੂਹ ਵਿੱਚ ਭਰ ਆਵੇਂ ,
ਬੁੱਧਵਾਰ ਨੂੰ ਸੱਤ ਸੱਪਾਂ ਨੂੰ ਦੁੱਧ ਪਿਲਾ ਦੇਂ ਜੇ ,
ਪੀਲੇ ਬਸਤਰ ਵੀਰਵਾਰ ਨੂੰ ਦਾਨ ਕਰਾਦੇਂ ਜੇ ,
ਫੇਰ ਵੇਖਦਿਆਂ ਕਾਕਾ ਕਿੱਦਾਂ ਜਾਂਦਾ ਬਾਹਰ ਨਹੀਂ ।
ਲੋਕਾਂ ਨੂੰ ਲੁੱਟਣ ਪਾਖੰਡੀ , ਹੱਥ ਪਾਉਂਦੀ ਸਰਕਾਰ ਨਹੀਂ ॥
ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ ॥
ਔਤ ਮਰਿਆ ਘਰ ਥੋੜੇ ,ਬਣ ਪ੍ਰੇਤ ਸਤਾਉਂਦੈ ਜੋ ,
ਬਣਦੇ ਬਣਦੇ ਕੰਮਾਂ ਵਿੱਚ , ਅੜਿਕਾ ਡਾਹੁੰਦੈ ਜੋ ,
ਘਰ ਕੀਲਣਾ ਪੈਣਾ , ਖੂੰਜੇ ਮੇਖਾਂ ਗੱਡਣੀਆਂ ,
ਕਾਲਾ ਮੰਤਰ ਫੂਕ , ਭਟਕਦੀਆਂ ਰੂਹਾਂ ਕੱਢਣੀਆਂ ,
ਜਾਊ ਚੀਕਦਾ ਭੂਤ ,ਘੜੀ ਉਹ ਟਿਕਣਾ ਚਾਰ ਨਹੀਂ ।
ਲੋਕਾਂ ਨੂੰ ਲੁੱਟਣ ਪਾਖੰਡੀ , ਹੱਥ ਪਾਉਂਦੀ ਸਰਕਾਰ ਨਹੀਂ ॥
ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ ॥
ਸੁੰਦਰ , ਬਿੰਦੀ ’ਤੇ ਟਿੱਕੀ , ਦੀਵਾ ਬਾਲ ਚੁਰੱਸਤੇ ਵਿੱਚ ,
ਤੇਲ ਦੀਆਂ ਪਕਾ ਦੇਈਂ ਪੂਰੀਆਂ , ਸਰ ਜਾਊ ਸਸਤੇ ਵਿੱਚ,
ਸੱਤ ਸਵਾਹ ਦੀਆਂ ਪਿੰਨੀਆਂ ’ਤੇ ਇੱਕ ਕੁੱਜਾ ਸ਼ਰਬਤ ਦਾ ,
ਇੱਲ ਦੀ ਬਿੱਠ ਨਾਲ ਲਿਬੜਿਆ, ਚਿੱਟਾ ਪੱਥਰ ਪਰਬਤ ਦਾ ,
ਇਹ ਸਭ ਕਰਕੇ , ਕੁੱਖੋਂ ਸੱਖਣੀ ਰਹਿੰਦੀ ਨਾਰ ਨਹੀਂ ।
ਲੋਕਾਂ ਨੂੰ ਲੁੱਟਣ ਪਾਖੰਡੀ , ਹੱਥ ਪਾਉਂਦੀ ਸਰਕਾਰ ਨਹੀਂ ॥
ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ ॥
ਇੱਕ ਸਿਵੇ ਦੀ ਹੱਡੀ , ਖੋਪੜੀ ਛੜੇ ਜਾਂ ਰੰਡੇ ਦੀ ,
ਅੱਕ ਦੇ ਦੁੱਧ ਵਿੱਚ ਧੋ ਕੇ, ਭੂੰਕ ਮਚਾ ਕੇ ਗੰਢੇ ਦੀ ,
ਸ਼ਮਸਾਨ ਵਿੱਚ ਬੈਠ , ਇਹ ਮੰਤਰ ਰਾਖ ਬਣਾ ਆਵੋ ,
ਕਾਲੇ ਕਪੜੇ ਵਿੱਚ ਲਪੇਟ ਕੇ , ਖੂਹ ਵਿੱਚ ਪਾ ਆਵੋ ,
ਆਉਂਦੀ ਪੇਸ਼ੀ ’ਤੇ ਜਿੱਤ ਜਾਓਗੇ , ਹੁੰਦੀ ਹਾਰ ਨਹੀਂ ।
ਲੋਕਾਂ ਨੂੰ ਲੁੱਟਣ ਪਾਖੰਡੀ , ਹੱਥ ਪਾਉਂਦੀ ਸਰਕਾਰ ਨਹੀਂ ॥
ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ ॥
ਇਸ਼ਕ ’ਚ ਧੋਖਾ ਖਾ ਗਏ ਜਾਂ ਵਸ ਕਰਨੈ ਨਾਰੀ ਨੂੰ ,
ਅੰਗ ਸੰਗ ਹੈ ਰੱਖਣਾ , ਸੁਪਨਿਆਂ ਵਿੱਚ ਸ਼ਿੰਗਾਰੀ ਨੂੰ ,
ਪੈਰ ਓਹਦੇ ਦੀ ਮਿੱਟੀ ਮੈਨੂੰ ਲਿਆ ਕੇ ਦੇ ਕੇਰਾਂ ,
ਆਹ ਮੰਤਰ ਨੂੰ ਉਸਦੇ ਸਿਰੋਂ ਘੁੰਮਾ ਕੇ ਦੇ ਕੇਰਾਂ ,
ਲਾਟੂ ਵਾਗੂੰ ਘੁੰਮੂ ਦੁਆਲੇ , ਖੁੱਸਣਾ ਪਿਆਰ ਨਹੀਂ ।
ਲੋਕਾਂ ਨੂੰ ਲੁੱਟਣ ਪਾਖੰਡੀ , ਹੱਥ ਪਾਉਂਦੀ ਸਰਕਾਰ ਨਹੀਂ ॥
ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ ॥
ਇੰਟਰਨੈੱਟ ਦੇ ਜ਼ਰੀਏ , ਆਨ ਲਾਈਨ ਹੀ ਚੈਟ ਕਰੋ ,
ਇੱਕ ਸਵਾਲ ਦੇ ਪੰਜ ਕੁ ਡਾਲਰ  ,ਖਾਤੇ ਵਿੱਚ ਭਰੋ ,
ਲਾਲ ਕਿਤਾਬ ਦਾ ਜਾਣੂ , ਫਟਾ ਫਟ ਜੁਵਾਬ ਦੇਊਂ ,
ਪੀ.ਆਰ. ਕਦ ਮਿਲੂ , ਲਗਾ ਪੱਕੇ ਹਿਸਾਬ ਦੇਊਂ ,
ਡਾਈਬੋਰਸ ਨਹੀਂ ਹੁੰਦਾ ਜਾਂ ਚਲਦਾ ਵਿਉਪਾਰ ਨਹੀਂ ।
ਲੋਕਾਂ ਨੂੰ ਲੁੱਟਣ ਪਾਖੰਡੀ , ਹੱਥ ਪਾਉਂਦੀ ਸਰਕਾਰ ਨਹੀਂ ॥
ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ ॥
ਵਧ ਰਹੀਆਂ ਨੇ ਧੋਖੇ ਧੜੀਆਂ , ਢੰਗ ਅਨੇਕਾਂ ਨੇ ,
ਖਾ ਲਈ ਭੋਲੀ ਜੰਤਾਂ , ਜੋਤਿਸ਼ੀ , ਬਾਬਿਆਂ , ਭੇਖਾਂ ਨੇ ,
ਸੰਭਲੋ ਲੋਕੋ ਸੰਭਲੋ , ਹੋਕਾ ਦੇਵੇ ‘ਘੁਮਾਣ’ ਏਹੋ ,
ਛਿੱਤਰਾਂ ਦੇ ਪੀਰ ਬਨਾਉਟੀ ਜੋ ,ਸਾਰੇ ਭਗਵਾਨ ਏਹੋ ,
ਟੂੰਣੇ ਟਾਮਣ , ਕਿਸਮਤ ਬਦਲਣ ਦੇ ਉਪਚਾਰ ਨਹੀਂ ।
ਲੋਕਾਂ ਨੂੰ ਲੁੱਟਣ ਪਾਖੰਡੀ , ਹੱਥ ਪਾਉਂਦੀ ਸਰਕਾਰ ਨਹੀਂ ॥
ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ ॥
ਜਰਨੈਲ ਘੁਮਾਣ
ਮੋਬਾਇਲ ਨੰਬਰ : +91-98885-05577
ghuman5577@yahoo.com

ਬਾਬੇ ਮੋਟੀਆਂ ਗੋਗੜਾਂ ਵਾਲੇ
ਜਰਨੈਲ ਘੁਮਾਣ
ਅੰਧ ਵਿਸ਼ਵਾਸਾਂ ਵਿੱਚ ਡੁੱਬੀ ਹੋਈ ਲੋਕਾਈ ਨੂੰ ,
ਭੇਡ ਚਾਲਾਂ ਵਿੱਚ ਫਸੇ , ਸਭ ਮਾਈ ਭਾਈ ਨੂੰ ,
ਜੋੜ ਚੇਲਿਆਂ ਦੀ ਜਮਾਤ ,
ਵਿਖਾਕੇ ਝੂਠੀ ਕਰਾਮਾਤ ,
ਲਾਹਕੇ ਚਿੱਟੇ ਲੀੜੇ , ਚੋਗੇ ਪਾ ਲਏ ਕਾਲੇ ।
ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ , ਬਾਬੇ ਮੋਟੀਆਂ ਗੋਗੜਾਂ ਵਾਲੇ ।
ਕੋਈ ਕਹੇ ਬਾਬਾ ਤੋੜ ਦਿੰਦਾਂ ਹੈ ਬਿਮਾਰੀਆਂ ,
ਕੋਈ ਕਹੇ ਬਾਬੇ ਦੀਆਂ ਖੇਡਾਂ ਨੇ ਨਿਆਰੀਆਂ ,
ਕੁੱਖੋਂ ਸੱਖਣੀ ਸੀ ਭਾਨੀ ,
ਲੰਘੀਂ ਜਾਂਦੀ ਸੀ ਜਵਾਨੀ ,
ਇੱਕ ਮੰਗਦੀ ਸੀ , ਦੋ ਦੋ ਪੁੱਤ ਪਾਲੇ ।
ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ ,ਬਾਬੇ ਮੋਟੀਆਂ ਗੋਗੜਾਂ ਵਾਲੇ ।
ਕਹਿੰਦੇ ਆਉਂਦੀ ਬਾਬੇ ਕੋਲ , ਕਾਲੀ ਦੇਵੀ ਰਾਤ ਨੂੰ ,
ਚੌਂਕੀ  ਭਰਵਾਕੇ , ਤੁਰ ਜਾਂਦੀ ਪ੍ਰਭਾਤ ਨੂੰ ,
ਬਾਬਾ ਤੀਵੀਆਂ ਖਿਡਾਉਂਦਾ ,
ਸੁੱਖਾਂ ਪੂਰੀਆਂ ਕਰਾਉਂਦਾ ,
ਉਹੀਓ ਮਿਲਦਾ , ਜਿਹੜਾ ਜੋ ਵੀ ਭਾਲੇ ।
ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ ,ਬਾਬੇ ਮੋਟੀਆਂ ਗੋਗੜਾਂ ਵਾਲੇ ।
ਬਾਬਾ ਜੀ ਦੇ ਚਿਮਟੇ ’ਚ , ਸ਼ਿਵਜੀ ਦਾ ਵਾਸ ਹੈ ।
ਚਿਮਟੇ ਦੀ ਮਾਰ  ਕਰੇ  ,ਕਸ਼ਟਾਂ ਦਾ ਨਾਸ ਹੈ ।
ਕੱਢੇ ਭੂਤ ’ਤੇ ਪ੍ਰੇਤ ,
ਹੋਵੇ ਘਰ ਭਾਂਵੇਂ ਖੇਤ ,
ਖੋਹਲ ਦਿੰਦਾਂ ਹੈ ਮੁਕੱਦਰਾਂ ਦੇ ਤਾਲੇ ।
ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ ,ਬਾਬੇ ਮੋਟੀਆਂ ਗੋਗੜਾਂ ਵਾਲੇ ।
ਸੱਸ ਨੂੰਹ ਦੀ ਬਣਦੀ ਨਾ , ਰਹਿੰਦੀ ਐ ਲੜਾਈ ਜੇ ।
ਵੀਰਵਾਰ ਵਾਲੇ ਦਿਨ  , ਚਾੜ੍ਹ ਦਿਓ ਕੜਾਹੀ ਜੇ ।
ਕਾਲਾ ਕੁੱਕੜ , ਸ਼ਰਾਬ ,
ਕਰੂ ਦਿਨਾਂ ਵਿੱਚ ਲਾਭ ,
ਭੈਣਾਂ ਸਕੀਆਂ ਜਿਉਂ , ਘੁੰਮਣ ਦੁਆਲੇ ।
ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ ,ਬਾਬੇ ਮੋਟੀਆਂ ਗੋਗੜਾਂ ਵਾਲੇ ।
ਲੱਭਦਾ ਨਾ ਵਰ ਜੇ , ਕੁੜੀ ਨੂੰ ਕੋਈ ਚੱਜਦਾ ।
ਵੇਖਿਓ ਕਨੇਡਿਓ ਸਿੱਧਾ  , ਦਰ ਵਿੱਚ ਵੱਜਦਾ ।
ਇਕੱਤੀ ਸੌ ਦਾ ਇੱਕ ਪੁੰਨ ,
ਕਰੋ ਕਾਲੀ ਭੇੜ ਮੁੰਨ ,
ਦਿਨਾਂ ਵਿੱਚ ਵੇਖਿਓ , ਫੇਰੇ ਵੀ ਕਰਾਲੇ ।
ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ ,ਬਾਬੇ ਮੋਟੀਆਂ ਗੋਗੜਾਂ ਵਾਲੇ ।
ਚੱਜਿਆਂ , ਕੁਚੱਜਿਆਂ, ਜਿਹਨਾਂ ਨੂੰ ਕੋਈ ਕੰਮ ਨਾ ।
ਕੜਕਦੀ ਧੁੱਪ ’ਚ , ਮਚਾਇਆ ਜਿਹਨਾ ਚੰਮ ਨਾ ।
ਉਹ ਧਾਰ ਢੱਕਮੰਜ ,
ਕੱਢਵਾਕੇ ਸਿਰ ਗੰਜ ,
ਬਣੀ ਫਿਰਦੇ , ਭੈਰੋਂ ਦੇ ਸਕੇ ਸਾਲੇ ।
ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ ,ਬਾਬੇ ਮੋਟੀਆਂ ਗੋਗੜਾਂ ਵਾਲੇ ।
ਕਿਰਤਾਂ ਬਗੈਰ ਲੋਕੋ ਜ਼ਿੰਦਗੀ ’ਚ ਸੁੱਖ ਨਾ ।
ਦਵਾ ਦਾਰੂ ਬਿਨਾਂ ਜਾਣ ਲੱਗੇ ਹੋਏ ਦੁੱਖ ਨਾ ।
ਜਾਗੋ ! ਜਾਗ ਜਾਓ ‘ਘੁਮਾਣ’
ਇਹ ਪਾਖੰਡੀ ਥੋਨੂੰ ਖਾਣ ,
ਇਹਨਾਂ ਉੱਤੇ ਨਾ , ਭਰੋਸੇ ਕਰੋ ਵਾਹਲੇ ।
ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ ,ਬਾਬੇ ਮੋਟੀਆਂ ਗੋਗੜਾਂ ਵਾਲੇ ।
ਜਰਨੈਲ ਘੁਮਾਣ
ਮੋਬਾਇਲ ਨੰਬਰ : +91-98885-05577

ਰੰਗਲਾ ਕਿਵੇਂ ਪੰਜਾਬ ਕਹਿ ਦਿਆਂ
ਜਰਨੈਲ ਘੁਮਾਣ
ਕਲਮ ਉਠਾਕੇ ਜਦ ਵੀ ,ਕਿਧਰੇ ਲਿਖਣ ਨੂੰ ਬਹਿੰਦਾ ਹਾਂ ।
ਨਿਘਰ ਗਈ  ਪੰਜਾਬ ਦੀ ਹਾਲਤ , ਵੇਖ ਰੋ ਪੈਂਦਾ ਹਾਂ ।
ਆਪਣੇ ਘਰ ਨੂੰ , ਖ਼ੁਦ ਹੀ ਕਿਵੇਂ ਖ਼ਰਾਬ ਕਹਿ ਦਿਆਂ ਮੈਂ ।
ਕਿੰਝ  ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥
ਤੋੜ ਰਹੀ ਹੈ ਲੱਕ ਕਿਰਸਾਨੀ , ਵੇਖ ਕੇ ਝੱਲ ਨਹੀਂ ਹੁੰਦੀ ।
ਕਰਜ਼ੇ ਦੇ ਵਿੱਚ ਦੱਬ ਚੱਲੀ , ਸਮੱਸਿਆ ਹੱਲ ਨਹੀਂ ਹੁੰਦੀ ।
ਮੁਰਝਾਈਆਂ ਕਲੀਆਂ ਤਾਈਂ, ਕਿਵੇਂ ਗੁਲਾਬ ਕਹਿ ਦਿਆਂ ਮੈਂ ।
ਕਿੰਝ  ਰੰਗ  ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥
ਵਿਹੜੇ ਸੱਖਣੇ ਸੱਖਣੇ ਇਸਦੇ ,  ਚਾਵਾਂ ਖੁਸ਼ੀਆਂ ਤੋਂ ।
ਵਿਹਲੇ ਨਹੀਂਓ ਲੋਕ ਨੱਚਣ ਨੂੰ , ਹੁਣ ਖੁਦਕੁਸ਼ੀਆਂ ਤੋਂ ।
ਝੱਲ ਲਓ ਵਿਆਜਾਂ ਵਾਲਾ ਕਿਸ ਨੂੰ , ਤਾਬ ਕਹਿ ਦਿਆਂ ਮੈਂ ।
ਕਿੰਝ  ਰੰਗ  ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥
ਸੱਤ ਦਰਿਆ ਸਨ ਵਗਦੇ , ‘ਸਪਤ ਸਿੰਧੂ’ ਅਖਵਾਉਂਦਾ ਸੀ ।
ਸਿਆਲਕੋਟ ਤੋਂ ਦਿੱਲੀ ਤੀਕਰ , ਪੈਰ ਫੈਲਾਉਂਦਾ ਸੀ ।
ਕਿਵੇਂ ਢਾਈ ਪਾਣੀਆਂ ਵਾਲੇ ਨੂੰ , ਪੰਜ-ਆਬ ਕਹਿ ਦਿਆ ਮੈਂ ।
ਕਿੰਝ  ਰੰਗ  ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥
ਵਿੱਚ ਵਿਦੇਸ਼ਾਂ ਜਾ ਜਵਾਨੀ , ਵੱਸਦੀ ਜਾਂਦੀ ਐ ।
ਬਾਕੀ ਬਚਦੀ ਵਿੱਚ ਨਸ਼ਿਆਂ ਦੇ , ਧੱਸਦੀ ਜਾਂਦੀ ਐ ।
ਸੁੱਕ ਚੱਲੇ ਰੁਜ਼ਗਾਰਾਂ ਵਾਲੇ  , ਝਨਾਬ ਕਹਿ ਦਿਆਂ ਮੈਂ ।
ਕਿੰਝ  ਰੰਗ ਵਿਹੂਣੇ ਨੂੰ ,ਰੰਗਲਾ ਪੰਜਾਬ ਕਹਿ ਦਿਆਂ ਮੈਂ ॥
ਕਾਵਾਂ ਰੌਲੀ ਬਹੁਤ ਸੁਣਨ ਨੂੰ  , ਉਂਝ ਤਰੱਕੀਆਂ ਦੀ ।
ਲੁੱਟ ਕਸੁੱਟ ਤਾਂ ਅੱਜ ਵੀ ਉਹੀਓ , ਫਸਲਾਂ ਪੱਕੀਆਂ ਦੀ ।
ਘਾਟੇ ਵਾਲੇ ਸੌਦੇ ਵਿੱਚ ਕਿੰਝ , ਲਾਭ ਕਹਿ ਦਿਆਂ ਮੈਂ ।
ਕਿੰਝ  ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥
ਸਿਆਸਤਦਾਨਾਂ ਦੇ ਵੱਗ ਫਿਰਦੇ ਨੇ , ਮੈਂ ਕਿਸਨੂੰ ਦੁੱਖ਼ ਕਹਾਂ ।
ਘਰ , ਰੁਜ਼ਗਾਰ ਜਾਂ ਢਿੱਡ ਦੀ , ਆਖਿਰ ਕਿਹੜੀ ਭੁੱਖ ਕਹਾਂ ।
ਸਾਹਿਬਗੜ੍ਹਾਂ ਦਾ ਸੂਬਾ , ਕਿਸ ਨੂੰ ਸਾਹਬ ਕਹਿ ਦਿਆਂ ਮੈਂ ।
ਕਿੰਝ  ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥
ਕਲਮਾਂ ਹੋਣ ਆਵਾਜ਼ ਲੋਕਾਂ ਦੀ, ਉਹ ਵੀ ਵਿੱਕ ਚੱਲੀਆਂ ।
ਪੈਸੇ ਵਾਲਿਆਂ ਕਲਮਾਂ ਦੀਆਂ, ਜ਼ਮੀਰਾਂ ਜਾ ਮੱਲੀਆਂ ।
ਕੰਨੋ ਬੋਲੀ ਭੀੜ ’ਚ, ਕਿਹੜਾ ਰਾਗ ਕਹਿ ਦਿਆਂ ਮੈਂ ।
ਕਿੰਝ  ਰੰਗ ਵਿਹੂਣੇ ਨੂੰ, ਰੰਗਲਾ ਪੰਜਾਬ ਕਹਿ ਦਿਆਂ ਮੈਂ ॥
ਕਲੋਨੀਵਾਦ ਖਾ ਗਿਆ ਪਿੰਡ,’ਤੇ ਛਾਵਾਂ ਬੋਹੜ ਦੀਆਂ ।
ਨਸ਼ਾਖੋਰ ਪੁੱਤਰਾਂ ਦੀਆਂ ਸੁੱਖਾਂ ,  ਮਾਵਾਂ ਲੋੜਦੀਆਂ ।
ਚੌਂਕੀਦਾਰ ਹੀ ਸੁੱਤੇ ਕਿਸਨੂੰ, ਜਾਗ ਕਹਿ ਦਿਆਂ ਮੈਂ ।
ਕਿੰਝ  ਰੰਗ ਵਿਹੂਣੇ ਨੂੰ, ਰੰਗਲਾ ਪੰਜਾਬ ਕਹਿ ਦਿਆਂ ਮੈਂ ॥
ਐ ਦੌਲਤ ਦੀ ਦੌੜ ਦੌੜਦਿਓ, ਕੁੱਝ ਤਾਂ ਸ਼ਰਮ ਕਰੋ ।
ਬੱਚ ਜਾਵੇ ਪੰਜਾਬ ‘ਘੁਮਾਣਾ’, ਐਸਾ ਕਰਮ ਕਰੋ ।
ਨਾਲ ਨਾ ਜਾਣ ਖਜ਼ਾਨੇ, ਸੁਣੋ ਜਨਾਬ ਕਹਿ ਦਿਆਂ ਮੈਂ ।
ਕਿੰਝ  ਰੰਗ ਵਿਹੂਣੇ ਨੂੰ, ਰੰਗਲਾ ਪੰਜਾਬ ਕਹਿ ਦਿਆਂ ਮੈਂ ॥
ਜਰਨੈਲ ਘੁਮਾਣ
ਮੋਬਾਇਲ ਨੰਬਰ : +91-98885-05577

ਜਾਗ ਓਏ ਤੂੰ ਜਾਗ ਲੋਕਾ
ਜਰਨੈਲ ਘੁਮਾਣ
ਜਾਗ ਓਏ ਤੂੰ ਜਾਗ ਲੋਕਾ, ਸੁੱਤਿਆ ਤੂੰ ਜਾਗ ਓਏ ।
ਡੰਗ ਗਏ ਮਕੱਦਰਾਂ ਨੂੰ, ਢੌਂਗੀ ਬਾਬੇ ਨਾਗ ਓਏ ॥
ਅੰਧ ਵਿਸ਼ਵਾਸ ਛੱਡ,
ਵਹਿਮ 'ਤੇ ਭਰਮ ਕੱਢ,
ਕੰਮ ਲਈ ਹਿਲਾ ਲੈ ਹੱਡ ,
ਆਲਸਾਂ ਦੇ ਉੱਤੇ , ਫਾਇਰ ਹਿੰਮਤਾਂ ਦੇ ਦਾਗ ਓਏ ।          
ਜਾਗ ਓਏ ਤੂੰ ਜਾਗ ਲੋਕਾ, ਸੁੱਤਿਆ ਤੂੰ ਜਾਗ ਓਏ ।
ਡੰਗ ਗਏ ਮਕੱਦਰਾਂ ਨੂੰ, ਢੌਂਗੀ ਬਾਬੇ ਨਾਗ ਓਏ ॥
ਲੁੱਟ ਲੁੱਟ ਖਾ ਗਏ ਤੈਨੂੰ, ਪਾਖੰਡਵਾਦੀ ਸਾਧ ਓਏ
ਇਹਨਾਂ ਗੁਰੂ ਡੰਮੀਆਂ ਨੇ ,
ਪੇਟੂ ਚਿੱਟੇ ਚੰਮੀਆਂ ਨੇ ,
ਅਲਾਮਤਾਂ ਨਿਕੰਮੀਆਂ ਨੇ ,
ਕਦੇ ਨਾ ਜਗਾਉਣਾ ਤੈਨੂੰ ,ਨਾ ਹੀ ਤੇਰੇ ਭਾਗ ਓਏ ।
ਜਾਗ ਓਏ ਤੂੰ ਜਾਗ ਲੋਕਾ, ਸੁੱਤਿਆ ਤੂੰ ਜਾਗ ਓਏ ।
ਡੰਗ ਗਏ ਮਕੱਦਰਾਂ ਨੂੰ, ਢੌਂਗੀ ਬਾਬੇ ਨਾਗ ਓਏ ॥
ਮੜ੍ਹੀਆਂ ਮਸਾਣੀਆਂ ਨੇ ,
ਥੌਲਾ ਪਾਏ ਪਾਣੀਆਂ ਨੇ ,
ਪਾਈਆਂ ਵੰਡਾਂ ਕਾਣੀਆਂ ਨੇ ,
ਜ਼ਿੰਦਗੀ ਦੇ ਰੁਸ਼ਨਾਣੇ, ਕਦੇ ਨਾ ਚਿਰਾਗ ਹੁੰਦੇ ਓਏ ।
ਜਾਗ ਓਏ ਤੂੰ ਜਾਗ ਲੋਕਾ, ਸੁੱਤਿਆ ਤੂੰ ਜਾਗ ਓਏ ।
ਡੰਗ ਗਏ ਮਕੱਦਰਾਂ ਨੂੰ, ਢੌਂਗੀ ਬਾਬੇ ਨਾਗ ਓਏ ॥
ਜਾਦੂ ਜਿਉਂ ਵਿਛਾਇਆ ਜਾਲ ,
ਕੁੱਝ ਕੁ ਫਰੇਬ ਨਾਲ ,
ਹੋਈਂ ਜਾਂਦੇ ਮਾਲਾ ਮਾਲ ,
ਇੱਜ਼ਤਾਂ ਦੇ ਚੋਰਾਂ ਕੋਲੋ, ਬਚੀਂ ਵਾਲ ਵਾਲ ਓਏ ।
ਜਾਗ ਓਏ ਤੂੰ ਜਾਗ ਲੋਕਾ, ਸੁੱਤਿਆ ਤੂੰ ਜਾਗ ਓਏ ।
ਡੰਗ ਗਏ ਮਕੱਦਰਾਂ ਨੂੰ, ਢੌਂਗੀ ਬਾਬੇ ਨਾਗ ਓਏ ॥
ਸਿਆਣੇ ਕਲਾਕਾਰ ਨੇ ਇਹ ,
ਵੱਡੇ  ਫ਼ਨਕਾਰ ਨੇ ਇਹ ,
ਛਿੱਤਰਾਂ ਦੇ ਯਾਰ ਨੇ ਇਹ ,
ਟੁੱਕ ਗਏ ਜਵਾਨੀਆਂ ਨੂੰ, ਦੋਖ਼ੀ ਕਾਲੇ ਕਾਗ਼ ਓਏ
ਜਾਗ ਓਏ ਤੂੰ ਜਾਗ ਲੋਕਾ, ਸੁੱਤਿਆ ਤੂੰ ਜਾਗ ਓਏ ।
ਡੰਗ ਗਏ ਮਕੱਦਰਾਂ ਨੂੰ, ਢੌਂਗੀ ਬਾਬੇ ਨਾਗ ਓਏ ॥
ਭੇਸ ਵਿੱਚ ਛੁਪੇ ਗੁੰਡੇ ,
ਗੱਲਾਂ ਨਾਲ ਦੇਣ ਮੁੰਡੇ ,
ਅਕਲਾਂ ਦੇ ਖੋਹਲ ਕੁੰਡੇ ,
ਢੌਂਗੀਆਂ ਖਿਲਾਵਣੇ ਨਾ, ਗੋਦੜੀ ਦੇ ਬਾਗ਼ ਓਏ ।
ਜਾਗ ਓਏ ਤੂੰ ਜਾਗ ਲੋਕਾ, ਸੁੱਤਿਆ ਤੂੰ ਜਾਗ ਓਏ ।
ਡੰਗ ਗਏ ਮਕੱਦਰਾਂ ਨੂੰ, ਢੌਂਗੀ ਬਾਬੇ ਨਾਗ ਓਏ ॥
ਚੌਂਕੀਆਂ ਲਵਾਉਂਦੇ ਜਿਹੜੇ ,
ਸਿਰ ਘੁੰਮਵਾਉਂਦੇ ਜਿਹੜੇ ,
ਅੱਗ ਤੇ ਤੁਰਾਉਂਦੇ ਜਿਹੜੇ ,
ਮਾਇਆ 'ਚ ਵਿੱਚ ਫਸੇ, ਉਂਝ ਉਪਰੋਂ ਤਿਆਗ ਓਏ ।
ਜਾਗ ਓਏ ਤੂੰ ਜਾਗ ਲੋਕਾ, ਸੁੱਤਿਆ ਤੂੰ ਜਾਗ ਓਏ ।
ਡੰਗ ਗਏ ਮਕੱਦਰਾਂ ਨੂੰ, ਢੌਂਗੀ ਬਾਬੇ ਨਾਗ ਓਏ ॥
ਸੁਣੀ  ਸੁਣੀ ਭਲੇ ਲੋਕਾ ,
ਦੇ ਗਿਆ 'ਘੁਮਾਣ' ਹੋਕਾ ,
ਦੇਣਗੇ ਪਾਖੰਡੀ ਧੋਖਾ ,
ਛੱਡ ਕੇ ਪਾਖੰਡੀਆਂ ਨੂੰ, ਗੁਰੂ ਲੜ ਲਾਗ ਓਏ ।
ਜਾਗ ਓਏ ਤੂੰ ਜਾਗ ਲੋਕਾ, ਸੁੱਤਿਆ ਤੂੰ ਜਾਗ ਓਏ ।
ਡੰਗ ਗਏ ਮਕੱਦਰਾਂ ਨੂੰ, ਢੌਂਗੀ ਬਾਬੇ ਨਾਗ ਓਏ ॥
ਜਰਨੈਲ ਘੁਮਾਣ
ਮੋਬਾਇਲ ਨੰਬਰ : +91-98885-05577
+91-98885-05577      
ghuman5577@yahoo.com

ਮੈਂ ਇੱਕ ਪੰਜਾਬੀ ਗੀਤਕਾਰ ਹਾਂ 
ਜਰਨੈਲ ਘੁਮਾਣ
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ, ਮੈਂ ਕਰਜ਼ਦਾਰ ਹਾਂ ॥
ਮੇਰੀ ਕਲਮ ਹਰਿਆਈ ਗਾਂ ਵਾਂਗਰਾਂ, ਚਰਦੀ ਰਹਿੰਦੀ ਹੈ ।
ਲੱਚਰਤਾ ਦੇ ਰੰਗ , ਗੀਤਾਂ  ਵਿੱਚ, ਭਰਦੀ ਰਹਿੰਦੀ  ਹੈ ।
ਮੈਂ ਮਾਰ ਚੁੱਕਾ ਜ਼ਮੀਰ ਆਪਣੀ, ਵਾਰ ਵਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ,  ਮੈਂ ਕਰਜ਼ਦਾਰ ਹਾਂ ॥
ਮੈਂ ਫੋਕੀ ਸ਼ੋਹਰਤ ਪਾਉਣ ਲਈ, ਕੁੱਝ ਹੋਛੇ ਗੀਤ ਲਿਖੇ ,
ਹਲਕੇ ਵਿਸ਼ਿਆਂ ਉਪਰ, ਸਭ ਹੀ ਬੇਪ੍ਰਤੀਤ ਲਿਖੇ ,
ਇਸ ਵਹਿਸ਼ੀਆਨਾ ਸੋਚ ਲਈ , ਮੈਂ ਸ਼ਰਮਸਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ,  ਮੈਂ ਕਰਜ਼ਦਾਰ ਹਾਂ ॥
ਮੈਂ ਕਲਮ ਨਾਲ ਸਭ ਰਿਸ਼ਤੇ ਨਾਤੇ, ਦੂਸ਼ਿਤ ਕਰ ਦਿੱਤੇ ।
ਵਿਦਿਆ ਦੇ ਜੋ ਮੰਦਿਰ, ਉਹ ਪ੍ਰਦੂਸ਼ਿਤ ਕਰ ਦਿੱਤੇ ।
ਵਿਦਿਆ ਪਰਉਪਕਾਰੀ ਦਾ, ਮੈਂ ਗੁਨਹਗਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ,  ਮੈਂ ਕਰਜ਼ਦਾਰ ਹਾਂ ॥
ਨਜ਼ਰ ਮੇਰੀ ਨੂੰ , ਧੀਆਂ ਭੈਣਾਂ ਦੇ ਵਿੱਚ ਹੀਰ ਦਿਖੀ ।
ਸਾਊ ਪੰਜਾਬਣ ਕੁੜੀ ਵੀ ਮੈਂ, ਆਪਣੀ ਮਾਸ਼ੂਕ ਲਿਖੀ ।
ਨਾਰੀ ਜਾਤ ਦਾ ਭੁੱਲ ਗਿਆ, ਕਰਨਾ ਸਤਿਕਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ,  ਮੈਂ ਕਰਜ਼ਦਾਰ ਹਾਂ ॥
ਕਰਜ਼ੇ ਹੇਠਾਂ ਦੱਬੇ ਕਿਸਾਨ, ਬਦਮਾਸ਼ ਵਿਖਾਉਂਦਾ ਰਿਹਾ ।
ਬੰਬੂਕਾਟਾਂ 'ਤੇ ਚਾੜ੍ਹ, ਰਾਂਝੇ ਦੇ ਯਾਰ ਬਣਾਉਂਦਾ ਰਿਹਾ ।
ਚੰਡੀਗੜ੍ਹ ਦੀਆਂ ਸੈਰਾਂ ਤੋਂ ਨਾ, ਨਿਕਲਿਆਂ ਬਾਹਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ,  ਮੈਂ ਕਰਜ਼ਦਾਰ ਹਾਂ ॥
ਨੌਜਵਾਨਾਂ ਨੂੰ ਮੈਂ , ਮਿਰਜ਼ਾ ਯਾਦ ਕਰਾਉਂਦਾ ਰਿਹਾ ।
ਹਿੱਕ ਦੇ ਜ਼ੋਰ ਕੱਢਕੇ ਲੈ ਜਾਓ, ਸਭ ਸਿਖਾਉਂਦਾ ਰਿਹਾ ।
ਇੱਜ਼ਤਾਂ ਦਾ ਮੁੱਲ ਭੁੱਲਣ ਵਾਲਾ, ਮੈਂ ਗਦਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ,  ਮੈਂ ਕਰਜ਼ਦਾਰ ਹਾਂ ॥
ਵਿਆਹੀਆਂ ਵਰ੍ਹੀਆਂ ਕੁੜੀਆਂ ਦੇ ਮੈਂ, ਸਹੁਰੇ ਘਰ ਵੜਿਆ ।
ਸੁਹਾਗ - ਸੁਹਾਗਣ ਵਾਲਾ ਰਿਸ਼ਤਾ, ਮੂਲ ਨਹੀਂ ਪੜ੍ਹਿਆ ।
ਲਿਖਦਾ ਰਿਹਾ ਵਿੱਚ ਗੀਤਾਂ ਦੇ, ਕੈਸੇ ਕਿਰਦਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ,  ਮੈਂ ਕਰਜ਼ਦਾਰ ਹਾਂ ॥
ਲੋਕਾਂ ਦੇ ਦੁੱਖ਼ ਦਰਦ, ਲਿਖਣ ਨੂੰ ਵਿਸ਼ੇ ਹਜ਼ਾਰਾਂ ਸੀ ।
ਦਾਜ ਦੀ ਬਲੀ ਚੜ੍ਹਦੀਆਂ ਅੱਜ ਵੀ, ਲੱਖ ਮੁਟਿਆਰਾਂ ਸੀ ।
ਧੀਆਂ ਵਾਸਤੇ ਲਿਖ ਸਕਦਾ, ਮੈਂ ਅੱਖਰ ਚਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ,  ਮੈਂ ਕਰਜ਼ਦਾਰ ਹਾਂ ॥
ਕਲਮ ਗਰਕ ਗਈ ਮੇਰੀ, ਹੁਣ ਤਾਂ ਬਿਲਕੁਲ ਗਰਕ ਗਈ ।
ਦਿਸ਼ਾਹੀਣ ਹੋ ਗਈ, ਦਿਸ਼ਾ ਤੋਂ ਕੋਹਾਂ ਜ਼ਰਕ ਗਈ ।
ਖ਼ੁਦ ਵੀ ਰਸਤਿਓਂ ਭਟਕ ਗਿਆ, ਰਾਹੀ ਲਾਚਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ,  ਮੈਂ ਕਰਜ਼ਦਾਰ ਹਾਂ ॥
ਮੁਆਫ਼ ਕਰੀਂ ਵੇ ਲੋਕਾ, ਮੈਨੂੰ ਕੇਰਾਂ ਮੁਆਫ਼ ਕਰੀਂ ।
ਚੰਗਾਂ ਲਿਖੇ 'ਘੁਮਾਣ', ਜੋ ਮਾੜੇ ਪੰਨੇ ਸਾਫ਼ ਕਰੀਂ ।
ਸੌੜੀ ਸੋਚ ਦਾ ਹਾਮੀਂ, ਸੋਚੋਂ ਖੂਣਾ ਬਿਮਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ,  ਮੈਂ ਕਰਜ਼ਦਾਰ ਹਾਂ ॥
ਜਰਨੈਲ ਘੁਮਾਣ
ਮੋਬਾਇਲ ਨੰਬਰ : +91-98885-05577
            +91-98885-05577
ghuman5577@yahoo.com

ਡੇਰਾਵਾਦ ਕਿਉਂ ਪੈਰ ਫੈਲਾਅ ਗਿਆ
ਜਰਨੈਲ ਘੁਮਾਣ
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ
ਅੱਵਲ ਅੱਲਾ ਨੂਰ ਉਪਾਇਆ , ਕੁਦਰਤ ਕੇ ਸਭ ਬੰਦੇ ।
ਏਕ ਨੂਰ 'ਤੇ ਸਭ ਜੱਗ ਉਪਜਿਆ , ਕੌਣ ਭਲੇ , ਕੋ ਮੰਦੇ ।
ਓਸ 'ਏਕ' ਦਾ ਰਾਹ ਦਿਖਲਾਵਣ , ਜੰਮ ਪਏ ਗੁਰੂ ਹਜ਼ਾਰਾਂ ।
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ ,ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ  ਫੈਲਦਾ  ਜਾਂਦਾ , ਕਰੀਏ ਆਓ  ਵਿਚਾਰਾਂ ॥

ਕਈ  ਬਾਬੇ ਉਸਾਰ ਬੈਠ ਗਏ, ਆਪਣੇ ਹੀ ਪਰਮ ਦੁਆਰੇ ।
ਕਈਆਂ ਦੇ ਨਿੱਤ ਪੜ੍ਹਨ , ਸੁਣਨ ਨੂੰ, ਮਿਲਦੇ ਵੱਡੇ ਕਾਰੇ ।
ਬਿਨਾਂ ਅੱਗ ਤੋਂ ਧੂੰਆਂ ਨਾ ਉੱਠੇ, ਕੀ ਕੀ ਸੱਚ ਉਚਾਰਾਂ ।
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ, ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ  ਫੈਲਦਾ  ਜਾਂਦਾ, ਕਰੀਏ ਆਓ  ਵਿਚਾਰਾਂ ॥
ਦਸ਼ਮ ਪਿਤਾ ਗੁਰੂ ਗ੍ਰੰਥ ਸਾਹਿਬ ਨੂੰ, ਦੇ ਗਏ ਸੀ ਗੁਰ ਗੱਦੀ ।
'ਧੁਰ ਕੀ ਬਾਣੀ' ਖਰੀਦ ਬੈਠ ਗਏ,  ਮਨਮੁਖ  ਬੰਦੇ  ਜੱਦੀ ।
ਇੱਕ ਦਸਤਾਰੋਂ ਰੰਗ ਬਰੰਗੀਆਂ, ਹੋਈਆਂ ਕਈ ਦਸਤਾਰਾਂ ।
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ, ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ  ਫੈਲਦਾ  ਜਾਂਦਾ,  ਰਲ  ਮਿਲ ਕਰੋ  ਵਿਚਾਰਾਂ ॥
ਪੜ੍ਹਕੇ, ਸੁਣਕੇ, ਵਾਚਕੇ, ਕਰਦੇ ਅਮਲ ਨਾ ਬਾਣੀ ਉੱਤੇ ।
ਕੀ  ਜਗਾਉਣਗੇ ਲੋਕਾਂ ਤਾਈਂ,  ਜਿਹੜੇ ਖ਼ੁਦ ਹੀ  ਸੁੱਤੇ ।
ਦੂਈ, ਦਵੈਤ, ਈਰਖ਼ਾ ਜਿਹੀਆਂ, ਉਚੀਆਂ ਬਹੁਤ ਦੀਵਾਰਾਂ ।
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ, ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ  ਫੈਲਦਾ  ਜਾਂਦਾ,  ਰਲ  ਮਿਲ ਕਰੋ  ਵਿਚਾਰਾਂ ॥
ਜ਼ੋਰ, ਸ਼ੋਰ ਦੇ ਨਾਲ ਉਚਾਰਨ, ਕਿੱਸਿਆਂ ਜਿਉਂ ਗੁਰਬਾਣੀ ।
ਕੰਨਰਸ ਹੈ ਨਾ, ਧੂੰਮ ਧੜੱਕਾ, ਵਾਂਗ  ਗਵੱਈਏ  ਢਾਣੀ ।
ਸ਼ਰਧਾਲੂ ਵੀ ਨੱਚੀਂ ਜਾਂਦੇ, ਨੱਚਦੇ ਵਾਂਗ ਨਚਾਰਾਂ ।
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ, ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ  ਫੈਲਦਾ  ਜਾਂਦਾ,  ਰਲ  ਮਿਲ ਕਰੋ  ਵਿਚਾਰਾਂ ॥
ਗੁਰੂ -ਡੰਮ ਦੀ ਸੇਵਾ ਖਾਤਿਰ, ਸੇਵਾਦਾਰ ਜਿੱਤ ਆਉਂਦੇ ।
ਵੋਟਾਂ  ਵਾਲੀ  ਖਿੱਚੋ ਤਾਣੀ, ਸੇਵਾ ਲਈ ਦਿਖਲਾਉਂਦੇ ।
ਗੋਲਕ ਗਿਣਨ ਵਾਸਤੇ ਨਿੱਤ ਹੀ, ਹੁੰਦੀਆਂ ਨੇ ਤਕਰਾਰਾਂ ।
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ, ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ  ਫੈਲਦਾ  ਜਾਂਦਾ,  ਰਲ  ਮਿਲ ਕਰੋ  ਵਿਚਾਰਾਂ ॥
ਕੀਰਤਨ,ਪਾਠ ਤੇ ਧਿਆਨ ਸਭਾਵਾਂ, ਕਿੱਤੇ ਜਿਉਂ ਅਪਨਾ ਲਏ ।
ਜੈਸਾ  ਲੋੜ ਦਿਓਂ, ਤੈਸਾ ਬਾਬਾ, ਸਭ  ਨੇ  ਰੇਟ ਬਣਾ ਲਏ ।
ਨੇਤਾਵਾਂ ਦੇ ਵਾਂਗ ਕਾਫ਼ਲੇ, ਜਾਣ ਛੂਕਦੀਆਂ ਕਾਰਾਂ ।
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ, ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ  ਫੈਲਦਾ  ਜਾਂਦਾ,  ਰਲ  ਮਿਲ ਕਰੋ  ਵਿਚਾਰਾਂ ॥
ਕੁੱਝ ਕੁ ਨੇਤਾ, ਕੁੱਝ ਅਭਿਨੇਤਾ, ਜਾ ਜਦ ਚਰਨੀਂ ਬਹਿੰਦੇ ।
ਬਾਬਾ ਜੀ ਦੇ ਚਰਨ ਫੇਰ ਨਹੀਂ, ਏਸ ਧਰਤ 'ਤੇ  ਰਹਿੰਦੇ ।
ਮੋਬਾਇਲ ਫੋਨ, ਅਸਲੇ ਦੀ ਛਹਿਬਰ, ਸਿੱਧੀਆਂ ਸਭ ਥਾਂ ਤਾਰਾਂ ।
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ, ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ  ਫੈਲਦਾ  ਜਾਂਦਾ,  ਰਲ  ਮਿਲ ਕਰੋ  ਵਿਚਾਰਾਂ ॥
ਧਰਮਾਂ ਦੇ ਵਿੱਚ ਸਿਆਸਤ ਵੜ ਗਈ, ਸਿਆਸਤ ਧਰਮ ਚਲਾਵੇ ।
ਧਰਮ ਚਲਾਉਣ ਵਾਸਤੇ 'ਮੁੱਖੀਆ', 'ਮੁਖੀਆ' ਗੱਦੀ ਬਿਠਾਵੇ ।
ਹੋਰ ਕੀ ਬੋਲਾਂ ਚਾਰੇ ਪਾਸੇ, 'ਆਪਣੀਆਂ ਸਰਕਾਰਾਂ' ।
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ, ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ  ਫੈਲਦਾ  ਜਾਂਦਾ,  ਰਲ  ਮਿਲ ਕਰੋ  ਵਿਚਾਰਾਂ ॥
ਫ਼ਰਕ ਰਹਿ ਗਿਆ ਇਨਸਾਨਾਂ ਤੋਂ, ਤਾਹੀਂਓ ਵਧ ਗਏ ਪਾੜੇ ।
ਬੰਦਿਆਂ ਤਾਈ ਬਿਗਾੜ ਗਈ ਮਾਇਆ, ਕੁੱਝ ਚੌਧਰ ਦੇ ਸਾੜੇ ।
ਲੱਭਦੇ ਲੱਭਦੇ 'ਤੁਹੀਂ ਤੂੰ' ਨੂੰ, ਖਾ ਗਏ 'ਮੈਂ' ਤੋਂ ਮਾਰਾਂ  ।      
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ, ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ  ਫੈਲਦਾ  ਜਾਂਦਾ,  ਰਲ  ਮਿਲ ਕਰੋ  ਵਿਚਾਰਾਂ ॥
ਰੱਬ ਦੇ ਨਾਂ 'ਤੇ  ਖੁਲ੍ਹਣ ਰੋਜ਼ਾਨਾ, ਧਰਮ ਵਧਾਊ ਦੁਕਾਨਾਂ ।
'ਓਸ ਭਗਵਾਨ' ਦੀ ਖੋਜ ਕਰੀ ਨਾ, ਕਲਯੁਗ ਦੇ ਭਗਵਾਨਾਂ ।
'ਸ਼ਬਦ' ਨਾ ਚੇਤਿਆ, ਜੋ ਸਮਝਾਇਆ, ਭਗਤਾਂ 'ਤੇ ਅਵਤਾਰਾਂ ।
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ, ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ  ਫੈਲਦਾ  ਜਾਂਦਾ,  ਰਲ  ਮਿਲ ਕਰੋ  ਵਿਚਾਰਾਂ ॥
ਕੌਣ ਬੇਗ਼ਾਨਾ, ਕੌਣ ਆਪਣਾ, ਸਭ ਹੀ ਉਸ ਦੇ ਬੰਦੇ ।
ਫਿਰ ਕਿਸ ਗੱਲ ਦੀ ਮਾਰਾ ਮਾਰੀ, ਬੰਦ ਕਰੋ ਇਹ ਧੰਦੇ ।
ਛੱਡ ਈਰਖ਼ਾ, ਇੱਕ ਹੋ ਜਾਓ, ਰੁਮਕਣ ਪਿਆਰ ਬਹਾਰਾਂ ।
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ, ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ  ਫੈਲਦਾ  ਜਾਂਦਾ,  ਰਲ  ਮਿਲ ਕਰੋ  ਵਿਚਾਰਾਂ ॥
ਪਿੰਡ ਵੰਡ ਲਏ, ਖੰਡ ਵੰਡ ਲਏ, ਵੰਡ ਲਏ ਵੱਖ ਪ੍ਰਾਣੀ ।
ਹਾੜਾ੍ਹ  ਰੱਬ ਦੇ ਬੰਦਿਓ, ਵੰਡਣ ਨ ਬਹਿਜਿਓ ਰੱਬੀ ਬਾਣੀ ।
ਸੀਅ ਲੈ ਬੁੱਲ੍ਹ 'ਘੁਮਾਣ', ਤੇਰੀਆਂ ਸੁਣਦੈ ਕੌਣ ਪੁਕਾਰਾਂ ।
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ, ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ  ਫੈਲਦਾ  ਜਾਂਦਾ,  ਰਲ  ਮਿਲ ਕਰੋ  ਵਿਚਾਰਾਂ ॥
ਜਰਨੈਲ ਘੁਮਾਣ
ਮੋਬਾਇਲ ਨੰਬਰ : +91-98885-05577 
+91-98885-05577

Loading spinner