ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਕਰ ਬਿਸਮਿੱਲਾ ਖੋਲ੍ਹੀਆਂ ਮੈਂ ਚਾਲ੍ਹੀ ਗੰਢਾਂ
ਅੰਮ੍ਰਿਤਾ ਪ੍ਰੀਤਮ

ਕਈ ਦਿਨ ਮੇਰਾ ਇਕ ਸੁਪਨਾ ਇਕੋ ਨੁਕਤੇ ਵਲ ਇਸ਼ਾਰਾ ਕਰਦਾ ਰਿਹਾ। ਉਹਦਾ ਪਹਿਲੂ ਕਈ ਤਰ੍ਹਾਂ ਨਾਲ ਬਦਲ ਜਾਂਦਾ ਸੀ, ਪਰ ਮਰਕਜ਼ ਨਹੀਂ ਸੀ ਬਦਲਦਾ। ਏਥੋਂ ਤੱਕ ਕਿ ਕਈ ਵਾਰ ਇਕੋ ਰਾਤ ਵਿਚ ਮਹਿਸੂਸ ਹੁੰਦਾ ਕਿ ਇਹ ਸੁਪਨਾ ਮੈਨੂੰ ਅਨੇਕ ਰਾਤਾਂ ਤੋਂ ਆ ਰਿਹਾ ਹੈ…

ਸੁਪਨੇ ਵਿਚ ਸੁਪਨੇ ਤੋਂ ਜਾਗਣ ਦਾ ਅਹਿਸਾਸ ਵੀ ਹੁੰਦਾ ਤੇ ਉਸ ਸੁਪਨੇ ਦੀ ਤਸ਼ਰੀਹ ਕਰਨ ਦਾ ਅਹਿਸਾਸ ਵੀ ਹੁੰਦਾ। ਮੇਰੇ ਆਪਣੇ ਹੀ ਬੋਲ ਮੇਰੇ ਕੰਨਾਂ ਵਿਚ ਪੈਂਦੇ, ਜਦੋਂ ਮੈਂ ਕਿਸੇ ਨਾ ਕਿਸੇ ਨੂੰ ਆਖ ਰਹੀ ਹੁੰਦੀ ਕਿ ਜਿਸ ਤਰ੍ਹਾਂ ਇਨਸਾਨ ਕਦਮ ਕਦਮ ਤੁਰਦਾ ਕਿਸੇ ਮੰਜ਼ਿਲ ਤੇ ਪਹੁੰਚਦਾ ਹੈ, ਜਿਸ ਤਰ੍ਹਾਂ ਹੌਲੀ ਹੌਲੀ ਤਾਲੀਮ ਹਾਸਿਲ ਕਰਦਾ, ਕਿਸੇ ਵਿਗਿਆਨ ਦੀ ਨਾੜ ਉੱਤੇ ਹੱਥ ਰੱਖ ਲੈਂਦਾ ਹੈ, ਉਸੇ ਤਰ੍ਹਾਂ ਹਰ ਮਜ਼੍ਹਬ ਦੀ ਆਤਮਾ ਨੇ ਚਾਲ੍ਹੀ ਡਿਗਰੀ ਤੇ ਪਹੁੰਚਣਾ ਹੁੰਦਾ ਹੈ…

ਚਾਲ੍ਹੀ ਡਿਗਰੀ ਤੇ ਪਹੁੰਚ ਕੇ ਮਨ ਮਸਤਕ ਨੂੰ ਕਿਹੋ ਜਿਹੀ ਰੌਸ਼ਨੀ ਮਿਲਣੀ ਹੁੰਦੀ ਹੈ, ਇਹਦਾ ਅਹਿਸਾਸ ਵੀ ਮੈਨੂੰ ਸੁਪਨੇ ਵਿਚ ਹੁੰਦਾ ਸੀ, ਪਰ ਚਾਲ੍ਹੀ ਅੰਕ ਦਾ ਰਾਜ਼ ਕੀ ਹੈ, ਇਹ ਮੇਰੇ ਮਨ ਦੀ ਪਕੜ ਵਿਚ ਨਹੀਂ ਸੀ ਆਉਂਦਾ…

ਕਈਆਂ ਦਿਨਾਂ ਬਾਅਦ – ਅਚਾਨਕ ਇਕ ਸਤਰ ਮੇਰੇ ਹੋਠਾਂ ਤੇ ਘੁੰਮਣ ਲੱਗ ਪਈ, ਜਿਹਨੂੰ ਮੈਂ ਕੋਈ ਪੰਜਾਹ ਵਾਰੀ ਇਕ ਲੋਰ ਵਿਚ ਦੁਹਰਾਂਦੀ ਰਹੀ। ਪਰ ਉਹਨੂੰ ਕਿਸੇ ਤਰ੍ਹਾਂ ਵੀ ਮੈਂ ਆਪਣੇ ਸੁਪਨੇ ਨਾਲ ਨਹੀਂ ਸੀ ਜੋੜਿਆ ਕਿ ਅਚਾਨਕ ਇੱਕ ਛਿਣ ਅਜਿਹਾ ਆਇਆ ਕਿ ਮਨ ਮਸਤਕ ਵਿਚ ਇਕ ਬਿਜਲੀ ਜਿਹੀ ਚਮਕ ਗਈ…

ਉਹ ਸਤਰ ਜੋ ਕੋਈ ਪੰਜਾਹ ਵਾਰੀ ਅਚੇਤ ਹੀ ਦੁਹਰਾਈ ਰਹੀ ਸਾਂ, ਉਹ ਸਾਡੇ ਸੂਫੀ ਸ਼ਾਇਰ ਬੁੱਲ੍ਹੇ ਸ਼ਾਹ ਦੇ ਕਲਾਮ ਦੀ ਇਕ ਸਤਰ ਸੀ – ਕਰ ਬਿਸਮਿੱਲਾ ਖੋਲ੍ਹੀਆਂ ਮੈਂ ਚਾਲ੍ਹੀ ਗੰਢਾਂ.. ਤੇ ਫੇਰ ਜੋ ਇਕ ਛਿਣ ਲਈ ਮੱਥੇ ਵਿਚ ਬਿਜਲੀ ਜਿਹੀ ਚਮਕ ਗਈ ਸੀ, ਉਹ ਇਸ ਸਤਰ ਨੂੰ ਮੇਰੇ ਸੁਪਨੇ ਦੀ ਆਤਮਾ ਨਾਲ ਜੋੜ ਗਈ…

ਖੁਦਾਇਆ! ਕੀ ਇਹੋ ਚਾਲ੍ਹੀ ਗੰਢਾਂ ਹਨ, ਜੋ ਹਰ ਮਜ਼੍ਹਬ ਨੇ ਆਪਣੇ ਆਪਣੇ ਫ਼ਿਤਰੀ ਪਹਿਲੂ ਤੋਂ, ਆਪਣੀ ਆਪਣੀ ਸਾਧਨਾ ਨਾਲ ਖੋਲ੍ਹਣੀਆਂ ਹੁੰਦੀਆਂ ਹਨ! ਤੇ ਉਸ ਤੋਂ ਬਾਅਦ ਆਪਣਾ ਰੂਹਾਨੀ ਦੀਦਾਰ ਪਾਣਾ ਹੁੰਦਾ ਹੈ!

ਜਿਨ੍ਹਾਂ ਇਲਮ ਵਾਲਿਆਂ ਨੇ ਕੋਈ ਸਿੱਧੀਆਂ ਹਾਸਿਲ ਕੀਤੀਆਂ ਹੋਈਆਂ ਹਨ, ਮੈਂ ਉਹਨਾਂ ਨੂੰ ਮਿਲੀ ਤੇ ਚਾਲ੍ਹੀ ਨੰਬਰ ਦਾ ਰਾਜ਼ ਜਾਨਣਾ ਚਾਹਿਆ। ਉਹ ਮੈਨੂੰ ਸਿੱਧੀ ਹਾਸਲ ਕਰਨ ਦਾ ਹਰ ਵੇਰਵਾ ਦੱਸ ਸਕੇ, ਪਰ ਇਹ ਭੇਤ ਉਹਨਾਂ ਦੀ ਜਾਣਕਾਰੀ ਵਿਚ ਨਹੀਂ ਸੀ ਕਿ ਇਸ ਤਰ੍ਹਾਂ ਦੀ ਕਿਸੇ ਰੂਹਾਨੀ ਪ੍ਰਾਪਤੀ ਲਈ ਇਹ ਅਰਸਾ ਕਿਉਂ ਮਿਥਿਆ ਗਿਆ ਹੈ ਤੇ ਇਸ ਅੰਕ ਦੀ ਕੀ ਬੁਨਿਆਦ ਹੈ।

ਇਹ ਅਰਸਾ – ਸਿਰਫ ਦੇਵੀ ਦੇਵਤਿਆਂ ਦੀ ਸਾਧਨਾ ਲਈ ਹੀ ਮੁਕਰਰ ਨਹੀਂ ਹੁੰਦਾ, ਅੱਲਾ ਵਾਲੇ ਕੁਰਾਨ ਦੀ ਕਿਸੇ ਆਇਤ ਦੇ ਨੰਬਰ ਗਿਣ ਕੇ ਓਨੀ ਮਰਤਬਾ ਉਸ ਕਲਾਮ ਨੂੰ ਚਾਲ੍ਹੀਆਂ ਦਿਨਾਂ ਵਿਚ ਪੜ੍ਹਦੇ ਹਨ ਤੇ ਇਲਮੇ ਜਫਰ ਹਾਸਿਲ ਕਰਦੇ ਹਨ।

ਇਹ ਚਾਲ੍ਹੀ ਅੰਕ, ਸਮਾਜ ਦਾ ਵੀ ਅਚੇਤ ਅੰਗ ਬਣ ਗਿਆ ਹੋਇਆ ਹੈ। ਸੂਤਕ ਦੇ ਵੀ ਚਾਲ੍ਹੀ ਦਿਨ ਮੰਨੇ ਜਾਂਦੇ ਹਨ। ਤੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਜੋ ਔਰਤ ਮਾਂ ਬਣਦੀ ਹੈ, ਉਹ ਬੜੇ ਸਗਣਾਂ ਨਾਲ ਚਲ੍ਹੀਆ ਨਹਾਉਂਦੀ ਹੈ।

ਕੋਲਿਨ ਵਿਲਸਨ ਨੇ ਜਿਸ ਲੈਖਬਰਿਜ ਦਾ ਜ਼ਿਕਰ ਕੀਤਾ ਹੈ, ਕਿ ਜ਼ਮੀਨ ਦੋਜ਼ ਧਾਤੂਆਂ ਦਾ ਪਤਾ ਲਾਂਦਿਆਂ ਕਿੰਨੇ ਇੰਚਾਂ ਦੇ ਫ਼ਾਸਲੇ ਤੋਂ ਉਹਦਾ ਪੈਂਡੂਲਮ ਕਿਹੜੀ ਧਾਤ ਦੀ ਸੂਹ ਦੇਂਦਾ ਹੈ, ਉਹਨੇ ਜਾਣਿਆਂ ਸੀ ਕਿ ਚਾਲ੍ਹੀ ਇੰਚਾਂ ਦੇ ਫ਼ਾਸਲੇ ਤੋਂ ਉਸ ਸਤਹ ਦਾ ਪਤਾ ਲੱਗਦਾ ਹੈ, ਜੋ ਸਾਡੀ ਦਿਸਦੀ ਦੁਨੀਆਂ ਤੋਂ ਉਪਰਲੀ ਸਤਹ ਹੈ।

ਜਾਪਿਆ ਇਸ ਉਪਰਲੀ ਸਤਹ ਦਾ ਰਾਜ਼ ਸਾਡੇ ਪੀਰਾਂ ਪੈਗੰਬਰਾਂ ਨੇ ਜ਼ਰੂਰ ਪਾਇਆ ਹੋਵੇਗਾ ਤਾਂ ਹੀ ਇਨਸਾਨ ਦੀ ਮਾਨਸਿਕ ਅਵਸਥਾ ਨੂੰ ਉਸ ਸਤਹ ਉੱਤੇ ਲੈ ਜਾਣ ਲਈ, ਚਾਲ੍ਹੀਆਂ ਦਿਨਾਂ ਦੀ ਸਾਧਨਾਂ ਦਾ ਅਰਸਾ ਮੁਕਰਰ ਕੀਤਾ ਹੋਵੇਗਾ।

ਜ਼ਰੂਰ ਇਹੋ ਚਾਲ੍ਹੀ ਪੜਾਅ ਹੋਣਗੇ, ਜੋ ਰੂਹਾਨੀ ਇਲਮ ਨੂੰ ਪਾਣ ਲਈ ਉਸ ਰਾਹ ਦੇ ਮੁਸਾਫਰ ਨੇ ਤੈਹ ਕਰਨੇ ਹੋਣਗੇ। ਤੇ ਜ਼ਰੂਰ ਇਹਨਾਂ ਨੂੰ ਹੀ ਚਾਲ੍ਹੀ ਗੰਢਾਂ ਆਖ ਕੇ, ਮਨ ਦੀ ਉੱਚੀ ਅਵਸਥਾ ਤੇ ਪਹੁੰਚਣ ਦਾ ਰਾਜ਼ ਨੁਮਾਇਆ ਕਰਦਿਆਂ, ਬੁਲ੍ਹੇਸ਼ਾਹ ਨੇ ਕਿਹਾ – ਕਰ ਬਿਸਮਿੱਲਾ ਖੋਲ੍ਹੀਆਂ ਮੈਂ ਚਾਲ੍ਹੀ ਗੰਢਾਂ…

ਯਾਦ ਆਇਆ ਕਿ ਕੀਰੋ ਨੇ ਕਿਸੇ ਕਿਤਾਬ ਵਿਚ ਅੰਕ ਵਿਦਿਆ ਦੀ ਗੱਲ ਕਰਦਿਆਂ ਰੂਹਾਨੀ ਅੰਕਾਂ ਦੀ ਗੱਲ ਵੀ ਕੀਤੀ ਹੈ। ਮੈਂ ਉਹ ਕਿਤਾਬ ਲੱਭੀ, ਜਿਹਦੇ ਵਿਚ ਏਸ ਚਾਲ੍ਹੀ ਅੰਕ ਦੀ ਤਸ਼ਰੀਹ ਦਿੱਤੀ ਹੋਈ ਹੈ। ਅੰਕ ਤੀਹ ਦੀ ਤਸ਼ਰੀਹ ਕਰਦਿਆਂ ਕੀਰੋ ਲਿਖਦਾ ਹੈ-

This is a number of thoughtful deduction retrospection and mental superiority over one’s fellows, but as it seems to belong completely to the mental plane, the persons it represents are likely to put all material things on one side not because they wish to do so. It depends on the mental outlook of the person it represents. It can be all powerful but it is just as often indifferent according to the will or desire of the person. ਤੇ ਅੱਗੋਂ ਅੰਕ ਇਕੱਤੀ ਬਾਰੇ ਕੀਰੋ ਲਿਖਦਾ ਹੈ –
This number is very similar to the receding one, except that the person it represents is even more self-contained only and isolated from his fellows.
ਅਤੇ ਅੰਕ ਚਾਲ੍ਹੀ ਬਾਰੇ ਕੀਰੋ ਆਖਦਾ ਹੈ – It has the same meaning as the number thirty one.

ਓ ਖੁਦਾਇਆ! ਉਹ ਤਾਂ ਇਨਸਾਨ ਦੀ ਅੰਤਰਮੁਖੀ ਯਾਤਰਾ ਸੀ, ਹਰ ਬੰਧਨ ਤੋਂ ਮੁਕਤੀ ਸੀ, ਕਿਸੇ ਅਪਾਰ ਦਾ ਜਲਵਾ ਸੀ, ਪਰ ਅਸੀਂ ਜੋ ਆਪਣੇ ਆਪਣੇ ਮਜ਼੍ਹਬ ਦੇ ਪੈਰੋਕਾਰ ਹਾਂ, ਅਸੀਂ ਤਾਂ ਤਅੱਸਬ ਦੀਆਂ ਗੰਢਾਂ ਨੂੰ ਹੋਰ ਪੀਚਵੀਂਆਂ ਕਰੀ ਜਾਂਦੇ ਹਾਂ।

ਅੱਜ ਮਜ਼੍ਹਬ ਦੇ ਨਾਂ ਤੇ ਸਾਡੇ ਹੱਥ ਇਨਸਾਨ ਦੇ ਲਹੂ ਵਿਚ ਭਿੱਜੇ ਹੋਏ ਹਨ ਤੇ ਅਸੀਂ ਲਹੂ ਭਿੱਜੇ ਹੱਥਾਂ ਨਾਲ ਆਪਣੇ ਆਪਣੇ ਮਜ਼੍ਹਬ ਨੂੰ ਪ੍ਰਣਾਮ ਕਰਦੇ ਹਾਂ, ਸਜਦਾ ਕਰਦੇ ਹਾਂ, ਤਾ ਪਤਾ ਨਹੀਂ ਕਿਹੋ ਕਿਹੋ ਜਿਹੇ ਦਾਗ਼ ਅਸੀਂ ਆਪਣੇ ਮਜ਼੍ਹਬ ਦੇ ਮੱਥੇ ਉੱਤੇ ਲਾ ਦੇਂਦੇ ਹਾਂ…

ਜ਼ਰੂਰ ਇਹੋ ਮੇਰੇ ਸੁਪਨੇ ਦਾ ਇਕ ਗੁੱਝਾ ਸੰਕੇਤ ਸੀ, ਅੱਜ ਦੀ ਹਾਲਤ ਵੱਲ ਜਿੱਥੇ –

ਜਦ ਲੋਹਾ ਚੜ੍ਹਦਾ ਸਾਨ, ਬੰਦਿਆਂ ਦੇ ਮੂੰਹ ਤਿੱਖੇ
ਪ੍ਰੀਤਾਂ ਦੇ ਮੂੰਹ ਖੁੰਢੇ, ਸੂਹੀਆਂ ਰੱਤ ਦੀਆਂ ਨਾੜਾਂ
ਕਾਲੇ ਨਾਗੀਂ ਡੰਗੀਆਂ ਨੀਲੀਆਂ ਪੈਂਦੀਆਂ ਜਾਣ
ਤੇ ਚੁੰਮਣ ਜੋਗੇ ਹੋਠ ਕਿਸੇ ਦੇ ਝੱਗ ਝੱਗ ਹੋ ਜਾਣ –

ਤੇ ਜ਼ਰੂਰ ਇਹੋ ਪੈਗ਼ਾਮ ਸੀ, ਹਰ ਮਜ਼੍ਹਬ ਦੀ ਯਾਤਰਾ ਵੱਲ, ਜਿਹਨੇ ਚਾਲ੍ਹੀ ਪੜਾਅ ਤੈਹ ਕਰਨੇ ਹੁੰਦੇ ਹਨ, ਤੇ ਅੱਜ ਉਹ ਇਕੋ ਥਾਵੇਂ ਖਲੋਤਾ, ਹੈਰਾਨ ਆਪਣੇ ਪੈਰੋਕਾਰਾਂ ਵਲ ਵੇਖ ਰਿਹਾ ਹੈ…

ਇਹੋ ਮੇਰੇ ਮਨ ਦੀ ਜੁਸਤਜੂ ਸੀ – ਕਿ ਫੇਰ ਤਾਰਿਆਂ ਦੇ ਇਲਮ ਤੋਂ ਇਹਦਾ ਸੰਕੇਤ ਮਿਲਿਆ ਕਿ 360 ਡਿਗਰੀ ਦੀ ਕਾਲ- ਗਿਣਤੀ ਨੂੰ ਜਦੋਂ ਬਾਰਾਂ ਹਿੱਸਿਆਂ ਵਿਚ ਤਕਸੀਮ ਕੀਤਾ ਜਾਂਦਾ ਹੈ ਤਾਂ ਕਰੀਬ ਸਵਾ ਦੋ ਨਛੱਤਰ ਹੁੰਦੇ ਹਨ, ਜੋ ਹਰ ਹਿੱਸੇ ਦੀ ਰਾਸ਼ੀ ਉਤੇ ਪ੍ਰਭਾਵਸ਼ਾਲੀ ਹੁੰਦੇ ਹਨ। ਤੇ ਉਹਨਾਂ 27 ਨਛੱਤਰਾਂ ਦੀ, 12 ਰਾਸ਼ੀਆਂ ਵਿਚ ਜਮ੍ਹਾ ਦੀ ਜੋ ਗਿਣਤੀ 39 ਅੰਕ ਹੈ, ਉਸੇ ਦਾ 40 ਵਾਂ ਅੰਕ ਉਹਨਾਂ ਦੇ ਰਾਜ਼ ਨੂੰ ਨੁਮਾਇਆ ਕਰਦਾ ਹੈ। ਯਾਨੀ – 39 ਅੰਕਾਂ ਦੇ ਦੁਖ ਸੁਖ ਨੂੰ ਝੱਲਣ ਤੋਂ ਬਾਅਦ ਇਹ 40ਵਾਂ ਅੰਕ ਹੁੰਦਾ ਹੈ, ਜੋ ਸ੍ਵੈ ਦੀ ਪਹਿਚਾਣ ਦੇਂਦਾ ਹੈ।

ਮਾਨਸਿਕ ਗੁਲਾਮੀ ਦੀਆਂ ਸਚਮੁਚ ਚਾਲ੍ਹੀ ਗੰਢਾਂ ਹੁੰਦੀਆਂ ਹਨ, ਜਿਸ ਕਟੜਤਾ ਨੂੰ ਜੇ ਇਨਸਾਨ ਆਪਣੇ ਪੋਟਿਆਂ ਨਾਲ ਖੋਲ੍ਹ ਲਵੇ, ਤਾਂ ਮਨ ਦੀ ਉਸ ਅਵਸਥਾ ਤੇ ਪਹੁੰਚ ਜਾਂਦਾ ਹੈ, ਜਿਥੇ ਬੁਲ੍ਹੇਸ਼ਾਹ ਪਹੁੰਚਿਆ ਸੀ। ਤੇ ਅਨੰਤ ਸ਼ਕਤੀ ਵਿਚ ਆਪਣੀ ਲੀਨਤਾ ਵੱਲ ਉਹਨੇ ਇਸ਼ਾਰਾ ਕਰਦਿਆਂ ਆਖਿਆ ਸੀ – ਅਲਫ਼ ਅੱਲਾ ਦਿਲ ਰੱਤਾ ਮੇਰਾ ਮੈਨੂੰ ਬੇ ਦੀ ਖ਼ਬਰ ਨਾ ਕਾਈ…

ਖੁਦਾਇਆ ! ਇਹ ਤਾਂ ਇਸ਼ਕ ਦੀ ਇਨਤਹਾ ਹੈ, ਪਰ ਅਸੀਂ ਇਹਦੀ ਇਬਤਦਾ ਕਦੋਂ ਕਰਾਂਗੇ ? ਕਦੋਂ ਸਾਡੇ ਮੂੰਹੋਂ ਨਿਕਲੇਗਾ – ਬਿਸਮਿੱਲਾ ! ਤੇ ਸਾਡੇ ਹਰ ਮਜ਼੍ਹਬ ਦੇ ਹੱਥ ਉਹਨਾਂ ਗੰਢਾਂ ਵੱਲ ਵੇਖਣ ਲੱਗ ਪੈਣਗੇ, ਜਿਨ੍ਹਾਂ ਨੂੰ ਅਸਾਂ ਸਭ ਪੈਰੋਕਾਰਾਂ ਨੇ ਇਕ ਇਕ ਕਰਕੇ ਆਪਣੇ ਪੋਟਿਆਂ ਨਾਲ ਖੋਲ੍ਹਣਾ ਹੈ !

ਨਹੀਂ ਜਾਣਦੀ ਕਿ ਇਹ ਮੇਰਾ ਸੁਪਨਾ ਕਦੋਂ ਸੱਚ ਹੋਵੇਗਾ !

(ਚੋਣਵੇਂ ਪੱਤਰੇ ਵਿਚੋਂ)

 

Loading spinner