ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

 

ਪਿਆਰ
ਪ੍ਰੋਫੈਸਰ ਸਾਹਿਬ ਸਿੰਘ

ਜਦੋਂ ਮਨੁੱਖ ਸਰਬ-ਵਿਆਪਕ ਪ੍ਰਭੂ ਨਾਲ ਆਪਣੇ ਆਪ ਨੂੰ ਜੋੜ ਲੈਂਦਾ ਹੈ, ਉਸ ਦੇ ਅੰਦਰ ਪਿਆਰ ਦੇ ਸੋਮੇ ਪ੍ਰਭੂ ਦਾ ਵਾਸ ਹੋਣ ਕਰਕੇ “ਪਿਆਰ” ਇਤਨਾ ਫੁੱਟ ਪੈਂਦਾ ਹੈ ਕਿ ਉਸ ਨੂੰ ਹਰ ਥਾਂ ਭਲਾਈ ਤੇ ਨੇਕੀ ਦਿਸਦੀ ਹੈ। ਨੇਕ ਜੁਧਿਸ਼ਟਰ ਨੂੰ ਜਦੋਂ ਕ੍ਰਿਸ਼ਨ ਜੀ ਨੇ ਬੁਰਾ ਤੇ ਭਲਾ ਮਨੁੱਖ ਲੱਭਣ ਘੱਲਿਆ ਤਾਂ

“ਬੁਰਾ ਨਾ ਕੋਈ ਜੁਧਿਸ਼ਟਰੇ,
ਦੁਰਯੋਧਨ ਕੋ ਭਲਾ ਨ ਦੇਖੈ।”
ਕਿਉਂ?

ਪ੍ਰਭੂ ਸਭ ਦੇ ਅੰਦਰ ਵਸਦਾ ਹੈ, ਜਦੋਂ ਉਹ ਸਾਡੇ ਅੰਦਰ ਪ੍ਰਤੱਖ ਜਲਵਾਗਰ ਹੁੰਦਾ ਹੈ ਤਾਂ ਅਸਾਨੂੰ ਯਕੀਨ ਬਣਦਾ ਜਾਪਦਾ ਹੈ ਕਿ ਜਗਤ ਦੇ ਸਾਰੇ ਜੀਵਾਂ ਨਾਲ ਸਾਡੀ ਸਾਂਝ ਹੈ, ਅਸੀਂ ਉਹਨਾਂ ਨਾਲ ਅਭੇਦ ਹਾਂ। ਇਹ ਯਕੀਨ ਬਣਿਆ ਫਿਰ ਅਸੀਂ ਕਿਸੇ ਨੂੰ ਦੁੱਖ ਨਹੀਂ ਦੇ ਸਕਦੇ। ਜੇ ਅਸੀਂ ਆਪਣੇ ਸਰੀਰ ਦੇ ਕਿਸੇ ਅੰਗ ਨੂੰ ਕਸ਼ਟ ਦਈਏ, ਤਾਂ ਉਸ ਦੀ ਪੀੜ ਸਾਰੇ ਅੰਗਾਂ ਨੂੰ, ਸਾਰੇ ਹੀ  ਸਰੀਰ ਨੂੰ ਝੱਲਣੀ ਪੈਂਦੀ ਹੈ। ਇਹ ਸਾਰਾ ਜਗਤ ਪ੍ਰਭੂ ਦਾ “ਆਕਾਰ” ਹੈ, ਪ੍ਰਭੂ ਦਾ ਸਰੀਰ ਹੈ, ਕਿਸੇ ਇੱਕ ਅੰਗ ਨੂੰ ਦੁੱਖ ਦਿੱਤਿਆਂ ਅਸਾਂ ਨੂੰ ਵੀ ਉਸ ਦੁੱਖ ਵਿਚ ਹਿੱਸਾ ਵੰਡਾਣਾ ਪਏਗਾ, ਅਸਾਂ ਨੂੰ ਵੀ ਉਹ ਪੀੜ ਸਹਿਣੀ ਪਏਗੀ।

ਜਦੋਂ ਇਹ ਨਿਸ਼ਚਾ ਹੋ ਜਾਏ ਕਿ ਇੱਕੋ ਹੀ ਜੀਵ-ਰੌਂ ਸਭ ਦੇ ਅੰਦਰ ਰੁਮਕ ਰਹੀ ਹੈ, ਅਸੀਂ ਸਾਰੇ ਇੱਕੋ ਹੀ ਜੀਵਣ ਸੋਮੇਂ ਦੇ ਸਾਂਝੀਵਾਲ ਹਾਂ, ਤਾਂ ਦੂਜਿਆਂ ਦੇ ਵਿਰੁੱਧ ਸਾਡੇ ਅੰਦਰ ਟਿਕੀ ਹੋਈ ਨਫ਼ਰਤ ਦੂਰ ਹੋ ਜਾਂਦੀ ਹੈ, ਦੂਜਿਆਂ ਦੇ ਵਿਰੁੱਧ ਬੱਝੀਆਂ ਗੰਢਾਂ ਖੁਲ੍ਹ ਜਾਂਦੀਆਂ ਹਨ, “ਪਿਆਰ” ਦਾ ਸੋਮਾ ਅਸਾਡੇ ਅੰਦਰ ਫੁੱਟ ਨਿਕਲਦਾ ਹੈ, ਸਾਡੇ ਦਿਲ ਉੱਤੇ “ਪਿਆਰ” ਹੀ ਰਾਜ ਕਰਨ ਲੱਗ ਪੈਂਦਾ ਹੈ। ਜਿਧਰ ਜਾਂਦੇ ਹਾਂ, ਜਿਧਰ ਤੱਕਦੇ ਹਾਂ, ਸਾਡੇ ਅੰਦਰ ਵਸਦਾ ਪ੍ਰਭੂ ਹੀ ਹਰ ਥਾਂ ਦਿਸਦਾ ਹੈ

“ਆਠ ਜਾਮ ਚਊਸਠਿ ਘਰੀ ਤੁਅ ਨਿਰਖਤ ਜੀਉ।।
ਨੀਚੇ ਲੋਇਨ ਕਿਉਂ ਕਰਉ, ਸਭ ਘਟਿ ਦੇਖਉ ਪੀਉ।।”
(ਕਬੀਰ 137)

ਅੰਗਰੇਜ਼ੀ ਵਿਚ ਇਕ ਅਖਾਣ ਹੈ – Those who rise by the sword shall perish by the sword

ਸ੍ਰੀ ਕਲਗੀਧਰ ਜੀ ਵੀ ਜ਼ਫਰਨਾਮੇ ਵਿਚ ਔਰੰਗਜ਼ੇਬ ਨੂੰ ਸਮਝਾਉਂਦੇ ਹੋਏ ਇਉਂ ਆਖਦੇ ਹਨ –

“ਮੱਜਨ ਤੇਗ਼ ਥਰ ਖੂਨਿ ਕਸ ਬੇ ਦਰੇਗ।”

ਏਸ ਗੱਲ ਨੂੰ ਜੇ ਸਾਇੰਸ ਦੀ ਕਸਵੱਟੀ ਤੇ ਪਰਖੀਏ, ਤਾਂ ਸੋਲ੍ਹਾਂ ਆਨੇ ਠੀਕ ਉਤਰਦੀ ਹੈ। ਮਨੁੱਖ ਦੇ ਮਨ ਵਿਚੋਂ ਉਠਦਾ ਖਿਆਲ ਇੱਕ ਬੜੀ ਜ਼ਬਰਦਸਤ ਤਾਕਤ ਹੈ। ਜਿਸ ਵੇਲੇ ਹੀ ਅਸੀਂ ਕਿਸੇ ਇਨਸਾਨ ਦੇ ਵਿਰੁੱਧ ਕੋਈ ਨਫ਼ਰਤ ਵਾਲਾ ਖਿਆਲ ਆਪਣੇ ਵਿਚ ਲਿਆਉਂਦੇ ਹਾਂ, ਉਸ ਮੰਦੇ ਖਿਆਲ ਦੀਆਂ ਠੋਕਰਾਂ ਆਕਾਸ਼ ਵਿਚ ਵੱਜ ਕੇ ਤੁਰੰਤ ਸਾਡੇ ਹਿਰਦੇ ਤੇ ਜਾ ਵਜਦੀਆਂ ਹਨ, ਜਿਸ ਦੇ ਵਿਰੁੱਧ ਸਾਡੇ ਅੰਦਰ ਨਫ਼ਰਤ ਪੈਦਾ ਹੋਈ ਸੀ। ਉਸ ਦੇ ਹਿਰਦੇ ਵਿਚੋਂ ਇਹ ਨਫ਼ਰਤ ਦੀਆਂ ਠੋਕਰਾਂ ਪੈਦਾ ਕਰ ਕੇ ਮੁੜ ਸਾਡੇ ਪਾਸ ਲੈ ਆਉਂਦੀਆਂ ਹਨ। ਇਹ ਤਮਾਸ਼ਾ ਅਸੀਂ ਹਰ ਰੋਜ਼ ਰੇਡੀਓ ਵਿਚ ਤੱਕਦੇ ਹਾਂ। ਕਿਸੇ ਰੇਡੀਓ ਸਟੇਸ਼ਨ ਤੋਂ ਚਲਾਈ ਲਹਿਰ ਤਾਂ ਹੀ ਅਸਲ ਕਰਦੀ ਹੈ ਜੇ ਰੇਡੀਓ ਦੀ ਸੂਈ ਉਸ ਸੇਧ ਵਿਚ ਕਰੀਏ ਜਿਸ ਸੇਧ ਵਿਚ ਸਟੇਸ਼ਨ ਤੋਂ ਲਹਿਰ ਚੱਲੀ ਹੈ। ਇਸ ਨਫ਼ਰਤ ਦਾ ਕੀ ਸਿੱਟਾ ਨਿਕਲਦਾ ਹੈ। ਹਰੇਕ ਚੰਗਾ-ਮੰਦਾ ਖਿਆਲ ਹਰੇਕ ਵਿਕਾਰੀ ਜਜ਼ਬਾ ਸਾਡੇ ਮਨ ਉੱਤੇ ਅਸਰ ਪਾਂਦਾ ਹੈ। ਸੋ ਜਿਸ ਤੋਂ ਨਫ਼ਰਤ ਕਰ ਰਹੇ ਹਾਂ ਉਸ ਨਾਲੋਂ ਵਧੀਕ ਮਾੜਾ ਅਸਰ ਸਾਡੇ ਆਪਣੇ ਉੱਤੇ ਪੈਂਦਾ ਹੈ।

ਸਭ ਭੁੱਲਾਂ, ਪਾਪਾਂ ਤੇ ਗੁਨਾਹਾਂ ਦਾ ਮੂਲ ਕਾਰਨ ਖ਼ੁਦਗਰਜ਼ੀ ਹੈ, ਅਤੇ ਖ਼ੁਦਗਰਜ਼ੀ ਜਹਾਲਤ, ਅਗਿਆਨਤਾ ਤੋਂ ਪੈਦਾ ਹੁੰਦੀ ਹੈ। ਇਹ ਜਾਹਲ, ਮੂਰਖ ਦਾ ਕੰਮ ਹੈ ਕਿ ਆਪਣੇ ਹੀ ਸੁਖ ਤੇ ਲਾਭ ਦਾ ਖਿਆਲ ਕਰਦਾ ਹੈ, ਭਾਵੇਂ ਏਸ ਦੇ ਸਾਰੇ ਸੁਖ ਦੇ ਟਾਕਰਿਆਂ ਤੇ ਕਿਤਨਿਆਂ ਦਾ ਹੀ ਨੁਕਸਾਨ ਹੋ ਜਾਏ, ਆਪਣੀ ਨਿੱਕੀ ਜਿਹੀ ਹਸਤੀ ਖਾਤਰ ਪਿਤਾ ਪ੍ਰਭੂ ਦੇ ਵੱਡੇ ਪਰਿਵਾਰ ਦੀ ਪਰਵਾਹ ਨਹੀਂ ਕਰਦਾ। ਸੋ ਜਾਹਲ ਹੀ ਖ਼ੁਦਗਰਜ਼ ਹੁੰਦਾ ਹੈ। ਅਸਲ ਗਿਆਨੀ ਕਦੇ ਖ਼ੁਦਗਰਜ਼ ਨਹੀਂ ਹੋ ਸਕਦਾ। ਉਹ ਇਹ ਸਮਝਦਾ ਤੇ ਵੇਖਦਾ ਹੈ ਕਿ ਮੈਂ ਇਕ ਵੱਡੇ ਪਰਿਵਾਰ ਦਾ ਅੰਗ ਹਾਂ ਸਾਰੇ ਸਰੀਰ ਨੂੰ ਕੋਈ ਸੁਖ ਮਿਲਿਆ ਮੈਨੂੰ ਨਿੱਕੇ ਜਿਹੇ ਅੰਗ ਨੂੰ ਵੀ ਉਹ ਸੁਖ ਮਿਲ ਜਾਏਗਾ। ਸੋ, ਗਿਆਨੀ ਨਿਰਾ ਆਪਣੇ ਵਾਸਤੇ ਕਦੇ ਉਹ ਸੁਖ ਨਹੀਂ ਮੰਗਦਾ, ਜੋ ਉਹ ਸਾਰੀ ਮਨੁੱਖ ਜਾਤੀ ਵਾਸਤੇ ਨਹੀਂ ਮੰਗਦਾ। ਨਿਰੀਆਂ ਕਿਤਾਬਾਂ ਪੜ੍ਹ ਲੈਣੀਆਂ ਗਿਆਨੀ ਦਾ ਲੱਛਣ ਨਹੀਂ –

“ਪੜ੍ਹਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੁੰਕਾਰਾ।।” (140)

ਕਈ ਬੰਦੇ ਆਖਦੇ ਸੁਣੀਂਦੇ ਹਨ – “ਫਲਾਣੇ ਬੰਦੇ ਵਿਚ ਤਾਂ ਕੋਈ ਲੱਛਣ ਇਨਸਾਨੀਅਤ ਵਾਲਾ ਨਹੀਂ ਦਿਸਦਾ,” ਇਹ ਗੱਲ ਗ਼ਲਤ ਹੈ। ਜੋ ਇਹ ਆਖਦਾ ਹੈ ਉਹ ਅਜੇ ਆਪ ਸੁਜਾਖਾ ਨਹੀਂ ਹੈ। ਜਿਸ ਬੰਦੇ ਵਿਚ ਤੁਹਾਨੂੰ ਕੋਈ “ਗੁਣ” ਨਹੀਂ ਲੱਭਦਾ, ਉਸ ਵੱਲ ਹੋਰ ਡੂੰਘੀ ਨਿਗਾਹ ਮਾਰੋ, ਉਥੇ ਵੀ ਤੁਹਾਨੂੰ ਰੱਬ ਵਸਦਾ ਦਿਸੇਗਾ। ਪਰ, ਇਹ ਚੇਤੇ ਰੱਖੋ, ਰੱਬ ਨੂੰ ਰੱਬ ਹੀ ਪਛਾਣ ਸਕਦਾ ਹੈ। ਜਿਨ੍ਹਾਂ ਕੋੜ੍ਹੀਆਂ ਨੂੰ ਜਗਤ ਦੇ ਬੰਦਿਆਂ ਨੇ ਦੁਤਕਾਰ ਦਿੱਤਾ ਸੀ, ਸਤਿਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਅਪਣਾਇਆ, ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਆਪਣਾ ਪੁੱਤਰ ਆਖਿਆ। ਉਹ ਜਾਣਦੇ ਸਨ ਤੇ ਹਰ ਇੱਕ ਵਿਚ ਵਸਦੇ ਰੱਬ ਨੂੰ ਪਛਾਣਦੇ ਸਨ, ਕਿਉਂਕਿ ਉਹਨਾਂ ਪਹਿਲਾਂ ਆਪਣੇ ਅੰਦਰ ਬੈਠੇ ਨੂੰ ਵੇਖ ਲਿਆ ਸੀ। ਗੁਰੂ ਨਾਨਕ ਦੇਵ ਜੀ ਨੇ ਸ਼ੂਦਰਾਂ ਤੇ ਨੀਵਿਆਂ ਨਾਲ ਬੈਠ ਕੇ ਰੋਟੀ ਖਾਧੀ, ਉੱਚਿਆਂ ਨੇ ਇਹਨਾਂ ਨੂੰ “ਕੁਰਾਹੀਆ” ਆਖਿਆ। ਗੁਰੂ ਅਮਰ ਦਾਸ ਜੀ ਨੇ ਇਹਨਾਂ ਨਾਲ ਆਪਣੇ ਲੰਗਰ ਦੀ ਸਾਂਝ ਪਾਈ, ਉੱਚਿਆਂ ਨੇ ਏਸ ਨੂੰ ਭਾਰਾ “ਅਨਰਥ” ਕਿਹਾ ਤੇ ਏਸ ਲੰਗਰ ਨੂੰ ਬੰਦ ਕਰਨ ਦੇ ਲਈ ਜਤਨ ਕੀਤੇ। ਉਹ ਲੋਕ ਆਪਣੀ ਉੱਚਤਾ ਦੀ ਅਪਣੱਤ ਵਿਚ ਵੜੇ ਪਏ ਸਨ, ਇਹਨਾਂ ਦੇ ਦੁਆਲੇ ਏਸ ਤੰਗਦਿਲੀ ਦੀਆਂ ਕੰਧਾ ਇਤਨੀਆਂ ਉੱਚੀਆਂ ਤੇ ਮੋਟੀਆਂ ਹੋ ਚੁੱਕੀਆਂ ਸਨ ਕਿ ਇਹਨਾਂ ਨੂੰ ਆਪਣੇ ਅੰਦਰ ਵਸਦੇ ਪਿਤਾ-ਪ੍ਰਭੂ ਦਾ ਦੀਦਾਰ ਨਾ ਹੋਇਆ। ਇਹ ਵਿਚਾਰੇ ਉਸ ਨੂੰ ਦੂਜਿਆਂ ਵਿਚ ਕਿਵੇਂ ਵੇਖ ਸਕਦੇ ?

ਇਸ ਜੀਵਣ-ਸਫ਼ਰ ਵਿਚ ਜਿਸ ਬੰਦੇ ਨਾਲ ਸਾਨੂੰ ਵਾਹ ਪੈਂਦਾ ਹੈ, ਜੋ ਹਰੇਕ ਦੇ ਵਾਸਤੇ ਸਾਡੇ ਹਿਰਦੇ ਵਿਚ ਪਿਆਰ ਪੈਦਾ ਹੋਵੇ, ਤਾਂ ਇਹ ਪਿਆਰ ਦੀ ਰੌ ਉਹਨਾਂ ਦੇ ਹਿਰਦੇ ਨਾਲ ਟੱਕਰ ਖਾ ਕੇ ਉਥੇ ਵੀ ਸਾਡੇ ਵਾਸਤੇ ਪਿਆਰ ਦੀਆਂ ਲਹਿਰਾਂ ਪੈਦਾ ਕਰੇਗੀ, ਜੋ ਮੁੜ ਸਾਡੇ ਹਿਰਦੇ ਵਿਚ ਅੱਪੜ ਕੇ ਸਾਨੂੰ ਠੰਡਕ ਦੇਣਗੀਆਂ। ਸਾਇੰਸ ਦਾ ਇਹ ਡੂੰਘਾ ਅਸੂਲ ਹੈ।

ਸਾਰੇ ਜਗਤ ਵਿਚ ਅਸੀਂ ਤਦੋਂ ਹੀ ਪਿਆਰ ਕਰ ਸਕਦੇ ਹਾਂ, ਜੇ ਸਭ ਥਾਂ ਪਿਤਾ-ਪ੍ਰਭੂ ਹੀ ਨਜ਼ਰੀਂ ਆਵੇ, ਤਾਹੀਏਂ ਫ਼ਰੀਦ ਜੀ ਵੀ ਆਖਦੇ ਹਨ –

ਆਪ ਸਵਾਰਹਿ ਮੈ ਮਿਲਹਿ, ਮੈਂ ਮਿਲਿਆ ਸੁਖੁ ਹੋਇ।।
ਫ਼ਰੀਦਾ ਜੇ ਤੂੰ ਮੇਰਾ ਹੋਇ ਰਹਹਿ, ਸਭੁ ਜਗੁ ਤੇਰਾ ਹੋਇ।। (1382)

ਸਾਡੇ “ਖਿਆਲ” ਇਕ ਬੜੀ ਜ਼ਬਰਦਸਤ ਤਾਕਤ ਹਨ। ਜਿਤਨਾ ਪਿਆਰ ਅਸੀਂ ਕਰਾਂਗੇ ਉਤਨਾ ਹੀ ਪਿਆਰ ਸਾਡੇ ਨਾਲ ਕੀਤਾ ਜਾਵੇਗਾ। ਸਾਡੇ ਖਿਆਲ ਜੋ ਅਸਰ ਦੂਸਰਿਆਂ ਉੱਤੇ ਜਾ ਕੇ ਪਾਉਂਦੇ ਹਨ, ਉਸੇ ਅਸਰ ਨਾਲ ਲੱਦੇ ਹੋਏ ਮੁੜ ਸਾਡੇ ਪਾਸ ਆ ਜਾਂਦੇ ਹਨ।

ਮਨੁੱਖ ਦੇ ਇਹਨਾਂ ਖਿਆਲਾਂ ਦੇ ਆਸਰੇ ਹੀ ਉਸ ਦੇ “ਬੋਲ” ਬਣਦੇ ਹਨ ਤੇ “ਕਿਸਮਤ” ਘੜੀਦੀ ਹੈ। ਪਰ ਹਰੇਕ ਨਾਲ ਪਿਆਰ ਕਰਨ ਦੀ ਵਾਦੀ ਕਿਵੇਂ ਬਣੇ ? ਸਭ ਨਾਲ ਪਿਆਰ ਕਰਨ ਦੀ ਵਾਦੀ ਤਾਂ ਹੀ ਬਣ ਸਕਦੀ ਹੈ, ਜੇ ਅਸੀਂ ਹਰ ਵੇਲੇ “ਆਕਾਸ਼” ਵਿਚ ਉਹਨਾਂ ਹੀ ਖਿਆਲਾਂ ਦਾ ਹਿਲੂਣਾ ਦੇਂਦੇ ਰਹੀਏ ਜੋ ਪਿਆਰ ਹੀ ਪਿਆਰ ਦੀ ਰੌਂ ਤਲਾ ਦੇਣ, ਭਾਵ, ਇਹੋ ਜਿਹੇ ਪਿਆਰ ਭਰੇ ਬਚਨ ਸਦਾ ਬੋਲਦੇ ਰਹੀਏ, ਜਿਹੋ ਜਿਹੇ ਗੁਰੂ ਅਰਜਨ ਸਾਹਿਬ ਹੇਠ ਲਿਖੇ ਸ਼ਬਦ ਦੇ ਰਾਹੀਂ ਉਚਾਰਦੇ ਹਨ।

“ਬਿਸਰਿ ਗਈ ਸਭ ਤਾਤ ਪਰਾਈ।।
ਜਬ ਤੇ ਸਾਧ ਸੰਗਤਿ ਮੋਹਿ ਪਾਈ।। ਰਹਾਉ।।
ਨਾ ਕੋ ਬੈਰਾ ਨਾਹੀਂ ਬਿਗਾਨਾ
ਸਗਲ ਸੰਗਿ ਹਮ ਕਉ ਬਨਿ ਆਈ।।1।।
ਜੋ ਪ੍ਰਭ ਕੀਨੋ ਸੋ ਭਲ ਮਾਨਿਓ
ਏਹ ਸੁਮਤਿ ਸਾਧੂ ਤੇ ਪਾਈ।।
ਸਭ ਮਹਿ ਰਵਿ ਰਹਿਆ ਪ੍ਰਭ ਏਕੈ,
ਪੋਖਿ ਪੇਖਿ ਨਾਨਕ ਬਿਗਸਾਈ।।”
(ਕਾਨੜਾ ਮਹਲਾ 1)

ਮਨੁੱਖ ਦਾ ਕੋਈ ਵੀ ਖਿਆਲ ਜਗਤ-ਰਚਨਾ ਵਿਤ ਆਪਣਾ ਅਸਰ ਪਾਉਣ ਤੋਂ ਬਿਨਾ ਨਹੀਂ ਰਹਿ ਸਕਦਾ। ਸੋ ਉਹ ਬੰਦਾ ਕਿਤਨਾ ਮੁਬਾਰਕ ਹੈ, ਜੋ ਪਿੱਛੇ ਦਿੱਤੇ ਸ਼ਬਦ ਵਰਗੀ ਪਵਿੱਤਰ ਬਾਣੀ ਰਾਹੀਂ ਜਗਤ-ਪਿਆਰ ਦੀਆਂ ਲਹਿਰਾਂ ਪੈਦਾ ਕਰਦਾ ਰਹਿੰਦਾ ਹੈ। ਇਹ ਪਿਆਰ ਦੀਆਂ ਲਹਿਰਾਂ ਉਸ ਦੇ ਆਪਣੇ ਸਬੰਧ ਰੱਖਣ ਵਾਲਿਆਂ ਵਾਸਤੇ ਨਹੀਂ ਸਗੋਂ ਜਗਤ ਲਈ ਲਾਭਦਾਇਕ ਹੁੰਦੀਆਂ ਹਨ।

ਮਨੁੱਖ ਤਾਂ ਕਿਤੇ ਰਹੇ, ਪਸ਼ੂ ਉੱਤੇ ਭੀ ਮਨੁੱਖ ਦੇ ਅੰਦਰੋਂ ਉਠਦੇ ਖਿਆਲ ਦਾ ਅਸਰ ਪੈਂਦਾ ਹੈ। ਪਸ਼ੂ ਵੱਲ ਰਤਾ ਪਿਆਰ ਦੀ ਨਿਗਾਹ ਨਾਲ ਵੇਖੋ, ਕਿਵੇਂ ਖੁਸ਼ ਹੁੰਦਾ ਹੈ ਤੇ ਪੂਛਲ ਹਿਲਾਂਦਾ ਹੈ। ਨਿੱਕੇ ਨਿੱਕੇ ਕੱਟੇ-ਕੱਟੀਆਂ ਤੇ ਵੱਛੇ-ਵੱਛੀਆਂ ਤਾਂ ਇਸ ਪਿਆਰ ਦੇ ਅਸਰ ਹੇਠ ਨੱਚਣ-ਟੱਪਣ ਲੱਗ ਪੈਂਦੇ ਹਨ।

ਪਿਆਰ ਜ਼ਿੰਦਗੀ ਦੇ ਗੁੱਝੇ ਭੇਤਾਂ ਦੀ ਕੁੰਜੀ ਹੈ, ਪਿਆਰ ਹੀ ਸਾਰੇ ਜਗਤ ਦਾ ਤੋਰਾ ਤੋਰ ਰਿਹਾ ਹੈ। ਪਿਆਰ ਦੇ ਰੰਗ ਵਿਚ ਜੀਵੋ, ਸਭਨਾ ਪਾਸਿਆਂ ਤੋਂ ਪਿਆਰ ਦੀਆਂ ਲਹਿਰਾਂ ਤੁਹਾਡੇ ਵੱਲ ਆਉਣਗੀਆਂ। ਨਫ਼ਰਤ ਤੇ ਈਰਖਾ ਵਿਚ ਜੇ ਤੱਕੋਗੇ ਤਾਂ ਚਾਰ ਚੁਫੇਰਿਓਂ ਇਹੀ ਲਹਿਰਾਂ ਤੁਹਾਡੇ ਹਿਰਦੇ ਨੂੰ ਆ ਕੇ ਟਕਰਾਉਣਗੀਆਂ, ਇਹ ਪੱਕਾ ਅਟਲ ਕੁਦਰਤੀ ਨਿਯਮ ਸਮਝੋ ਕਿ ਜਿਸ ਕਿਸਮ ਦਾ ਖਿਆਲ ਤੁਹਾਡੇ ਅੰਦਰੋਂ ਉੱਠੇਗਾ, ਉਹ ਬਾਹਰੋਂ ਉਹੋ ਜਿਹਾ ਹੋਰ ਝਟਾ-ਝਟ ਤੁਹਾਡੇ ਵਾਸਤੇ ਲੈ ਆਵੇਗਾ। ਇਹ ਖਿਆਲ ਫਿਰ ਮਨੁੱਖੀ ਸਰੀਰ ਉੱਤੇ ਵੀ ਆਪਣਾ ਅਸਰ ਪਾਂਦੇ ਹਨ। ਪਿਆਰ ਦੇ ਫੁਰਨੇ ਜੀਵਣ-ਦਾਤਾ ਹਨ, ਸਿਹਤ, ਅਰੋਗਤਾ ਪੈਦਾ ਕਰਦੇ ਹਨ, ਚਿਹਰੇ ਨੂੰ ਸਦਾ ਖਿੜਿਆ ਰੱਖਦੇ ਹਨ। ਆਵਾਜ਼ ਨੂੰ ਮਿਠਾਸ ਨਾਲ ਭਰਦੇ ਹਨ ਤੇ ਹਰ ਤਰ੍ਹਾਂ ਮਨੁੱਖ ਨੂੰ ਮਨਮੋਹਣਾ ਬਣਾਉਂਦੇ ਹਨ। ਪਰ, ਦੂਜੇ ਪਾਸੇ ਨਫ਼ਰਤ ਤੇ ਈਰਖਾ ਦੇ ਖਿਆਲ ਮਨੁੱਖ ਦੇ ਆਪਣੇ ਅੰਦਰ ਰੋਗ ਪੈਦਾ ਕਰਦੇ ਹਨ। ਉਸਦਾ ਚਿਹਰਾ ਵੀ ਭਰਿਸ਼ਟਿਆ ਰਹਿੰਦਾ ਹੈ। ਉਸ ਦੇ ਨੇੜੇ ਢੁੱਕਣ ਤੇ ਵੀ ਕਿਸੇ ਦਾ ਚਿੱਤ ਨਹੀਂ ਕਰਦਾ। ਸਾਹਿਬ ਫ਼ਰਮਾਉਂਦੇ ਹਨ

ਕਾਮੁ ਕ੍ਰੋਧ ਕਾਇਆ ਕਊ ਗਾਲੈ।।
ਜਿਉ ਕੰਚਨ ਸੋਹਾਰਾ ਢਾਲੈ।। (ਗੁਰੂ ਨਾਨਕ 932)
ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ। (ਗੁਰੂ ਨਾਨਕ 473)

ਕਈ ਲੋਕ ਇਹ ਆਖਦੇ ਹਨ ਕਿ ਫ਼ਲਾਣਾ ਆਦਮੀ ਸਦਾ ਮੇਰਾ ਵੈਰੀ ਬਣਿਆ ਰਹਿੰਦਾ ਹੈ, ਭਾਵ ਮੈਂ ਕਦੇ ਵੀ ਉਸ ਬਾਰੇ ਆਪਣੇ ਅੰਦਰ ਵੈਰ-ਵਿਰੋਧ ਦੇ ਖਿਆਲ ਨਹੀਂ ਉੱਠਣ ਦਿੱਤੇ। ਕਈ ਵਾਰੀ ਇਹੋ ਜਿਹੀ ਗੱਲ ਹੋ ਵੀ ਸਕਦੀ ਹੈ। ਪਰ ਅਮਲੀ ਜੀਵਣ ਵਿਚ ਇਹ ਗੱਲ ਆਮ ਵੇਖਣ ਵਿਚ ਆਉਂਦੀ ਹੈ ਕਿ ਮਨੁੱਖ ਜਿਤਨੇ ਵਧੀਕ ਖਿਆਲ ਮੁਹੱਬਤ ਵਾਲੇ ਆਪਣੇ ਅੰਦਰ ਪੈਦਾ ਕਰਦਾ ਹੈ ਉਤਨੇ ਹੀ ਘੱਟ ਉਸ ਦੇ ਵੈਰੀ ਹੁੰਦੇ ਹਨ। ਇੱਕ ਗੱਲ ਸਾਫ਼ ਹੈ, ਜੇ ਕੋਈ ਮਨੁੱਖ ਸਾਡੇ ਵਿਰੁੱਧ ਨਫ਼ਰਤ ਤੇ ਵੈਰ ਦੇ ਖਿਆਲ ਆਪਣੇ ਅੰਦਰੋਂ ਪੈਦਾ ਕਰ ਕੇ ਸਾਡੇ ਵੱਲ ਭੇਜ ਰਿਹਾ ਹੈ ਤੇ ਜੇ ਅੱਗੋਂ ਅਸੀਂ ਉਹਨਾਂ ਵਿਹਲੇ ਖਿਆਲਾਂ ਨੂੰ ਮਿਲਣ ਲਈ ਪਿਆਰ ਭਰੇ ਖਿਆਲ ਭੇਜਾਂਗੇ, ਤਾਂ ਉਹ ਵਿਹੁਲੇ ਖਿਆਲ ਸਾਡਾ ਕੋਈ ਨੁਕਸਾਨ ਨਹੀਂ ਕਰ ਸਕਣਗੇ, ਸਾਜੇ ਹਿਰਦੇ ਵਿਚ ਵੈਰ ਆਦਿਕ ਦੀ ਅੱਗ ਨਹੀ ਬਾਲ ਸਕਣਗੇ। ਪਰ ਜੇ ਅਸੀਂ ਭੀ ਨਫ਼ਰਤ ਨਾਲ ਹੀ ਮਿਲਦੇ ਹਾਂ, ਤਾਂ ਏਸ ਫੜਕਦੀ ਅੱਗ ਉੱਤੇ ਹੋਰ ਬਾਲਣ ਤੇ ਤੇਲ ਪਾਂਦੇ ਹਾਂ, ਜੋ ਦੋਹਾਂ ਧਿਰਾਂ ਨੂੰ ਸਾੜਦੀ ਹੈ। ਜੇ ਕਿਸੇ ਖਰ੍ਹਵੇ ਬੰਦੇ ਨੂੰ ਤੁਸੀਂ ਭੀ ਖਰ੍ਹਵੇਪਣ ਨਾਲ ਹੀ ਮਿਲਦੇ ਹੋ ਤਾਂ ਤੁਸੀਂ ਇਹ ਸਾਬਤ ਕਰਦੇ ਹੋ ਕਿ ਤੁਹਾਡੇ ਆਪਣੇ ਅੰਦਰ ਵੀ ਖਰ੍ਹਵਾਪਣ ਮੌਜੂਦ ਹੈ ਤੇ ਏਸੇ ਸੁਭਾਅ ਨੇ ਤੁਹਾਡੇ ਵਾਸਤੇ ਦੂਜੇ ਬੰਦੇ ਪਾਸੋਂ ਖਰ੍ਹਵਾਪਣ ਖਿੱਚ ਕੇ ਲੈ ਆਂਦਾ ਹੈ। ਫਿਰ ਤੁਹਾਡਾ ਕੋਈ ਹੱਕ ਨਹੀਂ ਕਿ ਤੁਸੀਂ ਉਸ ਬੰਦੇ ਦੀ ਕੋਈ ਸ਼ਿਕਾਇਤ ਕਰੋ। ਪਿਆਰ-ਜੀਵਣ ਵਾਲੇ ਨੇ ਤਾਂ ਬਾਬਾ ਫ਼ਰੀਦ ਦੇ ਏਸ ਗਾਡੀ ਵਾਲੇ ਰਾਹ ਤੇ ਤੁਰਨਾ ਹੈ –

ਫ਼ਰੀਦਾ ਜੋ ਤੈ ਮਾਰਨਿ ਮੁਕੀਆਂ ਤਿਨਾ ਨ ਮਾਰੇ ਘੁੰਮਿ।।
ਆਪਨੜੈ ਘਰਿ ਜਾਈਐ ਪੈਰ ਤਿਨਾ ਦੇ ਚੁੰਮਿ।। (1378)
ਮਿੱਠਤ ਇਕ ਅੰਮ੍ਰਿਤ ਹੈ ਜੋ ਮਿੱਠਬੋਲੇ ਉੱਤੇ ਆਕਾਸ਼ ਤੋਂ ਵਰਸਦਾ ਹੈ…..
ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ।

Loading spinner