ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love


ਨਾਦਰ ਸ਼ਾਹ ਨੂੰ ਸੋਧਣਾ

ਗਿਆਨੀ ਗਿਆਨ ਸਿੰਘ

ਫੇਰ ਜਦ ਨਾਦਰ ਸ਼ਾਹ ਨੇ ਪਾਨੀਪਤ ਕਰਨਾਲ ਦੇ ਵਿਚਕਾਰ ਜੰਗ ਵਿਚ ਮੁਗਲਾਂ ਨੂੰ ਫ਼ਤਿਹ ਕਰ 58 ਦਿਨ ਦਿੱਲੀ ਨੂੰ ਲੁੱਟ, ਕਤਲ ਕਰ ਕੇ ਮਥੁਰਾ ਤੀਕਰ ਦੇਸ਼ ਨੂੰ ਭਲੀ ਭਾਂਤੀ ਗਾਹਿਆ, ਤੇ ਪੰਜਾਹ ਹਜ਼ਾਰ ਮਰਦ, ਔਰਤ ਕੈਦ ਕਰ ਕੇ ਅਤੇ ਦੌਲਤ ਬੇਸ਼ੁਮਾਰ ਲੈ ਕੇ ਮੋੜਾ ਘੱਤਿਆ, ਤਦ ਅਨੇਕ ਗੱਡੇ, ਊਠ, ਹਾਥੀ, ਖੱਚਰਾਂ, ਗਧੇ, ਧਨ ਦੇ ਲੱਦੇ ਹੋਏ ਦਿੱਲੀ ਤੋਂ ਕਾਬਲ ਨੂੰ ਚੱਲੇ ਤਾਂ ਸਿੰਘਾਂ ਦੇ ਅਨੇਕ ਜਥੇ ਸੜਕ ਦੇ ਦੋਹੀਂ ਪਾਸੀਂ ਵੀਹ-ਵੀਹ ਕੋਹ ਜੰਗਲਾਂ ਵਿਚ ਆ ਬੈਠੇ। ਕੁਰੂਖੇਤਰ ਤੋਂ ਲੈ ਕੇ ਅਟਕ ਤੀਕਰ ਸਿੰਘਾਂ ਨੂੰ ਭੇਤ ਦੇਣ ਵਾਲੇ ਭੇਤ ਦਿੰਦੇ ਰਹੇ, ਤੇ ਸਿੰਘ ਵੇਲੇ ਕੁਵੇਲੇ ਛਾਪੇ ਮਾਰ ਮਾਰ ਦੰਦ ਖੱਟੇ ਕਰਦੇ ਰਹੇ, ਜਿਹੜੀ ਮਾਇਆ ਲੁੱਟਣ ਉਹ ਲੋੜਵੰਦਾਂ ਨੂੰ ਵੰਡ ਦੇਣ, ਦਿੱਲੀ ਬੈਠਾ ਨਾਦਰ ਤਾਂ ਉਥੋਂ ਦਾ ਧਨ ਸਮੇਟ ਰਿਹਾ ਸੀ ਤੇ ਸਿੰਘ ਉਸ ਦਾ ਭੱਤਾ ਰਾਹ ਵਿਚ ਭੰਨ ਰਹੇ ਸਨ, ਜਿਹੜਾ ਸੌ ਸੌ, ਦੋ ਦੋ ਸੌ ਦਾ ਟੋਲਾ ਗੱਡਿਆਂ, ਊਠਾਂ ਨਾਲ ਰਖਵਾਲਾ ਹੁੰਦਾ ਸੀ, ਜੇ ਉਹ ਸਿੰਘਾਂ ਦੇ ਪਿੱਛੇ ਪੈਂਦਾ ਤਾਂ ਸਿੰਘ ਉਸ ਨੂੰ ਆਪਣੇ ਦੋਹਾਂ ਜਥਿਆਂ ਦੀ ਕੜਿੱਕੀ ਵਿਚ ਲਿਆ ਕੇ ਖੂਬ ਸੋਧਦੇ।

ਜਦ ਨਾਦਰ ਸ਼ਾਹ ਨੂੰ ਖਜ਼ਾਨਾ ਲੁੱਟਣ ਦੀ ਸਾਰ ਪਈ ਤਾਂ ਫੌਜ ਕਈ ਵਾਰੀ ਚੜ੍ਹਾਈ ਪਰ ਸਿੰਘਾਂ ਨੇ ਡਾਹ ਨਾ ਦਿੱਤੀ। ਆਖ਼ਰ ਬੜੇ ਗੁੱਸੇ ਵਿਚ ਆ ਕੇ ਲਾਹੌਰ ਦੇ ਸੂਬੇ ਨੂੰ ਪੁੱਛਿਆ ਕਿ ਜਿਨ੍ਹਾਂ ਕਜ਼ਾਕਾਂ ਨੇ ਮੇਰਾ ਡਰ ਨਹੀਂ ਮੰਨਿਆ ਤੇ ਮੇਰੀ ਦੌਲਤ ਲੁੱਟ ਖੜੀ ਹੈ, ਉਹਨਾਂ ਦਾ ਦੇਸ ਮੈਨੂੰ ਦੱਸ। ਮੈਂ ਉਹਨਾਂ ਦਾ ਨਿਸ਼ਾਨ ਉਠਾ ਦੇਵਾਂ, ਮੇਰਾ ਨਾਉਂ ਨਾਦਰ ਜ਼ਾਲਮ ਹੈ, ਮੈਂ ਬੜੇ ਬੜੇ ਰਾਖਸ਼ ਸਿੱਧੇ ਕਰ ਛੱਡੇ ਹਨ, ਮੇਰੀ ਬੱਬਰ ਸ਼ੇਰ ਦੀ ਦਾੜ੍ਹ ਵਿਚੋਂ ਮਾਸ ਲੈਣ ਵਾਲੇ ਉਹ ਕੌਣ ਹਨ। ਖ਼ਾਨ ਬਹਾਦਰ ਬੋਲਿਆ, “ਜਹਾਂ ਪਨਾਹ ਇਹ ਇਕ ਅਜਬ ਢੰਗ ਦਾ ਸਿੰਘ ਨਾਮ ਦਾ ਖ਼ਾਲਸਾ ਪੰਥ ਹੈ, ਇਹਨਾਂ ਸਿੰਘਾਂ ਦਾ ਪਿੰਡ, ਦੇਸ, ਘਰ-ਘਾਟ, ਕਿਲ੍ਹਾ ਕੋਟ ਕੋਈ ਨਹੀਂ, ਬਰਸਾਤ ਦੀਆਂ ਖੁੰਬਾਂ ਵਾਂਗੂੰ ਆਪਣੇ ਆਪ ਕਿਧਰੋਂ ਨਿਕਲ ਕੇ ਪਲੇ-ਪਲਾਏ ਏਸ ਮਜ਼੍ਹਬ ਵਿਚ ਆ ਰਲਦੇ ਹਨ, ਇਹ ਤਾਂ ਖ਼ੁਦਾਈ ਦਾ ਚਸ਼ਮਾ ਸਮਝੋ। ਗੁਲਾਬ ਦੇ ਬੂਟੇ ਦੀ ਤਰ੍ਹਾਂ ਜਿਉਂ-ਜਿਉਂ ਕੱਟੀਦੇ ਹਨ, ਤਿਉਂ ਤਿਉਂ ਵਧਦੇ ਹਨ। ਅਸੀਂ ਇਹਨਾਂ ਨੂੰ ਮਾਰਦੇ ਮਾਰਦੇ ਹਾਰ ਗਏ ਹਾਂ, ਇਹ ਮੁੱਕਦੇ ਨਹੀਂ, ਜੰਗ ਵਿਚ ਸ਼ਹੀਦ ਹੋਣ ਵਾਸਤੇ ਭਮੱਕੜਾਂ ਵਾਂਗੂੰ ਆ ਕੇ ਬੇਸ਼ੁਮਾਰ ਜਾਨਾਂ ਦੇ ਦਿੰਦੇ ਹਨ, ਪਰ ਫੇਰ ਵੀ ਇਹ ਚੌਣੇ-ਪਚੌਣੇ ਦੇਖੀਦੇ ਹਨ। ਸਾਡੇ ਲੱਖਾਂ ਬੰਦੇ ਮਰ ਕੇ ਪਿੰਡ ਖਾਲੀ ਹੋ ਗਏ, ਫੇਰ ਇਹਨਾਂ ਦੇ ਘੋੜੇ ਤੇ ਇਹ ਖ਼ਬਰ ਨਹੀਂ ਲੋਹੇ ਦੇ ਬਣੇ ਹਨ, ਜੋ ਬਿਨਾ ਕੁਛ ਖਾਧੇ ਪੀਤੇ, ਸੌ ਸੌ ਕੇਹ ਤਕ ਰੋਜ਼ ਧਾਵੇ ਮਾਰਦੇ ਹਨ, ਤੇ ਸਾਗ-ਪੱਤਰ, ਪਿਆਜ਼, ਮੂਲੀ ਗਾਜਰ, ਬਤਾਊਂ, ਕਣਕ, ਚਣੇ, ਕੱਚਾ ਮਾਸ, ਬਿਨਾਂ ਨਮਕ-ਮਿਰਚ ਖਾ ਕੇ ਖ਼ੁਦਾ ਦਾ ਸ਼ੁਕਰ ਬਜਾ ਲਿਆਉਂਦੇ ਹਨ ਤੇ ਘੋੜੇ ਦੀ ਪਿੱਠ ਹੀ ਪਲੰਘ ਹੈ। ਤੁਰਦੇ-ਫਿਰਦੇ ਸੌਂ ਲੈਂਦੇ ਹਨ, ਸਿਰ ਉੱਤੇ ਪਗੜੀ, ਤੇੜ ਜਾਂਗੀਏ (ਕੱਛਾ), ਭੂਰੇ ਜਾਂ ਚਾਦਰ ਦੀ ਗਿਲਤੀ ਤੋਂ ਬਿਨਾ ਕੱਪੜਾ ਹੋਰ ਕੋਈ ਨਹੀਂ ਪਹਿਨਦੇ, ਪਰ ਹਥਿਆਰ ਜਿਤਨੇ ਮਿਲ ਜਾਣ ਉਤਨੇ ਹੀ ਥੋੜ੍ਹੇ ਹਨ ਤੇ ਦੰਗਾ ਕਰਨਾ ਇਹਨਾਂ ਦੀ ਜਾਤ-ਗੋਤ ਹੈ। ਲੜਨ, ਭਿੜਨ ਦੇ ਆਸ਼ਕ ਹਨ, ਪੰਜ ਸੌ ਨਾਲ ਪੰਜ ਮੱਥਾ ਡਾਹ ਖੜੋਂਦੇ ਹਨ, ਜਖ਼ਮ ਇਹਨਾਂ ਦੇ ਗੈਂਡੇ ਵਾਂਗੂੰ ਆਪੇ ਮਿਲ ਜਾਂਦੇ ਹਨ, ਗਰਮੀ ਸਰਦੀ ਦੀ ਬਿਮਾਰੀ ਕਦੇ ਕੋਈ ਇਹਨਾਂ ਨੂੰ ਨਹੀਂ ਬਿਆਪਦੀ, ਜਿਸ ਤਰ੍ਹਾਂ ਅਸੀਂ ਹਿੰਦੂਆਂ ਨੂੰ ਮਾਰਨਾ ਸਵਾਬ ਸਮਝਦੇ ਹਾਂ ਏਸ ਤਰ੍ਹਾਂ ਇਹ ਜ਼ੁਲਮ ਦਾ ਨਾਸ਼ ਕਰਨਾ ਧਰਮ ਸਮਝਦੇ ਹਨ, ਸਿਵਾਏ ਲੁੱਟ ਮਾਰ ਦੇ ਹੋਰ ਕੋਈ ਕੰਮ ਨਹੀਂ ਕਰਦੇ, ਹਿੰਦੂ ਮੁਸਲਮਾਨ ਦੋਹਾਂ ਤੋਂ ਇਹਨਾਂ ਦਾ ਜੁਦਾ ਹੀ ਮਜ਼੍ਹਬ ਹੈ, ਇੱਕ ਰੱਬ ਤੋਂ ਸਿਵਾਇ ਹੋਰ ਕਿਸੇ ਨੂੰ ਨਹੀਂ ਮੰਨਦੇ। ਸਲਾਮ ਤੇ ਰਾਮ ਰਾਮ ਦੀ ਜਗ੍ਹਾ ਵਾਹਿਗੁਰੂ ਜੀ ਦੀ ਫ਼ਤਿਹ ਬੁਲਾਉਂਦੇ ਹਨ। ਰਾਤ-ਦਿਨੇ ਆਪਣੀ ਗੁਰੂ ਦੀ ਬਾਣੀ (ਕਲਾਮ) ਪੜ੍ਹਦੇ ਹਨ, ਸ਼ਾਦੀ ਗ਼ਮੀ ਤੋਂ ਰਹਿਤ ਹਨ। ਹਾਣ-ਲਾਭ ਸਭ ਗੁਰੂ ਦੇ ਭਾਣੇ ਵਿਚ ਮੰਨ ਕੇ ਖੁਸ਼ ਰਹਿੰਦੇ ਹਨ। ਜੋ ਕੁਝ ਮਾਲ ਬਾਹਰੋਂ ਲੁੱਟ-ਪੁੱਟ ਕੇ ਲਿਆਉਂਦੇ ਹਨ ਸਭ ਗੁਰੂ ਕਾ ਸਮਝ ਕੇ ਆਪਸ ਵਿਚ ਬਰਾਬਰ ਵੰਡ ਲੈਂਦੇ ਹਨ, ਸਭ ਇੱਕੋ ਜਿਹਾ ਵੰਡ ਕੇ ਛਕ ਲੈਂਦੇ ਹਨ, ਜੇ ਕੋਈ ਭੁੱਖਾ-ਨੰਗਾ ਲੋੜਵੰਦ ਆ ਜਾਏ ਤਾਂ ਉਸ ਦੀ ਲੋੜ ਪੂਰੀ ਕਰਦੇ ਹਨ। ਦੂਜਾਇਗੀ ਕਦੇ ਨਹੀਂ ਕਰਦੇ, ਬੋਲੀ ਭੀ ਇਹਨਾਂ ਦੀ ਸਭ ਤੋਂ ਨਿਆਰੀ ਹੈ, ਇਤਿਆਦਿਕ ਗੱਲਾਂ ਸੁਣ ਕੇ ਨਾਦਰ ਸ਼ਾਹ ਹੈਰਾਨ ਹੋ ਕੇ ਆਖਿਆ, “ਜੇਕਰ ਇਹ ਕੌਮ ਠੀਕ ਐਸੀ ਹੀ ਹੈ, ਜੈਸੀ ਤੂੰ ਆਖਦਾ ਹੈਂ ਤਾਂ ਅਸੀਂ ਤੁਸੀਂ ਇਹਨਾਂ ਦਾ ਕੀ ਖੋਹ ਸਕਦੇ ਹਾਂ? ਤੁਸੀਂ ਸੱਚ ਜਾਣੋ ਕਦੇ ਨਾ ਕਦੇ ਇਹੋ ਪੰਥ ਮੁਲਕ ਦਾ ਮਾਲਕ ਬਣ ਜਾਵੇਗਾ, ਇਹਨਾਂ ਨਾਲ ਤੁਸੀਂ ਵਿਰੋਧ ਨਾ ਕਰੋ, ਇਹ ਤੁਹਾਡੇ ਸਾਡੇ ਮਾਰਨ ਦੇ ਨਹੀਂ!”

 

Loading spinner