ਅਸਵੀਕਾਰ
ਪਾਸ਼
ਇਹ ਚਾਰ ਕੰਧਾਂ ਦੀ ਵਲਗਣ ਮੇਰਾ ਘਰ ਨਹੀਂ
ਜਿਦ੍ਹੇ ਵਿਚ ਬਸਰ ਕੀਤੇ ਪਲਾਂ ਨੂੰ
ਮੈਂ ਉਮਰ ਕਹਿ ਦੇਵਾਂ-
ਇਥੇ ਸਿਰਫ ਕਮਰੇ ਦੀਆਂ ਕੰਧਾਂ ਤੇ
ਲਿਖਿਆ ਜਾ ਰਿਹਾ ਹੈ ਸੰਮਤ ਦਾ ਵੇਰਵਾ…
ਜਦ ਮੈਂ ਇਸ ਕਮਰੇ ਵਿਚ ਡੱਕਿਆ ਗਿਆ
ਜ਼ਿੰਦਗੀ ਨੂੰ ਨਾਲ ਨਹੀਂ ਸਾਂ ਲਿਆਇਆ
ਬਾਹਰ ਸਫਰ ਨੂੰ ਫੜਾ ਆਇਆ ਸਾਂ
ਪੌਣਾਂ ਨੂੰ ਰਾਖੀ ਬਿਠਾ ਆਇਆ ਸਾਂ
ਬੇੜੀ ਤੇ ਲੱਗੇ ਜੰਗਾਲ ਵਾਂਗ
ਮੇਰੇ ਜਿਸਮ ਨੂੰ ਜੰਗਾਲ ਵੀ ਸਕਦੇ ਹੋ
ਐਪਰ ਕੀ ਕਰੋਗੇ ਸਫਰ ਦਾ
ਜੋ ਇਕ ਅਮਾਨਤ ਫੜੀ ਬੈਠਾ ਹੈ
ਪੌਣਾਂ ਦਾ ਕੀ ਕਰੋਗੇ
ਜਿਨਾਂ ਕਿਤੇ ਹਿਸਾਬ ਦੇਣਾ ਹੈ
ਤੇ ਉਸ ਕਮਰੇ ਦੇ ਮਲਬੇ ਤੇ ਬਣਨਾ ਹੈ।