ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਅਸੀਂ ਲੜਾਂਗੇ ਸਾਥੀ
ਪਾਸ਼

ਅਸੀਂ ਲੜਾਂਗੇ ਸਾਥੀ, ਉਦਾਸ ਮੌਸਮ ਲਈ
ਅਸੀਂ ਲੜਾਂਗੇ ਸਾਥੀ, ਗੁਲਾਮ ਸੱਧਰਾਂ ਲਈ
ਅਸੀਂ ਚੁਣਾਂਗੇ ਸਾਥੀ, ਜ਼ਿੰਦਗੀ ਦੇ ਟੁਕੜੇ
ਹਥੌੜਾ ਹੁਣ ਵੀ ਚਲਦਾ ਹੈ, ਉਦਾਸ ਅਹਿਰਨ ਤੇ
ਸਿਆੜ ਹੁਣ ਵੀ ਵਗਦੇ ਨੇ, ਚੀਕਣੀ ਧਰਤੀ ਤੇ
ਇਹ ਕੰਮ ਸਾਡਾ ਨਹੀਂ ਬਣਦਾ, ਸਵਾਲ ਨੱਚਦਾ ਹੈ
ਸਵਾਲ ਦੇ ਮੌਰਾਂ ਤੇ ਚੜ੍ਹ ਕੇ
ਅਸੀਂ ਲੜਾਂਗੇ ਸਾਥੀ
ਕਤਲ ਹੋਏ ਜਜ਼ਬਿਆਂ ਦੀ ਕਸਮ ਖਾ ਕੇ
ਹੱਥਾਂ ਤੇ ਪਏ ਰੱਟਣਾਂ ਦੀ ਕਸਮ ਖਾ ਕੇ
ਅਸੀਂ ਲੜਾਂਗੇ ਸਾਥੀ
ਅਸੀਂ ਲੜਾਂਗੇ ਤਦ ਤਕ
ਕਿ ਵੀਰੂ ਬਕਰੀਆਂ ਵਾਲਾ ਜਦੋਂ ਤਕ
ਬੱਕਰੀਆਂ ਦਾ ਮੂਤ ਪੀਦਾਂ ਹੈ
ਖਿੜੇ ਹੋਏ ਸਰੋਂ ਦੇ ਫੁੱਲਾਂ ਨੂੰ
ਜਦੋਂ ਤੱਕ ਵਾਹੁਣ ਵਾਲੇ ਆਪ ਨਹੀਂ ਸੁੰਘਦੇ
ਕਿ ਸੁਜੀਆਂ ਅੱਖਾਂ ਵਾਲੀ
ਪਿੰਡ ਦੀ ਅਧਿਆਪਕਾ ਦਾ ਪਤੀ ਜਦੋਂ ਤੱਕ
ਜੰਗ ਚੌਂ ਪਰਤ ਨਹੀਂ ਆਉਂਦਾ
ਜਦੋਂ ਤੱਕ ਪੁਲਿਸ ਦੇ ਸਿਪਾਹੀ
ਆਪਣੇ ਹੀ ਭਰਾਵਾਂ ਦਾ ਗਲਾ ਘੁਟਣ ਦੇ ਬਾਧਕ ਹਨ
ਕਿ ਬਾਬੂ ਦਫਤਰਾਂ ਵਾਲੇ
ਜਦੋਂ ਤੱਕ ਲਹੂ ਦੇ ਨਾਲ ਹਰਫ ਪਾਉਂਦੇ ਹਨ
ਅਸੀਂ ਲੜਾਂਗੇ ਜਦ ਤੱਕ
ਦੁਨੀਆ ‘ਚ ਲੜਨ ਦੀ ਲੋੜ ਬਾਕੀ ਹੈ
ਜਦੋਂ ਬੰਦੂਕ ਨਾ ਹੋਈ, ਓਦੋਂ ਤਲਵਾਰ ਹੋਵੇਗੀ
ਜਦੋਂ ਤਲਵਾਰ ਨਾ ਹੋਈ, ਲੜਨ ਦੀ ਲਗਨ ਹੋਵੇਗੀ
ਲੜਨ ਦੀ ਜਾਚ ਨਾ ਹੋਈ, ਲੜਨ ਦੀ ਲੋੜ ਹੋਵੇਗੀ
ਤੇ ਅਸੀਂ ਲੜਾਂਗੇ ਸਾਥੀ…
ਅਸੀਂ ਲੜਾਂਗੇ
ਕਿ ਲੜਨ ਬਾਂਝ ਕੁੱਝ ਵੀ ਨਹੀਂ ਮਿਲਦਾ
ਅਸੀਂ ਲੜਾਂਗੇ
ਕਿ ਹਾਲੇ ਤਕ ਲੜੇ ਕਿਉਂ ਨਹੀਂ
ਅਸੀਂ ਲੜਾਂਗੇ
ਆਪਣੀ ਸਜ਼ਾ ਕਬੂਲਣ ਲਈ
ਲੜ ਕੇ ਮਰ ਚੁਕਿਆਂ ਦੀ ਯਾਦ ਜ਼ਿੰਦਾ ਰੱਖਣ ਲਈ
ਅਸੀਂ ਲੜਾਂਗੇ ਸਾਥੀ….

Loading spinner