ਅੰਨ ਦਾਤਾ
ਅੰਮ੍ਰਿਤਾ ਪ੍ਰੀਤਮ
ਅੰਨ ਦਾਤਾ!
ਮੇਰੀ ਜੀਭ ’ਤੇ – ਤੇਰਾ ਲੂਣ ਏਂ
ਤੇਰਾ ਨਾਂ – ਮੇਰੇ ਬਾਪ ਦਿਆਂ ਹੋਠਾਂ ’ਤੇ
ਤੇ ਮੇਰੇ ਇਸ ਬੁੱਤ ਵਿਚ ਮੇਰੇ ਬਾਪ ਦਾ ਖ਼ੂਨ ਏਂ!
ਮੈਂ ਕਿਵੇਂ ਬੋਲਾਂ !
ਮੇਰੇ ਬੋਲਣ ਤੋਂ ਪਹਿਲਾਂ ਬੋਲ ਪੈਂਦਾ ਏ ਤੇਰਾ ਅੰਨ।
ਕੁਛ ਕੁ ਬੋਲ ਸਨ, ਪਰ ਅਸੀਂ ਅੰਨ ਦੇ ਕੀੜੇ
ਤੇ ਅੰਨ ਭਾਰ ਹੇਠਾਂ – ਉਹ ਦੱਬੇ ਗਏ ਹਨ
ਅੰਨ ਦਾਤਾ!
ਕਾਮੇ ਮਾਂ ਬਾਪ ਦਿੱਤੇ ਕਾਮੇ ਨੇ ਜੰਮ
ਕਾਮੇ ਦਾ ਕੰਮ ਹੈ ਸਿਰਫ ਕੰਮ!
ਬਾਕੀ ਵੀ ਤਾਂ ਕੰਮ ਕਰਦੈ ਇਹੋ ਹੀ ਚੰਮ
ਉਹ ਵੀ ਇਕ ਕੰਮ ਇਹ ਵੀ ਇਕ ਕੰਮ।
ਅੰਨ ਦਾਤਾ!
ਮੈਂ ਚੰਮ ਦੀ ਗੁੱਡੀ ਖੇਡ ਲੈ, ਖਿਡਾ ਲੈ
ਲਹੂ ਦਾ ਪਿਆਲਾ ਪੀ ਲੈ ਪਿਲਾ ਲੈ!
ਤੇਰੇ ਸਾਹਵੇਂ ਖੜੀ ਹਾਂ ਅਹਿ, ਵਰਤਣ ਦੀ ਸ਼ੈ
ਜਿਵੇਂ ਚਾਹੇ ਵਰਤ ਲੈ
ਉੱਗੀ ਹਾਂ
ਪਿਸੀ ਹਾਂ
ਗੁਝੀ ਹਾਂ
ਵਿਲੀ ਹਾਂ
ਤੇ ਅੱਜ ਤੱਤੇ ਤਵੇ ਉੱਤੇ ਜਿਵੇਂ ਚਾਹੇ ਪਰਤ ਲੈ!
ਮੈਂ ਬੁਰਕੀ ਤੋਂ ਵੱਧ ਕੁਛ ਵੀ ਨਹੀਂ ਜਿਵੇਂ ਚਾਹੇ ਨਿਗਲ ਲੈ
ਤੇ ਤੂੰ ਲਾਵੇ ਤੋਂ ਵੱਧ ਕੁਝ ਨਹੀਂ ਜਿੰਨਾ ਚਾਹੇ ਪਿਘਲ ਲੈ।
ਲਾਵੇ ’ਚ ਲਪੇਟ ਲੈ
ਕਦਮਾਂ ਤੇ ਖੜੀ ਹਾਂ ਬਾਂਹਵਾਂ ’ਚ ਸਮੇਟ ਲੈ।
ਚੁੰਮ ਲੈ ਚੱਟ ਲੈ,
ਤੇ ਫੇਰ ਰਹਿੰਦ ਖੂਹੰਦ ਉਹਦਾ ਵੀ ਕੁਝ ਵੱਟ ਲੈ।
ਅੰਨ ਦਾਤਾ!
ਮੇਰੀ ਜ਼ਬਾਨ ਤੇ ਇਨਕਾਰ?
ਇਹ ਕਿਵੇਂ ਹੋ ਸਕਦੈ!
…ਹਾਂ .. ਪਿਆਰ…. ਇਹ ਤੇਰੇ ਮਤਲਬ ਦੀ ਸ਼ੈ ਨਹੀਂ…..
(ਛੇ ਰੁੱਤਾਂ ਵਿੱਚੋਂ)