ਕੁਰਸੀ!
ਬਲਵਿੰਦਰ ਕੌਰ
ਰਾਜ ਦਾ ਰਾਗ ਸੁਣਾਏ ਕੁਰਸੀ,
ਸੁਪਨੇ ਦਿਨੇ ਦਿਖਾਏ ਕੁਰਸੀ,
ਭਾਈਆਂ ਹੱਥੋਂ ਜਾਨ ਤੋਂ ਪਿਆਰੇ,
ਭਾਈਆਂ ਨੂੰ ਮਰਵਾਏ ਕੁਰਸੀ।
ਤਕੜਿਆਂ ਦੇ ਗੋਡੀਂ ਹੱਥ ਲਾਏ,
ਮਾੜਿਆਂ ਨੂੰ ਮਰਵਾਏ ਕੁਰਸੀ।
ਵਾਂਗ ਪਤੰਗੇ ਨੇਤਾ ਸੜਦੇ,
ਜਲਵਾ ਜਦੋਂ ਦਿਖਾਏ ਕੁਰਸੀ।
ਸੱਚ ਦੇ ਮਾਰਗ ਚਲਦਿਆਂ ਅੰਨ੍ਹਾਂ,
ਪਲ ਦੇ ਵਿਚ ਬਣਾਏ ਕੁਰਸੀ।
ਰੱਜੇ ਨੂੰ ਕਰੇ ਹੱਥੀਂ ਛਾਵਾਂ,
ਭੁੱਖਿਆਂ ਹੋਰ ਸਤਾਏ ਕੁਰਸੀ।
ਲਗਦੀ ਹੈ ਡੋਲਣ ਜਦ ਕੁਰਸੀ,
ਖ਼ੁਦ ਦਹਿਸ਼ਤ ਫੈਲਾਏ ਕੁਰਸੀ।
ਦੇਸ਼ ਨੂੰ ਖ਼ਤਰਾ, ਧਰਮ ਨੂੰ ਖ਼ਤਰਾ,
ਪਾੜ ਕੇ ਸੰਘ ਚਿੱਲਾਏ ਕੁਰਸੀ।
ਸੈਂਕੜੇ ਮਾਰ ਮਜ਼ਲੂਮ ਕਦੇ ਵੀ,
ਗਿਣਤੀ ਨਾ ਕਰਵਾਏ ਕੁਰਸੀ।
ਆਪਣੇ ਰਾਹ ਅਡੋਲਨੇ ਚੱਲਦੇ,
ਲੋਕਾਂ ਨੂੰ ਭਰਮਾਏ ਕੁਰਸੀ।
ਹਾਏ, ਹਾਏ, ਹਾਏ, ਕੁਰਸੀ।
ਬਲਵਿੰਦਰ ਕੌਰ 9815377789