ਜੀਵਨ ਦਾ ਆਖ਼ਰੀ ਪੜਾ
ਨੰਦ ਲਾਲ ਨੂਰਪੁਰੀ
ਲਾ ਲੈ ਅੱਜ ਸ਼ਗਨਾਂ ਦੀ ਮਹੰਦੀ
ਇਹ ਸੀ ਗੱਲ ਅਖ਼ੀਰੀ ਰਹੰਦੀ।
ਜੀਵਨ ਵਿਚ ਇਹ ਚਾਰ ਕੁ ਰਾਤਾਂ।
ਵਿਰਸੇ ਦੇ ਵਿਚ ਆਈਆਂ।
ਤੂੰ ਅੱਖੀਆਂ ਵਿਚ ਕਜਲੇ ਪਾ ਪਾ,
ਅੱਖੀਆਂ ਵਿਚ ਲੰਘਾਈਆਂ।
ਅਕਲ ਕਿਸੇ ਦੀ ਹੁਣ ਕੋਈ ਤੇਰੀਆਂ
ਅਕਲਾਂ ਵਿਚ ਨਾ ਬਹੰਦੀ।
ਲਾ ਲੈ ਅੱਜ ਸ਼ਗਨਾਂ ਦੀ ਮਹੰਦੀ
ਇਹ ਸੀ ਗੱਲ ਅਖ਼ੀਰੀ ਰਹੰਦੀ।
ਸ਼ੀਸ਼ੇ ਨੇ ਤੈਨੂੰ ਨਹੀਂ ਦਸਿਆ
ਜਾਂ ਤੂੰ ਵੇਖ ਕੇ ਉਸ ਨੂੰ ਹੱਸਿਆ।
ਤੇਰੀਆਂ ਜ਼ੁਲਫ਼ਾਂ ਨਾਲੋਂ ਕਾਲੀ
ਕਬਰ ਤੇਰੀ ਦੀ ਕਾਲੀ ਮੱਸਿਆ।
ਇਸ ਕਾਲਖ ਨੂੰ ਲਖ ਕੋਈ ਧੋਵੇ
ਵਲੀਆਂ ਤੋਂ ਨਹੀਂ ਲਹੰਦੀ।
ਲਾ ਲੈ ਅੱਜ ਸ਼ਗਨਾਂ ਦੀ ਮਹੰਦੀ
ਇਹ ਸੀ ਗੱਲ ਅਖ਼ੀਰੀ ਰਹੰਦੀ।
ਡੋਲੀ ਤੀਕਰ ਆਉਂਦੇ ਆਉਂਦੇ
ਚੇਤੇ ਸੀ ਕੁਝ ਗੱਲਾਂ।
ਅਜ ਬਚਪਨ ਦੇ ਸਾਥ ਦੀਆਂ ਇਹ
ਕਿੱਦਾਂ ਰੜਕਣ ਸੱਲਾਂ।
ਰੰਗ ਮਹੱਲੀਂ ਪੈਰ ਧਰਦਿਆਂ
ਮਸਤੀ ਡਿਗ ਡਿਗ ਪੈਂਦੀ।
ਲਾ ਲੈ ਅਜ ਸ਼ਗਨਾਂ ਦੀ ਮਹੰਦੀ
ਇਹ ਸੀ ਗੱਲ ਅਖ਼ੀਰੀ ਰਹੰਦੀ।
ਪਿਛਲੇ ਕੀਤੇ ਪਿਛੇ ਰਹ ਗਏ
ਅਗਲੇ ਆ ਗਏ ਅੱਗੇ।
ਹੱਡ, ਪੈਰ ਜਾਂ ਕੜਕ ਕੜਕ ਕੇ
ਅੱਗਾ ਰੋਕਣ ਲੱਗੇ।
ਕਾਲੇ ਸੁਣ ਸੁਣ ਬੱਗੇ ਹੋ ਗਏ
ਖਲਕ ਗੁਨਾਹੀਆਂ ਕਹੰਦੀ।
ਲਾ ਲੈ ਅਜ ਸ਼ਗਨਾਂ ਦੀ ਮਹੰਦੀ
ਇਹ ਸੀ ਗੱਲ ਅਖ਼ੀਰੀ ਰਹੰਦੀ।
ਦੇਖਣ ਆਇਆ ਜਗਤ ਤਮਾਸ਼ਾ
ਆਪ ਤਮਾਸ਼ਾ ਹੋਇਆ।
ਕਜਲੇ ਵਾਲੀਆਂ ਅੱਖੀਆਂ ਕੋਲੋਂ
ਭਰ ਕੇ ਜਾਏ ਨਾ ਰੋਇਆ।
‘ਨੂਰਪੁਰੀ’ ਬੁੱਲ੍ਹਾ ਤੇ ਲਾਲੀ
ਨਾ ਚੜ੍ਹਦੀ ਨਾ ਲਹੰਦੀ
ਲਾ ਲੈ ਅੱਜ ਸ਼ਗਨਾਂ ਦੀ ਮਹੰਦੀ
ਇਹ ਸੀ ਗੱਲ ਅਖ਼ੀਰੀ ਰਹੰਦੀ।
(ਨੂਰਪੁਰੀ ਕਾਵਿ ਸ੍ਰੰਗਹਿ ਵਿਚੋਂ)