ਡੇਰਾਵਾਦ ਕਿਉਂ ਪੈਰ ਫੈਲਾਅ ਗਿਆ
ਜਰਨੈਲ ਘੁਮਾਣ
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ
ਅੱਵਲ ਅੱਲਾ ਨੂਰ ਉਪਾਇਆ , ਕੁਦਰਤ ਕੇ ਸਭ ਬੰਦੇ ।
ਏਕ ਨੂਰ ‘ਤੇ ਸਭ ਜੱਗ ਉਪਜਿਆ , ਕੌਣ ਭਲੇ , ਕੋ ਮੰਦੇ ।
ਓਸ ‘ਏਕ’ ਦਾ ਰਾਹ ਦਿਖਲਾਵਣ , ਜੰਮ ਪਏ ਗੁਰੂ ਹਜ਼ਾਰਾਂ ।
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ ,ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ ਫੈਲਦਾ ਜਾਂਦਾ , ਕਰੀਏ ਆਓ ਵਿਚਾਰਾਂ ॥
ਕਈ ਬਾਬੇ ਉਸਾਰ ਬੈਠ ਗਏ, ਆਪਣੇ ਹੀ ਪਰਮ ਦੁਆਰੇ ।
ਕਈਆਂ ਦੇ ਨਿੱਤ ਪੜ੍ਹਨ , ਸੁਣਨ ਨੂੰ, ਮਿਲਦੇ ਵੱਡੇ ਕਾਰੇ ।
ਬਿਨਾਂ ਅੱਗ ਤੋਂ ਧੂੰਆਂ ਨਾ ਉੱਠੇ, ਕੀ ਕੀ ਸੱਚ ਉਚਾਰਾਂ ।
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ, ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ ਫੈਲਦਾ ਜਾਂਦਾ, ਕਰੀਏ ਆਓ ਵਿਚਾਰਾਂ ॥
ਦਸ਼ਮ ਪਿਤਾ ਗੁਰੂ ਗ੍ਰੰਥ ਸਾਹਿਬ ਨੂੰ, ਦੇ ਗਏ ਸੀ ਗੁਰ ਗੱਦੀ ।
‘ਧੁਰ ਕੀ ਬਾਣੀ’ ਖਰੀਦ ਬੈਠ ਗਏ, ਮਨਮੁਖ ਬੰਦੇ ਜੱਦੀ ।
ਇੱਕ ਦਸਤਾਰੋਂ ਰੰਗ ਬਰੰਗੀਆਂ, ਹੋਈਆਂ ਕਈ ਦਸਤਾਰਾਂ ।
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ, ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ ਫੈਲਦਾ ਜਾਂਦਾ, ਰਲ ਮਿਲ ਕਰੋ ਵਿਚਾਰਾਂ ॥
ਪੜ੍ਹਕੇ, ਸੁਣਕੇ, ਵਾਚਕੇ, ਕਰਦੇ ਅਮਲ ਨਾ ਬਾਣੀ ਉੱਤੇ ।
ਕੀ ਜਗਾਉਣਗੇ ਲੋਕਾਂ ਤਾਈਂ, ਜਿਹੜੇ ਖ਼ੁਦ ਹੀ ਸੁੱਤੇ ।
ਦੂਈ, ਦਵੈਤ, ਈਰਖ਼ਾ ਜਿਹੀਆਂ, ਉਚੀਆਂ ਬਹੁਤ ਦੀਵਾਰਾਂ ।
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ, ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ ਫੈਲਦਾ ਜਾਂਦਾ, ਰਲ ਮਿਲ ਕਰੋ ਵਿਚਾਰਾਂ ॥
ਜ਼ੋਰ, ਸ਼ੋਰ ਦੇ ਨਾਲ ਉਚਾਰਨ, ਕਿੱਸਿਆਂ ਜਿਉਂ ਗੁਰਬਾਣੀ ।
ਕੰਨਰਸ ਹੈ ਨਾ, ਧੂੰਮ ਧੜੱਕਾ, ਵਾਂਗ ਗਵੱਈਏ ਢਾਣੀ ।
ਸ਼ਰਧਾਲੂ ਵੀ ਨੱਚੀਂ ਜਾਂਦੇ, ਨੱਚਦੇ ਵਾਂਗ ਨਚਾਰਾਂ ।
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ, ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ ਫੈਲਦਾ ਜਾਂਦਾ, ਰਲ ਮਿਲ ਕਰੋ ਵਿਚਾਰਾਂ ॥
ਗੁਰੂ -ਡੰਮ ਦੀ ਸੇਵਾ ਖਾਤਿਰ, ਸੇਵਾਦਾਰ ਜਿੱਤ ਆਉਂਦੇ ।
ਵੋਟਾਂ ਵਾਲੀ ਖਿੱਚੋ ਤਾਣੀ, ਸੇਵਾ ਲਈ ਦਿਖਲਾਉਂਦੇ ।
ਗੋਲਕ ਗਿਣਨ ਵਾਸਤੇ ਨਿੱਤ ਹੀ, ਹੁੰਦੀਆਂ ਨੇ ਤਕਰਾਰਾਂ ।
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ, ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ ਫੈਲਦਾ ਜਾਂਦਾ, ਰਲ ਮਿਲ ਕਰੋ ਵਿਚਾਰਾਂ ॥
ਕੀਰਤਨ,ਪਾਠ ਤੇ ਧਿਆਨ ਸਭਾਵਾਂ, ਕਿੱਤੇ ਜਿਉਂ ਅਪਨਾ ਲਏ ।
ਜੈਸਾ ਲੋੜ ਦਿਓਂ, ਤੈਸਾ ਬਾਬਾ, ਸਭ ਨੇ ਰੇਟ ਬਣਾ ਲਏ ।
ਨੇਤਾਵਾਂ ਦੇ ਵਾਂਗ ਕਾਫ਼ਲੇ, ਜਾਣ ਛੂਕਦੀਆਂ ਕਾਰਾਂ ।
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ, ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ ਫੈਲਦਾ ਜਾਂਦਾ, ਰਲ ਮਿਲ ਕਰੋ ਵਿਚਾਰਾਂ ॥
ਕੁੱਝ ਕੁ ਨੇਤਾ, ਕੁੱਝ ਅਭਿਨੇਤਾ, ਜਾ ਜਦ ਚਰਨੀਂ ਬਹਿੰਦੇ ।
ਬਾਬਾ ਜੀ ਦੇ ਚਰਨ ਫੇਰ ਨਹੀਂ, ਏਸ ਧਰਤ ‘ਤੇ ਰਹਿੰਦੇ ।
ਮੋਬਾਇਲ ਫੋਨ, ਅਸਲੇ ਦੀ ਛਹਿਬਰ, ਸਿੱਧੀਆਂ ਸਭ ਥਾਂ ਤਾਰਾਂ ।
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ, ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ ਫੈਲਦਾ ਜਾਂਦਾ, ਰਲ ਮਿਲ ਕਰੋ ਵਿਚਾਰਾਂ ॥
ਧਰਮਾਂ ਦੇ ਵਿੱਚ ਸਿਆਸਤ ਵੜ ਗਈ, ਸਿਆਸਤ ਧਰਮ ਚਲਾਵੇ ।
ਧਰਮ ਚਲਾਉਣ ਵਾਸਤੇ ‘ਮੁੱਖੀਆ’, ‘ਮੁਖੀਆ’ ਗੱਦੀ ਬਿਠਾਵੇ ।
ਹੋਰ ਕੀ ਬੋਲਾਂ ਚਾਰੇ ਪਾਸੇ, ‘ਆਪਣੀਆਂ ਸਰਕਾਰਾਂ’ ।
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ, ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ ਫੈਲਦਾ ਜਾਂਦਾ, ਰਲ ਮਿਲ ਕਰੋ ਵਿਚਾਰਾਂ ॥
ਫ਼ਰਕ ਰਹਿ ਗਿਆ ਇਨਸਾਨਾਂ ਤੋਂ, ਤਾਹੀਂਓ ਵਧ ਗਏ ਪਾੜੇ ।
ਬੰਦਿਆਂ ਤਾਈ ਬਿਗਾੜ ਗਈ ਮਾਇਆ, ਕੁੱਝ ਚੌਧਰ ਦੇ ਸਾੜੇ ।
ਲੱਭਦੇ ਲੱਭਦੇ ‘ਤੁਹੀਂ ਤੂੰ’ ਨੂੰ, ਖਾ ਗਏ ‘ਮੈਂ’ ਤੋਂ ਮਾਰਾਂ ।
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ, ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ ਫੈਲਦਾ ਜਾਂਦਾ, ਰਲ ਮਿਲ ਕਰੋ ਵਿਚਾਰਾਂ ॥
ਰੱਬ ਦੇ ਨਾਂ ‘ਤੇ ਖੁਲ੍ਹਣ ਰੋਜ਼ਾਨਾ, ਧਰਮ ਵਧਾਊ ਦੁਕਾਨਾਂ ।
‘ਓਸ ਭਗਵਾਨ’ ਦੀ ਖੋਜ ਕਰੀ ਨਾ, ਕਲਯੁਗ ਦੇ ਭਗਵਾਨਾਂ ।
‘ਸ਼ਬਦ’ ਨਾ ਚੇਤਿਆ, ਜੋ ਸਮਝਾਇਆ, ਭਗਤਾਂ ‘ਤੇ ਅਵਤਾਰਾਂ ।
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ, ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ ਫੈਲਦਾ ਜਾਂਦਾ, ਰਲ ਮਿਲ ਕਰੋ ਵਿਚਾਰਾਂ ॥
ਕੌਣ ਬੇਗ਼ਾਨਾ, ਕੌਣ ਆਪਣਾ, ਸਭ ਹੀ ਉਸ ਦੇ ਬੰਦੇ ।
ਫਿਰ ਕਿਸ ਗੱਲ ਦੀ ਮਾਰਾ ਮਾਰੀ, ਬੰਦ ਕਰੋ ਇਹ ਧੰਦੇ ।
ਛੱਡ ਈਰਖ਼ਾ, ਇੱਕ ਹੋ ਜਾਓ, ਰੁਮਕਣ ਪਿਆਰ ਬਹਾਰਾਂ ।
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ, ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ ਫੈਲਦਾ ਜਾਂਦਾ, ਰਲ ਮਿਲ ਕਰੋ ਵਿਚਾਰਾਂ ॥
ਪਿੰਡ ਵੰਡ ਲਏ, ਖੰਡ ਵੰਡ ਲਏ, ਵੰਡ ਲਏ ਵੱਖ ਪ੍ਰਾਣੀ ।
ਹਾੜਾ੍ਹ ਰੱਬ ਦੇ ਬੰਦਿਓ, ਵੰਡਣ ਨ ਬਹਿਜਿਓ ਰੱਬੀ ਬਾਣੀ ।
ਸੀਅ ਲੈ ਬੁੱਲ੍ਹ ‘ਘੁਮਾਣ’, ਤੇਰੀਆਂ ਸੁਣਦੈ ਕੌਣ ਪੁਕਾਰਾਂ ।
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ, ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ ਫੈਲਦਾ ਜਾਂਦਾ, ਰਲ ਮਿਲ ਕਰੋ ਵਿਚਾਰਾਂ ॥
ਜਰਨੈਲ ਘੁਮਾਣ
ਮੋਬਾਇਲ ਨੰਬਰ : +91-98885-05577 +91-98885-05577