ਤਿੜਕੇ ਘੜੇ ਦਾ ਪਾਣੀ
ਅੰਮ੍ਰਿਤਾ ਪ੍ਰੀਤਮ
ਤਿੜਕੇ ਘੜੇ ਦਾ ਪਾਣੀ
ਕੱਲ੍ਹ ਤੱਕ ਨਹੀਂ ਰਹਿਣਾ…
ਇਸ ਪਾਣੀ ਦੇ ਕੰਨ ਤਰਿਹਾਏ
ਤ੍ਰੇਹ ਦੇ ਹੋਠਾਂ ਵਾਂਗੂੰ
ਓ ਮੇਰੇ ਠੰਢੇ ਘੱਟ ਦਿਆ ਮਿੱਤਰਾ !
ਕਹਿ ਦੇ ਜੋ ਕੁਝ ਕਹਿਣਾ…
ਅੱਜ ਦਾ ਪਾਣੀ ਕੀਕਣ ਲਾਹਵੇ
ਕੱਲ੍ਹ ਦੀ ਤ੍ਰੇਹ ਦਾ ਕਰਜ਼ਾ
ਨਾ ਪਾਣੀ ਨੇ ਕੰਨੀਂ ਬੱਝਣਾ
ਨਾ ਪੱਲੇ ਵਿਚ ਰਹਿਣਾ…
ਵੇਖ ਕਿ ਤੇਰੀ ਤ੍ਰੇਹ ਵਰਗੀ
ਇਸ ਪਾਣੀ ਦੀ ਮਜਬੂਰੀ
ਨਾ ਇਸ ਤੇਰੀ ਤ੍ਰੇਹ ਸੰਗ ਤੁਰਨਾ
ਨਾ ਇਸ ਏਥੇ ਬਹਿਣਾ…
ਅੱਜ ਦੇ ਪਿੰਡੇ ਪਾਣੀ ਲਿਸ਼ਕੇ
ਤ੍ਰੇਹ ਦੇ ਮੋਤੀ ਵਰਗਾ
ਅੱਜ ਦੇ ਪਿੰਡੇ ਨਾਲੋਂ ਕੱਲ੍ਹ ਨੇ
ਚਿੱਪਰ ਵਾਂਗੂੰ ਲਹਿਣਾ…
ਵੇ ਮੈਂ ਤਿੜਕੇ ਘੜੇ ਦਾ ਪਾਣੀ
ਕੱਲ੍ਹ ਤੱਕ ਨਹੀਂ ਰਹਿਣਾ…
(ਚੋਣਵੇਂ ਪੱਤਰੇ ਵਿੱਚੋਂ)