ਦਾਅਵਤ
ਅੰਮ੍ਰਿਤਾ ਪ੍ਰੀਤਮ
ਰਾਤ-ਕੁੜੀ ਨੇ ਦਾਅਵਤ ਦਿੱਤੀ –
ਤਾਰੇ ਜੀਕਣ ਚੌਲ ਛੜੀਂਦੇ
ਕਿਸ ਨੇ ਦੇਸ਼ਾਂ ਚਾੜ੍ਹੀਆਂ !
ਕਿਸ ਨੇ ਆਂਦੀ ਚੰਨ-ਸੁਰਾਹੀ
ਚਾਨਣ ਘੁੱਟ ਸ਼ਰਾਬ ਦਾ
ਤੇ ਅੰਬਰ ਅੱਖਾਂ ਗੱਡੀਆਂ !
ਧਰਤੀ ਦਾ ਅੱਜ ਦਿਲ ਪਿਆ ਧੜਕੇ –
ਮੈਂ ਸੁਣਿਆ ਅੱਜ ਟਾਹਣਾਂ ਦੇ ਘਰ
ਫੁੱਲ ਪ੍ਰਾਹੁਣੇ ਆਏ ਵੇ!
ਇਸ ਦੇ ਅੱਗੋਂ ਕੀ ਕੁਝ ਲਿਖਿਆ –
ਹੁਣ ਏਨ੍ਹਾਂ ਤਕਦੀਰਾਂ ਕੋਲੋਂ
ਕਿਹੜਾ ਪੁੱਛਣ ਜਾਏ ਵੇ!
ਉਮਰਾਂ ਦੇ ਇਸ ਕਾਗਜ ਉਤੇ –
ਇਸ਼ਕ ਤੇਰੇ ਅੰਗੂਠਾ ਲਾਇਆ
ਕੌਣ ਹਿਸਾਬ ਚੁਕਾਏਗਾ !
ਕਿਸਮਤ ਨੇ ਇਕ ਨਗ਼ਮਾ ਲਿਖਿਆ –
ਕਹਿੰਦੇ ਨੇ ਕੋਈ ਅੱਜ ਰਾਤ ਨੂੰ
ਓਹੀਓ ਨਗ਼ਮਾ ਗਾਏਗਾ !
ਕਲਪ ਬ੍ਰਿਛ ਦੀ ਛਾਵੇਂ ਬਹਿ ਕੇ –
ਕਾਮਧੇਨ ਦਾ ਦੁਧ ਪਸਮਿਆ
ਕਿਸ ਨੇ ਭਰੀਆਂ ਦੋਹਣੀਆਂ !
ਕਿਹੜਾ ਸੁਣੇ ਹਵਾ ਦੇ ਹਉਕੇ –
ਚੱਲ ਨੀ ਜਿੰਦੇ ! ਚੱਲੀਏ, ਸਾਨੂੰ
ਸੱਦਣ ਆਈਆਂ ਹੋਣੀਆਂ!
(ਚੋਣਵੇਂ ਪੱਤਰੇ ਵਿੱਚੋਂ)