ਪਹਿਲ
ਚਰਨ ਸਿੰਘ ਸ਼ਹੀਦ
ਜਾਨਵਰਾਂ ਦੇ ਹਸਪਤਾਲ ਵਿਚ, ਬੁੱਧੂ ਖੋਤਾ ਲਿਆਇਆ,
ਡਾਕਦਾਰ ਨੇ ਦੇਖ ਬਿਮਾਰੀ, ਨੁਸਖਾ ਲਿਖ ਪਕੜਾਇਆ।
ਕਹਿਣ ਲੱਗਾ ਇਹ ਚੀਜ਼ਾਂ ਪੀਹ ਕੇ, ਇਕ ਨਲਕੀ ਵਿਚ ਪਾਈਂ,
ਨਲਕੀ ਇਸ ਦੀ ਨਾਸ ਵਿਚ ਰਖ, ਫੂਕ ਜ਼ੋਰ ਦੀ ਲਾਈਂ।
ਏਹ ਨਸਵਾਰ ਨਾਸ ਦੀ ਰਾਹੀਂ, ਜਦੋਂ ਮਗਜ਼ ਵਿਚ ਜਾਊ,
ਤੇਰੇ ਇਸ ਖੋਤੇ ਨੂੰ, ਅਰਬੀ ਘੋੜੇ ਵਾਂਗ ਬਣਾਊ।
ਕੁਝ ਚਿਰ ਮਗਰੋਂ ਖਉਂ ਖਉਂ ਕਰਦਾ, ਬੁੱਧੂ ਮੁੜ ਕੇ ਆਯਾ,
ਬਿੱਜੂ ਵਾਂਗੂ ਬੁਰਾ ਉਸ ਨੇ, ਹੈਸੀ ਮੂੰਹ ਬਣਾਯਾ।
ਡਾਕਦਾਰ ਨੇ ਸੋਚਿਆ, ਹੋਸੀ ਗਧੇ ਦੁਲੱਤੀ ਲਾਈ,
ਹਾਸਾ ਰੋਕ ਪੁੱਛਿਆ, ਬੁੱਧੂ ਏਹ ਕੀ ਸ਼ਕਲ ਬਣਾਈ ?
ਕਹਿਣ ਲੱਗਾ ਹਟਕੋਰੇ ਲੈ ਕੇ, ਮੈਂ ਚੀਜ਼ਾ ਸਭ ਲਈਆਂ,
ਪੀਸ ਪੂਸ ਕੇ ਛਾਣ ਛੂਣ ਕੇ, ਜਦੋਂ ਟਿਚਨ ਕਰ ਲਈਆਂ।
ਨਲਕੀ ਵਿਚ ਪਾ, ਨਲਕੀ ਉਸ ਦੇ ਨਥਨੇ ਵਿਚ ਟਿਕਾਈ,
ਦੂਜੀ ਤਰਫੋਂ ਫੂਕ ਲਾਣ ਹਿਤ, ਮੈਂ ਨਲਕੀ ਮੂੰਹ ਪਾਈ।
ਮੇਰੀ ਫੂਕ ਪਹਿਲੇ ਹੀ ਚਾ, ਫੂਕ ਗਧੇ ਨੇ ਮਾਰੀ,
ਮੇਰੇ ਗਲ ਦੇ ਅੰਦਰ ਧਸ ਗਈ, ਝੱਟ ਦਵਾਈ ਸਾਰੀ।
ਅੱਲਾ ਬਖਸ਼ੇ, ਫੂਕ ਉਸ ਦੀ ਵਾਂਗ ਹਨੇਰੀ ਆਈ।
ਨਲਕੀ ਭੀ ਲੰਘ ਜਾਣੀ ਸੀ, ਮੈਂ ਫੜ ਕੇ ਮਸਾਂ ਬਚਾਈ।
ਉਸ ਦੀ ਸੁਣਕੇ ਗੱਲ ਡਾਕਦਾਰ ਹੱਸ ਹੱਸ ਦੂਹਰਾ ਹੋਯਾ,
ਹਸਦੇ ਰੋਂਦੇ ਦੇਖ ਦੋਹਾਂ ਨੂੰ ‘ਸੁਥਰਾ’ ਭੀ ਮੁਸਕਾਇਆ,
ਸੁਣ ਓ ਬੁੱਧੂ ਜਗ ਨੇ ਹੈ ‘ਪਹਿਲ ਤਾਈਂ ਵਡਿਆਈਆਂ।
‘ਜਿਦੀ ਫੂਕ ਪਹਿਲਾ ਵਜ ਜਾਵੇ, ਜਿੱਤ ਓਸ ਦੀ ਕਹਿੰਦੇ,
ਤੇਰੇ ਜਿਹਾ ਸੁਸਤ ਪਿੱਛੇ-ਰਹਿਣੇ, ਰੂੰ ਰੂੰ ਕਰਦੇ ਰਹਿੰਦੇ।’