ਪਾਪ ਦੀ ਬੁਰਕੀ
ਇਕ ਰਾਜੇ ਦੀ ਗੁਰੂ-ਤਪੀਸ਼ਰ, ਚੋਰੀ ਦੇ ਵਿਚ ਵੜਿਆ,
ਚੋਰਾਂ ਵਾਂਗੂ ਰਾਜੇ ਅੱਗੇ ਸਿਰ ਨੀਵਾਂ ਕਰ ਖੜਿਆ।
ਰੋਜ਼ ਵਾਂਗ ਓਹ ਰਾਜੇ ਨੂੰ ਉਪਦੇਸ਼ ਦੇਣ ਸੀ ਆਯਾ,
ਮੌਕਾ ਪਾ ਕੇ ਰਾਣੀ ਦਾ ਨੌ ਲੱਖਾ ਹਾਰ ਚੁਰਾਯਾ।
ਰਾਜਾ ਡਾਢਾ ਅਚਰਜ ਹੋਇਆ, ਸਮਝ ਜ਼ਰਾ ਨ ਆਵੇ,
ਐਡਾ ਜਪੀ ਤਪੀ ਸਿਧ ਜੋਗੀ ਕਿਵੇਂ ਚੋਰ ਬਣ ਜਾਵੇ ?
ਜੇ ਧਨ ਦੀ ਸੀ ਲੋੜ ਏਸ ਨੂੰ ਇਕ ਇਸ਼ਾਰਾ ਕਰਦਾ,
ਮੈਂ ਖੁਸ਼ ਹੋ ਕੇ ਇਸ ਦੀ ਕੁਟੀਆ, ਨਾਲ ਮੋਤੀਆਂ ਭਰਦਾ।
ਸੋਚ ਸੋਚ ਕੇ ਪੰਜ ਸਤ ਸਾਧੂ ਰਾਜੇ ਨੇ ਸਦਵਾਏ,
ਏਸ ਮਾਮਲੇ ਦੇ ਖੋਜਣ ਦੇ ਫਰਜ਼ ਉਨ੍ਹਾਂ ਨੂੰ ਲਾਏ।
ਪੂਰੀ ਖੋਜ ਉਨ੍ਹਾਂ ਨੇ ਕਰਕੇ ਸਿੱਟਾ ਇਹ ਦਿਖਲਾਇਆ
ਉਸ ਸਾਧੂ ਨੇ ਉਸ ਦਿਨ ਭੋਜਨ ਚੋਰੀ ਦਾ ਸੀ ਪਾਇਆ।
ਇਕ ਜ਼ਰਗਰ ਨੇ ਗਾਹਕ ਕਿਸੇ ਦਾ ਸੋਨਾ ਚੋਰੀ ਕੀਤਾ,
ਯਾਨੀ ਖ਼ੂਨ ਵਿਚਾਰੇ ਦਾ ਸੀ ਨਾਲ ਚਲਾਕੀ ਪੀਤਾ।
ਓਹ ਸੁਨਿਆਰਾ ਰਾਜ-ਦ੍ਰੋਹ ਵਿਚ ਹੱਥ ਪੁਲਸ ਦੇ ਆਯਾ,
ਜਿਸ ਨੇ ਉਸ ਦਾ ਮਾਲ ਜ਼ਬਤ ਕਰ ਰਾਜੇ ਦੇ ਘਰ ਆਯਾ।
ਉਸ ਮਾਲ ਦਾ ਆਟਾ, ਘੀ ਤੇ ਲਕੜੀ ਲੂਣ ਲਿਆ ਕੇ,
ਰਾਜ ਮਹਿਲ ਵਿਚ ਖਾਣਾ ਪੱਕਿਆ ਛੱਤੀ ਭਾਂਤ ਬਣਾ ਕੇ।
ਰਾਜ-ਗੁਰੂ ਨੇ ਰਾਜ ਮਹਿਲ ਵਿਚ, ਉਹ ਭੋਜਨ ਸੀ ਪਾਯਾ,
ਮਨ ਮਲੀਨ ਝਟ ਉਸ ਦਾ ਹੋਇਆ, ਤਾਂ ਉਸ ਹਾਰ ਚੁਰਾਯਾ।
ਇਸੇ ਲਈ ਸਨ ਗੁਰੂ ਨਾਨਕ ਨੇ, ਅੰਨ ਨਿਚੋੜ ਦਿਖਾਏ,
ਇਕ ‘ਚੋਂ ਦੁੱਧ, ਦੂਏ ‘ਚੋਂ ਲਹੂ, ਕੱਢ ਕੇ ਸਬਕ ਪੜ੍ਹਾਏ।
ਅੰਨ ਪਾਪ ਦਾ ਖਾ ਖਾ ਬੰਦਾ, ਪਾਪ ‘ਚ ਡੁੱਬਦਾ ਜਾਵੇ,
‘ਸੁਥਰਾ’ ਲੁਕਮਾ ਖਾਇ ਆਤਮਾ, ‘ਸੁਥਰਾ’ ਹੋ ਸੁਖ ਪਾਵੇ।