ਪੰਜਾਬੀ ਦਾ ਸੁਪਨਾ
ਧਨੀ ਰਾਮ ਚਾਤ੍ਰਿਕ
(ਕਿਸੇ ਟਾਪੂ ਵਿਚ ਬੈਠੇ ਪੰਜਾਬੀ ਦਾ ਆਪਣੇ ਵਤਨੀ ਭਰਾ ਨਾਲ ਮੇਲ)
(1)
ਪੰਜਾਬੋਂ ਔਂਦਿਆ ਵੀਰਨਿਆ,
ਕੋਈ ਗੱਲ ਕਰ ਆਪਣੇ ਥਾਵਾਂ ਦੀ।
ਮੇਰੇ ਪਿੰਡ ਦੀ ਮੇਰੇ ਟੱਬਰ ਦੀ,
ਹਮਸਾਇਆਂ ਭੈਣ ਭਰਾਵਾਂ ਦੀ।
ਫ਼ਸਲਾਂ ਚੰਗੀਆਂ ਹੋ ਜਾਂਦੀਆਂ ਨੇ?
ਮੀਂਹ ਵੇਲੇ ਸਿਰ ਪੈ ਜਾਂਦਾ ਹੈ?
ਘਿਓ ਸਸਤਾ ਅੰਨ ਸਵੱਲਾ ਏ,
ਸਭ ਰੱਜ ਕੇ ਰੋਟੀ ਖਾਂਦੇ ਨੇ?
ਪਰਭਾਤ ਰਿੜਕਣੇ ਪੈਂਦੇ ਸਨ?
ਛਾਹ ਵੇਲੇ ਭੱਤੇ ਢੁੱਕਦੇ ਸਨ?
ਭੱਠੀਆਂ ਤੇ ਝੁਰਮਟ ਪੈਂਦੇ ਸਨ?
ਤ੍ਰਿਝਣਾਂ ਵਿਚ ਚਰਖੇ ਘੂਕਦੇ ਸਨ?
ਪਰਦੇਸਾਂ ਅੰਦਰ ਬੈਠਿਆਂ ਨੂੰ,
ਕੋਈ ਯਾਦ ਤੇ ਕਰਦਾ ਹੋਵੇਗਾ?
ਮਾਂ, ਭੈਣ ਤੇ ਨਾਰ ਕਿਸੇ ਦੀ ਦਾ,
ਦਿਲ ਹੌਕੇ ਭਰਦਾ ਹੋਵੇਗਾ?
(2)
ਪੰਜਾਬੀਆਂ ਵਿਚ ਕੋਈ ਚਾ ਭੀ ਹੈ?
ਪੰਜਾਬ ਦੀ ਸ਼ਾਨ ਬਣਾਉਣ ਦਾ?
ਪਾਟੇ ਹੋਏ ਸੀਨੇ ਸੀਉਣ ਦਾ?
ਨਿਖੜੇ ਹੋਏ ਵੀਰ ਮਿਲਾਉਣ ਦਾ?
ਹਿੰਦੂ ਮੋਮਨ ਸਿੱਖ ਈਸਾਈ,
ਘਿਓ ਖਿਚੜੀ ਹੋ ਗਏ ਹੋਵਣਗੇ?
ਕਿਰਸਾਣ ਵਪਾਰੀ ਤੇ ਕਿਰਤੀ,
ਇਕ ਥਾਏਂ ਖਲੋ ਗਏ ਹੋਵਣਗੇ?
(3)
ਅਸੀਂ ਜਦ ਦੇ ਏਥੇ ਆਏ ਹਾਂ,
ਸਾਡੇ ਤੇ ਹੁਲੀਏ ਹੀ ਵਟ ਗਏ ਨੇ।
ਸਾੜੇ ਤੇ ਕੀਨੇ ਨਿਕਲ ਗਏ,
ਵਲ ਵਿੰਗ ਪੁਰਾਣੇ ਹਟ ਗਏ ਨੇ।
ਜੀ ਚਾਹੁੰਦਾ ਹੈ, ਪੰਜਾਬ ਨੂੰ ਭੀ,
ਐਥੋਂ ਵਰਗਾ ਰੰਗ ਲਾ ਲਈਏ,
ਪਿੰਡ ਪਿੰਡ ਵਿਚ ਸਾਂਝਾਂ ਪਾ ਲਈਏ,
ਪੱਕੀਆਂ ਸੜਕਾਂ ਬਣਵਾ ਲਈਏ।
ਹੱਥਾਂ ਵਿਚ ਬਰਕਤ ਪੈ ਜਾਵੇ,
ਧਰਤੀ ਸੋਨੇ ਦੀ ਹੋ ਜਾਵੇ।
ਆ ਕੇ ਕੋਈ ਰੋੜ੍ਹ ਮਜੂਰੀ ਦਾ,
ਭੁੱਖ ਨੰਗ ਦੇ ਧੋਣੇ ਧੋ ਜਾਵੇ।
(ਨਵਾਂ ਜਹਾਨ ਵਿੱਚੋਂ)