ਪੰਜਾਬੀ
ਧਨੀ ਰਾਮ ਚਾਤ੍ਰਿਕ
ਸ਼ਾਵਾ ਓਇ ਪੰਜਾਬੀ ਸ਼ੇਰਾ,
ਜੰਮਣਾਂ ਹੀ ਜਗ ਵਿਚ ਹੈ ਤੇਰਾ।
ਧੰਨ ਤੂੰ ਤੇ ਧੰਨ ਤੇਰੀ ਮਾਈ,
ਧੰਨ ਹਿੰਮਤ ਤੇ ਧੰਨ ਤੇਰੀ ਕਮਾਈ।
ਕੁਦਰਤ ਹੈ ਅਜ ਤੇਰੇ ਵਲ ਦੀ,
ਤੇਰੇ ਸਿਰ ਤੇ ਦੁਨੀਆ ਪਲਦੀ।
ਮੂੰਹ ਤੇਰੇ ਤੇ ਨੂਰ ਖੁਦਾ ਦਾ,
ਬਾਂਹ ਤੇਰੀ ਵਿਚ ਜ਼ੋਰ ਬਲਾ ਦਾ।
ਜੇਠ ਹਾੜ ਦੇ ਵਾ ਵਰੋਲੇ,
ਸਾਉਣ ਮੀਂਹ ਦੇ ਝਖੜ ਝੋਲੇ।
ਰਾਤ ਹਨੇਰੀ ਪੋਹ ਦੇ ਪਾਲੇ
ਹਸ ਹਸ ਕੇ ਤੂੰ ਜਫਰ ਜਾਲੇ।
ਸੌਂਚੀ. ਬੁਗਦਰ, ਛਾਲਾਂ, ਵੀਣੀ,
ਹਰ ਇਕ ਖੇਡ ਤੇਰੀ ਸਾਹ-ਪੀਣੀ।
ਹਿੰਮਤ ਤੇਰੀ ਦਾ ਕੀ ਕਹਿਣਾ,
ਬਿਨਾਂ ਖੁਰਾਕੋਂ ਜੁੱਟਿਆ ਰਹਿਣਾ।
ਛੋਲੇ ਚੱਬ ਤੂੰ ਕਹੀ ਚਲਾਵੇਂ,
ਛਾਹ ਪੀ ਕੇ ਤੂੰ ਲਹੂ ਵਹਾਵੇਂ।
ਜਿਸ ਮੁਹਿੰਮ ਦੇ ਸਿਰ ਤੂੰ ਚੜ੍ਹਿਓਂ,
ਸਰ ਕੀਤੇ ਬਿਨ ਘਰ ਨ ਵੜਿਓਂ।
ਜਸ ਹੁੰਦਾ ਏ ਹਰ ਥਾਂ ਤੇਰਾ,
ਸ਼ਾਵਾ ਓਇ ਪੰਜਾਬੀ ਸ਼ੇਰਾ
(ਕੇਸਰ ਕਿਆਰੀ ਵਿਚੋਂ)