ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love
ਸੱਜਣਾ ਵੇ !
ਬਲਵਿੰਦਰ ਕੌਰ

ਸਾਨੂੰ ਸੱਜਣਾ ਵੇ ਲਾਏ ਤੂੰ ਲਾਰੇ ਬੜੇ,
ਸਾਨੂੰ ਜੋ ਜਾਨ ਤੋਂ ਵੀ ਪਿਆਰੇ ਬੜੇ।
ਸਾਨੂੰ ਤੇਰੇ ਇਕਰਾਰ ਕੀਤਾ ਬੜਾ ਈ ਖੁਆਰ,
ਛੱਡੇ ਤੇਰੇ ਲਈ ਅਸਾਂ ਵੇ ਨਜ਼ਾਰੇ ਬੜੇ।
ਅਸੀਂ ਜੁਗਾਂ ਤੱਕ ਸੱਜਣਾ ਵੇ ਕੀਤੀ ਸੀ ਉਡੀਕ,
ਰਤੀ ਕਦਰ ਨਾ ਕੀਤੀ ਲਈ ਇਸ਼ਕੇ ਨੂੰ ਲੀਕ,
ਕੀਤੇ ਕਰਨ ਦੇ ਤਬਾਹ ਵੇ ਤੂੰ ਚਾਰੇ ਬੜੇ।
ਜਿੰਦ ਹੋ ਗਈ ਵੀਰਾਨ ਪੱਲੇ ਪਈ ਤਨਹਾਈ,
ਹੋਰ ਮਿਲਦਾ ਵੀ ਕੀ? ਗ਼ਮਾਂ ਦੁੱਖਾਂ ਦੀ ਮੈਂ ਜਾਈ,
ਰਹਿਣ ਵਹਿੰਦੇ ਹੰਝੂਆਂ ਦੇ ਵੇ ਸਾਗਰ ਬੜੇ।
ਵਿੱਚ ਗ਼ੈਰਾਂ ਦੇ ਤੂੰ ਬੈਠ, ਭੁੱਲਾ ਸਾਡੀ ਵੇ ਪ੍ਰੀਤ,
ਆ ਕੇ ਤੱਕ "ਬਿੰਦਰ" ਲਿਖੇ ਕਿੰਨੇ ਗ਼ਮਾਂ ਦੇ ਗੀਤ।
ਬਲਵਿੰਦਰ ਕੌਰ
9815377789
baldev151@gmail.com

ਨਾਰੀ!
ਬਲਵਿੰਦਰ ਕੌਰ
ਮੈਂ ਔਰਤ ਹਾਂ ਕੋਈ ਅਬਲਾ ਨਹੀਂ, ਕਿਉਂ ਪੈਰਾਂ ਹੇਠਾਂ ਰੋਲੇਂ ਤੂੰ,
ਕਮਜ਼ੋਰ ਵਿਚਾਰੀ ਅਬਲਾ ਮੈਂ, ਜੋ ਮੂੰਹ ਆਉਂਦਾ ਏ ਬੋਲੇ ਤੂੰ।
ਮੈਨੂੰ ਜੀਂਦਿਆਂ ਤਾਂ ਨਹੀਂ ਜੀਣ ਦਿੰਦਾ, ਪਿਛੋਂ ਵੀ ਰਾਖ ਫਰੋਲੇਂ ਤੂੰ,
ਤੈਨੂੰ ਜਨਮ ਦਿੱਤਾ ਮੈਂ ਮਰ-ਮਰ ਕੇ, ਤੇ ਰੱਜ ਜਵਾਨੀਆਂ ਮਾਣੇ ਤੂੰ।
ਮੈਂ ਮਾਸੂਮ, ਪਰ ਚੰਡੀ ਝਾਂਸੀ ਵੀ ਉੱਡਣ ਪਰਬਤਾਂ-ਰੋਹਿਣੀ ਵੀ,
ਮੈਨੂੰ ਪਹੁੰਚੀ ਤੱਕ ਬੁਲੰਦੀ ਤੇ, ਕਿਉਂ ਪੱਤੇ ਵਾਂਗਰ ਡੋਲੇਂ ਤੂੰ।
ਮਾਂ, ਭੈਣ, ਧੀ ਤੇ ਬੀਵੀ ਸਾਂ, ਸਾਂ ਵਿਹੜੇ ਦਾ ਸ਼ਿੰਗਾਰ ਤੇਰੇ,
"ਬਿੰਦਰ" ਦੌਲਤ ਹਵਸ ਦੇ ਨਸ਼ੇ ਅੰਦਰ, ਮੈਨੂੰ ਕੋਠਿਆਂ ਉੱਤੇ ਟੋਲੇਂ ਤੂੰ।
ਬਲਵਿੰਦਰ ਕੌਰ
9815377789

ਧੀ ਦੀ ਪੁਕਾਰ !
ਬਲਵਿੰਦਰ ਕੌਰ
ਬਾਬਲਾ ਮੈਂ ਧੀ ਤੇਰੀ ਕਰਾਂ ਪੁਕਾਰ ਵੇ,
ਜਨਮੋਂ ਤੂੰ ਪਹਿਲਾਂ ਰਿਹੋਂ ਕਾਹਤੋਂ ਮਾਰ ਵੇ,
ਕਰੇਂਗਾ ਤੂੰ ਮਾਣ ਨਾਲੇ, ਤੇਰਾ ਇਹ ਸਮਾਜ ਵੇ,
ਬਦਲਾਂਗੀ ਰੀਤ ਹੁੰਦਾ, ਪੁੱਤਾਂ ਸਿਰ ਰਾਜ ਵੇ,
ਦਿਆਂਗੀ ਸਬੂਤ ਜੇ ਦੇਵੇਂ, ਮੌਕਾ ਇਕ ਵਾਰ ਵੇ,
ਧੀਆਂ ਵਾਲੇ ਕੱਲੇ ਨਹੀਓਂ, ਫ਼ਰਜ਼ ਨਿਭਾਵਾਂ ਮੈਂ,
ਮਾਂ, ਭੈਣ, ਪਤਨੀ ਦੇ ਰੂਪ ਵਟਾਣੇ ਮੈਂ,
ਰਹਿਜਾਂਗੀ ਬੇਵੱਸ ਹੋ ਕੇ ਕਰੀਂ ਨਾ ਸੰਘਾਰ ਵੇ,
ਪਰਬਤਾਂ ਰੋਹਿਣੀ ਬਣੀ, ਰਾਣੀ ਝਾਂਸੀ ਵਾਲੀ ਮੈਂ,
ਕਿਹੜੇ ਖਿੱਤੇ ਦੱਸੀਂ ਕੀਤੀ, ਨਹੀਂ ਭਾਈਵਾਲੀ ਮੈਂ,
ਜੱਗ ਵਾਂਗਰ ਤੂੰ ਵੀ ਮੈਨੂੰ, ਸਮਝੇਂ ਕਿਓਂ ਭਾਰ ਮੈਂ,
ਕੀਤੇ ਪੁਲਾੜ ਫਤਹਿ ਮੈਂ ਧਰਤੀ ਦੀ ਸੇਵਾ ਵੀ,
ਬਦਲੇ ਵਿਚ ਕਦੇ ਨਾ ਮੰਗੀ, ਸ਼ਾਬਾਸ਼ੀ ਜਾਂ ਮੇਵਾ ਵੀ,
ਦੁਵਿਧਾ ਨੂੰ ਛੱਡ ਪਰਖੀਂ, ਮੈਨੂੰ ਇਕ ਵਾਰ ਵੇ,
ਬਾਬਲਾ ਮੈਂ ਧੀ ਤੇਰੀ, ਕਰਾਂ ਪਈ ਪੁਕਾਰ ਵੇ।
ਬਲਵਿੰਦਰ ਕੌਰ
9815377789

ਐ ਸ਼ਿਵ !
ਬਲਵਿੰਦਰ ਕੌਰ
ਤੁਧ ਬਿਨ ਗ਼ਮਾਂ ਦੀ ਮਹਿਫਲ ਸੁੰਞੀ,
ਬਿਰਹੋਂ ਦੇ ਕੋਈ ਗੀਤ ਨਾ ਗਾਏ।
ਵਣਜ ਇਸ਼ਕ ਦਾ ਕਰਨ ਦੀ ਖ਼ਾਤਰ,
ਪੱਥਰਾਂ ਦੇ ਕੋਈ ਸ਼ਹਿਰ ਨਾ ਆਏ।
ਵਾਂਗ ਤੇਰੇ ਫੁੱਲ ਤੋੜ ਦਿਲਾਂ ਦੇ,
ਸੱਜਣ ਦੀ ਕੌਣ ਭੇਂਟ ਚੜ੍ਹਾਏ।
ਗ਼ਮਾਂ ਦੇ ਉੱਚੇ ਮਹਿਲੀਂ ਬਹਿਕੇ,
ਕੌਣ ਪੀੜ ਦੇ ਮਰਸੀਏ ਗਾਏ।
ਵਾਂਗ ਤੇਰੇ ਕੌਣ ਜੋਬਨ ਰੁੱਤੇ,
ਜ਼ਾਲਮ ਮੌਤ ਦੇ ਸੋਹਲੇ ਗਾਏ।
ਪੀੜ ਗ਼ਮਾਂ ਦੀ ਮਹਿਫਲ ਐ ਸ਼ਿਵ,
ਤੁਧ ਬਿਨ ਆਣ ਕੇ ਕੌਣ ਸਜਾਏ।
ਬਲਵਿੰਦਰ ਕੌਰ
9815377789

ਕੁਰਸੀ!
ਬਲਵਿੰਦਰ ਕੌਰ
ਰਾਜ ਦਾ ਰਾਗ ਸੁਣਾਏ ਕੁਰਸੀ,
ਸੁਪਨੇ ਦਿਨੇ ਦਿਖਾਏ ਕੁਰਸੀ,
ਭਾਈਆਂ ਹੱਥੋਂ ਜਾਨ ਤੋਂ ਪਿਆਰੇ,
ਭਾਈਆਂ ਨੂੰ ਮਰਵਾਏ ਕੁਰਸੀ।
ਤਕੜਿਆਂ ਦੇ ਗੋਡੀਂ ਹੱਥ ਲਾਏ,
ਮਾੜਿਆਂ ਨੂੰ ਮਰਵਾਏ ਕੁਰਸੀ।
ਵਾਂਗ ਪਤੰਗੇ ਨੇਤਾ ਸੜਦੇ,
ਜਲਵਾ ਜਦੋਂ ਦਿਖਾਏ ਕੁਰਸੀ।
ਸੱਚ ਦੇ ਮਾਰਗ ਚਲਦਿਆਂ ਅੰਨ੍ਹਾਂ,
ਪਲ ਦੇ ਵਿਚ ਬਣਾਏ ਕੁਰਸੀ।
ਰੱਜੇ ਨੂੰ ਕਰੇ ਹੱਥੀਂ ਛਾਵਾਂ,
ਭੁੱਖਿਆਂ ਹੋਰ ਸਤਾਏ ਕੁਰਸੀ।
ਲਗਦੀ ਹੈ ਡੋਲਣ ਜਦ ਕੁਰਸੀ,
ਖ਼ੁਦ ਦਹਿਸ਼ਤ ਫੈਲਾਏ ਕੁਰਸੀ।
ਦੇਸ਼ ਨੂੰ ਖ਼ਤਰਾ, ਧਰਮ ਨੂੰ ਖ਼ਤਰਾ,
ਪਾੜ ਕੇ ਸੰਘ ਚਿੱਲਾਏ ਕੁਰਸੀ।
ਸੈਂਕੜੇ ਮਾਰ ਮਜ਼ਲੂਮ ਕਦੇ ਵੀ,
ਗਿਣਤੀ ਨਾ ਕਰਵਾਏ ਕੁਰਸੀ।
ਆਪਣੇ ਰਾਹ ਅਡੋਲਨੇ ਚੱਲਦੇ,
ਲੋਕਾਂ ਨੂੰ ਭਰਮਾਏ ਕੁਰਸੀ।
ਹਾਏ, ਹਾਏ, ਹਾਏ, ਕੁਰਸੀ। 
ਬਲਵਿੰਦਰ ਕੌਰ
9815377789
Loading spinner