ਬਾਬੇ ਮੋਟੀਆਂ ਗੋਗੜਾਂ ਵਾਲੇ
ਜਰਨੈਲ ਘੁਮਾਣ
ਅੰਧ ਵਿਸ਼ਵਾਸਾਂ ਵਿੱਚ ਡੁੱਬੀ ਹੋਈ ਲੋਕਾਈ ਨੂੰ ,
ਭੇਡ ਚਾਲਾਂ ਵਿੱਚ ਫਸੇ , ਸਭ ਮਾਈ ਭਾਈ ਨੂੰ ,
ਜੋੜ ਚੇਲਿਆਂ ਦੀ ਜਮਾਤ ,
ਵਿਖਾਕੇ ਝੂਠੀ ਕਰਾਮਾਤ ,
ਲਾਹਕੇ ਚਿੱਟੇ ਲੀੜੇ , ਚੋਗੇ ਪਾ ਲਏ ਕਾਲੇ ।
ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ , ਬਾਬੇ ਮੋਟੀਆਂ ਗੋਗੜਾਂ ਵਾਲੇ ।
ਕੋਈ ਕਹੇ ਬਾਬਾ ਤੋੜ ਦਿੰਦਾਂ ਹੈ ਬਿਮਾਰੀਆਂ ,
ਕੋਈ ਕਹੇ ਬਾਬੇ ਦੀਆਂ ਖੇਡਾਂ ਨੇ ਨਿਆਰੀਆਂ ,
ਕੁੱਖੋਂ ਸੱਖਣੀ ਸੀ ਭਾਨੀ ,
ਲੰਘੀਂ ਜਾਂਦੀ ਸੀ ਜਵਾਨੀ ,
ਇੱਕ ਮੰਗਦੀ ਸੀ , ਦੋ ਦੋ ਪੁੱਤ ਪਾਲੇ ।
ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ ,ਬਾਬੇ ਮੋਟੀਆਂ ਗੋਗੜਾਂ ਵਾਲੇ ।
ਕਹਿੰਦੇ ਆਉਂਦੀ ਬਾਬੇ ਕੋਲ , ਕਾਲੀ ਦੇਵੀ ਰਾਤ ਨੂੰ ,
ਚੌਂਕੀ ਭਰਵਾਕੇ , ਤੁਰ ਜਾਂਦੀ ਪ੍ਰਭਾਤ ਨੂੰ ,
ਬਾਬਾ ਤੀਵੀਆਂ ਖਿਡਾਉਂਦਾ ,
ਸੁੱਖਾਂ ਪੂਰੀਆਂ ਕਰਾਉਂਦਾ ,
ਉਹੀਓ ਮਿਲਦਾ , ਜਿਹੜਾ ਜੋ ਵੀ ਭਾਲੇ ।
ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ ,ਬਾਬੇ ਮੋਟੀਆਂ ਗੋਗੜਾਂ ਵਾਲੇ ।
ਬਾਬਾ ਜੀ ਦੇ ਚਿਮਟੇ ’ਚ , ਸ਼ਿਵਜੀ ਦਾ ਵਾਸ ਹੈ ।
ਚਿਮਟੇ ਦੀ ਮਾਰ ਕਰੇ ,ਕਸ਼ਟਾਂ ਦਾ ਨਾਸ ਹੈ ।
ਕੱਢੇ ਭੂਤ ’ਤੇ ਪ੍ਰੇਤ ,
ਹੋਵੇ ਘਰ ਭਾਂਵੇਂ ਖੇਤ ,
ਖੋਹਲ ਦਿੰਦਾਂ ਹੈ ਮੁਕੱਦਰਾਂ ਦੇ ਤਾਲੇ ।
ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ ,ਬਾਬੇ ਮੋਟੀਆਂ ਗੋਗੜਾਂ ਵਾਲੇ ।
ਸੱਸ ਨੂੰਹ ਦੀ ਬਣਦੀ ਨਾ , ਰਹਿੰਦੀ ਐ ਲੜਾਈ ਜੇ ।
ਵੀਰਵਾਰ ਵਾਲੇ ਦਿਨ , ਚਾੜ੍ਹ ਦਿਓ ਕੜਾਹੀ ਜੇ ।
ਕਾਲਾ ਕੁੱਕੜ , ਸ਼ਰਾਬ ,
ਕਰੂ ਦਿਨਾਂ ਵਿੱਚ ਲਾਭ ,
ਭੈਣਾਂ ਸਕੀਆਂ ਜਿਉਂ , ਘੁੰਮਣ ਦੁਆਲੇ ।
ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ ,ਬਾਬੇ ਮੋਟੀਆਂ ਗੋਗੜਾਂ ਵਾਲੇ ।
ਲੱਭਦਾ ਨਾ ਵਰ ਜੇ , ਕੁੜੀ ਨੂੰ ਕੋਈ ਚੱਜਦਾ ।
ਵੇਖਿਓ ਕਨੇਡਿਓ ਸਿੱਧਾ , ਦਰ ਵਿੱਚ ਵੱਜਦਾ ।
ਇਕੱਤੀ ਸੌ ਦਾ ਇੱਕ ਪੁੰਨ ,
ਕਰੋ ਕਾਲੀ ਭੇੜ ਮੁੰਨ ,
ਦਿਨਾਂ ਵਿੱਚ ਵੇਖਿਓ , ਫੇਰੇ ਵੀ ਕਰਾਲੇ ।
ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ ,ਬਾਬੇ ਮੋਟੀਆਂ ਗੋਗੜਾਂ ਵਾਲੇ ।
ਚੱਜਿਆਂ , ਕੁਚੱਜਿਆਂ, ਜਿਹਨਾਂ ਨੂੰ ਕੋਈ ਕੰਮ ਨਾ ।
ਕੜਕਦੀ ਧੁੱਪ ’ਚ , ਮਚਾਇਆ ਜਿਹਨਾ ਚੰਮ ਨਾ ।
ਉਹ ਧਾਰ ਢੱਕਮੰਜ ,
ਕੱਢਵਾਕੇ ਸਿਰ ਗੰਜ ,
ਬਣੀ ਫਿਰਦੇ , ਭੈਰੋਂ ਦੇ ਸਕੇ ਸਾਲੇ ।
ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ ,ਬਾਬੇ ਮੋਟੀਆਂ ਗੋਗੜਾਂ ਵਾਲੇ ।
ਕਿਰਤਾਂ ਬਗੈਰ ਲੋਕੋ ਜ਼ਿੰਦਗੀ ’ਚ ਸੁੱਖ ਨਾ ।
ਦਵਾ ਦਾਰੂ ਬਿਨਾਂ ਜਾਣ ਲੱਗੇ ਹੋਏ ਦੁੱਖ ਨਾ ।
ਜਾਗੋ ! ਜਾਗ ਜਾਓ ‘ਘੁਮਾਣ’
ਇਹ ਪਾਖੰਡੀ ਥੋਨੂੰ ਖਾਣ ,
ਇਹਨਾਂ ਉੱਤੇ ਨਾ , ਭਰੋਸੇ ਕਰੋ ਵਾਹਲੇ ।
ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ ,ਬਾਬੇ ਮੋਟੀਆਂ ਗੋਗੜਾਂ ਵਾਲੇ ।
ਜਰਨੈਲ ਘੁਮਾਣ ਮੋਬਾਇਲ ਨੰਬਰ : +91-98885-05577