ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਬੀਤ ਗਈ ਤੇ ਰੋਣਾ ਕੀ
ਨੰਦ ਲਾਲ ਨੂਰਪੁਰੀ

ਜਾਦੂਗਰ ਨੇ ਖੇਲ੍ਹ ਰਚਾਇਆ
ਮਿੱਟੀ ਦਾ ਇਕ ਬੁੱਤ ਬਣਾਇਆ
ਫੁੱਲਾਂ ਵਾਂਗ ਹਸਾ ਕੇ ਉਸ ਨੂੰ
ਦੁਨੀਆਂ ਦੇ ਵਿਚ ਨਾਚ ਨਚਾਇਆ
ਭੁੱਲ ਗਇਆ ਉਹ ਹਸਤੀ ਅਪਣੀ
ਵੇਖ ਵੇਖ ਖਰਮਸਤੀ ਅਪਣੀ
ਹਾਸੇ ਹਾਸੇ ਵਿਚ ਲੁਟਾ ਲਈ
ਇਕ ਕਾਇਆ ਦੀ ਬਸਤੀ ਅਪਣੀ
ਹੁਣ ਪਛਤਾਏ ਹੋਣਾ ਕੀ
ਬੀਤ ਗਈ ਤੇ ਰੋਣਾ ਕੀ।
ਦੁਨੀਆਂ ਹੈ ਦਰਿਆ ਇਕ ਵਗਦਾ
ਹਾਥ ਜੇਹਦੀ ਦਾ ਥਹੁ ਨਹੀਂ ਲਗਦਾ
ਇਕ ਕੰਢੇ ਤੇ ਦਿਸੇ ਹਨੇਰਾ
ਦੀਵੇ ਵਾਲੇ ਜਾਗ ਉਹ ਭਾਈ
ਤੇਰੇ ਘਰ ਨੂੰ ਢਾਹ ਹੈ ਲਾਈ
ਸਾਹਵੇਂ ਦਿਸਿਆ ਜਦੋਂ ਹਨੇਰਾ
ਓਦੋਂ ਤੈਨੂੰ ਜਾਗ ਨਾ ਆਈ
ਹੁਣ ਇਹ ਬੂਹਾ ਢੋਣਾ ਕੀ
ਬੀਤ ਗਈ ਤੇ ਰੋਣਾ ਕੀ।
ਹੱਸਦਾ ਫੁੱਲ ਗਵਾਇਆ ਏ ਤੂੰ
ਦੀਵਾ ਤੋੜ ਬੁਝਾਇਆ ਏ ਤੂੰ
ਆਪ ਜਗਾਵੇਂ ਆਪ ਬੁਝਾਵੇਂ
ਏਸੇ ਵਿਚ ਚਿਤ ਲਾਇਆ ਏ ਤੂੰ
ਘੜੀਆਂ ਆਪ ਬਣਾਵੇਂ ਢਾਵੇਂ
ਤੇਰਾ ਮਨ ਕਿਉਂ ਗੋਤੇ ਖਾਵੇ
ਸ਼ੈ ਵਾਲਾ ਜੇ ਸ਼ੈ ਲੈ ਜਾਵੇ
ਤਾਂ ਤੇਰਾ ਉਹ ਕੀ ਲੈ ਜਾਵੇ
ਉਸ ਤੋਂ ਫੇਰ ਲੁਕੌਣਾ ਕੀ
ਬੀਤ ਗਈ ਤੇ ਰੋਣਾ ਕੀ।
(ਨੂਰਪੁਰੀ ਕਾਵਿ ਸ੍ਰੰਗਹਿ ਵਿਚੋਂ)

 

Loading spinner