ਨਸ਼ਿਆਂ ਦੀਆਂ ਹਵਾਵਾਂ ਰਾਮ ਕਿਸ਼ੋਰ ਕਿਹੜੇ ਦੇਸ਼ੋਂ ਆਈਆਂ ਇਹ ਚੰਦਰੀਆਂ ਹਵਾਵਾਂ ਨੇ, ਖੁਆ ਲਏ ਵੀਰੇ ਭੈਣਾਂ ਨੇ ਕਈ ਪੁੱਤਰ ਮਾਵਾਂ ਨੇ, ਹਰ ਘਰ ਦੇ ਵਿੱਚ ਲੋਕੋ ਜ਼ਹਿਰ ਖਿੰਡਾਈ ਜਾਂਦੀਆਂ ਨੇ, ਨਸ਼ਿਆਂ ਦੀਆਂ ਹਵਾਵਾਂ ਦੇਸ਼ ਨੂੰ ਖਾਈ ਜਾਂਦੀਆਂ ਨੇ। ਨਸ਼ਿਆਂ ਦੀਆਂ ਹਵਾਵਾਂ ਦੇਸ਼ ਨੂੰ ਖਾਈ ਜਾਂਦੀਆਂ ਨੇ। ਕਿੰਨਾ ਸੋਹਣਾ ਲਗਦਾ ਮੇਰਾ ਦੇਸ਼ ਪੰਜਾਬ ਸੀ, ਪੰਜ ਦਰਿਆਂ ਵਿੱਚ ਖਿੜਿਆ ਸੋਹਣਾ ਫੁੱਲ ਗੁਲਾਬ ਸੀ। ਦਸਾਂ ਗੁਰੂਆਂ ਦਾ ਉਪਦੇਸ਼, ਕਰਿਓ ਨਸ਼ਿਆਂ ਤੋਂ ਪਰਹੇਜ਼, ਗੁਰਆਂ ਦੇ ਉਪਦੇਸ਼ਾਂ ਨੂੰ ਮਿਟਾਈ ਜਾਂਦੀਆਂ ਨੇ, ਨਸ਼ਿਆਂ ਦੀਆਂ ਹਵਾਵਾਂ ਦੇਸ਼ ਨੂੰ ਖਾਈ ਜਾਂਦੀਆਂ ਨੇ। ਹਣ ਕਿਧਰੇ ਨਾ ਦਿਸਦੇ ਸੋਹਣੇ ਗੱਭਰੂ ਤੇ ਜਵਾਨ, ਕਿਸੇ ਦੇ ਮੂੰਹ ਤੇ ਨਹੀਂ ਦਿਸਦੀ ਏ ਮਿਰਜ਼ੇ ਜਿਹੀ ਮੁਸਕਾਨ। ਦੁੱਧ ਦੀ ਥਾਂ ਤੇ ਬੋਤਲ ਆ ਗਈ, ਗੁਟੱਖਾ,ਤੰਬਾਕੂ,ਖੈਣੀ ਭਾ ਗਈ, ਬੀੜੀ-ਸਿਗਰੇਟਾਂ ਹਰ ਥਾਂ ਤੇ ਹੀ ਛਾਈ ਜਾਂਦੀਆਂ ਨੇ, ਨਸ਼ਿਆਂ ਦੀਆਂ ਹਵਾਵਾਂ ਦੇਸ਼ ਨੂੰ ਖਾਈ ਜਾਂਦੀਆਂ ਨੇ। ਡੋਡਾ-ਚੂਰਾ, ਪੋਸਤ-ਗਾਂਜਾ ਹਰ ਘਰ ਦੇ ਵਿੱਚ ਵੜਿਆ, ਜ਼ਖਮੀ ਹੋਈ ਗੁਰੂਆਂ ਦੀ ਧਰਤੀ, ਰੰਗ ਨਸ਼ੇ ਦਾ ਚੜਿਆ। ਵੇਖ ਦੇਸ਼ ਦਾ ਹਾਲ, ਭਰ ਕੇ ਅੱਖੀਆਂ ਹੰਝੂਆਂ ਨਾਲ, ਸੱਚੀਆਂ ਰੂਹਾਂ ਅੱਜ ਵੀ ਤਾਂ ਕੁਰਲਾਈ ਜਾਂਦੀਆਂ ਨੇ, ਨਸ਼ਿਆਂ ਦੀਆਂ ਹਵਾਵਾਂ ਦੇਸ਼ ਨੂੰ ਖਾਈ ਜਾਂਦੀਆਂ ਨੇ। ਆਪ ਨਸ਼ਾ ਨਾ ਕਰਨਾ ਨਾ ਹੀ ਕਿਸੇ ਨੂੰ ਨਸ਼ੇ ’ਚ’ ਲਾਈਏ, ਸ਼ਭ ਤੋਂ ਚੰਗੀ ਸਾਦੀ ਜਿੰਦਗੀ ਬੰਦਗੀ ਵਿੱਚ ਹੰਡਾਈਏ। ਮੰਨੋ ਗੁਰੁ-ਦਸ਼ਮੇਸ਼ ਜਿਹੜਾ ਕੱਟੇ ਸਭ ਕਲੇਸ਼, ਨੇਕ ਰਾਹਾਂ ਜੀਵਨ ਨੂੰ ਸਫਲ ਬਣਾਈ ਜਾਂਦੀਆਂ ਨੇ, ਨਸ਼ਿਆਂ ਦੀਆਂ ਹਵਾਵਾਂ ਦੇਸ਼ ਨੂੰ ਖਾਈ ਜਾਂਦੀਆਂ ਨੇ। ਨਸ਼ਿਆਂ ਦੀਆਂ ਹਵਾਵਾਂ ਦੇਸ਼ ਨੂੰ ਖਾਈ ਜਾਂਦੀਆਂ ਨੇ। ਰਾਮ ਕਿਸ਼ੋਰ ਪਿੰਡ ਜੰਡੀ ਡਾ. ਚੌਂਤਾ ਤਹਿਸੀਲ ਤੇ ਜ਼ਿਲਾ ਗੁਰਦਾਸਪੁਰ ਪੰਜਾਬ-143533 Mob No. 9501908978 ਮੇਰੇ ਦੇਸ਼ ਦਾ ਰੂਪ ਵਿਗਾੜੋ ਨਾ ਰਾਮ ਕਿਸ਼ੋਰ ਮੇਰੇ ਦੇਸ਼ ਦਾ ਰੂਪ ਵਿਗਾੜੋ ਨਾ, ਕੋਈ ਰੰਗ ਇਹਦੇ ਤੇ ਚਾੜ੍ਹੋ ਨਾ, ਇਸ ਮਹਿਕਾਂ ਵੰਡਦੇ ਗੁਲਾਬ ਨੂੰ, ਫੈਸ਼ਨ ਦੀ ਅੱਗ ਵਿੱਚ ਸਾੜੋ ਨਾ, ਮੇਰੇ ਦੇਸ਼ ਦਾ ਰੂਪ ਵਿਗਾੜੋ ਨਾ, ਕੋਈ ਰੰਗ ਇਹਦੇ ਤੇ ਚਾੜ੍ਹੋ ਨਾ, ਇਹ ਧਰਤੀ ਗੁਰੂਆਂ-ਪੀਰਾਂ ਦੀ, ਪਰ ਜ਼ੁਲਮ ਕਿਸੇ ਦਾ ਨਹੀਂ ਸਹਿੰਦੀ। ਭਾਵੇਂ ਇਹ ਸੱਸੀਆਂ-ਹੀਰਾਂ ਦੀ, ਪਰ ਸਿਰ ਤੋਂ ਚੁੰਨੀ ਨਹੀਂ ਲਹਿੰਦੀ। ਦੂਜੇ ਦੇਸ਼ਾਂ ਵਾਂਗੂ ਆਪਣੀ,ਇੱਜ਼ਤ ਆਪ ਉਘਾੜੋ ਨਾ, ਮੇਰੇ ਦੇਸ਼ ਦਾ ਰੂਪ ਵਿਗਾੜੋ ਨਾ, ਕੋਈ ਰੰਗ ਇਹਦੇ ਤੇ ਚਾੜ੍ਹੋ ਨਾ, ਪੱਛਮੀ ਦੇਸ਼ਾਂ ਦੇ ਫੈਸ਼ਨ ਨੇ, ਧਰਤੀ ਅੱਜ ਪੰਜਾਬ ਦੀ ਡੰਗੀ। ਧੀਆਂ-ਭੈਣਾਂ ਸਿਰ ਦੀ ਇੱਜ਼ਤ, ਪਰਦੇ ਦੇ ਵਿੱਚ ਲਗਦੀ ਚੰਗੀ। ਕੱਪੜੇ ਪਾਵੋ ਮਹਿੰਗੇ ਲੇਕਿਨ,ਅੱਖ ਦਾ ਪਾਣੀ ਮਾਰੋ ਨਾ, ਮੇਰੇ ਦੇਸ਼ ਦਾ ਰੂਪ ਵਿਗਾੜੋ ਨਾ, ਕੋਈ ਰੰਗ ਇਹਦੇ ਤੇ ਚਾੜ੍ਹੋ ਨਾ, ਭਗਤ ਸਿੰਘ,ਕਰਤਾਰ ਸਰਾਭਾ, ਇਸ ਧਰਤੀ ਤੇ ਹੋਏ ਸੀ। ਮਾਣ ਸਕੇ ਨਾ ਆਪ ਜਵਾਨੀ, ਦੇਸ਼ ਦੀ ਖਾਤਿਰ ਮੋਏ ਸੀ। ਉਹਨਾਂ ਦੀ ਬਖਸ਼ੀ ਆਜ਼ਾਦੀ,ਪੈਰਾਂ ਹੇਠ ਲਤਾੜੋ ਨਾ। ਮੇਰੇ ਦੇਸ਼ ਦਾ ਰੂਪ ਵਿਗਾੜੋ ਨਾ, ਕੋਈ ਰੰਗ ਇਹਦੇ ਤੇ ਚਾੜ੍ਹੋ ਨਾ, ਹੋ ਸਕੇ ਤਾਂ ਰੋਕ ਲਓ ਯਾਰੋ, ਨਹੀਂ ਤਾਂ ਹੱਦਾਂ ਟੁੱਟਣਗੀਆਂ। ਸਾਡੀਆਂ ਧੀਆਂ ਸਾਡੇ ਮੁਹਰੇ, ਨੰਗੀਆਂ ਹੋ-ਹੋ ਘੁੰਮਣਗੀਆਂ। ਫੈਸ਼ਨ ਦੇ ਇਸ ਨੰਗੇਪਨ ਨੂੰ ਘਰ-ਘਰ ਦੇ ਵਿੱਚ ਵਾੜੋ ਨਾ, ਮੇਰੇ ਦੇਸ਼ ਦਾ ਰੂਪ ਵਿਗਾੜੋ ਨਾ, ਕੋਈ ਰੰਗ ਇਹਦੇ ਤੇ ਚਾੜ੍ਹੋ ਨਾ। ਰਾਮ ਕਿਸ਼ੋਰ ਪਿੰਡ ਜੰਡੀ ਡਾ. ਚੌਂਤਾ ਤਹਿਸੀਲ ਤੇ ਜ਼ਿਲਾ ਗੁਰਦਾਸਪੁਰ ਪੰਜਾਬ-143533 Mob No. 9501908978