ਵਰ੍ਹਾ
ਅੰਮ੍ਰਿਤਾ ਪ੍ਰੀਤਮ
ਨੁੱਚੜ ਪਈਆਂ ਅੱਖੀਆਂ
ਵਿੱਛੜ ਚੱਲੀ ਅੰਤਲੀ ਫੱਗਣ ਦੀ ਤਰਕਾਲ
ਵੇ ਚੇਤਰ ਆ ਗਿਆ !
ਬਾਰ ਬੇਗਾਨੀ ਚੱਲੀਆਂ ਛੀਏ ਰੁੱਤਾਂ ਰੁੰਨੀਆਂ
ਮਿਲਿਆਂ ਨੂੰ ਹੋ ਗਿਆ ਸਾਲ
ਵੇ ਚੇਤਰ ਆ ਗਿਆ !
ਸੱਭੇ ਧੂੜਾਂ ਛੰਡ ਕੇ
ਕੰਨੀ ਬੀਤੇ ਸਮੇਂ ਦੀ ਕਣੀਆਂ ਲਈ ਹੰਗਾਲ
ਵੇ ਚੇਤਰ ਆ ਗਿਆ !
ਅੰਬਰ ਵੇਹੜਾ ਲਿੱਪਿਆ
ਉੱਘੜ ਆਈਆਂ ਖਿੱਤੀਆਂ ਯਾਦਾਂ ਬੱਧੀ ਪਾਲ
ਵੇ ਚੇਤਰ ਆ ਗਿਆ !
ਖੰਭ ਸਮੇਂ ਨੇ ਝਾੜਿਆ
ਲੱਖ ਦਲੀਲਾਂ ਔਂਦੀਆਂ ਪੁੱਛਣ ਕਈ ਸਵਾਲ
ਵੇ ਚੇਤਰ ਆ ਗਿਆ !
ਕੀ ਜਾਣਾ ਦਿਨ ਕੇਤੜੇ
ਮੁੱਠ ਭਰੀਆਂ ਉਮਰ ਨੇ ਸੱਭੇ ਤਿਲ ਸੰਭਾਲ
ਵੇ ਚੇਤਰ ਆ ਗਿਆ !
ਵਰ੍ਹੇ ਨੇ ਪਾਸਾ ਪਰਤਿਆ
ਸੱਭੇ ਯਾਦਾਂ ਤੇਰੀਆਂ ਘੁੱਟ ਕਲੇਜੇ ਨਾਲ
ਵੇ ਚੇਤਰ ਆ ਗਿਆ !
ਮੁੜ ਕੇ ਏਸ ਮੁਹਾਠ ਤੇ
ਮੈਂ ਦੀਵਾ ਧਰਿਆ, ਤਿੰਨ ਸੌ ਪੈਂਠ ਬੱਤੀਆਂ ਬਾਲ
ਵੇ ਚੇਤਰ ਆ ਗਿਆ !
(ਚੋਣਵੇਂ ਪੱਤਰੇ ਵਿੱਚੋਂ)