ਸਾਉਣ
(ਮਾਝੇ ਦੇ ਇੱਕ ਪਿੰਡ ਵਿੱਚ)
ਲਾਲਾ ਧਨੀ ਰਾਮ ਚਾਤ੍ਰਿਕ ਸਾਉਣ ਮਾਹ, ਝੜੀਆਂ ਗਰਮੀ ਝਾੜ ਸੁੱਟੀ,
ਧਰਤੀ ਪੁੰਗਰੀ, ਟਹਿਕੀਆਂ ਡਾਲੀਆਂ ਨੇ।
ਰਾਹ ਰੋਕ ਲਏ ਛੱਪੜਾਂ-ਟੋਭਿਆਂ ਨੇ,
ਨਦੀਆਂ ਨਾਲੀਆਂ ਜੂਹਾਂ ਹੰਘਾਲੀਆਂ ਨੇ।
ਧਾਈਂ ਉੱਸਰੇ, ਨਿੱਸਰੀ ਚਰ੍ਹੀ ਮੱਕੀ,
ਤੇ ਕਪਾਹੀਂ ਨਾ ਜਾਣ ਸੰਭਾਲੀਆਂ ਨੇ।
ਜੰਮੂ ਰਸੇ, ਅਨਾਰ ਵਿਚ ਆਈ ਸ਼ੀਰੀਂ,
ਚੜ੍ਹੀਆਂ ਸਬਜ਼ੀਆਂ ਨੂੰ ਗਿਠ ਗਿਠ ਲਾਲੀਆਂ ਨੇ।
ਤਿੜ੍ਹਾਂ ਤਿੜਕੀਆਂ, ਪੱਠਿਆਂ ਲਹਿਰ ਲਾਈ,
ਡੰਗਰ ਛਡ ਦਿੱਤੇ ਖੁਲ੍ਹੇ ਪਾਲੀਆਂ ਨੇ।
ਵੱਟਾਂ ਬੱਧੀਆਂ, ਜੋਤਰੇ ਖੋਲ੍ਹ ਦਿੱਤੇ,
ਛਾਵੇਂ ਮੰਜੀਆਂ ਡਾਹੀਆਂ ਹਾਲੀਆਂ ਨੇ।
ਪੇਕੀਂ ਬੈਠੀਆਂ ਤਾਈਂ ਦਿਹਾਰ ਆਏ,
ਤੇ ਸ਼ਿੰਗਾਰ ਲਾਏ ਸਹੁਰੀ ਆਈਆਂ ਨੇ।
ਵੰਗਾਂ ਚੂੜੀਆਂ ਪਹਿਨੀਆਂ ਕੁਆਰੀਆਂ ਨੇ,
ਰੰਗ ਚੁੰਨੀਆਂ, ਮਹਿੰਦੀਆਂ ਲਾਈਆਂ ਨੇ।
ਖੀਰਾਂ ਰਿੱਝੀਆਂ, ਪੂੜੀਆਂ ਡੰਝ ਲਾਹੀ,
ਕੁੜੀਆਂ ਵਹੁਟੀਆਂ ਨੇ ਪੀਘਾਂ ਪਾਈਆਂ ਨੇ।
ਗਿੱਧੇ ਵੱਜਦੇ ਕਿਲਕਿਲੀ ਮੱਚਦੀ ਏ,
ਘਟਾਂ ਕਾਲੀਆਂ ਵੇਖ ਕੇ ਛਾਈਆਂ ਨੇ।
ਸੌਚੀਂ ਖੇਡਦੇ ਗਭਰੂ ਪਿੜਾਂ ਅੰਦਰ,
ਛਿੰਝਾਂ ਪਾਉਂਦੇ ਤੇ ਛਾਲਾ ਲਾਉਂਦੇ ਨੇ।
ਲੋਕੀਂ ਖੁਸ਼ੀ ਅੰਦਰ ਖੀਵੇ ਹੋਏ ਚਾਤ੍ਰਿਕ,
ਸਾਉਣ ਮਾਹ ਦੇ ਸੋਹਲੇ ਗਾਉਂਦੇ ਨੇ।
(ਚੰਦਨਵਾੜੀ ਵਿੱਚੋਂ)