‘ਸ਼ਿਵ ਦੀ ਕਵਿਤਾ ਵਿੱਚ ਬਿਰਹਾ’ ਆਕਾਸ਼ਦੀਪ ਸ਼ਿਵ ਕੁਮਾਰ ਬਟਾਲਵੀ ਦਾ ਨਾਮ ਲੈਂਦਿਆਂ ਹੀ ਪੰਜਾਬੀ ਸਾਹਿਤ ਦੇ ਪ੍ਰਮੁੱਖ ਰੂਪ ਕਵਿਤਾ ਦੀ ਅਮੀਰੀ ਦਾ ਅਹਿਸਾਸ ਹੋ ਜਾਂਦਾ ਹੈ। ਮਹਾਨ ਪੰਜਾਬੀ ਵਿਦਵਾਨ ਡਾ. ਜੀਤ ਸਿੰਘ ਸੀਤਲ ਨੇ ਆਪਣੀ ਕਿਤਾਬ ‘ਸ਼ਿਵ ਕੁਮਾਰ ਬਟਾਲਵੀ ਜੀਵਨ ਤੇ ਰਚਨਾ’ ਵਿੱਚ ਲਿਖਿਆ ਹੈ ਕਿ ਸ਼ਿਵ ਕੁਮਾਰ ਬਟਾਲਵੀ ਦੇ ਕਾਵਿ ਜਗਤ ਦੀ ਉਮਰ ਭਾਵੇਂ 10 ਸਾਲ ਦੀ ਹੀ ਸੀ, ਪ੍ਰੰਤੂ ਇਹ ਗੱਲ ਨਿਰਸੰਦੇਹ ਕਹੀ ਜਾ ਸਕਦੀ ਹੈ ਕਿ ਉਸਦੇ ਇਹਨਾਂ 10 ਸਾਲਾਂ ਦੀ ਕਾਵਿ ਰਚਨਾ ਪੂਰੇ ਯੁਗ ਦੀ ਦੇਣ ਹੈ ਤੇ ਉਹ ਫਿਰ ਭਾਵੇਂ ਗਿਆਨਾਤਮਕ ਪੱਖ ਤੋਂ ਹੋਵੇ ਜਾਂ ਗਣਨਾਤਮਕ ਪੱਖ ਤੋਂ। ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਵਿੱਚੋਂ ਅਸੀਂ ਕਈ ਵਿਸ਼ਿਆਂ ਨੂੰ ਅਧਾਰ ਬਣਾਕੇ ਗੱਲ ਕਰ ਸਕਦੇ ਹਾਂ, ਪਰ ਇਥੇ ਮੈਂ ਉਸਦੀ ਕਵਿਤਾ ਦੀ ਪ੍ਰਬਲ ਸੁਰ ‘ਬਿਰਹਾ’ ਦੇ ਸੰਦਰਭ ਵਿੱਚ ਚਰਚਾ ਕਰਾਂਗਾ। ਸ਼ਿਵ ਦੀਆਂ ਕਵਿਤਾਵਾਂ ਵਿੱਚ ਭਾਵੇਂ ਸਮਾਜਕ ਚੇਤਨਤਾ ਸਮੇਤ ਆਮ ਇਨਸਾਨ ਦੀ ਜ਼ਿੰਦਗੀ ਨਾਲ ਸਬੰਧਿਤ ਕਈ ਪੱਖਾਂ ਦੀ ਤਸਵੀਰ ਉਲੀਕੀ ਗਈ ਹੈ, ਪਰ ਬਿਰਹੋਂ, ਗਮ, ਪੀੜਾ ਤੇ ਨਾਰੀ ਸੰਵੇਦਨਾਂ ਦੀ ਸੁਰ ਪ੍ਰਦਾਨ ਹੈ। ਬਿਰਹਾ ਦਾ ਸੁਲਤਾਨ ਸ਼ਿਵ ਬਿਰਹੋਂ ਦੀ ਗੁੜਤੀ ਲੈਕੇ ਜੰਮਿਆ ਸੀ ਇਸੇ ਲਈ ਤਾਂ ਸ਼ਾਇਦ ਉਹ ਆਖ ਰਿਹਾ, “ਅਸੀਂ ਸਭ ਬਿਰਹਾ ਘਰ ਜੰਮਦੇ ਬਿਰਹਾ ਆਏ ਹੰਢਾਣ ਬਿਰਹਾ ਖਾਈਏ, ਬਿਰਹਾ ਪਾਈਏ ਬਿਰਹਾ ਆਏ ਹੰਢਾਣ। ਸ਼ਿਵ ਤੇ ਬਿਰਹੋਂ ਵਾਸਤਵ ਵਿੱਚ ਇੱਕ ਦੂਜੇ ਵਿੱਚ ਅਭੇਦ ਹਨ, ਜਿਵੇਂ ਕਲਮ ਸਿਆਹੀ ਬਿਨਾਂ ਅਧੂਰੀ ਹੈ, ਸ਼ਿਵ ਤੇ ਸ਼ਿਵ ਦੀ ਕਵਿਤਾ ਬਿਰਹੋਂ ਬਿਨਾ ਅਧੂਰੇ ਹਨ। ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਵਿੱਚ ਜੇ ਕਿਸੇ ਨੇ ਬਿਰਹਾ ਸੁਰ ਦਾ ਸਿਖਰ ਵੇਖਣਾ ਹੋਵੇ, ਤਾਂ ਉਸਦੇ ਚੌਥੇ ਕਾਵਿ ਸੰਗ੍ਰਹਿ ‘ਮੈਨੂੰ ਵਿਦਾ ਕਰੋ’ ਤੇ ਆਪਣੇ ਨੇਤਰ ਕਮਲਾਂ ਨਾਲ ਫੇਰੀ ਪਾ ਆਵੇ। ਇਸ ਸੰਗ੍ਰਹਿ ਦੀ ਸਾਰੀ ਕਾਵਿ ਰਚਨਾ ਪੜ੍ਹ ਕੇ ਇਵੇਂ ਅਹਿਸਾਸ ਉਭਰਦਾ ਜਿਵੇਂ ਸ਼ਿਵ ਗਮ, ਮੌਤ, ਪੀੜਾ ਦੀ ਤ੍ਰਿਵੈਣੀ ਨਾਲ ਪਰਨਾਇਆ ਹੋਵੇ। ਸਮੁੱਚਾ ਕਾਵਿ ਸੰਗ੍ਰਹਿ ਪੜ੍ਹਕੇ ਇਵੇਂ ਲੱਗਦਾ ਜਿਵੇਂ ਸ਼ਿਵ ਨੂੰ ਆਪਣੀ ਸਾਂਹਾਂ ਦੀ ਯਾਤਰਾ ਪੂਰੀ ਹੋਣ ਦਾ ਚਸਕਾ ਲੱਗਾ ਹੋਵੇ ਸ਼ਾਇਦ ਤਾਂ ਹੀ ਤਾਂ ਉਹ ਆਖ ਰਿਹਾ ਅਸਾਂ ਤਾਂ ਜੋਬਨ ਰੁੱਤੇ ਮਰਨਾ ਮੁੜ ਜਾਣਾ ਅਸੀਂ ਭਰੇ ਭਰਾਏ ਹਿਜਰ ਤੇਰੇ ਦੀ ਕਰ ਪਰਿਕਰਮਾ ਅਸਾਂ ਤਾਂ ਜੋਬਨ ਰੁੱਤੇ ਮਰਨਾ। ਮੈਨੂੰ ਵਿਦਾ ਕਰੋ, ਕਾਵਿ ਸੰਗ੍ਰਹਿ ਵਿੱਚ ਸ਼ਿਵ ਦੀ ਪਹਿਲੀ ਪ੍ਰਗਤੀ ਰਚਨਾ ‘ਮੇਰੇ ਰਾਮ ਜੀਉ’ ਵਿੱਚ ੳਸਨੇ ਇੱਕ ਪ੍ਰੀਤ ਨਾਇਕਾ ਦੀ ਦਰਦ ਕਹਾਣੀ ਨੂੰ ਬਿਰਹਾ ਦੀ ਸੁਰ ਵਿੱਚ ਬੜੇ ਹੀ ਦਿਲ ਹਲੂਣ ਵਾਲੀਆਂ ਸਤਰਾਂ ਵਿੱਚ ਵਿਅਕਤ ਕੀਤਾ ਹੈ ਕਿ, ਕਿਸ ਤਰਾਂ ਪ੍ਰੇਮਿਕਾ ਆਪਣੇ ਪ੍ਰੇਮੀ ਨੂੰ ਨਿਹੋਰਾ ਜਿਹਾ ਮਾਰਦੀ ਹੈ, ਕਿ ਜਦ ਉਹ ਉਸਦੀ ਜਰੂਰਤਮੰਦ ਸੀ, ਉਹ ਉਸ ਵਕਤ ਕਿਉਂ ਨਹੀਂ ਬਹੁੜਿਆ। ਕਿੱਥੇ ਸਉਂ ਜਦ ਅੰਗ ਸੰਗ ਸਾਡੇ ਰੁੱਤ ਜੋਬਨ ਦੀ ਮੋਲੀ ਕਿੱਥੇ ਸਓਂ ਜਦ ਤਨ ਮਨ ਸਾਡੇ ਗਈ ਕਥੂਰੀ ਘੋਲੀ ਕਿੱਥੇ ਸਓਂ ਜਦ ਧਰਮੀ ਬਾਬਲ, ਸਾਡੇ ਕਾਜ ਰਚਾਏ, ਮੇਰੇ ਰਾਮ ਜੀਉ। ਬਿਰਹਾ ਅਸਲ ਵਿੱਚ ਉਹ ਵਿਯੋਗ ਭਰੀ ਸਥਿਤੀ ਹੈ ਜਦ ਸਾਡੇ ਦਿਲ ਵਿੱਚ ਵੱਸਣ ਵਾਲਾ ਸਾਡੇ ਕੋਲ ਨਾਂ ਹੋਵੇ, ਪਰ ਉਸਦੀ ਯਾਦ ਸਾਰੀ ਰੂਹ ਵਿੱਚ ਅੱਗ ਵਾਂਗ ਬਲ ਰਹੀ ਹੋਵੇ ,ਆਪਣੇ ਕਿਸੇ ਪਿਆਰੇ ਦੀ ਦੂਰੀ ਵਿੱਚ ਤੜਫ, ਤੜਫ ਕੇ ਜਿਹੜੇ ਪਲ ਬੀਤਦੇ ਨੇ, ਉਹਨਾਂ ਪਲਾਂ ਦਾ ‘ਨਾਮਕਰਨ ਬਿਰਹੋਂ’’ ਕੀਤਾ ਜਾ ਸਕਦਾ ਹੈ। ਪ੍ਰੇਮਿਕਾ ਆਪਣੇ ਪ੍ਰੇਮੀ ਨੂੰ ਦਰਦ ਭਰੇ ਸੁਆਲ ਕਰਦੀ ਪੁੱਛਦੀ ਹੈ ਕੇ ਸਾਉਣ ਦਾ ਮਹੀਨਾ ਤਾਂ ਮਿਲਾਪ ਦਾ ਵੇਲਾ ਸੀ, ਪਰ ਉਹ ਉਸ ਵੇਲੇ ਵੀ ਉਸਦੇ ਵਿਛੋੜੇ ਦੀ ਅਗਨ ਬੁਝਾਉਣ ਕਿਉਂ ਨਾਂ ਬਹੁੜਿਆ। ਕਿੱਥੇ ਸਉਂ ਜਦ ਨਹੁੰ ਟੁੱਕਦੀ ਦੇ ਸਾਉਣ ਮਹੀਨੇ ਬੀਤੇ ਕਿੱਥੇ ਸਉਂ ਜਦ ਮਹਿਕਾਂ ਦੇ ਅਸ ਦੀਪ ਚਮੁਖੀਏ ਸੀਖੇ ਕਿੱਥੇ ਸਉਂ ਉਸ ਰੁੱਤੇ, ਤੇ ਤੁਸੀਂ ਉਦੋਂ ਕਿਉਂ ਨਾਂ ਆਏ ਮੇਰੇ ਰਾਮ ਜੀਉ ਤੁਸੀਂ ਕਿਹੜੀ ਰੁੱਤੇ ਆਏ , ਜਦ ਬਾਗੀਂ ਫੁੱਲ ਕੁਮਲਾਏ ਮੇਰੇ ਰਾਮ ਜੀਓ ਸ਼ਿਵ, ਬਿਰਹਾ ਵਿੱਚੋਂ ਸਵਾਦ ਚਖਦਾ ਹੈ ਕਿਸੇ ਸ਼ਹਿਦ ਦੇ ਸਵਾਦ ਵਾਂਗ ਵਸਲ ਦਾ ਸਵਾਦ ਤਾਂ ਇੱਕ ਪਲ ਦੀ ਮੌਜ ਤੋਂ ਵੱਧ ਨਹੀਂ ਜੁਦਾਈ ਹਸ਼ਰ ਤੱਕ ਹੈ ਆਦਮੀ ਨੂੰ ਨਸ਼ਾ। ਸ਼ਿਵ ਤੇ ਬਿਰਹਾ ਵਾਸਤਵ ਵਿੱਚ ਇੱਕ ਦੂਜੇ ਦੇ ਪੂਰਕ ਸਨ ,ਤਾਂ ਹੀ ਤਾਂ ਉਹ ਆਖਦਾ ਹੈ ਕਿ ਉਸਦੇ ਗੀਤਾਂ ਵਿੱਚ ਬਿਰਹੋਂ ਦੀ ਰੜਕ ਪੈਂਦੀ ਹੈ।ਸ਼ਿਵ ਤੇ ਬਿਰਹਾ ਬਾਰੇ ਹਾਲੇ ਜੋ ਮੈਂ ਲਿਖਿਆ ਉਹ ਸ਼ਾਇਦ ਤਿਲ ਮਾਤਰ ਵੀ ਨਹੀ, ਕਿਉਂਕਿ ਸ਼ਿਵ ਵਾਸਤੇ ਤਾਂ ਬਿਰਹਾ ਸੋ ਮੱਕਿਆਂ ਦਾ ਹੱਜ ਹੈ। ਸਾਨੂੰ ਸੋ ਮੱਕਿਆਂ ਦਾ ਹੱਜ ਵੇ ਤੇਰਾ ਬਿਰਹੜਾ ਲੋਕੀਂ ਪੂਜਣ ਰੱਬ ਮੈਂ ਤੇਰਾ ਬਿਰਹੜਾ। ਅਕਾਸ਼ ਦੀਪ ‘ਭੀਖੀ’ ਪਰੀਤ ਰਾਹ ਫੱਕਰ ਦਾ ਪਰੇ-ਪਰੇਰੇ